ਖਰੜ ਇਲਾਕੇ ’ਚ ਕੱਢੀ ਜਾ ਰਹੀ ਦਸਮੇਸ਼ ਨਹਿਰ ਖ਼ਿਲਾਫ਼ ਰੋਸ
ਸ਼ਸ਼ੀ ਪਾਲ ਜੈਨ
ਖਰੜ, 5 ਅਪਰੈਲ
ਖਰੜ ਇਲਾਕੇ ਵਿਚ ਸਰਕਾਰ ਵੱਲੋਂ ਕੱਢੀ ਜਾ ਰਹੀ ਦਸਮੇਸ਼ ਨਹਿਰ ਦਾ ਅੱਜ ਰਸਨਹੇੜੀ ਵਿੱਚ ਇਲਾਕਾ ਵਾਸੀਆਂ ਨੇ ਜ਼ੋਰਦਾਰ ਵਿਰੋਧ ਕੀਤਾ। ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀ ਟੀਮ ਨਾਲ ਇਨ੍ਹਾਂ ਕਿਸਾਨਾਂ ਦੇ ਇਤਰਾਜ਼ ਸੁਣੇ ਗਏ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਹ ਨਹਿਰ ਉਨ੍ਹਾਂ ਦੀਆਂ ਜ਼ਮੀਨਾਂ ਵਿਚੋਂ ਨਾ ਬਣਾਈ ਜਾਵੇ ਅਤੇ ਨਾ ਹੀ ਉਹ ਕਿਸੇ ਸੂਰਤ ਵਿਚ ਇਸ ਨੂੰ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਜੋ 30-35 ਸਾਲ ਪਹਿਲਾਂ ਜੋ ਦਸਮੇਸ਼ ਨਹਿਰ ਦਾ ਪ੍ਰਾਜੈਕਟ ਸੀ ਉਨ੍ਹਾਂ ਦੀ ਸਥਿਤੀ ਪਹਿਲਾਂ ਕੁਝ ਹੋਰ ਸੀ ਕਿਉਂਕਿ ਹੁਣ ਕਿਸਾਨਾਂ ਕੋਲ ਜ਼ਮੀਨ ਬਹੁਤ ਘੱਟ ਹੈ ਅਤੇ ਹੁਣ ਇਹ ਏਰੀਆ ਕਮਰਸ਼ੀਅਲ ਹੋ ਗਿਆ ਹੈ।
ਇੱਕ ਹੋਰ ਆਗੂ ਤਜਿੰਦਰ ਸਿੰਘ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਇਥੇ ਪਹਿਲਾਂ ਹੀ ਇੱਕ ਹੋਰ ਨਹਿਰ ਨਿਕਲੀ ਹੋਈ ਹੈ ਜੋ ਬੰਦ ਪਈ ਹੈ ਜਿਸ ਕਾਰਨ ਬੇਸਹਾਰਾ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਜਲ ਸਰੋਤ ਵਿਭਾਗ ਦੇ ਐਕਸ਼ੀਅਨ ਮਨਦੀਪ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੇ ਇਤਰਾਜ਼ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ।
ਵਿਭਾਗ ਵੱਲੋਂ 30 ਸਾਲ ਪਹਿਲਾਂ ਹੀ ਦਸਮੇਸ਼ ਨਹਿਰ ਕੱਢਣ ਲਈ ਜ਼ਮੀਨ ਐਕੁਆਇਰ ਕੀਤੀ ਹੋਈ ਹੈ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ। ਉਹ ਇਸ ਸਬੰਧੀ ਆਪਣੇ ਅਧਿਕਾਰੀਆਂ ਦੇ ਧਿਆਨ ਵਿਚ ਜ਼ਰੂਰ ਲਿਆਉਣਗੇ। ਇਸ ਮੌਕੇ ਜਸਪਾਲ ਸਿੰਘ ਨਿਆਮੀਆਂ, ਸੋਨੀ ਰਸਨਹੇੜੀ, ਖੁਸ਼ਵੰਤ ਰਾਏ ਗੀਗਾ ਆਦਿ ਮੌਜੂਦ ਸਨ।