Punjab News - 8th class result: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ
ਦਰਸ਼ਨ ਸਿੰਘ ਸੋਢੀ
ਮੁਹਾਲੀ, 4 ਅਪਰੈਲ
Punjab News - PSEB 8th class result: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਅਕਾਦਮਿਕ ਸਾਲ 2024-25 ਲਈ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਸਾਲ ਅੱਠਵੀਂ ਦੀ ਪ੍ਰੀਖਿਆ ਵਿੱਚ ਕੁੱਲ 10471 ਸਕੂਲਾਂ ਦੇ 290471 (ਦੋ ਲੱਖ ਨੱਬੇ ਹਜ਼ਾਰ ਚਾਰ ਸੌ ਇਕੱਤ੍ਵਰ) ਪ੍ਰੀਖਿਆਰਥੀ ਬੈਠੇ, ਜਿਨ੍ਹਾਂ ਵਿੱਚੋਂ 282627 (ਦੋ ਲੱਖ ਬਿਆਸੀ ਹਜ਼ਾਰ ਛੇ ਸੌ ਸਤਾਈ) ਪਾਸ ਹੋਏ ਅਤੇ ਇਸ ਨਤੀਜੇ ਦੀ ਪਾਸ ਫ਼ੀਸਦ 97.30 ਰਹੀ ਹੈ।
ਐਲਾਨੇ ਨਤੀਜੇ ਅਨੁਸਾਰ ਪੁਨੀਤ ਵਰਮਾ ਪੁੱਤਰ ਅਸ਼ੋਕ ਵਰਮਾ/ ਨੀਤੂ ਵਰਮਾ, (ਰੋਲ ਨੰ. 8025370012) ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ,ਏ-225, ਚੀਫ ਖਾਲਸਾ ਦੀਵਾਨ, ਮਾਡਲ ਟਾਊਨ, ਹੁਸ਼ਿਆਰਪੁਰ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ, ਨਵਜੋਤ ਕੌਰ ਪੁੱਤਰੀ ਕਰਨਜੀਤ ਸਿੰਘ/ ਵੀਰਪਾਲ ਕੌਰ (ਰੋਲ ਨੰ. 8025227565) ਸੰਤ ਮੋਹਨ ਦਾਸ ਮੈਮੋਰੀਅਲ ਸੀਨੀ. ਸੈਕੰ. ਸਕੂਲ, ਕੋਟ ਸੁੱਖੀਆ, ਫਰੀਦਕੋਟ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਦੂਜਾ ਅਤੇ ਨਵਜੋਤ ਕੌਰ ਪੁੱਤਰੀ ਸ੍ਰੀ ਗੁਰਮੇਜ ਸਿੰਘ/ ਕੁਲਜੀਤ ਕੌਰ (ਰੋਲ ਨੰ. 8025111174) ਗੁਰੂ ਨਾਨਕ ਪਬਲਿਕ ਸੀਨੀ. ਸੈਕੰ. ਸਕੂਲ, ਚੰਨਣ ਕੇ (ਅੱਡਾ ਨਾਥ ਦੀ ਖੁਈ), ਅੰਮ੍ਰਿਤਸਰ ਨੇ 99.83 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਬਰਾਬਰ ਅੰਕ ਪ੍ਰਾਪਤ ਕਰਨ ’ਤੇ ਛੋਟੀ ਉਮਰ ਵਾਲੇ ਪ੍ਰੀਖਿਆਰਥੀ ਨੂੰ ਮੈਰਿਟ ਵਿੱਚ ਉੱਚ ਸਥਾਨ ਦਿੱਤਾ ਗਿਆ ਹੈ। ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਨਤੀਜੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਬੋਰਡ ਪ੍ਰੀਖਿਆਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣ ਦੇ ਨਾਲ ਨਾਲ ਪਾਠਕ੍ਰਮ ਵਿੱਚ ਲੋੜੀਂਦੇ ਸੁਧਾਰ ਕਰਦੇ ਹੋਏ ਕਈ ਹੋਰ ਵੀ ਉਪਰਾਲੇ ਕੀਤੇ ਜਾਣਗੇ।
ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ’ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪ੍ਰਮੋਟ ਨਹੀਂ ਹੋ ਸਕੇ, ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਜੂਨ 2025 ਵਿੱਚ ਕਰਵਾਈ ਜਾਵੇਗੀ, ਜਿਸਦੇ ਲਈ ਸਬੰਧਤ ਵਿਦਿਆਰਥੀ ਵੱਖਰੇ ਤੌਰ ਤੇ ਫਾਰਮ ਭਰਨਗੇ। ਇਸ ਸਬੰਧੀ ਸ਼ਡਿਊਲ ਬਾਰੇ ਵੱਖਰੇ ਤੌਰ ’ਤੇ School login ਅਤੇ ਵੱਖ-ਵੱਖ ਅਖਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ।
ਨਤੀਜੇ ਦਾ ਐਲਾਨ ਕਰਨ ਸਮੇਂ ਸ੍ਰੀਮਤੀ ਪਰਲੀਨ ਕੌਰ ਬਰਾੜ, ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਲਵਿਸ਼ ਚਾਵਲਾ, ਕੰਟਰੋਲਰ ਪ੍ਰੀਖਿਆਵਾਂ ਅਤੇ ਸਬੰਧਤ ਸ਼ਾਖਾ ਅਧਿਕਾਰੀ ਮੌਜੂਦ ਸਨ।