ਅਮਿਤ ਸ਼ਾਹ ਵੱਲੋਂ ਕੀਰਤੀ ਚੱਕਰ ਐਵਾਰਡੀ ਡੀਐੱਸਪੀ ਹੁਮਾਯੂੰ ਭੱਟ ਦੇ ਪਰਿਵਾਰ ਨਾਲ ਮੁਲਾਕਾਤ
ਸ੍ਰੀਨਗਰ, 7 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੀਰਤੀ ਚੱਕਰ ਐਵਾਰਡੀ ਹੁਮਾਯੂੰ ਮੁਜ਼ਾਮਿਲ ਦੀ ਪਤਨੀ ਤੇ 20 ਮਹੀਨੇ ਦੇ ਪੁੱਤ ਨਾਲ ਮੁਲਾਕਾਤ ਕੀਤੀ। ਭੱਟ, ਜੋ ਡੀਐੱਸਪੀ ਸੀ, 2023 ਵਿਚ ਦਹਿਸ਼ਤਗਰਦਾਂ ਨਾਲ ਲੜਦਿਆਂ ਸ਼ਹੀਦ ਹੋ ਗਿਆ ਸੀ। ਕੇਂਦਰੀ ਮੰਤਰੀ ਇਥੇ ਰਾਜ ਭਵਨ ਵਿਚ ਫ਼ਾਤਿਮਾ ਤੇ ਉਸ ਦੇ ਪੁੱਤਰ ਅਸ਼ਰ ਨੂੰ ਮਿਲੇ। ਸ਼ਹੀਦ ਪੁਲੀਸ ਅਧਿਕਾਰੀ ਨੂੰ ਮਰਨਉਪਰੰਤ ਦੇਸ਼ ਦਾ ਦੂਜਾ ਸਿਖਰਲੇ ਬਹਾਦਰੀ ਪੁਰਸਕਾਰ ਦਿੱਤਾ ਗਿਆ ਸੀ।
ਸ਼ਾਹ, ਜੋ ਇਸ ਵੇਲੇ ਜੰਮੂ ਕਸ਼ਮੀਰ ਦੇ ਤਿੰਨ ਰੋਜ਼ਾ ਦੌਰੇ ’ਤੇ ਹਨ, ਨੇ ਅੱਜ ਦੂਜੇ ਦਿਨ ਸ੍ਰੀਨਗਰ ਹਵਾਈ ਅੱਡੇ ਨੇੜੇ ਹੁਮਹਾਮਾ ਵਿਖੇ ਸ਼ਹੀਦ ਡੀਐੱਸਪੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਉਨ੍ਹਾਂ ਨਾਲ ਮੌਜੂਦ ਸਨ। ਸੂਤਰਾਂ ਨੇ ਕਿਹਾ ਕਿ ਰਾਜ ਭਵਨ ਜਾਣ ਤੋਂ ਪਹਿਲਾਂ ਕੇਂਦਰੀ ਮੰਤਰੀ ਸੇਵਾ ਮੁਕਤ ਆਈਜੀਪੀ ਗੁਲਾਮ ਹਸਨ ਭੱਟ ਦੀ ਰਿਹਾਇਸ਼ ’ਤੇ 20 ਮਿੰਟ ਦੇ ਕਰੀਬ ਰੁਕੇ। ਹੁਮਾਯੂੰ ਭੱਟ ਉਨ੍ਹਾਂ ਚਾਰ ਸੁਰੱਖਿਆ ਕਰਮਚਾਰੀਆਂ ਵਿੱਚੋਂ ਇੱਕ ਸੀ, ਜੋ 2023 ਵਿੱਚ ਅਤਿਵਾਦੀਆਂ ਨਾਲ ਲੜਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਇਹ ਮੁਕਾਬਲਾ 13 ਸਤੰਬਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਦੇ ਗਡੂਲ ਪਿੰਡ ਦੇ ਆਲੇ ਦੁਆਲੇ ਸੰਘਣੇ ਜੰਗਲਾਂ ਵਿੱਚ ਹੋਇਆ ਸੀ।
ਇਸ ਦੌਰਾਨ, ਸ਼ਾਹ ਦੀ ਫੇਰੀ ਲਈ ਕਸ਼ਮੀਰ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਾਹ ਮੰਗਲਵਾਰ ਨੂੰ ਉੱਚ ਸੁਰੱਖਿਆ ਬਲਾਂ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਕਰਨਗੇ। ਸ਼ਾਹ ਇੱਕ ਵੱਖਰੀ ਮੀਟਿੰਗ ਵਿੱਚ ਘਾਟੀ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਵੀ ਸਮੀਖਿਆ ਕਰਨਗੇ। -ਪੀਟੀਆਈ