ਸੁਰੱਖਿਆ ਬਲਾਂ ਨੇ ਘੁਸਪੈਠੀਆਂ ਦੀ ਭਾਲ ਲਈ ਮੁਹਿੰਮ ਤੇਜ਼ ਕੀਤੀ
ਜੰਮੂ, 31 ਮਾਰਚ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਹਾਲ ਹੀ ਵਿੱਚ ਹੋਏ ਮੁਕਾਬਲੇ ਦੌਰਾਨ ਭੱਜਣ ਵਾਲੇ ਤਿੰਨ ਵਿਅਕਤੀਆਂ ਦੀਆਂ ਗਤੀਵਿਧੀਆਂ ਦੀ ਤਾਜ਼ਾ ਰਿਪੋਰਟ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਰਾਤ ਭਰ ਕੀਤੀ ਘੇਰਾਬੰਦੀ ਮਗਰੋਂ ਹਵਾਈ ਨਿਗਰਾਨੀ ਤੇ ਖੋਜੀ ਕੁੱਤਿਆਂ ਦੀ ਵਰਤੋਂ ਕਰਦਿਆਂ ਤਲਾਸ਼ੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਅਤਿਵਾਦੀ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਪੁੱਛ-ਪੜਤਾਲ ਲਈ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਇਲਾਕੇ ’ਚ ਪੜਤਾਲ ਲਈ ਕੌਮਾਂਤਰੀ ਸਰਹੱਦ ਨੇੜੇ ਸਾਂਬਾ ਸੈਕਟਰ ’ਚ ਵੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਪੂਰੇ ਸਰਹੱਦੀ ਇਲਾਕੇ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਤਿੰਨ ਮਸ਼ਕੂਕ ਮੁਕਾਬਲੇ ਵਾਲੀ ਥਾਂ ਤੋਂ ਕਈ ਕਿਲੋਮੀਟਰ ਦੂਰ ਰੂਈ ਪਿੰਡ ’ਚ ਇੱਕ ਘਰ ਅੰਦਰ ਜਬਰੀ ਦਾਖਲ ਹੋਏ ਅਤੇ ਰਸੋਈ ’ਚੋਂ ਖਾਣਾ ਚੋਰੀ ਕਰਕੇ ਲੈ ਗਏ। -ਪੀਟੀਆਈ
ਉਪ ਰਾਜਪਾਲ ਵੱਲੋਂ ਸ਼ਹੀਦ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪਿਛਲੇ ਦਿਨੀਂ ਕਠੂਆ ਜ਼ਿਲ੍ਹੇ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਚਾਰ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਅੱਜ ਮੁਲਾਕਾਤ ਕਰਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਿਨਹਾ ਨੇ ਕਠੂਆ ਜ਼ਿਲ੍ਹੇ ਦੇ ਕੰਨਾ ਚਾਕ ’ਚ ਬਲਵਿੰਦਰ ਸਿੰਘ ਚਿੱਬ, ਰਿਆਸੀ ਜ਼ਿਲ੍ਹੇ ਦੇ ਚਾਂਬਾ ਪਿੰਡ ’ਚ ਤਾਰਿਕ ਅਹਿਮਦ, ਕੌਮਾਂਤਰੀ ਸਰਹੱਦ ਨੇੜੇ ਲੌਂਦੀ ਪਿੰਡ ’ਚ ਜਸਵੰਤ ਸਿੰਘ ਅਤੇ ਅਖਨੂਰ ਇਲਾਕੇ ਦੇ ਰਹਿਣ ਵਾਲੇ ਹੈੱਡ ਕਾਂਸਟੇਬਰ ਜਗਬੀਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ।