ਕੌਮਾਂਤਰੀ ਕਾਰੋਬਾਰੀ 15 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ
ਗੁਰਬਖਸ਼ਪੁਰੀ
ਤਰਨ ਤਾਰਨ, 31 ਮਾਰਚ
ਪਿੰਡ ਸਰਾਏ ਅਮਾਨਤ ਖਾਂ ਦੀ ਰੱਖ ਨੇੜਿਓਂ ਤਰਨ ਤਾਰਨ ਪੁਲੀਸ ਨੇ ਕੌਮਾਂਤਰੀ ਨਸ਼ਾ ਵਪਾਰੀਆਂ ਨਾਲ ਸੰਪਰਕ ਰੱਖਣ ਵਾਲੇ ਨਸ਼ਿਆਂ ਦੇ ਕਾਰੋਬਾਰੀ ਨੂੰ 15 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਪੁਲੀਸ ਨੇ ਸੀਆਈਏ ਸਟਾਫ਼ ਤਰਨ ਤਾਰਨ ਦੀ ਪੁਲੀਸ ਵੱਲੋਂ ਮਿਲੀ ਸੂਚਨਾ ’ਤੇ ਕਾਰਵਾਈ ਕਰਦਿਆਂ ਸਰਾਏ ਅਮਾਨਤ ਖਾਂ ਤੋਂ ਐਕਟਿਵਾ ’ਤੇ ਜਾਂਦੇ ਇੱਕ ਵਿਅਕਤੀ ਨੂੰ ਰੋਕਿਆ। ਉਸਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 15 ਕਿਲੋ ਹੈਰੋਇਨ ਬਰਾਮਦ ਹੋਈ| ਮੁਲਜ਼ਮ ਦੀ ਸ਼ਨਾਖਤ ਹਰਸ਼ਪ੍ਰੀਤ ਸਿੰਘ ਵਾਸੀ ਰੋੜਾਂਵਾਲਾ (ਅੰਮ੍ਰਿਤਸਰ) ਵਜੋਂ ਹੋਈ ਹੈ|
ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਹਰਸ਼ਪ੍ਰੀਤ ਸਿੰਘ ਵੱਲੋਂ ਪਾਕਿਸਤਾਨ ਅਤੇ ਅਮਰੀਕਾ ਦੇ ਸਮੱਗਲਰਾਂ ਨਾਲ ਮਿਲ ਕੇ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ। ਇਸ ਕੰਮ ਲਈ ਉਹ ਅਮਰੀਕਾ ਤੋਂ ਨਸ਼ਿਆਂ ਦੇ ਕਾਰੋਬਾਰ ਚਲਾਉਣ ਵਾਲੇ ਗੁਰਨਾਮ ਕਾਲੋਵਾਲ ਅਤੇ ਪਾਕਿਸਤਾਨ ਦੇ ਪਹਿਲਵਾਨ ਦੇ ਸੰਪਰਕ ਵਿੱਚ ਸੀ ਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਦੀ ਸਪਲਾਈ ਕਰਦਾ ਸੀ| ਉਸ ਨੂੰ ਨਸ਼ਿਆਂ ਦੀ ਸਪਲਾਈ ਡਰੋਨਾਂ ਰਾਹੀਂ ਕੀਤੀ ਜਾਂਦੀ ਸੀ ਅਤੇ ਉਹ ਪੈਸਿਆਂ ਦਾ ਭੁਗਤਾਨ ਹਵਾਲਾ ਪ੍ਰਣਾਲੀ ਰਾਹੀਂ ਅਮਰੀਕਾ ਸਥਿਤ ਗੁਰਨਾਮ ਕਾਲੋਵਾਲ ਦੇ ਨਿਰਦੇਸ਼ਾਂ ’ਤੇ ਕਰਦਾ ਸੀ| ਪੁਲੀਸ ਨੇ ਹਰਸ਼ਪ੍ਰੀਤ ਸਿੰਘ ਦੀ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਈ ਹੈ| ਐੱਸਐੱਸਪੀ ਨੇ ਕਿਹਾ ਕਿ ਪੁਲੀਸ ਮੁਲਜ਼ਮ ਹਰਸ਼ਪ੍ਰੀਤ ਸਿੰਘ ਦੇ ਸੰਪਰਕ ਸੂਤਰਾਂ ਦੀ ਵੀ ਜਾਣਕਾਰੀ ਇਕੱਤਰ ਕਰ ਰਹੀ ਹੈ| ਇਸ ਸਬੰਧੀ ਥਾਣਾ ਸਦਰ ਦੀ ਪੁਲੀਸ ਨੇ ਐੱਨਡੀਪੀਐੱਸ ਐਕਟ ਦੀ ਧਾਰਾ 21- ਸੀ ਅਧੀਨ ਕੇਸ ਦਰਜ ਕਰ ਲਿਆ ਹੈ।