ਅੱਠਵੀਂ ਕਲਾਸ ਦਾ ਨਤੀਜਾ: ਦਸਮੇਸ਼ ਸਕੂਲ ਮਹਿਤਾ ਦੀਆਂ ਤਿੰਨ ਵਿਦਿਆਰਥਣਾਂ ਮੈਰਿਟ ’ਚ ਆਈਆਂ
ਦਵਿੰਦਰ ਸਿੰਘ ਭੰਗੂ
ਰਈਆ, 5 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੇ ਐਲਾਨੇ ਨਤੀਜੇ ਵਿਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ ਦੀਆਂ ਤਿੰਨ ਵਿਦਿਆਰਥਣਾਂ ਨੇ ਸਟੇਟ ਮੈਰਿਟ ਵਿਚ ਨਾਮ ਦਰਜ ਕਰਵਾ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਨਾਲ ਵਿਦਿਆਰਥਣਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਵਿਚ ਖ਼ੁਸ਼ੀ ਦੀ ਲਹਿਰ ਹੈ।
ਸੰਸਥਾ ਦੇ ਮੈਨੇਜਰ ਹਰਸ਼ਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ ਅੱਠਵੀਂ ਕਲਾਸ ਨਤੀਜੇ ਵਿਚ ਸਕੂਲ ਦੀ ਵਿਦਿਆਰਥਣ ਗੁਰਸਿਮਰਨ ਪ੍ਰੀਤ ਕੌਰ ਨੇ 596/600 (99.33%) ਨੰਬਰ ਪ੍ਰਾਪਤ ਕਰਕੇ ਸੂਬੇ ਵਿੱਚ ਪੰਜਵਾਂ ਸਥਾਨ, ਗੁਰਵੀਨ ਕੌਰ 589/600 (98.16%) ਅੰਕ ਨੇ 12ਵਾਂ ਅਤੇ ਸਮਰੀਤ ਕੌਰ ਕੌਰ ਨੇ 588/600(98%) ਅੰਕ ਲੈ ਕੇ 13ਵਾਂ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਕੂਲ ਦੇ ਅੱਠਵੀਂ ਕਲਾਸ ਦੇ ਸਾਰੇ ਵਿਦਿਆਰਥੀ ਫ਼ਸਟ ਡਵੀਜ਼ਨ ’ਚ ਪਾਸ ਹੋਏ ਹਨ।
ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਸ਼ਾਨਦਾਰ ਨਤੀਜੇ ਲਈ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥਣਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਹ ਆਈ.ਪੀ.ਐੱਸ ਅਫ਼ਸਰ ਬਣ ਕੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਗੁਰਬੀਰ ਕੌਰ, ਮਨਪ੍ਰੀਤ ਸਿੰਘ ਟੱਕਰ(ਡਾਇਰੈਕਟਰ), ਅੰਮ੍ਰਿਤਪਾਲ ਸਿੰਘ (ਕੋਆਰਡੀਨੇਟਰ), ਰਵਿੰਦਰ ਕੌਰ, ਬਲਜੀਤ ਕੌਰ ਅਤੇ ਅਨੂਦੀਪ ਕੌਰ ਹਾਜ਼ਰ ਸਨ।