ਸੋਹਲਪੁਰ ਦੇ 25 ਪਰਿਵਾਰ ਤੇ ਜੰਡੀਰ ਪੰਚਾਇਤ ਕਾਂਗਰਸ ’ਚ ਸ਼ਾਮਿਲ
ਪੱਤਰ ਪ੍ਰੇਰਕ
ਭੋਗਪੁਰ, 10 ਅਪਰੈਲ
ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਸਿਆਸੀ ਹੁਲਾਰਾ ਮਿਲਿਆ ਜਦੋਂ ਜਸਪ੍ਰੀਤ ਸਿੰਘ ਜੱਸਾ ਅਤੇ ਇੰਸਪੈਕਟਰ ਜਰਨੈਲ ਸਿੰਘ ਬਾਜਵਾ ਦੇ ਯਤਨਾਂ ਸਦਕਾ ਪਿੰਡ ਸੋਹਲਪੁਰ ਦੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ 25 ਪਰਿਵਾਰ ਅਤੇ ਪਿੰਡ ਜੰਡੀਰ ਦੀ ਸਮੁੱਚੀ ਪੰਚਾਇਤ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਈ।
ਕਾਂਗਰਸ ਪਾਰਟੀ ਵਿੱਚ ਪਿੰਡ ਸੋਹਲਪੁਰ ਦੇ ਨੰਬਰਦਾਰ ਹਰਜਿੰਦਰ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ ਜੱਸਾ, ਪੰਚ ਗੁਰਬਿੰਦਰ ਸਿੰਘ, ਪੰਚ ਅਮਨਪ੍ਰੀਤ ਸਿੰਘ, ਪੰਚ ਕੁਲਦੀਪ ਕੌਰ ਤੋਂ ਇਲਾਵਾ ਹੋਰ ਪਿੰਡ ਦੀਆਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ਇਸ ਦੇ ਨਾਲ ਹੀ ਪਿੰਡ ਜੰਡੀਰ ਦੀ ਪੰਚਾਇਤ ਜਿਨ੍ਹਾਂ ’ਚ ਸਰਪੰਚ ਸੁਮਨ ਕੌਰ ਅਤੇ ਪੰਚ ਰਮਨਦੀਪ ਕੌਰ, ਸੁਮਿੱਤਰ ਕੌਰ, ਨਰਿੰਦਰ ਕੌਰ, ਸੋਹਣ ਸਿੰਘ, ਗੁਰਦਿੱਤ ਸਿੰਘ ਅਤੇ ਨਿਰਮਲਜੀਤ ਕੌਰ ਨੇ ਵੀ ਕਾਂਗਰਸ ਦਾ ‘ਹੱਥ’ ਫੜ ਲਿਆ ਹੈ।
ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਧਰਮ ਨਿਰਪੱਖ ਅਤੇ ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲੇਗਾ।