ਝੱਖੜ ਤੇ ਮੀਂਹ ਕਾਰਨ ਜਨਜੀਵਨ ’ਤੇ ਅਸਰ
ਗੁਰਬਖਸ਼ਪੁਰੀ
ਤਰਨ ਤਾਰਨ, 5 ਮਈ
ਜ਼ਿਲ੍ਹੇ ’ਚ ਵਧੇਰੇ ਥਾਵਾਂ ’ਤੇ ਅੱਜ ਘੰਟਿਆਂ ਤੱਕ ਝੱਖੜ ਝੁੱਲਣ ਨਾਲ ਹੋਈ ਬਾਰਸ਼ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ| ਇਸ ਨਾਲ ਤਰਨ ਤਾਰਨ ਸ਼ਹਿਰ ਦੇ ਆਸ-ਪਾਸ ਸੜਕਾਂ ਪੂਰੀ ਤਰ੍ਹਾਂ ਨਾਲ ਜਲ-ਥਲ ਹੋ ਗਈਆਂ ਜਿਸ ਨਾਲ ਆਵਾਜਾਈ ਠੱਪ ਹੋ ਗਈ| ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਉੱਚਿਤ ਬੰਦੋਬਸਤ ਕਰਨ ਵਿੱਚ ਅਸਫਲ ਰਹਿਣ ਦੀ ਵੀ ਸ਼ਹਿਰੀਆਂ ਨੇ ਨਿਖੇਧੀ ਕੀਤੀ ਹੈ| ਸ਼ਹਿਰ ਵਾਸੀ ਕਰਮ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਲੋਕਾਂ ਨੂੰ ਪੀਣ ਦੇ ਪਾਣੀ ਦੀ ਵੀ ਨਿਰਵਿਘਨ ਸਪਲਾਈ ਦੇਣ ਵਿੱਚ ਅਸਫ਼ਲ ਹੋ ਰਹੀ ਹੈ| ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਅੰਬ. ਨਾਖ਼ ਆਦਿ ਦੇ ਬੂਟਿਆਂ ਦਾ ਥੋੜ੍ਹਾ ਨੁਕਸਾਨ ਹੋਇਆ ਹੈ| ਇਸ ਦੇ ਨਾਲ ਹੀ ਕੁਝ ਹੋਰਨਾਂ ਥਾਵਾਂ ’ਤੇ ਫਲਾਂ ਅਤੇ ਸਬਜ਼ੀਆਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ| ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਜਸਵਿੰਦਰ ਸਿੰਘ ਨੇ ਜ਼ਿਲ੍ਹੇ ਦੇ ਤਰਨ ਤਾਰਨ, ਪੱਟੀ, ਝਬਾਲ, ਖਾਲੜਾ ਆਦਿ ਥਾਵਾਂ ’ਤੇ ਹੋਈ ਭਾਰੀ ਬਾਰਸ਼ ਦੀ ਪੁਸ਼ਟੀ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਬਾਰਸ਼ ਕਿਸਾਨ ਨੂੰ ਅਗਲੀ ਫਸਲ ਬੀਜਣ ਵਿੱਚ ਸਹਾਈ ਹੋਵੇਗੀ| ਇਲਾਕੇ ਦੇ ਪਿੰਡ ਲਾਲੂ ਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਕਿਹਾ ਕਿ ਕਿਸਾਨ ਨੇ ਸਾਰੀ ਦੀ ਸਾਰੀ ਕਣਕ ਵੱਢ ਕੇ ਮੰਡੀ ਭੇਜ ਦਿੱਤੀ ਹੈ ਪਰ ਕੁਝ ਥਾਵਾਂ ਤੇ ਪਰਾਲੀ ਤਿਆਰ ਕਰਨੀ ਬਾਕੀ ਹੈ ਜਿਸ ਦੀ ਕੁਆਲਿਟੀ ’ਤੇ ਅਸਰ ਪੈਣ ਦੀ ਸੰਭਾਵਨਾ ਹੈ| ਸਰਹੱਦੀ ਖੇਤਰ ਦੇ ਪਿੰਡ ਆਸਲ ਉਤਾੜ ਦੇ ਕਿਸਾਨ ਗੁਰਮੀਤ ਸਿੰਘ ਅਤੇ ਰੱਤੋਕੇ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਖੇਮਕਰਨ ਇਲਾਕੇ ਅੰਦਰ ਦਰਮਿਆਨੀ ਬਾਰਸ਼ ਹੋਈ ਹੈ|
ਜਲੰਧਰ (ਹਤਿੰਦਰ ਮਹਿਤਾ): ਇਲਾਕੇ ਵਿੱਚ ਅੱਜ ਦੁਪਹਿਰ ਆਏ ਮੀਂਹ ਤੇ ਝੱਖੜ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਕਈ ਥਾਈਂ ’ਤੇ ਬਿਜਲੀ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਜਲੰਧਰ ਸ਼ਹਿਰ, ਛਾਉਣੀ,ਆਦਮਪੁਰ, ਜੰਡੂਸਿੰਘਾ, ਨਕੋਦਰ, ਮਹਿਤਪੁਰ, ਜਮਸ਼ੇਰ, ਨੂਰਮਹਿਲ ਸਮੇਤ ਹੋਰ ਕਈ ਥਾਂਵਾਂ ’ਤੇ ਮੀਂਹ ਦੇ ਨਾਲ ਨਾਲ ਗੜੇ ਵੀ ਪਏ। ਝੱਖੜ ਕਾਰਨ ਖੇਤਾਂ ਵਿੱਚ ਖੰਭੇ ਡਿੱਗ ਪਏ ਤੇ ਸੜਕਾਂ ’ਤੇ ਦਰੱਖਤ ਡਿੱਗ ਜਾਣਕਾਰਨ ਆਵਾਜਾਈ ਪ੍ਰਭਾਵਿਤ ਹੋਈ। ਆਦਮਪੁਰ ਤੋਂ ਕਿਸ਼ਨਗੜ੍ਹ, ਧੋਗੜੀ ਤੋਂ ਅਲਾਵਲਪੁਰ, ਕਠਾਰ ਤੋਂ ਸ਼ਾਮ ਚੁਰਾਸੀ ਤੇ ਹੋਰ ਕਈ ਸੜਕਾਂ ਵਿਚਕਾਰ ਦਰਖਤ ਡਿੱਗ ਜਾਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਤੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬਦਲਵੇ ਰਾਸਤੇ ਦਾ ਪ੍ਰਬੰਧ ਕਰਨਾ ਪਿਆ। ਇਸੇ ਤਰ੍ਹਾਂ ਮੰਡੀਆਂ ਵਿੱਚ ਪਈ ਕਣਕ ਵੀ ਭਿੱਜ ਗਈ। ਕਿਸਾਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਠੀਕ ਢੰਗ ਨਾਲ ਕਣਕ ਦੀ ਚੁਕਾਈ ਨਾ ਹੋਣ ਕਾਰਨ ਇਹ ਸਭ ਕੁੱਝ ਹੋਇਆ ਹੈ। ਬਿਜਲੀ ਦੀਆਂ ਤਾਰਾਂ ’ਤੇ ਦਰਖਤ ਡਿੱਗ ਅਤੇ ਖੰਭੇ ਟੁੱਟ ਜਾਣ ਕਾਰਨ ਬਿਜਲੀ ਦੀ ਸਪਲਾਈ ’ਤੇ ਕਾਫੀ ਅਸਰ ਪਿਆ ਹੈ ਅਤੇ ਬਿਜਲੀ ਕਾਮੇ ਨੁਕਸ ਦੂਰ ਕਰਨ ਦੇ ਯਤਨ ਕਰ ਰਹੇ ਹਨ।