ਦਸ ਦਿਨਾਂ ਤੋਂ ਪਾਣੀ ਨੂੰ ਤਰਸੇ ਭਰਾਲ ਖਰਾਸਾ ਦੇ ਲੋਕ
ਪੱਤਰ ਪ੍ਰੇਰਕ
ਪਠਾਨਕੋਟ, 10 ਅਪਰੈਲ
ਧਾਰ ਬਲਾਕ ਵਿੱਚ ਪੈਂਦੇ ਪਿੰਡ ਭਰਾਲ ਖਰਾਸਾ ਵਿੱਚ ਪਿਛਲੇ 10 ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸੁਮਨ ਦੇਵੀ, ਮੰਜੂ ਦੇਵੀ, ਸੀਤਾ ਦੇਵੀ, ਰੇਖਾ ਦੇਵੀ, ਕਾਜਲ, ਮਨੀਸ਼ਾ, ਰੀਟਾ ਦੇਵੀ, ਤ੍ਰਿਸ਼ਲਾ ਦੇਵੀ, ਸੁਭਾਸ਼ ਸਿੰਘ, ਮਨਿੰਦਰ ਸਿੰਘ ਤੇ ਸਾਬਕਾ ਸਰਪੰਚ ਧਰਮ ਸਿੰਘ ਆਦਿ ਸ਼ਾਮਲ ਸਨ।
ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਗਰਮੀਆਂ ਦਾ ਮੌਸਮ ਅਜੇ ਸ਼ੁਰੂ ਹੀ ਹੋਇਆ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਪਿਛਲੇ 10 ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਇਸ ਸਮੇਂ ਪਿੰਡ ਵਿੱਚ ਬਣਾਈ ਜਾ ਰਹੀ ਸੜਕ ਦੇ ਠੇਕੇਦਾਰ ਦੇ ਟੈਂਕਰ ਤੋਂ ਮਿਲ ਰਿਹਾ ਹੈ ਜਦ ਕਿ ਪਸ਼ੂਆਂ ਅਤੇ ਕੱਪੜੇ ਧੋਣ ਲਈ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜਲਦੀ ਦੂਰ ਕੀਤਾ ਜਾਵੇ। ਜਲ ਸਪਲਾਈ ਵਿਭਾਗ ਦੇ ਸਹਾਇਕ ਇੰਜਨੀਅਰ ਦਵਿੰਦਰ ਕੁਮਾਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਿੰਡ ਖਰਾਸਾ ਨੂੰ ਸਪਲਾਈ ਕਰਨ ਵਾਲਾ ਪੰਪ ਖਰਾਬ ਹੋਣ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਜਲਦੀ ਹੀ ਉਕਤ ਪੰਪ ਦੀ ਮੁਰੰਮਤ ਕਰਕੇ ਪਾਣੀ ਦੀ ਸਪਲਾਈ ਨੂੰ ਬਹਾਲ ਕਰ ਦਿੱਤਾ ਜਾਵੇਗਾ।