ਮੀਡੀਆ ਨੂੰ ਅਸੂਲਾਂ ਨਾਲ ਸਮਝੌਤਾ ਨਾ ਕਰਨ ਦਾ ਸੱਦਾ
ਪਠਾਨਕੋਟ, 3 ਮਈ
ਬ੍ਰਹਮਕੁਮਾਰੀ ਰਾਜਯੋਗ ਕੇਂਦਰ ਵੱਲੋਂ ਡਿਸਟ੍ਰਿਕਟ ਪ੍ਰੈੱਸ ਕਲੱਬ ਪਠਾਨਕੋਟ ਦੇ ਸਹਿਯੋਗ ਨਾਲ ਪ੍ਰੈੱਸ ਦਿਵਸ ਮਨਾਇਆ ਗਿਆ। ਇਹ ਸਮਾਗਮ ਜ਼ਿਲ੍ਹਾ ਮੁਖੀ ਰਾਜਯੋਗਿਨੀ ਬ੍ਰਹਮਕੁਮਾਰੀ ਸਤਿਆ ਭੈਣ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜਿਸ ਵਿੱਚ 50 ਦੇ ਕਰੀਬ ਪੱਤਰਕਾਰਾਂ ਨੇ ਭਾਗ ਲਿਆ। ਰਾਜਯੋਗੀ ਬ੍ਰਹਮਕੁਮਾਰ ਪ੍ਰਤਾਪ ਨੇ ਰਾਜਯੋਗਾ ਮੈਡੀਟੇਸ਼ਨ ਸੈਂਟਰ ਅਤੇ ਰਾਜਯੋਗਿਨੀ ਸਤਿਆ ਭੈਣ ਨੇ ਪ੍ਰੈੱਸ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।
ਰਾਜਯੋਗਿਨੀ ਸਤਿਆ ਭੈਣ ਨੇ ਕਿਹਾ ਕਿ ਪੱਤਰਕਾਰ ਆਪਣੀ ਕਲਮ ਦੀ ਤਾਕਤ ਨਾਲ ਸਮਾਜ ਨੂੰ ਉਤਮ ਦਿਸ਼ਾ ਵਿੱਚ ਮੋੜ ਸਕਦੇ ਹਨ। ਭਾਰਤ ਦੀ ਸਨਾਤਨ ਸੰਸਕ੍ਰਿਤੀ, ਸਭਿਅਤਾ, ਸੰਸਕਾਰਾਂ ਤੋਂ ਹੀ ਉਤਮ ਸਮਾਜ ਦਾ ਨਿਰਮਾਣ ਹੋਵੇਗਾ। ਸੁਜਾਨਪੁਰ ਰਾਜਯੋਗ ਕੇਂਦਰ ਦੀ ਮੁਖੀ ਬ੍ਰਹਮਕੁਮਾਰੀ ਗੀਤਾ ਨੇ ਕਿਹਾ ਕਿ ਅੱਜ ਸਮਾਜ ਦੇ ਹਰੇਕ ਨਾਗਰਿਕ ਨੂੰ ਇਹੀ ਇੱਛਾ ਰਹਿੰਦੀ ਹੈ ਕਿ ਅਸੀਂ ਅਜਿਹੇ ਉਤਮ ਸਮਾਜ ਵਿੱਚ ਰਹੀਏ, ਜਿੱਥੇ ਉਨ੍ਹਾਂ ਦਾ ਵਰਤਮਾਨ ਅਤੇ ਭਵਿੱਖ ਸੁਰੱਖਿਅਤ ਰਹੇ। ਡਿਸਟ੍ਰਿਕਟ ਪ੍ਰੈਸ ਕਲੱਬ ਵੱਲੋਂ ਭਾਰਤ ਭੂਸ਼ਣ ਡੋਗਰਾ ਅਤੇ ਡਾ. ਮਨੂ ਸ਼ਰਮਾ ਨੇ ਕਿਹਾ ਕਿ ਪ੍ਰੈਸ ਦਾ ਸੁਤੰਤਰਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੀਡੀਆ ਦਾ ਸਮਾਜ ਨੂੰ ਬਣਾਉਣ ਵਿੱਚ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ, ਪ੍ਰਸ਼ਾਸਨ ਅਤੇ ਨਿਆਂ ਪਾਲਿਕਾ ਨੂੰ ਵੀ ਸਹੀ ਦਿਸ਼ਾ ਦਿਖਾਉਣ ਦੀ ਸ਼ਕਤੀ ਮੀਡੀਆ ਰੱਖਦਾ ਹੈ, ਇਸ ਲਈ ਮੀਡੀਆ ਨੂੰ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।