‘ਆਪ’ ਦਾ ਪੰਜਾਬ ’ਚੋਂ ਹੋਵੇਗਾ ਬਿਸਤਰਾ ਗੋਲ: ਸੱਚਰ
ਰਾਜਨ ਮਾਨ
ਮਜੀਠਾ, 3 ਜੂਨ
ਹਲਕਾ ਮਜੀਠਾ ਦੇ ਕਾਂਗਰਸ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਇਸ ਦੀ ਸ਼ੁਰੂਆਤ ਲੁਧਿਆਣਾ ਜ਼ਿਮਨੀ ਚੋਣ ਵਿੱਚ ਹੋਵੇਗੀ।
ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਸੰਵਿਧਾਨ ਬਚਾਓ ਰੈਲੀਆਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੱਚਰ ਨੇ ਕਿਹਾ ਕਿ ਆਪ ਸਰਕਾਰ ਸਭ ਤੋਂ ਨਖਿੱਧ ਸਰਕਾਰ ਸਾਬਤ ਹੋਈ ਹੈ ਜਿਸ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ’ਤੇ ਇਮਾਨਦਾਰੀ ਦਾ ਪਾਠ ਪੜ੍ਹਾਉਣ ਵਾਲਿਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੀ ਸੰਵਿਧਾਨ ਬਚਾਓ ਰੈਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਹ ਵਿਧਾਨ ਸਭਾ ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਕੱਥੂਨੰਗਲ ਵਿੱਚ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਸ ਅਨੁਸਾਰ 15 ਜੂਨ ਐਤਵਾਰ ਕਸ਼ਮੀਰ ਰੀਜੋਰਟ ਕੱਥੂਨੰਗਲ ਵਿੱਚ ਕੀਤੀ ਜਾਵੇਗੀ। ਮੀਟਿੰਗ ਵਿੱਚ ਸਾਬਕਾ ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜ ਸਿੰਘ ਸੋਹੀਆਂ, ਸਰਪੰਚ ਸ਼ੀਤਲ ਸਿੰਘ ਚਾਚੋਵਾਲੀ, ਸਾਬਕਾ ਸਰਪੰਚ ਅਵਤਾਰ ਸਿੰਘ, ਮੈਂਬਰ ਸਤਿੰਦਰ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ।