ਸ਼ੌਰਿਆ ਚੱਕਰ ਪ੍ਰਾਪਤ ਕਰਨ ’ਤੇ ਮੇਜਰ ਤ੍ਰਿਪਤਪ੍ਰੀਤ ਸਿੰਘ ਦਾ ਸਨਮਾਨ
ਪੱਤਰ ਪ੍ਰੇਰਕ
ਧਾਰੀਵਾਲ, 3 ਜੂਨ
ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਦੇ ਪੁਰਾਣੇ ਤੇ ਹੋਣਹਾਰ ਵਿਦਿਆਰਥੀ ਮੇਜਰ ਤ੍ਰਿਪਤਪ੍ਰੀਤ ਸਿੰਘ ਦਾ ਸ਼ੌਰਿਆ ਚੱਕਰ ਐਵਾਰਡ ਪ੍ਰਾਪਤ ਕਰਨ ’ਤੇ ਸਕੂਲ ਪ੍ਰਬੰਧਕਾਂ ਨੇ ਵਿਸ਼ੇਸ਼ ਸਨਮਾਨ ਕੀਤਾ। ਜ਼ਿਕਰਯੋਗ ਹੈ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਮੇਜਰ ਤ੍ਰਿਪਤਪ੍ਰੀਤ ਸਿੰਘ ਪੱਡਾ (34 ਰਾਸ਼ਟਰੀ ਰਾਇਫਲਜ਼) ਨੂੰ ਬਹਾਦਰੀ ਬਦਲੇ 24 ਮਈ ਨੂੰ ਸ਼ੌਰਿਆ ਚੱਕਰ ਐਵਾਰਡ ਨਾਲ ਸਨਮਾਨਿਆ ਸੀ। ਮੇਜਰ ਪੱਡਾ ਨੇ ਉੱਚਕੋਟੀ ਦੇ 9 ਅਤਿਵਾਦੀ ਮਾਰੇ ਸਨ। ਸਕੂਲ ਪਹੁੰਚਣ ’ਤੇ ਮੁੱਖ ਮਹਿਮਾਨ ਮੇਜਰ ਤ੍ਰਿਪਤਪ੍ਰੀਤ ਸਿੰਘ ਪੱਡਾ ਦਾ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਪਰਮਿੰਦਰ ਕੌਰ ਚਾਹਲ ਅਤੇ ਪ੍ਰਿੰਸੀਪਲ ਕਿਰਨ ਕੇਸਰ ਦੀ ਅਗਵਾਈ ਹੇਠ ਹਾਰ ਪਾ ਕੇ ਅਤੇ ਬੈਂਡ ਨਾਲ ਨਿੱਘਾ ਸਵਾਗਤ ਕੀਤਾ ਅਤੇ ਵਿਸ਼ੇਸ਼ ਸਨਮਾਨ ਕੀਤਾ। ਡਾਇਰੈਕਟਰ ਅਮਰਜੀਤ ਸਿੰਘ ਤੇ ਪ੍ਰਿੰਸੀਪਲ ਕਿਰਨ ਕੇਸਰ ਨੇ ਕਿਹਾ ਮੇਜਰ ਤ੍ਰਿਪਤਪ੍ਰੀਤ ਸਿੰਘ ਪੱਡਾ ਨੇ ਸ਼ੌਰਿਆ ਚੱਕਰ ਐਵਾਰਡ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਮਾਣ ਵਧਾਇਆ ਹੈ। ਮੇਜਰ ਪੱਡਾ ਨੇ ਧੰਨਵਾਦ ਕਰਦਿਆਂ ਕਿਹਾ ਉਹ ਆਪਣੇ ਅਧਿਆਪਕਾਂ ਦੀ ਸਿੱਖਿਆ ਸਦਕਾ ਹੀ ਅੱਜ ਇਸ ਮੁਕਾਮ ਤੱਕ ਪਹੁੰਚੇ ਹਨ। ਸਮਾਗਮ ’ਚ ਮੁੱਖ ਮਹਿਮਾਨ ਮੇਜਰ ਪੱਡਾ ਨਾਲ ਪਤਨੀ ਸੀਰਤ ਕੌਰ, ਪਿਤਾ ਹਰਦਿਆਲ ਸਿੰਘ,ਮਾਤਾ ਦਲਜੀਤ ਕੌਰ, ਦਾਦੀ ਗੁਰਮੀਤ ਕੌਰ , ਦਾਦਾ ਰਤਨ ਸਿੰਘ ਪੱਡਾ, ਚਾਚਾ ਰੂਪ ਸਿੰਘ ਪੱਡਾ, ਭਰਾ ਹਰਪਾਲ ਸਿੰਘ, ਪੁੱਤਰੀ ਸਰਗੁਣ, ਭੂਆ ਦਲਬੀਰ ਕੌਰ,ਤਾਈ ਬਲਵਿੰਦਰ ਕੌਰ ਆਦਿ ਪਰਿਵਾਰਕ ਮੈਂਬਰਾਂ ਵੀ ਸ਼ਿਰਕਤ ਕੀਤੀ।