ਕਾਂਗਰਸੀ ਕੌਂਸਲਰਾਂ ਦਾ ਵਫ਼ਦ ਨਿਗਮ ਕਮਿਸ਼ਨਰ ਨੂੰ ਮਿਲਿਆ
ਫਗਵਾੜਾ, 3 ਮਈ
ਕਾਂਗਰਸ ਕੌਂਸਲਰਾਂ ਦਾ ਵਫ਼ਦ ਅੱਜ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੂੰ ਮਿਲਿਆ। ਇਸ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਤੇ ਸ਼ਹਿਰ ’ਚ ਅਧੂਰੇ ਵਿਕਾਸ ਕਾਰਜਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ।
ਵਿਧਾਇਕ ਧਾਲੀਵਾਲ ਨੇ ਨਿਗਮ ਕਮਿਸ਼ਨਰ ਨੂੰ ਦੱਸਿਆ ਕਿ ਨਿਗਮ ਚੋਣਾਂ ਹੋਇਆ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਸ਼ਿਆਰਪੁਰ ਰੋਡ ’ਤੇ ਸਥਿਤ ਭੂਆ ਧਮੜੀ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਨੂੰ ਲੰਬੇ ਸਮੇਂ ਤੋਂ ਪੁੱਟ ਕੇ ਛੱਡ ਦਿੱਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ’ਚ ਸੜਕਾਂ ’ਤੇ ਟੋਏ ਪਏ ਹਨ ਤੇ ਜਿਨ੍ਹਾਂ ਲਈ ਪੈਚ ਵਰਕ ਵੀ ਨਹੀਂ ਕੀਤਾ ਜਾ ਰਿਹਾ ਹੈ। ਅਵਾਰਾ ਪਸ਼ੂਆਂ ਕਾਰਨ ਹਾਦਸੇ ਵਾਪਰ ਰਹੇ ਹਨ। ਕੁੱਤਿਆਂ ਦੀ ਬਹੁਤਾਤ ਕਾਰਨ ਲੋਕ ਡਰ ਦੇ ਮਾਰੇ ਘਰੋਂ ਨਹੀਂ ਨਿਕਲ ਰਹੇ ਹਨ।
ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਬਾਅਦ ਬਰਸਾਤ ਦਾ ਮੌਸਮ ਆਉਣ ਵਾਲਾ ਹੈ ਪਰ ਸੀਵਰੇਜ ਦੀ ਸਫ਼ਾਈ ਨਹੀਂ ਹੋ ਰਹੀ। ਸ਼ਹਿਰ ਦੇ ਅੰਦਰ ਸੰਘਣੀ ਆਬਾਦੀ ਵਾਲੇ ਖੇਤਰ ਇਲਾਕਿਆਂ ’ਚ ਕੂੜੇ ਦੇ ਢੇਰ ਮੁਸੀਬਤ ਦਾ ਇੱਕ ਵੱਖਰਾ ਕਾਰਨ ਹਨ। ਜਿੱਥੇ ਕਈ ਦਿਨਾਂ ਤੋਂ ਕੂੜਾ ਨਾ ਚੁੱਕਿਆ ਜਾਣ ਕਾਰਨ ਸਥਾਨਕ ਨਿਵਾਸੀ ਤੇ ਰਾਹਗੀਰ ਜ਼ਹਿਰੀਲੀ ਹਵਾ ’ਚ ਸਾਹ ਲੈਣ ਲਈ ਮਜਬੂਰ ਹਨ। ਇਸ ਤੋਂ ਇਲਾਵਾ, ਸਰਾਏ ਰੋਡ ’ਤੇ ਸਟਾਰਚ ਮਿੱਲ ਦੇ ਨੇੜੇ ਇੱਕ ਸਲੈਬ ਟੁੱਟੀ ਹੋਈ ਹੈ ਜੋ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇ।
ਇਸ ਮੌਕੇ ਗੱਲਬਾਤ ਕਰਦਿਆਂ ਸੰਜੀਵ ਬੁੱਗਾ ਨੇ ਕਿਹਾ ਕਿ ਫਗਵਾੜਾ ਦੇ ਲੋਕਾਂ ਦਾ ਇਹ ਮੰਦਭਾਗਾ ਹੈ ਕਿ ਪਹਿਲਾਂ ਸੂਬੇ ’ਚ ਇੱਕ ਬੇਅਸਰ ’ਆਪ’ ਸਰਕਾਰ ਸੀ ਤੇ ਹੁਣ ਫਗਵਾੜਾ ਨਿਗਮ ’ਤੇ ਵੀ ’ਆਪ’ ਪਾਰਟੀ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ ਹੈ। ਜਿਸ ਕਾਰਨ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਉਸ ਚੇਤਾਵਨੀ ਦਿੱਤੀ ਕਿ ਜੇਕਰ ‘ਆਪ’ ਸਰਕਾਰ ਨੇ ਆਪਣੀ ਸੁਧਾਰ ਨਾ ਕੀਤਾ ਤੇ ਸ਼ਹਿਰ ਦੇ ਵਿਕਾਸ ਨੂੰ ਅਣਗੌਂਲਿਆ ਕਰਨਾ ਜਾਰੀ ਰੱਖਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਮੂਹ ਕਾਂਗਰਸ ਕੌਂਸਲਰ ਅਤੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਨਿਗਮ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਜੋ ਵੀ ਮਾਮਲੇ ਉਨ੍ਹਾਂ ਦੇ ਧਿਆਨ ’ਚ ਆ ਰਹੇ ਹਨ ਉਨ੍ਹਾਂ ਨੂੰ ਤੁਰੰਤ ਹੱਲ ਕਰਵਾਇਆ ਜਾ ਰਿਹਾ ਹੈ।