ਜੰਮੂ-ਕੱਟੜਾ ਐਕਸਪ੍ਰੈੱਸਵੇਅ: ਕੌਮੀ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਦਾ ਵਿਰੋਧ
ਸ੍ਰੀ ਹਰਗੋਬਿੰਦਪੁਰ, 3 ਮਈ
ਇੱਥੋਂ ਨੇੜਲੇ ਪਿੰਡ ਚੀਮਾ ਖੁੱਡੀ ਵਿੱਚ ਜੰਮੂ ਕੱਟੜਾ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਕਬਜ਼ਾ ਲੈਣ ਪਹੁੰਚੇ ਅਧਿਕਾਰੀਆਂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਮੌਕੇ ’ਤੇ ਪਹੁੰਚੇ ਏਡੀਸੀ ਗੁਰਦਾਸਪੁਰ, ਐੱਸਡੀਐੱਮ ਡੇਰਾ ਬਾਬਾ ਨਾਨਕ, ਐੱਸਪੀ ਗੁਰਪ੍ਰਤਾਪ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਬਜ਼ਾ ਲੈਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਵੀ ਜ਼ਬਰਦਸਤ ਵਿਰੋਧ ਕੀਤਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਜ਼ਮੀਨ ਦੇ ਪੈਸੇ ਪੂਰੇ ਨਹੀਂ ਮਿਲ ਜਾਂਦੇ, ਉਦੋਂ ਤੱਕ ਉਹ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦੇਣਗੇ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਮੀਨ ਦੇ ਪੈਸੇ ਦੇ ਦਿੱਤੇ ਗਏ ਹਨ ਤੇ ਉਸ ਜ਼ਮੀਨ ’ਤੇ ਹੀ ਕਬਜ਼ਾ ਲਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕਰਨ ’ਤੇ ਪੁਲੀਸ ਨੇ ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਦੋ ਦਰਜਨ ਤੋਂ ਵੱਧ ਕਿਸਾਨ ਅਤੇ ਬੀਬੀਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਬੈਠਾ ਲਿਆ ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਰਾਹ ਵਿੱਚ ਟਰੈਕਟਰ-ਟਰਾਲੀਆਂ ਲਾ ਕੇ ਨਾਅਰੇਬਾਜ਼ੀ ਕੀਤੀ ਅਤੇ ਮਸਾਣੀਆਂ ਸਣੇ ਦਰਜਨ ਤੋ ਵੱਧ ਕਿਸਾਨਾਂ ਨੂੰ ਛੁਡਵਾ ਲਿਆ।
ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਅਦਾਖਿਲਾਫੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ।