ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਈ, ਦੋ ਜ਼ਖ਼ਮੀ
ਇਕਬਾਲ ਸਿੰਘ ਸ਼ਾਂਤ
ਲੰਬੀ, 29 ਮਾਰਚ
ਪਿੰਡ ਕਿੱਲਿਆਂਵਾਲੀ ਨੇੜੇ ਡੱਬਵਾਲੀ-ਅਬੋਹਰ ਕੌਮੀ ਸ਼ਾਹ ਰਾਹ ਉੱਪਰ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਟਕਰਾ ਗਈ। ਕਾਰ ਵਿੱਚ ਸਵਾਰ ਪਿੰਡ ਭੀਟੀਵਾਲਾ ਦੇ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਅਤੇ ਇੱਕ ਹੋਰ ਪਿੰਡ ਵਾਸੀ ਭਲਵਾਨ ਸਿੰਘ ਨੂੰ ਮਾਮੂਲੀ ਸੱਟਾਂ ਵੱਜੀਆਂ। ਖ਼ੁਸ਼ਕਿਸਮਤੀ ਦੇ ਨਾਲ ਗੰਭੀਰ ਹਾਦਸੇ ਦੇ ਬਾਵਜੂਦ ਦੋਵੋਂ ਜਣਿਆਂ ਦਾ ਬੜੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕਾਰ ਨੂੰ
ਭੀਟੀਵਾਲਾ ਦੇ ਵਾਰਡ 8 ਦਾ ਮੈਂਬਰ ਜਸਵਿੰਦਰ ਸਿੰਘ ਖੁਦ ਚਲਾ ਰਿਹਾ ਸੀ। ਦੱਸਿਆ ਜਾਂਦਾ ਕਿ ਇਹ ਹਾਦਸਾ ਕਾਰ ਚਾਲਕ ਵੱਲੋਂ ਇੱਕ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਨ ਸਮੇਂ ਮੂਹਰੋਂ ਇੱਕ ਤੇਜ਼ ਰਫਤਾਰ ਕਾਰ ਆ ਗਈ। ਜਿਸ ਕਰਕੇ ਜਸਵਿੰਦਰ ਸਿੰਘ ਦਾ ਕਾਰ ਤੋਂ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ। ਜਸਵਿੰਦਰ ਸਿੰਘ ਨੇ ਕਿਹਾ ਕਿ ਚੰਗੇ ਭਲੇ ਭੀਟੀਵਾਲਾ ਤੋਂ ਮੰਡੀ ਨੂੰ ਜਾ ਰਹੇ ਸੀ। ਬੱਸ ਸਮਝ ਹੀ ਨਹੀਂ ਆਇਆ ਕਿ ਕਦੋਂ ਹਾਦਸਾ ਵਾਪਰ ਗਿਆ। ਰੋਡ ਸੇਫਟੀ ਪੁਲੀਸ ਫੋਰਸ ਦੇ ਏਐੱਸਆਈ ਸੁਖਪਾਲ ਸਿੰਘ ਅਤੇ ਟੀਮ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਦੋਵੋਂ ਜਖਮੀਆਂ ਨੂੰ ਮੰਡੀ ਕਿੱਲਿਆਂਵਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ। ਦੋਵੋਂ ਜਖਮੀਆਂ ਨੂੰ ਮੁੱਢਲੀ ਡਾਕਟਰੀ ਮਦਦ ਮਗਰੋਂ ਘਰ ਭੇਜ ਦਿੱਤਾ ਗਿਆ।