ਸ਼੍ਰੋਮਣੀ ਅਕਾਲੀ ਦਲ (ਅ) ਤਲਵੰਡੀ ਸਾਬੋ ਵਿਸਾਖੀ ਮੇਲੇ ’ਤੇ ਕਰੇਗਾ ਮੀਰੀ ਪੀਰੀ ਕਾਨਫਰੰਸ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 28 ਮਾਰਚ
ਸ਼੍ਰੋਮਣੀ ਅਕਾਲੀ ਦਲ (ਅ) ਤਲਵੰਡੀ ਸਾਬੋ ਵਿਸਾਖੀ ਮੇਲ ਮੌਕੇ 13 ਅਪਰੈਲ ਨੂੰ ਮੀਰੀ ਪੀਰੀ ਖਾਲਿਸਤਾਨੀ ਕਾਨਫਰੰਸ ਕਰੇਗਾ। ਇਹ ਫੈਸਲਾ ਅੱਜ ਇੱਥੇ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਕਾਰਵਾਈ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਥਕ ਸੋਚ ਨੂੰ ਉਭਾਰਨਾ, ਸਿੱਖ ਕੌਮ ਵਿੱਚ ਸਿਆਸੀ ਚੇਤਨਾ ਪੈਦਾ ਕਰਨੀ ਅਤੇ ਪੰਥਕ ਏਕਤਾ ਲਈ ਸੁਹਿਰਦਤਾ ਨਾਲ ਯਤਨ ਕਰਨੇ ਇਸ ਕਾਨਫਰੰਸ ਦਾ ਮੁੱਖ ਮਕਸਦ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਆਏ ਨਿਘਾਰ, ਪ੍ਰਬੰਧਕਾਂ ਵੱਲੋਂ ਗੁਰੂ ਦੀ ਗੋਲਕ ਦੀ ਦੁਰਵਰਤੋਂ, ਸੰਗਤਾਂ ਦੀ ਸ਼ਰਧਾ ਨਾਲ ਭੇਟ ਮਾਇਆ ਨੂੰ ਬਾਦਲ ਪਰਿਵਾਰ ਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤਿਆ ਜਾਂਦਾ ਰਿਹਾ ਹੈ। ਇਸ ਕਾਬਜ਼ ਧਿਰ ਨੂੰ ਗੁਰੂ ਘਰਾਂ ਦੇ ਪ੍ਰਬੰਧ ਤੋਂ ਦੂਰ ਕਰਨ ਲਈ ਸਿੱਖ ਕੌਮ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਸਾਫ ਅਕਸ ਅਤੇ ਪੰਥਕ ਸਿਧਾਂਤਾਂ ’ਤੇ ਪਹਿਰੇਦਾਰ ਸਿੱਖਾਂ ਨੂੰ ਸੌਂਪਣੀ ਪਵੇਗੀ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਲਈ ਤਿਆਰੀ ਵਿੱਚ ਹੈ ਅਤੇ ਜਲਦੀ ਹੀ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ।