Punjab News - Road Accident: ਫਾਰਚੂਨਰ ਪਲਟਣ ਕਾਰਨ ਅਮਰੀਕੀ ਨਾਗਰਿਕ ਸਣੇ ਦੋ ਮਸੇਰੇ ਭਰਾਵਾਂ ਦੀ ਮੌਤ, ਦੋ ਜ਼ਖ਼ਮੀ
ਹਾਦਸੇ ’ਚ ਅਮਰੀਕੀ ਨਾਗਰਿਕ ਤੇ ਉਸ ਦੀ ਮਾਸੀ ਦੇ ਪੁੱਤ ਦੀ ਗਈ ਜਾਨ ਅਤੇ ਦੋ ਦੋਸਤ ਹੋਏ ਜ਼ਖ਼ਮੀ; 9 ਜਨਵਰੀ ਨੂੰ ਹੀ ਹੋਇਆ ਸੀ ਅਮਰੀਕਾ ਵਾਸੀ ਗਗਨਦੀਪ ਸਿੰਘ ਮਾਨਸ਼ਾਹੀਆ ਦਾ ਵਿਆਹ
ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਪਰੈਲ
ਮਾਨਸਾ ਨੇੜਲੇ ਪਿੰਡ ਚਕੇਰੀਆਂ ਦੇ ਪੁਰਾਣੇ ਡੇਰੇ ਕੋਲ ਵੀਰਵਾਰ ਦੀ ਰਾਤ ਨੂੰ ਕੁੱਤੇ ਅੱਗੇ ਆ ਜਾਣ ਕਾਰਨ ਇਕ ਫਾਰਚੂਨਰ ਗੱਡੀ ਪਲਟ ਗਈ ਅਤੇ ਇਸ ਕਾਰਨ ਇਕ ਅਮਰੀਕੀ ਨਾਗਰਿਕ ਤੇ ਉਸ ਦੇ ਮਾਸੀ ਦੇ ਪੁੁੱਤ ਦੀ ਮੌਤ ਹੋ ਗਈ ਹੈ। ਹਾਦਸੇ 'ਚ ਉਨ੍ਹਾਂ ਦੇ ਦੋ ਦੋਸਤ ਜ਼ਖ਼ਮੀ ਹੋ ਗਏ ਹਨ।
ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੌਰਾਨ ਫਾਰਚੂਨਰ ਗੱਡੀ ਵਿਚ ਚਾਰ ਨੌਜਵਾਨ ਸਵਾਰ ਸਨ ਤੇ ਗੱਡੀ ਬੇਕਾਬੂ ਹੋ ਕੇ ਪਲਟੀਆਂ ਖਾ ਗਈ ਤੇ ਬੁਰੀ ਤਰਾਂ ਨੁਕਸਾਨੀ ਗਈ। ਇਹ ਨੌਜਵਾਨ ਵੀਰਵਾਰ ਦੀ ਰਾਤ ਮਾਨਸਾ ਤੋਂ ਆਪਣੇ ਘਰ ਪਿੰਡ ਚਕੇਰੀਆਂ ਮੁੜ ਰਹੇ ਸਨ।
ਹਾਦਸੇ ਚ ਮਾਰੇ ਗਏ ਅਮਰੀਕਾ ਵਾਸੀ ਗਗਨਦੀਪ ਸਿੰਘ ਮਾਨਸ਼ਾਹੀਆ ਦਾ ਲੰਘੀ 9 ਜਨਵਰੀ ਨੂੰ ਲੁਧਿਆਣਾ ਦੀ ਕੁੜੀ ਨਾਲ ਵਿਆਹ ਹੋਇਆ ਸੀ। ਉਸ ਨੇ ਥੋੜੇ ਦਿਨਾਂ ਤੱਕ ਅਮਰੀਕਾ ਵਾਪਿਸ ਮੁੜਨਾ ਸੀ। ਇਸ ਘਟਨਾ ਕਾਰਨ ਪਿੰਡ ਚਕੇਰੀਆਂ ’ਚ ਮਾਤਮ ਛਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਮਾਨਸ਼ਾਹੀਆ (27) ਵਾਸੀ ਚਕੇਰੀਆਂ ਆਪਣੀ ਮਾਸੀ ਦੇ ਲੜਕੇ ਅਮਨ ਵਾਸੀ ਧੂਰੀ ਤੇ ਦੋ ਦੋਸਤਾਂ ਹਰਮਨ ਸਿੰਘ ਤੇ ਲਵਜੀਤ ਸਿੰਘ ਨਾਲ ਵੀਰਵਾਰ ਦੀ ਰਾਤ ਪਿੰਡ ਚਕੇਰੀਆਂ ਤੋਂ ਮਾਨਸਾ ਸ਼ਹਿਰ ਫਾਰਚੂਨਰ ਗੱਡੀ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਆਏ ਸਨ। ਪਿੰਡ ਨੂੰ ਵਾਪਿਸ ਮੁੜਦੇ ਸਮੇਂ ਰਾਤ ਕਰੀਬ ਸਾਢੇ 10 ਵਜੇ ਚਕੇਰੀਆਂ ਦੇ ਪੁਰਾਣੇ ਡੇਰੇ ਲਾਗੇ ਉਨ੍ਹਾਂ ਦੀ ਗੱਡੀ ਅੱਗੇ ਕੁਝ ਕੁੱਤੇ ਆ ਗਏ। ਉਨ੍ਹਾਂ ਦਾ ਬਚਾਅ ਕਰਦੇ ਸਮੇਂ ਉਨ੍ਹਾਂ ਦੀ ਗੱਡੀ ਆਪਾ ਖੋ ਬੈਠੀ ਤੇ ਸੜਕ ’ਤੇ ਪਲਟੀਆਂ ਖਾਂਦੀ ਹੋਈ ਦੂਰ ਤੱਕ ਜਾ ਡਿੱਗੀ।
ਇਸ ਦੌਰਾਨ ਅਮਨ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਗਗਨਦੀਪ ਮਾਨਸ਼ਾਹੀਆ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਉਨ੍ਹਾਂ ਦੇ ਦੋਸਤ ਹਰਮਨ ਸਿੰਘ ਤੇ ਲਵਜੀਤ ਸਿੰਘ ਦੇ ਵੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ’ਚ ਫਾਰਚੂਨਰ ਗੱਡੀ ਚਕਨਾਚੂਰ ਹੋ ਗਈ ਹੈ।
ਦੱਸਿਆ ਗਿਆ ਹੈ ਗਗਨਦੀਪ ਸਿੰਘ ਮਾਨਸ਼ਾਹੀਆ ਅਮਰੀਕਾ ਰਹਿੰਦਾ ਸੀ ਤੇ ਵਿਆਹ ਕਰਵਾਉਣ ਲਈ ਹੀ ਇੱਥੇ ਆਇਆ ਹੋਇਆ ਸੀ। ਉਸ ਦਾ 9 ਜਨਵਰੀ ਨੂੰ ਹੀ ਵਿਆਹ ਹੋਇਆ ਸੀ। ਥਾਣਾ ਸਦਰ ਮਾਨਸਾ ਦੇ ਏਐਸਆਈ ਮੱਖਣ ਸਿੰਘ ਨੇ ਦੱਸਿਆ ਕਿ ਪੁਲੀਸ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।