ਕਰਤਾਰਪੁਰ ਕੋਰੀਡੋਰ ’ਤੇ ਕੋਈ ਹਮਲਾ ਨਹੀਂ ਹੋਇਆ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 10 ਮਈ
ਕਰਤਾਰਪੁਰ ਕੋਰੀਡੋਰ ’ਤੇ ਲੰਘੀ ਰਾਤ ਡਰੋਨ ਹਮਲਾ ਹੋਣ ਦੀ ਖ਼ਬਰ ਝੂਠੀ ਨਿਕਲੀ ਹੈ ਜਦੋਂ ਕਿ ਕਈ ਚੈਨਲਾਂ ਵੱਲੋਂ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਜਾ ਰਿਹਾ ਸੀ ਪਰ ਸਥਾਨਕ ਪੱਤਰਕਾਰਾਂ ਵੱਲੋਂ ਜਦੋਂ ਰਾਤ ਸਾਢੇ ਦਸ ਵਜੇ ਦੇ ਕਰੀਬ ਕਰਤਾਰਪੁਰ ਕੋਰੀਡੋਰ ’ਤੇ ਪਹੁੰਚ ਕੇ ਪੜਤਾਲ ਕੀਤੀ ਗਈ ਤਾਂ ਮਾਮਲਾ ਸਪੱਸ਼ਟ ਹੋਇਆ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 6 ਮਈ ਨੂੰ ਸ਼ਰਧਾਲੂਆਂ ਦੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ’ਤੇ ਰੋਕ ਲਗਾ ਦਿੱਤੀ ਸੀ। ਇਹ ਫ਼ੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਸੀ।
ਦੂਜੇ ਪਾਸੇ ਧਾਰਮਿਕ, ਸਮਾਜ ਸੇਵੀ ਤੇ ਹੋਰ ਜਥੇਬੰਦੀਆਂ ਨੇ ਚੈਨਲਾਂ ਨੂੰ ਅਪੀਲ ਕੀਤੀ ਕਿ ਉਹ ਖ਼ਬਰਾਂ ਦੀ ਪੁਣਛਾਣ ਕਰਕੇ ਖ਼ਬਰਾਂ ਚਲਾਉਣ ਕਿਉਂਕਿ ਤੱਥਹੀਣ ਖ਼ਬਰਾਂ ਚਲਾਉਣ ਨਾਲ ਲੋਕਾਂ ਵਿੱਚ ਸਹਿਮ ਪੈਦਾ ਹੋਣਾ ਸੁਭਾਵਿਕ ਹੈ। ਉਧਰ ਅੱਜ ਪੁਲੀਸ ਅਤੇ ਹੋਰ ਸੁਰੱਖਿਆ ਦਸਤਿਆਂ ਨੇ ਰਾਵੀ ਪਾਰ ਵੱਸੇ ਪਿੰਡ ਘਣੀਆ ਕੇ ਬੇਟ ਦੇ ਲੋਕਾਂ ਨੂੰ ਰਾਵੀ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਾਰਨ ਕੁਝ ਕਿਸਾਨਾਂ ਨੂੰ ਉੁਥੇ ਬਣੀ ਆਰਜ਼ੀ ਛੋਟੀ ਦਾਣਾ ਮੰਡੀ ਵਿੱਚ ਕਣਕ ਦੀਆਂ ਪਈਆਂ ਬੋਰੀਆਂ ਖ਼ਰਾਬ ਹੋਣ ਦਾ ਡਰ ਸਤਾਉਣ ਲੱਗਿਆ ਹੈ।
ਘਣੀਆ ਕੇ ਬੇਟ ਦੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਅੱਜ ਪੁਲੀਸ ਨੇ ਰਾਵੀ ਦਰਿਆ ਤੋਂ ਪਾਰ ਵੱਸੇ ਘਣੀਆ ਕੇ ਬੇਟ ਦੇ ਲੋਕਾਂ ਨੂੰ ਦਰਿਆ ਪਾਰ ਕਰਨ ਦੀ ਇਜਾਜ਼ਤ ਇਸ ਲਈ ਨਾ ਦਿੱਤੀ ਕਿ ਦੋਵਾਂ ਦੇਸ਼ਾਂ ਵਿੱਚ ਹਾਲਾਤ ਨਾਜ਼ੁਕ ਬਣ ਗਏ ਸਨ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੀਮਾ ਨੇੜਲੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਹੌਸਲਾ ਵਧਾਇਆ।