ਕਾਰ ਦੀ ਟਰੱਕ ਨਾਲ ਟੱਕਰ ’ਚ ਕਬੱਡੀ ਖਿਡਾਰੀ ਦੀ ਮੌਤ
ਬਲਵਿੰਦਰ ਰੈਤ
ਨੰਗਲ, 10 ਮਈ
ਇੱਥੇ ਨੰਗਲ ਤੋਂ ਚੰਡੀਗੜ੍ਹ ਮੇਨ ਹਾਈਵੇਅ ’ਤੇ ਪਿੰਡ ਬ੍ਰਾਹਮਪੁਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਕਬੱਡੀ ਖਿਡਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪੰਜ ਖਿਡਾਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਨੰਗਲ ਦਾਖ਼ਲ ਕਰਵਾਇਆ ਗਿਆ। ਮ੍ਰਿਤਕ ਖਿਡਾਰੀ ਦੀ ਪਛਾਣ ਰਿਤਿਕ ਵਜੋਂ ਹੋਈ ਹੈ, ਜੋ ਹਰਿਆਣਾ ਦਾ ਦੱਸਿਆ ਗਿਆ ਹੈ। ਜ਼ਖ਼ਮੀਆਂ ਵਿੱਚ ਜੱਸ ਦੀ ਹਾਲਤ ਨਾਜ਼ੁਕ ਹੋਣ ’ਤੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਬਾਕੀ ਜ਼ਖ਼ਮੀ ਲੱਕੀ, ਕਰਮਬੀਰ, ਰਵਨੀਤ ਅਤੇ ਮੋਹਿਤ ਸਾਰੇ ਹਰਿਆਣਾ ਦੇ ਹਨ। ਇਹ ਸਾਰੇ ਸਿਵਲ ਹਸਪਤਾਲ ਨੰਗਲ ਵਿੱਚ ਜ਼ੇਰੇ ਇਲਾਜ ਹਨ।
ਸਾਰੇ ਕਬੱਡੀ ਖਿਡਾਰੀ ਹਰਿਆਣਾ ਤੋਂ ਕਾਰ ਰਾਹੀਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੇ ਪਿੰਡ ਪਰਾਗਪੁਰ ਵਿੱਚ ਹੋ ਰਹੇ ਕਬੱਡੀ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਉਨ੍ਹਾਂ ਦੀ ਕਾਰ ਪਿੰਡ ਬ੍ਰਾਹਮਪੁਰ ਨੇੜੇ ਟਰੱਕ ਤੋਂ ਅੱਗੇ ਨਿਕਲਣ ਵੇਲੇ ਨੰਗਲ ਤੋਂ ਆ ਰਹੇ ਦੂਜੇ ਟਰੱਕ ਨਾਲ ਟਕਰਾਅ ਗਈ। ਕਾਰ ਵਿੱਚ ਸਵਾਰ ਖਿਡਾਰੀਆਂ ਨੂੰ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਇੱਕ ਖਿਡਾਰੀ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ ਤੇ ਬਾਕੀਆਂ ਨੂੰ ਸਿਵਲ ਹਸਪਤਾਲ ਨੰਗਲ ਭੇਜਿਆ ਗਿਆ। ਇੱਕ ਜ਼ਖ਼ਮੀ ਖਿਡਾਰੀ ਨੇ ਦੱਸਿਆ ਕਿ ਉਨ੍ਹਾ ਪਿੰਡ ਦੇਹਲਾਂ ਤੋਂ ਆਪਣੇ ਦੋੋਸਤ ਨੂੰ ਮੈਚ ਵਿੱਚ ਲੈ ਕੇ ਜਾਣਾ ਸੀ। ਪੁੱਜਣ ਤੋਂ ਪਹਿਲਾ ਹੀ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਨੰਗਲ ਪੁਲੀਸ ਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।