ਜਲੰਧਰ ’ਚੋਂ ਗੁਜਰਾਤ ਪੁਲੀਸ ਨੇ ਬਿਹਾਰ ਵਾਸੀ ਫੜਿਆ
ਹਤਿੰਦਰ ਮਹਿਤਾ
ਜਲੰਧਰ, 16 ਮਈ
ਗੁਜਰਾਤ ਪੁਲੀਸ ਨੇ ਇੱਥੋਂ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ਵਿੱਚੋਂ ਚਾਰ ਮੋਬਾਈਲ ਫੋਨ ਅਤੇ ਤਿੰਨ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੇ ਫ਼ੋਨ ਤੋਂ ਭਾਰਤ-ਪਾਕਿਸਤਾਨ ਹਮਲੇ ਨਾਲ ਸਬੰਧਤ ਕਈ ਸ਼ੱਕੀ ਵੀਡੀਓਜ਼, ਖ਼ਬਰਾਂ ਦੇ ਲਿੰਕ ਅਤੇ ਫ਼ੋਨ ਨੰਬਰ ਮਿਲੇ ਹਨ। ਹਾਲਾਂਕਿ ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਲੰਧਰ ਪੁਲੀਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਮੁਲਜ਼ਮ ਐਪ ਰਾਹੀਂ ਲੋਕਾਂ ਨਾਲ ਧੋਖਾ ਕਰਦਾ ਸੀ। ਦਾਅਵਾ ਹੈ ਕਿ ਮੁਲਜ਼ਮ ਪਾਕਿਸਤਾਨ ਦੀ ਆਈਐੱਸਆਈ ਨਾਲ ਜੁੜਿਆ ਹੋਇਆ ਹੈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਗੁਜਰਾਤ ਦੇ ਗਾਂਧੀਨਗਰ ਦੀ ਪੁਲੀਸ ਨੇ ਮੁਲਜ਼ਮ ਨੂੰ ਜਲੰਧਰ ਦੇ ਭਾਰਗਵ ਕੈਂਪ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਅਤੇ ਆਪਣੇ ਨਾਲ ਲੈ ਗਈ। ਮੁਲਜ਼ਮ ਦੀ ਪਛਾਣ ਮੁਹੰਮਦ ਮੁਰਤਜ਼ਾ ਅਲੀ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਹੈ। ਉਹ ਜਲੰਧਰ ਦੇ ਭਾਰਗਵ ਕੈਂਪ ਇਲਾਕੇ ਦੇ ਗਾਂਧੀ ਨਗਰ ਵਿੱਚ ਕਿਰਾਏ ’ਤੇ ਰਹਿੰਦਾ ਸੀ। ਗੁਜਰਾਤ ਪੁਲੀਸ ਦੇ ਸੂਤਰਾਂ ਅਨੁਸਾਰ ਪੁਲੀਸ ਨੇ ਮੁਹੰਮਦ ਮੁਰਤਜ਼ਾ ਅਲੀ ਤੋਂ ਬਰਾਮਦ ਕੀਤੇ ਫੋਨ ਤੋਂ ਕਈ ਸ਼ੱਕੀ ਵੀਡੀਓਜ਼ ਅਤੇ ਫੋਟੋਆਂ ਬਰਾਮਦ ਕੀਤੀਆਂ ਹਨ, ਜੋ ਪਾਕਿਸਤਾਨ-ਭਾਰਤ ਹਮਲੇ ਨਾਲ ਸਬੰਧਤ ਹਨ। ਕੁਝ ਸ਼ੱਕੀ ਫ਼ੋਨ ਨੰਬਰ ਵੀ ਬਰਾਮਦ ਕੀਤੇ ਗਏ ਹਨ। ਹਾਲਾਂਕਿ, ਇਸ ਬਾਰੇ ਜਲੰਧਰ ਪੁਲੀਸ ਦਾ ਕਹਿਣਾ ਹੈ ਕਿ ਮੁਰਤਜ਼ਾ ਸਾਈਬਰ ਅਪਰਾਧ ਵਿੱਚ ਸ਼ਾਮਲ ਸੀ, ਜਿਸ ਨੂੰ ਗੁਜਰਾਤ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।