ਭਾਰਤ ਨੇ ਤਿੰਨ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ: ਪਾਕਿਸਤਾਨ
ਲਾਹੌਰ: ਪਾਕਿਸਤਾਨ ਨੇ ਅੱਜ ਸਵੇਰੇ ਦਾਅਵਾ ਕੀਤਾ ਕਿ ਭਾਰਤ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਉਸ ਦੇ ਤਿੰਨ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਸਵੇਰੇ 4 ਵਜੇ ਦੇ ਕਰੀਬ ਇਸਲਾਮਾਬਾਦ ’ਚ ਹੰਗਾਮੀ ਹਾਲਤ ਵਿੱਚ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਾਕਿਸਤਾਨੀ ਹਵਾਈ ਫੌਜ ਦੇ ਨੂਰ ਖਾਨ (ਚਕਲਾਲਾ, ਰਾਵਲਪਿੰਡੀ), ਮੁਰੀਦ (ਚਕਵਾਲ) ਅਤੇ ਰਫੀਕੀ (ਝੰਗ) ਵਿਚਲੇ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਰ ਹਵਾਈ ਸੈਨਾ ਦੀਆਂ ਸਾਰੀਆਂ ਜਾਇਦਾਦਾਂ ਸੁਰੱਖਿਅਤ ਹਨ। -ਪੀਟੀਆਈ
ਭਾਰਤ ਨੇ ਪਾਕਿਸਤਾਨ ਦੇ ਅੱਠ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ: ਕੁਰੈਸ਼ੀ
ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਉਸ ਨੇ ਗੁਆਂਢੀ ਮੁਲਕ ਵੱਲੋਂ ਡਰੋਨ, ਲੰਮੀ ਦੂਰੀ ਦੇ ਹਥਿਆਰਾਂ ਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਕੇ ਆਪਣੇ ਰੱਖਿਆ ਬੁਨਿਆਦੀ ਢਾਂਚੇ ਤੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਦੀ ‘ਭੜਕਾਹਟ ਵਾਲੀ’ ਕਾਰਵਾਈ ਦੇ ਜਵਾਬ ’ਚ ਪਾਕਿਸਤਾਨ ’ਚ ਅੱਠ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਭਾਰਤੀ ਸੈਨਾ ਨੇ ਕਿਹਾ ਕਿ ਪਾਕਿਸਤਾਨੀ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ ਜਿਸ ’ਚ ਹਥਿਆਰ ਡਿਪੂ ਤੇ ਕੰਟਰੋਲ ਕੇਂਦਰ ਸ਼ਾਮਲ ਹੈ, ਜਦਕਿ ਦੋਵੇਂ ਮੁਲਕ ਮੁਕੰਮਲ ਜੰਗ ਦੇ ਨੇੜੇ ਹਨ। ਭਾਰਤੀ ਸੈਨਾ ਦੀ ਤਰਜਮਾਨ ਨੇ ਕਿਹਾ ਕਿ ਪਾਕਿਸਤਾਨ ਆਪਣੇ ਸੈਨਿਕ ਮੂਹਰਲੇ ਖੇਤਰਾਂ ’ਚ ਭੇਜ ਰਿਹਾ ਹੈ ਜੋ ਸਥਿਤੀ ਨੂੰ ਹੋਰ ਵਿਗਾੜਨ ਦੇ ‘ਹਮਲਾਵਰ ਇਰਾਦੇ’ ਦਾ ਸੰਕੇਤ ਹੈ। ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਭਾਰਤ ਅਜੇ ਵੀ ਉੱਚ ਪੱਧਰੀ ਅਪਰੇਸ਼ਨ ਦੀਆਂ ਤਿਆਰੀਆਂ ਵਿੱਚ ਹੈ। -ਪੀਟੀਆਈ