ਅੰਮ੍ਰਿਤਸਰ: ਪਿਤਾ ਵੱਲੋਂ ਅਣਖ ਖਾਤਰ ਧੀ ਅਤੇ ਉਸ ਦੇ ਪ੍ਰੇਮੀ ਦਾ ਕਤਲ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਜੂਨ
ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਬਾਜ ਸਿੰਘ ਵਿਖੇ ਪਿਤਾ ਨੇ ਅਣਖ ਖਾਤਰ ਧੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕਾਂ ਦੀ ਸ਼ਨਾਖਤ ਜੋਬਨਦੀਪ ਸਿੰਘ(24) ਅਤੇ ਸੁਖਬੀਰ ਕੌਰ(23) ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਕੁੜੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀਐੱਸਪੀ ਰਾਜਾਸਾਂਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜੋਬਨਦੀਪ ਸਿੰਘ ਪਿੰਡ ਕਾਕੜ ਦਾ ਵਾਸੀ ਸੀ ਅਤੇ ਉਹ ਪਿੰਡ ਬੋਪਾਰਾਏ ਬਾਜ ਸਿੰਘ ਵਿਖੇ ਸੜਕ ’ਤੇ ਟਰੈਕਟਰ ਟਰਾਲੀ ਰਾਹੀਂ ਮਿੱਟੀ ਪਾਉਣ ਦਾ ਕੰਮ ਕਰਦਾ ਸੀ। ਇੱਥੇ ਨੇੜੇ ਹੀ ਗੁਰਦਿਆਲ ਸਿੰਘ ਦਾ ਡੇਰਾ ਹੈ। ਇਸ ਕੰਮ ਦੌਰਾਨ ਹੀ ਉਸ ਦਾ ਗੁਰਦਿਆਲ ਸਿੰਘ ਦੇ ਘਰ ਆਉਣਾ ਜਾਣਾ ਹੋ ਗਿਆ ਸੀ। ਇਸ ਦੌਰਾਨ ਉਸ ਦੇ ਕੁੜੀ ਨਾਲ ਪ੍ਰੇਮ ਸਬੰਧ ਬਣ ਗਏ, ਜਿਸ ਦਾ ਪਿਤਾ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਦਿਆਲ ਸਿੰਘ ਨੇ ਅੱਜ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਧੀ ਅਤੇ ਮੁੰਡੇ ਦੋਵਾਂ ਦਾ ਕਤਲ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲੀਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਇਸ ਸਬੰਧ ਵਿੱਚ ਥਾਣਾ ਲੋਪੋਕੇ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।