ਵਿੱਤ ਮੰਤਰੀ ਵੱਲੋਂ ਫਿਰੋਜ਼ਪੁਰ ਡਰੋਨ ਹਮਲੇ ਦੇ ਪੀੜਤਾਂ ਨਾਲ ਮੁਲਾਕਾਤ
ਗਗਨਦੀਪ ਅਰੋੜਾ
ਲੁਧਿਆਣਾ, 10 ਮਈ
ਫਿਰੋਜ਼ਪੁਰ ਵਿੱਚ ਬੀਤੀ ਰਾਤ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਕਾਰਨ ਜ਼ਖ਼ਮੀ ਹੋਏ ਦੋ ਪੀੜਤਾਂ ਦਾ ਹਾਲ ਚਾਲ ਪੁੱਛਣ ਲਈ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐੱਮਸੀਐਚ) ਦਾ ਦੌਰਾ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਡਰੋਨ ਹਮਲੇ ਵਿੱਚ ਜ਼ਖਮੀ ਹੋਏ ਪੀੜਤਾਂ ਦਾ ਹਾਲ-ਚਾਲ ਪੁੱਛਿਆ।
ਸ੍ਰੀ ਅਰੋੜਾ ਨੇ ਦੱਸਿਆ ਕਿ ਜ਼ਖ਼ਮੀ ਲਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਨੂੰ ਡੀਐੱਮਸੀਐੱਚ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਉਨ੍ਹਾਂ ਦੇ ਪੁੱਤਰ ਦਾ ਫਿਰੋਜ਼ਪੁਰ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਲਖਵਿੰਦਰ 70 ਫੀਸਦੀ ਤੇ ਸੁਖਵਿੰਦਰ ਕੌਰ 100 ਫੀਸਦੀ ਝੁਲਸ ਗਏ ਹਨ। ਦੋਵਾਂ ਦੀ ਹਾਲਤ ਕਾਫ਼ੀ ਗੰਭੀਰ ਹੈ ਜਦਕਿ ਉਨ੍ਹਾਂ ਦਾ ਪੁੱਤਰ 40 ਫੀਸਦੀ ਝੁਲਸ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਡੀਐੱਮਸੀ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਚੁਣੌਤੀਪੂਰਨ ਸਮੇਂ ਵਿੱਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਵਚਨਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਰਾਜ ਸਰਕਾਰ ਸਾਰੇ ਡਾਕਟਰੀ ਖਰਚੇ ਸਹਿਣ ਕਰੇਗੀ ਅਤੇ ਜ਼ਖਮੀਆਂ ਦਾ ਡੀਐੱਮਸੀਐੱਚ ਵਿੱਚ ਮੁਫ਼ਤ ਇਲਾਜ ਯਕੀਨੀ ਬਣਾਏਗੀ।
ਧਾਲੀਵਾਲ ਵੱਲੋਂ ਪੁਣਛ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਮਿਜ਼ਾਜਪੁਰਸ਼ੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜੰਮੂ ਕਸ਼ਮੀਰ ਦੇ ਪੁਣਛ ਇਲਾਕੇ ਵਿੱਚ ਪਾਕਿਸਤਾਨੀ ਗੋਲੀਬਾਰੀ ਨਾਲ ਜ਼ਖ਼ਮੀ ਹੋਏ ਵਿਅਕਤੀਆਂ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਾਲ-ਚਾਲ ਪੁੱਛਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਿੱਥੇ ਪੁਣਛ ਹਾਦਸੇ ਦੇ ਜ਼ਖਮੀਆਂ ਦਾ ਇਲਾਜ ਕਰਵਾਏਗੀ, ਉਥੇ ਭਾਰਤ ਪਾਕਿਸਤਾਨ ਜੰਗ ਦੌਰਾਨ ਜ਼ਖਮੀ ਹੋਣ ਵਾਲੇ ਸਾਰੇ ਵਿਅਕਤੀਆਂ ਦਾ ਇਲਾਜ ਵੀ ਕਰਵਾਇਆ ਜਾਵੇਗਾ।
ਜ਼ਖਮੀਆਂ ਦਾ ਕੀਤਾ ਜਾ ਰਿਹੈ ਮੁਫ਼ਤ ਇਲਾਜ: ਡਾ. ਬਲਬੀਰ ਸਿੰਘ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਸਰਕਾਰ ਵੱਲੋਂ ਜੰਗ ਅਤੇ ਅਤਿਵਾਦ ਦੇ ਪੀੜਤਾਂ ਨੂੰ ਫਰਿਸ਼ਤੇ ਯੋਜਨਾ ਅਧੀਨ ਕਵਰ ਕੀਤਾ ਜਾ ਰਿਹਾ ਹੈ। ਇਸ ਬਾਰੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਫਿਰੋਜ਼ਪੁਰ ਵਿੱਚ ਹੋਏ ਡਰੋਨ ਹਮਲੇ ਵਿੱਚ ਜ਼ਖਮੀ ਹੋਏ ਤਿੰਨ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਘੇ ਦਿਨ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫਰਿਸ਼ਤੇ ਸਕੀਮ ਦਾ ਦਾਇਰਾ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੰਗ ਜਾਂ ਅਤਿਵਾਦੀ ਹਮਲੇ ਦੌਰਾਨ ਜ਼ਖਮੀ ਹੋਏ ਕਿਸੇ ਵੀ ਵਿਅਕਤੀ ਨੂੰ ਸੂਬੇ ਭਰ ਦੇ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਫੌਰੀ ਮੁਫ਼ਤ ਇਲਾਜ ਮਿਲ ਸਕੇ।