Punjab news ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਵਾਲ ਕਰਨ ਵਾਲੇ ਕਿਸਾਨ ਆਗੂ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ
ਅਰਚਿਤ ਵਾਟਸ
ਮੁਕਤਸਰ, 6 ਅਪਰੈਲ
Punjab news ਸਥਾਨਕ ਅਨਾਜ ਮੰਡੀ ਵਿਚ ਜ਼ਿਲ੍ਹਾ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਦੌਰਾਨ ਸੂਬੇ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜਨਤਕ ਤੌਰ ’ਤੇ ਸਵਾਲ ਪੁੱਛਣ ਵਾਲੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜੱਸੇਆਣਾ ਪਿੰਡ ਦੇ ਕਿਸਾਨ ਆਗੂ ਨਿਰਮਲ ਸਿੰਘ ਸਿੱਧੂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਕਿਸਾਨ ਆਗੂ ਨੂੰ ਸ਼ਨਿੱਚਰਵਾਰ ਨੂੰ ਇਹਤਿਆਤ ਵਜੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ। ਨਿਰਮਲ ਸਿੰਘ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ, ਜਿਨ੍ਹਾਂ ਉਸ ਨੂੰ ਰਿਮਾਂਡ ਤਹਿਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਕੁਝ ਕਿਸਾਨਾਂ ਨੇ ਕਿਹਾ ਕਿ ਨਿਰਮਲ ਸਿੰਘ ਨੇ ਝੋਨੇ ਦੀ ਹਾਈਬ੍ਰਿਡ ਕਿਸਮ ਨੂੰ ਲੈ ਕੇ ਫ਼ਿਕਰ ਜਤਾਏ ਸਨ, ਪਰ ਪੁਲੀਸ ਨੇ ਕਿਸਾਨ ਆਗੂ ਨੂੰ ਰੋਕ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ। ਮਗਰੋਂ ਕਿਸਾਨ ਆਗੂ ਨੇ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਸੂਬਾ ਸਰਕਾਰ ਦੀ ਨਿੰਦਾ ਕਰਦੇ ਹੋਏ ਕੁਝ ਨਾਅਰੇ ਵੀ ਲਗਾਏ।
ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੰਗਲਵਾਰ ਨੂੰ ਇੱਥੋਂ ਦੇ ਪਿੰਡ ਦੋਦਾ ਵਿਚ ਕਿਸਾਨ ਇਕੱਠ ਦੀ ਯੋਜਨਾ ਬਣਾਈ ਹੈ।
ਇੱਕ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਕਿਸਾਨ ਆਗੂ ਨਿਰਮਲ ਸਿੰਘ ਨੇ ਜਨਤਕ ਪ੍ਰੋਗਰਾਮ, ਜਿਸ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸੰਬੋਧਨ ਕਰ ਰਹੇ ਸਨ, ਦੌਰਾਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ, ‘‘ਨਿਰਮਲ ਸਿੰਘ ਨੂੰ ਇਹਤਿਆਤ ਵਜੋਂ ਹਿਰਾਸਤ ਵਿੱਚ ਲੈ ਲਿਆ ਗਿਆ। ਮਗਰੋਂ ਐੱਸਡੀਐੱਮ ਦੀ ਕੋਰਟ ਨੇ ਕਿਸਾਨ ਆਗੂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।’’