ਪ੍ਰਧਾਨ ਮੰਤਰੀ ਮੋਦੀ ਦਾ ਵਾਰਾਨਸੀ ਦੌਰਾ ਸ਼ੁੱਕਰਵਾਰ ਤੋਂ
ਵਾਰਾਨਸੀ, 10 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਅਪਰੈਲ ਨੂੰ ਆਪਣੇ ਸੰਸਦੀ ਹਲਕੇ ਵਾਰਾਨਸੀ ਦਾ ਦੌਰਾ ਕਰਨਗੇ। ਸ੍ਰੀ ਮੋਦੀ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ ਅਤੇ 3,880 ਕਰੋੜ ਰੁਪਏ ਦੇ 44 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਵਾਰਾਨਸੀ ਦੇ ਡਿਵੀਜ਼ਨਲ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਨੇ ਕਿਹਾ ਕਿ ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਪੇਂਡੂ ਵਿਕਾਸ ’ਤੇ ਕੇਂਦਰਿਤ ਯੋਜਨਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ 130 ਪੀਣ ਵਾਲੇ ਪਾਣੀ ਦੇ ਪ੍ਰੋਜੈਕਟ, 100 ਨਵੇਂ ਆਂਗਣਵਾੜੀ ਕੇਂਦਰ, 356 ਲਾਇਬਰੇਰੀਆਂ, ਪਿੰਡਰਾ ਵਿੱਚ ਇੱਕ ਪੌਲੀਟੈਕਨਿਕ ਕਾਲਜ ਅਤੇ ਇੱਕ ਸਰਕਾਰੀ ਡਿਗਰੀ ਕਾਲਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪੁਲੀਸ ਲਾਈਨਾਂ ਵਿੱਚ ਇੱਕ ਟਰਾਂਜ਼ਿਟ ਹੋਸਟਲ ਅਤੇ ਰਾਮਨਗਰ ਵਿੱਚ ਪੁਲੀਸ ਬੈਰਕਾਂ ਅਤੇ ਚਾਰ ਪੇਂਡੂ ਸੜਕਾਂ ਦਾ ਵੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਸ਼ਹਿਰੀ ਵਿਕਾਸ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਸ਼ਾਸਤਰੀ ਘਾਟ ਅਤੇ ਸਾਮਨੇ ਘਾਟ ’ਤੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨਾਲ ਹੀ ਰੇਲਵੇ ਅਤੇ ਵਾਰਾਨਸੀ ਵਿਕਾਸ ਅਥਾਰਟੀ (VDA) ਵੱਲੋਂ ਕੀਤੇ ਗਏ ਵੱਖ-ਵੱਖ ਸੁੰਦਰੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਜਿਨ੍ਹਾਂ ਪ੍ਰੋਜੈਕਟਾਂ ਲਈ ਨੀਂਹ ਪੱਥਰ ਰੱਖੇ ਜਾਣਗੇ, ਉਨ੍ਹਾਂ ਵਿੱਚੋਂ 25 ਪ੍ਰੋਜੈਕਟ 2,250 ਕਰੋੜ ਰੁਪਏ ਦੇ ਹਨ, ਜਿਨ੍ਹਾਂ ਦਾ ਮੁੱਖ ਮੰਤਵ ਸ਼ਹਿਰ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਸ ਵਿੱਚ 15 ਨਵੇਂ ਸਬ-ਸਟੇਸ਼ਨਾਂ ਦਾ ਨਿਰਮਾਣ, ਨਵੇਂ ਟਰਾਂਸਫਾਰਮਰਾਂ ਦੀ ਸਥਾਪਨਾ ਅਤੇ 1,500 ਕਿਲੋਮੀਟਰ ਨਵੀਆਂ ਬਿਜਲੀ ਲਾਈਨਾਂ ਵਿਛਾਉਣਾ ਸ਼ਾਮਲ ਹੈ।ਚੌਕਾਘਾਟ ਨੇੜੇ ਇੱਕ ਨਵਾਂ 220 ਕੇਵੀ ਸਬ-ਸਟੇਸ਼ਨ ਵੀ ਬਣਾਇਆ ਜਾਵੇਗਾ, ਜਿਸ ਦਾ ਉਦੇਸ਼ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨਾ ਹੈ।
ਸ਼ਰਮਾ ਨੇ ਕਿਹਾ ਕਿ ਹਵਾਈ ਅੱਡੇ ਨਾਲ ਸਬੰਧਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਵੀ ਏਜੰਡੇ ’ਤੇ ਹਨ, ਜਿਸ ਵਿੱਚ ਇਸ ਦੇ ਵਿਸਥਾਰ ਲਈ ਇੱਕ ਸੁਰੰਗ ਵਿਛਾਉਣਾ ਵੀ ਸ਼ਾਮਲ ਹੈ। -ਪੀਟੀਆਈ