ਡਾਕ ਐਤਵਾਰ ਦੀ
ਦੇਸ਼ਭਗਤਾਂ ਨੂੰ ਤਸੀਹੇ
ਐਤਵਾਰ, 30 ਜੁਲਾਈ ਦੇ ‘ਦਸਤਕ’ ਅੰਕ ’ਚ ਛਪਿਆ ਲੇਖ ‘ਪੰਜਾਬੀ ਦੇਸ਼ਭਗਤਾਂ ਲਈ ਕਸਾਈਵਾੜਾ: ਲਾਹੌਰ ਦਾ ਕਿਲ੍ਹਾ’ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਇਸ ਦੇ ਲੇਖਕ ਗੁਰਦੇਵ ਸਿੰਘ ਸਿੱਧੂ ਨੇ ਬੜੀ ਬਾਰੀਕੀ ਨਾਲ ਕਈ ਸਦੀਆਂ ਤੱਕ ਦੇਸ਼ਭਗਤਾਂ ਵੱਲੋਂ ਕਿਲ੍ਹੇ ਦੇ ਅੰਦਰ ਹੰਢਾਏ ਅਣਮਨੁੱਖੀ ਤਸ਼ੱਦਦ ਦੀ ਖੁੱਲ੍ਹੀ ਚਰਚਾ ਕੀਤੀ ਹੈ। ਇਤਿਹਾਸ ਦੱਸਦਾ ਹੈ ਕਿ ਮੁਗ਼ਲਾਂ ਅਤੇ ਅੰਗਰੇਜ਼ਾਂ ਸਮੇਂ ਸਦੀਆਂ ਤਕ ਇਸ ਕਿਲ੍ਹੇ ਦਾ ਕਿਰਦਾਰ ਨਹੀਂ ਬਦਲਿਆ। ਰਾਜੇ ਮਹਾਰਾਜੇ ਅਤੇ ਸਮੇਂ ਦੀਆਂ ਸਰਕਾਰਾਂ ਇਸ ਦੀ ਵਰਤੋਂ ਤੋਪਾਂ ਗੋਲੀ ਸਿੱਕਾ ਛਾਉਣੀਆਂ ਅਤੇ ਪੁਲੀਸ ਵਾਸਤੇ ਕਰਦੀਆਂ ਰਹੀਆਂ ਹਨ। ਇਹ ਕਈ ਸਦੀਆਂ ਤੱਕ ਰਾਜਸੱਤਾ ਦਾ ਔਜ਼ਾਰ ਰਿਹਾ ਹੈ। ਦੇਸ਼ ਦੇ ਵੱਡੇ ਵੱਡੇ ਇਨਕਲਾਬੀ ਆਗੂਆਂ ਅਤੇ ਹੋਰ ਮੁਲਜ਼ਮਾਂ ਲਈ ਇਹ ਕਿਲ੍ਹਾ ਕਿਸੇ ਕਸਾਈਵਾੜੇ ਤੋਂ ਘੱਟ ਨਹੀਂ ਸੀ। ਇਸ ਇਤਿਹਾਸਕ ਆਲੀਸ਼ਾਨ ਕਿਲ੍ਹੇ ਦੇ ਖੰਡਰਾਂ ’ਚੋਂ ਸਦੀਆਂ ਤੱਕ ਜਮਹੂਰੀਅਤ ਅਤੇ ਬੇਕਸੂਰ ਲੋਕਾਂ ਦੀਆਂ ਚੀਕ-ਚੰਗਿਆੜਾਂ ਲੋਕ ਮਹਿਸੂਸ ਕਰਦੇ ਰਹਿਣਗੇ।
ਕੁਲਦੀਪ ਸਿੰਘ ਥਿੰਦ, ਬਾਰਨਾ ਕੁਰੂਕਸ਼ੇਤਰ
ਵਿਕਾਸ ਦੀ ਅੰਨ੍ਹੀ ਦੌੜ
ਐਤਵਾਰ, 30 ਜੁਲਾਈ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਸੋਚ ਸੰਗਤ’ ਪੰਨੇ ਉੱਤੇ ਸਵਰਾਜਬੀਰ ਦਾ ਲੇਖ ‘ਅਜੋਕਾ ਵਿਕਾਸ ਮਾਡਲ ਬਨਾਮ ਵਾਤਾਵਰਨ ਦੀ ਤਬਾਹੀ’ ਤਰੱਕੀ ਦੇ ਉਚੇਰੇ ਵਿਕਾਸ ਦੀ ਅੰਨੀ ਦੌੜ ਵਿਚ ਲੱਗੀ ਮਨੁੱਖਤਾ ਨੂੰ ਅਸਲੀਅਤ ਦਾ ਚੇਤਾ ਕਰਾਉਣ ਵਾਲਾ ਸੀ। ਪਹਾੜਾਂ ਤੇ ਜ਼ਮੀਨ ਦਾ ਖਣਨ, ਜੰਗਲਾਂ ਦਾ ਜ਼ਰੂਰ ਤੋਂ ਜ਼ਿਆਦਾ ਕੱਟਣਾ ਆਦਿ ਕੁਦਰਤ ਦੇ ਕਰੋਪ ਸੁਭਾਅ ਨੂੰ ਜਗਾਉਣਾ ਹੈ। ਵਰ੍ਹਿਆਂ ਪਹਿਲਾਂ ਕੇਦਾਰਨਾਥ ਵਿਚ ਆਏ ਹੜ੍ਹਾਂ ਦਾ ਮਨੁੱਖੀ ਨੁਕਸਾਨ ਅੱਜ ਵੀ ਭੁਲਾਇਆ ਨਹੀਂ ਭੁੱਲਦਾ। ਆਲਮੀ ਤਪਸ਼ ਕੁਦਰਤ ਦੇ ਗੁੱਸੇ ਦਾ ਅੱਖੀਂ ਵੇਖਿਆ ਨਤੀਜਾ ਹੈ। ਮਨੁੱਖਤਾ ਦੀ ਭਲਾਈ ਲਈ ਅਜਿਹੇ ਵਿਕਾਸ ਦੀ ਚਾਲ ਧੀਮੀ ਰੱਖਣੀ ਚਾਹੀਦੀ ਹੈ। ਜ਼ਿਆਦਾ ਤੋਂ ਜ਼ਿਆਦਾ ਨਵੇਂ ਬੂਟੇ ਲਗਾਉਣੇ ਚਾਹੀਦੇ ਹਨ। ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣਾ ਹਰ ਨਾਗਰਿਕ ਦਾ ਫਰਜ਼ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਕਾਰਨ ਫ਼ਸਲਾਂ ਅਤੇ ਪਾਲਤੂ ਪਸ਼ੂ ਧਨ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਕਰਦਿਆਂ ਕਿਸਾਨਾਂ ਨੂੰ ਬਣਦੀ ਆਰਥਿਕ ਮਦਦ ਲਾਜ਼ਮੀ ਦੇਵੇ।
ਅਨਿਲ ਕੌਸ਼ਿਕ, ਕਿਉੜਕ (ਕੈਥਲ, ਹਰਿਆਣਾ)
(2)
ਐਤਵਾਰ, 30 ਜੁਲਾਈ ਦੇ ‘ਸੋਚ ਸੰਗਤ’ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਅਜੋਕਾ ਵਿਕਾਸ ਮਾਡਲ ਬਨਾਮ ਵਾਤਾਵਰਨ ਦੀ ਤਬਾਹੀ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਮਨੁੱਖ ਨੇ ਤਰੱਕੀ ਅਤੇ ਅਖੌਤੀ ਵਿਕਾਸ ਨੂੰ ਲਾਲਚ ਅਤੇ ਸਵਾਰਥ ਦਾ ਰੂਪ ਦੇ ਕੇ ਵਾਤਾਵਰਨ ਨੂੰ ਪਲੀਤ ਕਰਦਿਆਂ ਭਵਿੱਖ ਲਈ ਸੰਕਟ ਖੜ੍ਹੇ ਕਰ ਦਿੱਤੇ ਹਨ। ਉੱਤਰੀ ਭਾਰਤ ’ਚ ਚੱਲ ਰਹੀ ਲਗਾਤਾਰ ਵਰਖਾ ਕਰਕੇ ਆ ਰਹੇ ਹੜ੍ਹ ਮਨੁੱਖ ਦੁਆਰਾ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਕੀਤੇ ਵਿਕਾਸ ਦੇ ਹੀ ਨਤੀਜੇ ਹਨ। ਮਨੁੱਖ ਨੇ ਸਮੇਂ ਸਮੇਂ ’ਤੇ ਵਿਗਿਆਨ ਅਤੇ ਤਕਨਾਲੋਜੀ ਦੀਆਂ ਨਿੱਤ ਨਵੀਆਂ ਖੋਜਾਂ ਕਰ ਕੇ ਕ੍ਰਾਂਤੀ ਲਿਆਂਦੀ। ਇਸ ਕ੍ਰਾਂਤੀ ਨੇ ਮਨੁੱਖ ਨੂੰ ਮੁਨਾਫ਼ਾ ਘੱਟ ਅਤੇ ਨੁਕਸਾਨ ਜ਼ਿਆਦਾ ਪਹੁੰਚਾਇਆ। ਪਲੀਤ ਹੋ ਰਹੀ ਹਵਾ ਅਤੇ ਗੰਦਾ ਹੋ ਰਿਹਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਅਜੋਕਾ ਵਿਕਾਸ ਵਾਤਾਵਰਨ ਦੇ ਵਿਨਾਸ਼ ਵਿੱਚੋਂ ਉਪਜਿਆ ਹੈ। ਵਾਤਾਵਰਨ ਨੂੰ ਦਰਪੇਸ਼ ਸੰਕਟਾਂ ਦੇ ਸੁਚੱਜੇ ਹੱਲ ਲਈ ਵਿਚਾਰ ਵਟਾਂਦਰਾ ਕਰਦਿਆਂ ਲੋੜੀਂਦੀ ਵਾਤਾਵਰਨ ਬਚਾਉ ਨੀਤੀ ਤਿਆਰ ਕਰ ਕੇ ਉਸ ਉੱਤੇ ਅਮਲ ਕੀਤਾ ਜਾਣਾ ਸਮੇਂ ਦੀ ਮੁੱਖ ਲੋੜ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ ਤੋਂ ਮਨੁੱਖ ਦੀ ਹੋਂਦ ਸਦਾ ਲਈ ਮਿਟ ਜਾਵੇਗੀ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਨਿੰਦਣਯੋਗ ਵਰਤਾਰਾ
ਐਤਵਾਰ, 23 ਜੁਲਾਈ ਨੂੰ ਸਵਰਾਜਬੀਰ ਦਾ ਲੇਖ ‘ਅਮਨ ਸਰਘੀ ਦੀ ਉਡੀਕ’ ਪੜ੍ਹਿਆ, ਵਧੀਆ ਲੱਗਾ। ਹਿੰਸਕ ਭੀੜ ਵੱਲੋਂ ਅਣਮਨੁੱਖੀ ਜ਼ੁਲਮ ਢਾਹੁਣੇ ਸਖ਼ਤ ਸ਼ਬਦਾਂ ਵਿਚ ਨਿੰਦਣਯੋਗ ਹਨ। ਅਸਲ ਵਿਚ ਔਰਤਾਂ ਹਿੰਸਕ ਭੀੜਾਂ ਦਾ ਆਸਾਨ ਨਿਸ਼ਾਨਾ ਬਣਦੀਆਂ ਹਨ। ਜਮਹੂਰੀਅਤ ਅਮਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਾਸਕ ਨੂੰ ਸ਼ਕਤੀਆਂ ਦਾ ਧਾਰਨੀ ਵੀ ਬਣਾਉਂਦੀ ਹੈ। ਜਮਹੂਰੀਅਤ ’ਚ ਲੋਕ ਸਰਕਾਰ ਦੀਆਂ ਨੀਤੀਆਂ ਨਾਲ ਅਤੇ ਆਪਸੀ ਸਮਾਜਿਕ ਪੱਖ-ਵਿਪੱਖ ਦੀ ਮੱਤ ਰੱਖ ਸਕਦੇ ਹਨ। ਰੋਸ ਪ੍ਰਦਰਸ਼ਨ ਜਾਂ ਹਿੰਸਾ ਹੋਣ ’ਤੇ ਸ਼ਾਸਕ ਦਾ ਚੁੱਪ ਵੱਟਣ ਵਾਲਾ ਵਰਤਾਰਾ ਨਿੰਦਣਯੋਗ ਹੈ ਕਿਉਂਕਿ ਇਹ ਲੋਕਤੰਤਰ ਅਤੇ ਆਵਾਮ ਲਈ ਖ਼ਤਰਨਾਕ ਸਿੱਧ ਹੁੰਦਾ ਹੈ। ਇਹ ਵਿਹਾਰ ਸ਼ਾਸਕ ਨੂੰ ਵੀ ਸ਼ੱਕ ਦੇ ਘੇਰੇ ’ਚ ਲਿਆਉਂਦਾ ਹੈ।
ਸੁਖਪਾਲ ਕੌਰ, ਚੰਡੀਗੜ੍ਹ
ਆਇਆ ਸਮਾਂ ਅਨੋਖਾ
ਐਤਵਾਰ, 16 ਜੁਲਾਈ ਨੂੰ ‘ਸੋਚ ਸੰਗਤ’ ਪੰਨੇ ’ਤੇ ਆਪਣੇ ਲੇਖ ‘ਆਇਆ ਸਮਾਂ ਅਨੋਖਾ’ ਵਿੱਚ ਸਵਰਾਜਬੀਰ ਨੇ ‘ਇੱਕ ਚੁੱਪ ਸੌ ਸੁੱਖ’ ਮੁਹਾਵਰੇ ਨੂੰ ਸਾਡੇ ਦੁਆਰਾ ਜੀਵਨ-ਜਾਚ ਬਣਾ ਲਏ ਜਾਣ ਵਾਲੀ ਗੱਲ ਬਿਲਕੁਲ ਸੱਚ ਆਖੀ ਹੈ। ਸਿਆਸਤਦਾਨਾਂ, ਸਿਆਸੀ ਪਾਰਟੀਆਂ ਦੀ ਚੁੱਪ ਤਾਂ ਸਵਾਰਥੀ ਅਤੇ ਸਾਜ਼ਿਸ਼ੀ ਹੁੰਦੀ ਹੈ, ਪਰ ਲੋਕਾਂ ਦੀ ਚੁੱਪ ਨੂੰ ਕੀ ਕਹੀਏ? ਅਕਸਰ ਹੀ ਲੋਕਾਂ ਦੀ ਆਮ ਗੱਲਬਾਤ ਵਿੱਚ ਅਤੇ ਸੋਸ਼ਲ ਮੀਡੀਆ ’ਤੇ ਵੀ ਚੁੱਪ ਵੱਟਣ ਦੇ ਵਰਤਾਰੇ ਦੇਖਦੇ ਹਾਂ। ਜਦੋਂ ਵਿਚਾਰ-ਚਰਚਾ ਕਰਨ ਤੋਂ ਇਹ ਕਹਿ ਕੇ ਗੁਰੇਜ਼ ਕੀਤਾ ਜਾਂਦਾ ਹੈ ਕਿ ਸਿਆਸਤਦਾਨਾਂ ਵਾਸਤੇ ਆਪਸੀ ਸੰਬੰਧ ਨਾ ਵਿਗਾੜੋ, ਪਰ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਸਮਾਜ ਵਿੱਚ ਧਰਮ ਆਧਾਰਿਤ ਵੰਡੀਆਂ ਪਾ ਕੇ, ਪਿੰਡ ਪੱਧਰ ਤੱਕ ਰਾਜਨੀਤਕ ਗਰੁੱਪ ਬਣਾ ਕੇ ਸਾਡਾ ਭਾਈਚਾਰਾ ਅਤੇ ਸੰਬੰਧ ਹੀ ਤਾਂ ਵਿਗਾੜ ਰਹੀਆਂ ਹਨ। ਇਨ੍ਹਾਂ ਦੀ ਰਿਸ਼ਵਤਖੋਰੀ, ਵਿਧਾਇਕਾਂ ਦੀ ਖਰੀਦੋ-ਫਰੋਖਤ ਨੇ ਦੇਸ਼ ਦੀ ਆਰਥਿਕਤਾ ਅਤੇ ਲੋਕਤੰਤਰ ਵਿਗਾੜੇ ਹਨ। ਦਲਬਦਲੀਆਂ ਸਾਡੀ ਪਾਈ ਵੋਟ ਦਾ ਮਜ਼ਾਕ ਉਡਾਉਂਦੀਆਂ ਹਨ। ਕੀ ਫਿਰ ਵੀ ਇਹ ਕਹਿਣਾ ਵਾਜਬ ਹੈ ਕਿ ਚੁੱਪ ਰਹੋ, ਆਪਸੀ ਸੰਬੰਧ ਨਾ ਵਿਗਾੜੋ? ਜੇ ਸਾਡੇ ਇਸ ਮੁਲਕ ਵਿੱਚ ਕੁਝ ਵੀ ਚੰਗਾ ਨਾ ਰਿਹਾ, ਫਿਰ ਤੁਸੀਂ ਕੀ ਕਰੋਗੇ? ਚੁੱਪ ਤੋੜੋ। ਬੋਲਣ ਨਾਲ ਸੰਬੰਧ ਮਜ਼ਬੂਤ ਹੀ ਹੁੰਦੇ ਹਨ। ਜੋ ਕੁਝ ਚੰਗਾ ਨਹੀਂ ਹੋ ਰਿਹਾ, ਉਸ ’ਤੇ ਚਰਚਾ ਕਰਨੀ ਹੀ ਬਣਦੀ ਹੈ। ਮਾੜੇ ਨੂੰ ਮਾੜਾ ਤੇ ਚੰਗੇ ਨੂੰ ਚੰਗਾ ਕਹਿਣਾ ਹੀ ਚਾਹੀਦਾ ਹੈ। ਮੂੰਹ ਆਈ ਬਾਤ ਨਾ ਰਹਿੰਦੀ ਏ।
ਦਰਸ਼ਨ ਸਿੰਘ ਭੁੱਲਰ, ਈ-ਮੇਲ