ਪਾਠਕਾਂ ਦੇ ਖ਼ਤ
ਮਨੁੱਖਤਾ ਦਾ ਘਾਣ ਅਤੇ ਸਿਆਸਤ
ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਕਾਰਨ ਜਿੱਥੇ ਮਨੁੱਖਤਾ ਦਾ ਘਾਣ ਹੋਇਆ ਹੈ, ਉੱਥੇ ਇਸ ਹਮਲੇ ਨੂੰ ਫ਼ਿਰਕੂ ਰੰਗਤ ਦੇਣ ਲਈ ਹੁਕਮਰਾਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਕਸ਼ਮੀਰੀ ਮੁਸਲਮਾਨ ਸਈਦ ਆਦਿਲ ਹੁਸੈਨ ਸ਼ਾਹ ਨੇ ਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਉਸ ਦੀ ਸ਼ਹਾਦਤ ਨੂੰ ਅਣਗੌਲਿਆਂ ਕਰ ਕੇ ਕਸ਼ਮੀਰੀ ਮੁਸਲਮਾਨਾਂ ਵੱਲ ਨਿਸ਼ਾਨਾ ਸੇਧਿਆ ਜਾ ਰਿਹਾ ਜੋ ਬਹੁਤ ਨਿੰਦਣਯੋਗ ਹੈ। ਵਿਰੋਧੀ ਪਾਰਟੀਆਂ, ਧਾਰਮਿਕ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਮੌਕੇ ਦੀ ਸਰਕਾਰ ਉੱਪਰ ਇਸ ਗੱਲ ਦਾ ਦਬਾਅ ਬਣਾਉਣ ਦੀ ਲੋੜ ਹੈ ਕਿ ਦਹਿਸ਼ਤਗਰਦਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਪਰ ਇਸ ਪਿੱਛੇ ਲੁਕਵੇਂ ਏਜੰਡੇ ਕੀ ਹਨ, ਉਸ ਤੋਂ ਵੀ ਪਰਦਾ ਚੁੱਕਿਆ ਜਾਵੇ।
ਜਗਜੀਤ ਸਿੰਘ ਅਸੀਰ, ਡੱਬਵਾਲੀ (ਹਰਿਆਣਾ)
ਮੁਹੱਬਤ ਦੀ ਵਾਦੀ ’ਚ ਨਫ਼ਰਤ
25 ਅਪਰੈਲ ਨੂੰ ਸੱਯਦ ਅਤਾ ਹਸਨੈਨ ਦਾ ਲੇਖ ‘ਪਹਿਲਗਾਮ ਹਮਲਾ: ਇੱਕ ਸੋਚੀ ਸਮਝੀ ਤਬਦੀਲੀ’ ਪੜ੍ਹਿਆ। ਕਸ਼ਮੀਰ ਐਸੀ ਧਰਤੀ ਹੈ ਜਿੱਥੇ ਕਦੇ ਸ਼ਾਇਰੀ ਨੇ ਮੁਹੱਬਤ ਦੇ ਫੁੱਲ ਖਿੜਾਏ, ਜਿੱਥੇ ਹਰ ਦਰਿਆ ਨੇ ਸਾਂਝ ਦੀ ਲੋਰੀ ਗਾਈ, ਅੱਜ ਉਸੇ ਵਾਦੀ ਵਿੱਚ ਇੱਕ ਵਾਰੀ ਫਿਰ ਨਫ਼ਰਤ ਦੀ ਗੂੰਜ ਸੁਣਾਈ ਦਿੱਤੀ ਹੈ। ਕਸ਼ਮੀਰ ਹਮੇਸ਼ਾ ਮੁਹੱਬਤ ਅਤੇ ਸਾਂਝੇ ਸੱਭਿਆਚਾਰ ਦੀ ਨਿਸ਼ਾਨੀ ਰਿਹਾ ਹੈ। ਸਿੱਖ, ਹਿੰਦੂ, ਮੁਸਲਮਾਨ, ਬੋਧੀ ਸਭ ਨੇ ਇੱਥੇ ਆਪਣਾ ਰਿਸ਼ਤਾ ਜੋੜਿਆ ਪਰ ਹੁਣ ਇਸ ਧਰਤੀ ਉੱਤੇ ਧਰਮ ਨੂੰ ਹਥਿਆਰ ਵਾਂਗ ਵਰਤਿਆ ਜਾ ਰਿਹਾ ਹੈ ਜਦੋਂਕਿ ਧਰਮ ਪਿਆਰ ਅਤੇ ਕਰੁਣਾ ਦੀ ਪਛਾਣ ਹੋਣਾ ਚਾਹੀਦਾ ਹੈ। ਧਰਮ ਦੇ ਨਾਂ ’ਤੇ ਅਕਸਰ ਰੋਟੀਆਂ ਸੇਕੀਆਂ ਜਾਂਦੀਆਂ ਹਨ ਅਤੇ ਅਜਿਹੇ ਹਮਲੇ ਹਮੇਸ਼ਾ ਬੇਕਸੂਰਾਂ ਦੀ ਜਾਨ ਲੈਂਦੇ ਹਨ। ਪਹਿਲਗਾਮ ਦੀ ਵਾਦੀ ਅਜੇ ਖ਼ਾਮੋਸ਼ ਹੈ, ਪਰ ਇਸ ਖ਼ਾਮੋਸ਼ੀ ਅੰਦਰ ਇਹ ਗੂੰਜ ਹੈ- ਮਦਦ ਕਰੋ, ਆਵਾਜ਼ ਚੁੱਕੋ, ਹਿੰਸਾ ਰੋਕੋ। ਅਸੀਂ ਚੁੱਪ ਰਹਾਂਗੇ ਤਾਂ ਇਹ ਗੋਲੀਆਂ ਕੱਲ੍ਹ ਸਾਡੇ ਘਰਾਂ ਤੱਕ ਆ ਸਕਦੀਆਂ ਹਨ। ਇਸ ਲਈ ਮੁਹੱਬਤ ਦੀ ਵਾਦੀ ਨੂੰ ਮੁੜ ਉਸ ਦੀ ਪਛਾਣ ਦੇਣੀ ਪਵੇਗੀ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਵਿਗੜਦੀ ਰਾਜਨੀਤਕ ਹਾਲਤ
ਸੰਜੇ ਹੈਗੜੇ ਨੇ ਆਪਣੇ ਲੇਖ ‘ਨਿਆਂਪਾਲਿਕਾ ਬਨਾਮ ਕਾਰਜਪਾਲਿਕਾ’ (24 ਅਪਰੈਲ) ਵਿੱਚ ਦੇਸ਼ ਦੀ ਵਿਗੜਦੀ ਰਾਜਨੀਤਕ ਹਾਲਤ ਸੁਚੱਜੇ ਢੰਗ ਨਾਲ ਬਿਆਨ ਕੀਤੀ ਹੈ। ਸਾਡੇ ਦੇਸ਼ ਦੀ ਰਾਜਨੀਤਕ, ਆਰਥਿਕ ਹਾਲਤ ਬਹੁਤ ਗੰਭੀਰ ਹੈ। ਚੁਣੇ ਗਏ ਨੇਤਾਵਾਂ ਵਿੱਚੋਂ 55 ਫ਼ੀਸਦੀ ਅਪਰਾਧਿਕ ਕੇਸਾਂ ਵਿੱਚ ਜਕੜੇ ਹੋਏ ਹਨ। ਇਨ੍ਹਾਂ ਕੋਲੋਂ ਸੁਚੱਜੇ ਪ੍ਰਸ਼ਾਸਨ ਦੀ ਉਮੀਦ ਕਰਨਾ ਸਹੀ ਨਹੀਂ। ਜੋ ਵੀ ਕਿਸੇ ਦਾ ਚਿੱਤ ਕਰਦਾ ਹੈ, ਬਿਆਨ ਦਾਗ਼ ਦਿੰਦਾ ਹੈ; ਕੇਵਲ ਵੋਟ ਰਾਜਨੀਤੀ ਵੱਲ ਹੀ ਧਿਆਨ ਦਿੱਤਾ ਜਾਂਦਾ ਹੈ। ਇਸ ਲਈ ਕਾਰਜਪਾਲਿਕਾ ਦੀ ਮਨਮਰਜ਼ੀ ਨੂੰ ਠੱਲ੍ਹ ਪਾਉਣ ਲਈ ਸਿਵਾਏ ਸੁਪਰੀਮ ਕੋਰਟ ਤੋਂ ਕੋਈ ਹੋਰ ਸਾਧਨ ਹੀ ਨਹੀਂ। 24 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਸੁਖਜੀਤ ਸਿੰਘ ਵਿਰਕ ਦੀ ਰਚਨਾ ‘ਕਿਰਤ ਦਾ ਕਤਲ’ ਨੇ ਝੰਜੋੜ ਕੇ ਰੱਖ ਦਿੱਤਾ। ਪਿੰਡਾਂ ਵਿੱਚ ਗੇੜੇ ਲਾ ਕੇ ਤੱਕਲੇ, ਖੁਰਚਣੇ, ਚਿਮਟੇ ਤੇ ਹੋਰ ਅਨੇਕ ਵਸਤਾਂ ਵੇਚ ਕੇ ਅਤੇ ਬਲਦਾਂ ਦਾ ਵਪਾਰ ਕਰ ਕੇ ਆਪਣੀ ਰੋਜ਼ੀ-ਰੋਟੀ ਚਲਾਉਣ ਵਾਲੇ ਹੁਣ ਮੰਗਣ ਲਈ ਮਜਬੂਰ ਹਨ। ਸਮੇਂ ਨੇ ਐਸੀ ਕਰਵਟ ਬਦਲੀ ਕਿ ਇਨ੍ਹਾਂ ਲੋਕਾਂ ਦੀ ਮਿਹਨਤ, ਹੁਨਰ ਤੇ ਰੋਟੀ ਰੁਜ਼ਗਾਰ ਸਭ ਕੁਝ ਚਲਾ ਗਿਆ। ਅਸਲ ਵਿੱਚ ਤਰੱਕੀ ਨੇ ਬਹੁਤ ਲੋਕ ਬੇਕਾਰ ਅਤੇ ਬੇਰੁਜ਼ਗਾਰ ਕਰ ਦਿੱਤੇ ਜੋ ਨਾ ਚਾਹੁੰਦੇ ਹੋਏ ਵੀ ਮੰਗਣ ਲਈ ਮਜਬੂਰ ਹੋ ਗਏ। ਇਹ ਗੱਡੀਆਂ ਵਾਲੇ ਉੱਚਕੋਟੀ ਦੇ ਕਾਰੀਗਰ ਸਨ, ਹਰ ਸਮਾਨ ਬਹੁਤ ਵਧੀਆ ਤਰੀਕੇ ਨਾਲ ਅਤੇ ਸਸਤੇ ਰੇਟ ’ਤੇ ਬਣਾ ਕੇ ਦਿੰਦੇ ਸਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਹੁਨਰਮੰਦਾਂ ਦੀ ਸਾਰ ਲਵੇ ਅਤੇ ਇਨ੍ਹਾਂ ਦੇ ਮੁੜ ਵਸੇਬੇ ਲਈ ਕੋਈ ਉਪਰਾਲਾ ਕਰੇ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)
ਕਿਰਤੀਆਂ ਲਈ ਦਰਦ
24 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਸੁਖਜੀਤ ਸਿੰਘ ਵਿਰਕ ਦੀ ਰਚਨਾ ‘ਕਿਰਤ ਦਾ ਕਤਲ’ ਪੜ੍ਹ ਕੇ ਮਨ ਝੰਜੋੜਿਆ ਗਿਆ ਕਿ ਕਿਵੇਂ ਕਾਰਪੋਰੇਟ ਪੱਖੀ ਸਿਸਟਮ ਤੇ ਮਸ਼ੀਨੀ ਯੁੱਗ ਨੇ ਇਨਸਾਨ ਨੂੰ ਕਿਰਤ ਵਿਹੂਣਾ ਕਰ ਦਿੱਤਾ ਹੈ ਅਤੇ ਸਿਕਲੀਗਰ ਵਰਗੇ ਕਬੀਲੇ ਦੋ ਵਕਤ ਦੀ ਰੋਟੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹਨ। ਨਵ-ਉਦਾਰਵਾਦੀ ਨੀਤੀਆਂ ਨੇ ਜਿੰਨੀ ਲੁੱਟ ਕਿਰਤ ਦੀ ਕੀਤੀ ਹੈ, ਉਹ ਵੀ ਕਿਸੇ ਮਹਾਮਾਰੀ ਤੋਂ ਘੱਟ ਨਹੀਂ। ਬਾਬੇ ਨਾਨਕ ਦੇ ਕਿਰਤ ਸਿਧਾਂਤ ਤੋਂ ਨਵੀਂ ਪੀੜ੍ਹੀ ਦੇ ਕਿਨਾਰਾ ਕਰਨ ਪਿੱਛੇ ਵੀ ਹੱਥੀਂ ਕਿਰਤ ਦਾ ਸਹੀ ਮੁੱਲ ਨਾ ਪੈਣਾ ਹੋ ਸਕਦਾ ਹੈ ਤਾਂ ਹੀ ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੇ ਹਨ। ਇਸ ਲਈ ਇਹ ਹੁਣ ਸੋਚਣ ਦਾ ਵੇਲਾ ਹੈ।
ਬਲਵੀਰ ਸਿੰਘ ਬਾਸੀਆਂ, ਪਿੰਡ ਬਾਸੀਆਂ ਬੇਟ (ਲੁਧਿਆਣਾ)
(2)
24 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਆਪਣੇ ਮਿਡਲ ‘ਕਿਰਤ ਦਾ ਕਤਲ’ ਵਿੱਚ ਸੁਖਜੀਤ ਸਿੰਘ ਵਿਰਕ ਨੇ ‘ਗੱਡੀਆਂ ਵਾਲੇ’ ਵਜੋਂ ਜਾਣੇ ਜਾਂਦੇ ਤੱਕਲੇ, ਖੁਰਚਣੇ ਅਤੇ ਚਿਮਟੇ ਬਣਾਉਣ ਵਾਲੇ, ਬਾਲਟੀਆਂ ਤੇ ਕੜਾਹੀਆਂ ਨੂੰ ਥੱਲੇ ਲਾਉਣ ਵਾਲੇ ਕਾਰੀਗਰਾਂ ਨਾਲ ਸੱਚੇ ਦਿਲੋਂ ਹਮਦਰਦੀ ਦਿਖਾਈ ਹੈ। ਹੁਣ ਇਨ੍ਹਾਂ ਚੀਜ਼ਾਂ ਦੇ ਸਟੀਲ ਜਾਂ ਪਲਾਸਟਿਕ ਦੇ ਬਦਲ ਅਤੇ ਮਸ਼ੀਨੀ ਖੇਤੀ ਲਈ ਬਲਦਾਂ ਦੀ ਲੋੜ ਨਾ ਹੋਣ ਕਾਰਨ ਇਹ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਏ ਹਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਇਨ੍ਹਾਂ ਨੂੰ 1947 ਵਿੱਚ ਕਿਹਾ ਸੀ ਕਿ ਹੁਣ ਭਾਰਤ ਆਜ਼ਾਦ ਹੋਣ ਨਾਲ 1567 ਵਿੱਚ ਮਹਾਰਾਣਾ ਪ੍ਰਤਾਪ ਦੀ ਹਲਦੀਘਾਟ ਦੀ ਹਾਰ ਵੀ ਜਿੱਤ ਵਿੱਚ ਬਦਲ ਗਈ ਹੈ, ਇਸ ਲਈ ਭੁੰਜੇ ਸੌਣਾ ਅਤੇ ਬੇਘਰੇ ਹੋਣਾ ਛੱਡੋ ਲੇਕਿਨ ਇਹ ਅਨਪੜ੍ਹ ਅਤੇ ਅਣਜਾਣ ਹੋਣ ਕਾਰਨ ਅਜਿਹਾ ਨਹੀਂ ਕਰ ਸਕੇ ਅਤੇ ਨਾ ਹੀ ਕਿਸੇ ਸਰਕਾਰ ਨੇ ਕੋਈ ਬਦਲ ਲੱਭਿਆ ਜਿਸ ਕਾਰਨ ਇਸ ਵਰਗ ਦੀ ਹਾਲਤ ਹੁਣ ਅਤਿਅੰਤ ਤਰਸਯੋਗ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਪੰਜਾਬ ਦਾ ਭਵਿੱਖ
23 ਅਪਰੈਲ ਦੇ ਸੰਪਾਦਕੀ ‘ਪੰਜਾਬ ਦਾ ਭਵਿੱਖ’ ਵਿੱਚ ਦੱਸਿਆ ਗਿਆ ਹੈ ਕਿ ਮੁਫ਼ਤ ਬਿਜਲੀ ਕਰ ਕੇ ਆਰਥਿਕ ਬੋਝ ਵਧ ਰਿਹਾ ਹੈ। ਬਿਜਲੀ ਦੀ ਸਬਸਿਡੀ 20500 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 2000 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਨਜ਼ਰੀਆ ਪੰਨੇ ਉੱਤੇ ਹੀ ਵਿਜੈ ਬੰਬੇਲੀ ਦਾ ਲੇਖ ‘ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ’ ਛਪਿਆ ਹੈ। ਇੱਕ ਫਲਸਤੀਨੀ ਬਾਲੜੀ ਦੁਨੀਆ ਦੇ ਲੋਕਾਂ ਨੂੰ ਝੰਜੋੜ ਰਹੀ ਹੈ। ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਕਤਲੇਆਮ ਰੋਕਣ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਗੋਵਿੰਦਰ ਜੱਸਲ, ਸੰਗਰੂਰ