ਪਾਠਕਾਂ ਦੇ ਖ਼ਤ
ਐ ਪੰਜਾਬੀ, ਤੇਰੇ ਹਾਲਾਤ ਪੇ ਰੋਨਾ ਆਇਆ!
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਦਰਲੀ ਅਤੇ ਸਹੀ ਹਾਲਤ ਬਿਆਨ ਕਰਦਾ ਡਾ. ਨਿਵੇਦਿਤਾ ਸਿੰਘ ਦਾ ਲੇਖ ‘ਸਾਹ ਮੁਹੰਮਦਾ ਇੱਕ ਸਰਕਾਰ ਬਾਝੋਂ…’ (30 ਅਪਰੈਲ) ਪੜ੍ਹਿਆ। ਲੇਖਕਾ ਨੇ ਸਾਰਾ ਵੇਰਵਾ ਪੰਜਾਬੀਆਂ ਦੀ ਜਾਣਕਾਰੀ ਵਿੱਚ ਲਿਆ ਕੇ ਪੁੰਨ ਕਮਾਇਆ ਹੈ। ਲੇਖਕ ਹੋਣ ਦੇ ਨਾਤੇ ਕਾਫ਼ੀ ਕੁਝ ਜਾਣਦਿਆਂ ਵੀ ਹੁਣ ਲਗਦਾ ਹੈ, ਅਸੀਂ ਤਾਂ ਕੁਝ ਵੀ ਨਹੀਂ ਸੀ ਜਾਣਦੇ। ਜੇ ਨਰਮ ਸ਼ਬਦ ਵੀ ਵਰਤਣੇ ਹੋਣ, ਇਹ ਲੇਖ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਹੈ। ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਰ ਕਿਸੇ ਨੇ ਇਸੇ ਤਰ੍ਹਾਂ ਹੀ ਮਹਿਸੂਸ ਕੀਤਾ ਹੋਵੇਗਾ। ਪਿਛਲੀਆਂ ਸਰਕਾਰਾਂ ਦੀਆਂ ਭਾਸ਼ਾਈ ਨੀਤੀਆਂ ਨੂੰ ਚਿੱਠੀ ਵਿੱਚ ਸੰਕੇਤ ਤੋਂ ਵੱਧ ਫਰੋਲਣਾ ਸੰਭਵ ਨਹੀਂ। ਅਕਾਲੀਆਂ ਲਈ ਪੰਜਾਬੀ ਦੀ ਕਹਾਣੀ ਸਿੱਖ ਬਹੁਗਿਣਤੀ ਵਾਲਾ ਕੁਤਰਿਆ ਹੋਇਆ ਪੰਜਾਬੀ ਸੂਬਾ ਲੈ ਕੇ ਮੁੱਕ ਗਈ ਸੀ। ਭਾਜਪਾ ਦਾ ਪੰਜਾਬੀ-ਪੰਜੂਬੀ ਨਾਲ ਦਿਲੋਂ ਕਦੀ ਕੋਈ ਵਾਹ-ਵਾਸਤਾ ਨਹੀਂ ਰਿਹਾ। ਕਾਂਗਰਸ ਵਾਸਤੇ, ਫੰਡਰ ਮ੍ਹੈਂਸ ਦੇ ਪਿਛਲੇ ਸੂਇਆਂ ਦੇ ਦੁੱਧ ਵਾਂਗ, ਆਜ਼ਾਦੀ ਦੁਆਈ ਚੇਤੇ ਕਰਾਉਂਦੇ ਰਹਿਣਾ ਕਾਫ਼ੀ ਹੈ। ਹੁਣ ਦੀ ਸਰਕਾਰ, ਹਾਥੀ ਦੀ ਪੈੜ ਵਿੱਚ ਪੰਜਾਬੀ ਸਮੇਤ ਸਭ ਪੈੜਾਂ, ਪੰਜਾਬ ਨੂੰ ਰੰਗਲਾ ਬਣਾਉਣ ਤੁਰੀ ਹੋਈ ਹੈ। ਸਿਰਫ਼ ਏਨੀ ਹੀ ਬੇਨਤੀ ਹੈ ਕਿ ਜਿੰਨਾ ਕੁ ਮਨੁੱਖਜਾਤੀ ਦਾ ਇਤਿਹਾਸ ਜਾਣਿਆ ਹੈ, ਉਸ ਵਿੱਚ ਕਦੀ ਕੋਈ ਭਾਸ਼ਾਈ ਭਾਈਚਾਰਾ ਆਪਣੀ ਭਾਸ਼ਾ ਤੇ ਰਹਿਤਲ ਨੂੰ ਮਿੱਧ ਕੇ ਰੰਗਲਾ ਬਣਦਾ ਪੜ੍ਹਿਆ-ਸੁਣਿਆ ਨਹੀਂ।
ਗੁਰਬਚਨ ਸਿੰਘ ਭੁੱਲਰ, ਨਵੀਂ ਦਿੱਲੀ
ਕਿਰਤੀਆਂ ਦੀ ਲੁੱਟ
ਡਾ. ਕੇਸਰ ਸਿੰਘ ਭੰਗੂ ਨੇ ਆਪਣੇ ਲੇਖ ‘ਨਵਾਂ ਭਾਰਤ ਅਤੇ ਮਜ਼ਦੂਰ ਜਮਾਤ’ (ਪਹਿਲੀ ਮਈ) ਵਿੱਚ ਮਈ ਦਿਵਸ ਨੂੰ ਪਿਛੋਕੜ ਵਿੱਚ ਰੱਖਦਿਆਂ ਵਰਤਮਾਨ ਸਮੇਂ ਸਰਮਾਏਦਾਰੀ ਜਮਾਤ ਅਤੇ ਸਰਕਾਰਾਂ ਦੇ ਗੱਠਜੋੜ ਦੁਆਰਾ ਵਿਸ਼ਵ ਪੱਧਰ ’ਤੇ ਮਜ਼ਦੂਰ ਜਮਾਤ ਦੀ ਹੋ ਰਹੀ ਲੁੱਟ ਨੂੰ ਭਾਰਤੀ ਪ੍ਰਸੰਗ ਵਿੱਚ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ। ਵੱਡੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਕਿਰਤ ਮਿਆਰਾਂ ਨੂੰ ਮਜ਼ਦੂਰ ਪੱਖੀ ਬਣਾਈ ਰੱਖਣ ਲਈ ਉਨ੍ਹਾਂ ਨੇ ਵਰਤਮਾਨ ਸਮੇਂ ਵਿੱਚ ਵੀ ਇੱਕ ਹੋਰ ਸੰਘਰਸ਼ ਦੀ ਲੋੜ ਵੱਲ ਵੀ ਇਸ਼ਾਰਾ ਕੀਤਾ ਹੈ।
ਗੁਰਦੀਪ ਸੰਧੂ, ਈਮੇਲ
ਇਕਲਾਪੇ ਦੀ ਮੌਤ
ਅੰਤਾਂ ਦੇ ਸੁੱਖ, ਸਫ਼ਾਈਆਂ ਤੇ ਸਪੀਡਾਂ ਵਾਲੇ ਅਮੀਰ ਦੇਸ਼ ਜਪਾਨ ’ਚ ਇਕਲਾਪੇ ’ਚ ਮਰਨ ਵਾਲੇ ਬਜ਼ੁਰਗਾਂ ਦੀ ਗਿਣਤੀ- ਛੇ ਮਹੀਨਿਆਂ ਵਿੱਚ 37000 - ਪੜ੍ਹ ਕੇ ਇਉਂ ਲਗਦਾ ਹੈ ਕਿ ਅਸੀਂ ਤਾਂ ਮੁਕਾਬਲਤਨ ਸਵਰਗ ਵਿੱਚ ਹਾਂ। ਕੋਡੋਕੂਸ਼ੀ (ਇਕਲਾਪੇ ਦੀ ਮੌਤ) ਵਾਲੇ ਮ੍ਰਿਤਕ ਸਰੀਰ ਦੀ ਕਈ-ਕਈ ਮਹੀਨੇ ਕਿਸੇ ਨੂੰ ਖ਼ਬਰ ਨਹੀਂ ਪੈਂਦੀ, ਜਿਊਂਦੇ ਜੀਅ ਦੇਖ ਭਾਲ ਦੀ ਤਾਂ ਗੱਲ ਹੀ ਛੱਡ ਦਿਉ। ਮਾੜੀ ਮੋਟੀ ਥੁੜ੍ਹਾਂ ਵਾਲੀ ਜ਼ਿੰਦਗੀ ਸਾਨੂੰ ਜਿਊਣ ਲਈ ਪ੍ਰੇਰਦੀ ਰਹਿੰਦੀ ਹੈ। ਰਹੀ ਗੱਲ ਮਿੱਟੀ ਘੱਟੇ ਅਤੇ ਪਲਾਸਟਿਕ ਦੇ ਢੇਰਾਂ ਦੀ, ਇਹ ਸਭ ਸਾਡੇ ਆਪਣੇ ਕਾਰਨ ਹੈ ਅਤੇ ਇਸ ਦਾ ਇਲਾਜ ਵੀ ਸਾਡੇ ਆਪਣੇ ਕੋਲ ਹੈ। ਅੱਜ ਨਹੀਂ ਤਾਂ ਕੱਲ੍ਹ ਠੀਕ ਹੋ ਜਾਵੇਗਾ ਪਰ ਕੋਡੋਕੂਸ਼ੀ? ਤੋਬਾ… ਰਣਜੀਤ ਲਹਿਰਾ ਨੇ ਆਪਣੇ ਮਿਡਲ ‘ਚੜ੍ਹਦੇ ਸੂਰਜ ਦਾ ਸੱਚ’ (30 ਅਪਰੈਲ) ਵਿੱਚ ਇਸ ਪਾਸੇ ਧਿਆਨ ਦਿਵਾਇਆ ਹੈ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
ਅੱਖਾਂ ’ਚ ਤੈਰਦੇ ਸਵਾਲ
29 ਅਪਰੈਲ ਦੇ ਨਜ਼ਰੀਆ ਅੰਕ ਵਿੱਚ ਸੁਖਜੀਤ ਕੌਰ ਦਾ ਲੇਖ ‘ਸਿੱਲ੍ਹੀਆਂ ਅੱਖਾਂ ਵਿੱਚ ਤੈਰਦੇ ਸਵਾਲ’ ਪੜ੍ਹ ਕੇ ਅਤੇ ਲੇਖ ਨਾਲ ਛਪੀ ਤਸਵੀਰ ਦੇਖ ਦੇ ਮਨ ਗ਼ਮਗੀਨ ਹੋ ਗਿਆ। ਅਤਿਵਾਦ ਦਾ ਵਰਤਾਰਾ ਭਾਵੇਂ ਅਜੋਕੇ ਸਮੇਂ ਵਿੱਚ ਵਿਸ਼ਵ ਵਿਆਪੀ ਹੈ ਪਰ ਕਤਲੇਆਮ ਦੀਆਂ ਘਟਨਾਵਾਂ ਹਰ ਸੰਵੇਦਨਸ਼ੀਲ ਇਨਸਾਨ ਨੂੰ ਪ੍ਰੇਸ਼ਾਨ ਕਰਦੀਆਂ ਹਨ। ਕੋਈ ਜ਼ਿਆਦਾ ਸਮਾਂ ਨਹੀਂ ਬੀਤਿਆ ਜਦੋਂ ਪੰਜਾਬ ਦੀ ਧਰਤੀ ਨੇ ਵੀ ਅਜਿਹਾ ਕਾਲਾ ਦੌਰ ਆਪਣੇ ਪਿੰਡੇ ’ਤੇ ਹੰਢਾਇਆ। ਦਹਿਸ਼ਤਵਾਦ ਦੀ ਹਰ ਘਟਨਾ ਆਪਣੇ ਪਿੱਛੇ ਗਹਿਰੀ ਉਦਾਸੀ ਵਾਲਾ ਮੰਜ਼ਰ ਛੱਡ ਜਾਂਦੀ ਹੈ ਜਿਸ ਤੋਂ ਉੱਭਰਨ ਲਈ ਬੜੀ ਹਿੰਮਤ ਅਤੇ ਜਜ਼ਬੇ ਦੀ ਜ਼ਰੂਰਤ ਪੈਂਦੀ ਹੈ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ
28 ਅਪਰੈਲ ਦੇ ‘ਵਿਰਾਸਤ’ ਪੰਨੇ ’ਤੇ ਰਮੇਸ਼ ਬੱਗਾ ਚੋਹਲਾ ਦਾ ਜਾਣਕਾਰੀ ਭਰਪੂਰ ਲੇਖ ‘ਸੇਵਾ ਭਾਵਨਾ ਨਾਲ ਗੁਰੂ ਘਰ ਦਾ ਅੰਗ ਬਣਨ ਵਾਲੇ ਗੁਰੂ ਅੰਗਦ ਦੇਵ ਜੀ’ ਪੜ੍ਹਿਆ। ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਪਹਿਲੀ ਗੱਲ, ਜਨਮ ਸਥਾਨ ਗੁਰੂ ਸਾਹਿਬ, ਮੱਤੇ ਦੀ ਸਰਾਂ ਵਾਲਾ ਪਿੰਡ ਮੁਗਲ ਬਾਬਰ ਦੇ ਹਮਲਿਆਂ ਵੇਲੇ ਉੱਜੜ ਗਿਆ ਸੀ। ਮੱਤੇ ਦੀ ਸਰਾਂ ਉੱਜੜਨ ਤੋਂ ਬਾਅਦ ਨਵੇਂ ਵਸਾਏ ਪਿੰਡ ਦਾ ਨਾਮ ਸਰਾਏ ਨਾਗਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ। ਦੂਸਰੀ ਗੱਲ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੂਰੇ 63 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਮਿਲਦੇ ਹਨ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਹੈਰਾਨਕੁਨ ਅੰਕੜੇ
28 ਅਪਰੈਲ ਦੇ ਅੰਕ ’ਚ ਪੰਜਾਬ ਵਿੱਚ ਸ਼ਰਾਬ ਦੀ ਵਧ ਰਹੀ ਵਿਕਰੀ ਦੇ ਅੰਕੜੇ ਸਚਮੁੱਚ ਹੈਰਾਨ ਕਰਨ ਵਾਲੇ ਹਨ। ਪੰਜਾਬ ਵਿੱਚ ਲੋਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾਂਦਾ ਹੈ। ਔਰਤਾਂ ਨੂੰ ਸਰਕਾਰੀ ਬੱਸਾਂ ਅੰਦਰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਬਿਜਲੀ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ। 25 ਕਰੋੜ ਦੀ ਰੋਜ਼ਾਨਾ ਸ਼ਰਾਬ ਪੀਣ ਵਾਲੇ ਲੋਕ ਅਨਾਜ, ਬਿਜਲੀ, ਸਫ਼ਰ ਆਦਿ ’ਤੇ ਪੈਸਾ ਖਰਚ ਕਿਉਂ ਨਹੀਂ ਕਰ ਸਕਦੇ? ਮੁਫ਼ਤ ਸਹੂਲਤਾਂ ਤਾਂ ਸਗੋਂ ਸ਼ਰਾਬ ਦੀ ਵਿਕਰੀ ਅਤੇ ਪਿਆਕੜਾਂ ਦੀ ਗਿਣਤੀ ਵਧਾਉਣ ’ਚ ਹਿੱਸਾ ਪਾ ਰਹੀਆਂ ਹਨ। ਪੰਜਾਬ ਵਿੱਚ ਡੇਰਿਆਂ ਦੀ ਗਿਣਤੀ ਬਹੁਤ ਹੈ। ਜੇ ਬਹੁਗਿਣਤੀ ਡੇਰੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਈ ਹੋਣ ਦੀ ਗੱਲ ਕਰਦੇ ਹਨ ਤਾਂ ਪੰਜਾਬ ਵਿੱਚ ਸ਼ਰਾਬ ਦੀ ਵਿਕਰੀ ਵੱਧ ਕਿਉਂ ਹੈ? ਪੰਜਾਬ ਵਿੱਚ ਸਿਰਫ਼ ਚਿੱਟੇ ਨੂੰ ਹੀ ਨਸ਼ਾ ਮੰਨ ਕੇ ਉਸ ਤੋਂ ਮੁਕਤ ਹੋਣ ਦੀ ਗੱਲ ਕੀਤੀ ਜਾਂਦੀ ਹੈ। ਇਸ ਲਈ ਪੰਜਾਬ ’ਚ ਸ਼ਰਾਬ ਦੀ ਵਿਕਰੀ ਘਟਣ ਦੀ ਉਮੀਦ ਘੱਟ ਹੀ ਲਗਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਪਿਆਰ ਦਾ ਸੰਦੇਸ਼
26 ਅਪਰੈਲ ਨੂੰ ਹਸੀਬ ਏ ਦਰਾਬੂ ਦਾ ਲੇਖ ‘ਕਸ਼ਮੀਰੀਆਂ ਦੀ ਵੀ ਸੁਣੋ’ ਪੜ੍ਹਿਆ। ਪਹਿਲਗਾਮ ਦੀ ਘਟਨਾ ਨੇ ਸਾਰੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਦੀ ਜਿੰਨੀ ਹੋ ਸਕੇ, ਨਿਖੇਧੀ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਦੇਸ਼ ਦੇ ਗੋਦੀ ਮੀਡੀਆ ਦੀ ਆਲੋਚਨਾ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੱਖ-ਵੱਖ ਫ਼ਿਰਕਿਆਂ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਹੜੇ ਕਸ਼ਮੀਰੀਆਂ ਨੇ ਸੈਲਾਨੀਆਂ ਦੀ ਮਦਦ ਕੀਤੀ, ਉਨ੍ਹਾਂ ਅੱਗੇ ਸਿਰ ਝੁਕਦਾ ਹੈ। ਕੁਝ ਕਸ਼ਮੀਰੀ ਵਿਦਿਆਰਥੀਆਂ ਜੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੜ੍ਹਾਈ ਕਰਨ ਆਏ ਹੋਏ ਹਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਹ ਬੇਹੱਦ ਦੁਖਦਾਈ ਹੈ। ਦੇਸ਼ ਦੇ ਲੋਕ ਕਸ਼ਮੀਰ ਸੈਰ- ਸਪਾਟੇ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੁਜ਼ਗਾਰ ਮਿਲਦਾ ਹੈ। ਨਫ਼ਰਤ ਨੂੰ ਤਿਆਗ ਕੇ ਇਕਜੁੱਟ ਹੋ ਕੇ ਪਿਆਰ ਦਾ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ।
ਰਤਨ ਸਿੰਘ ਭੰਡਾਰੀ, ਧੂਰੀ
ਕਿਰਤ ਦਾ ਕਤਲ
24 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਸੁਖਜੀਤ ਸਿੰਘ ਵਿਰਕ ਦਾ ਮਿਡਲ ‘ਕਿਰਤ ਦਾ ਕਤਲ’ ਪੜ੍ਹਿਆ। ਖੁਸ਼ੀ ਹੋਈ ਕਿ ਪੁਲੀਸ ਅਫਸਰ ਕਿਵੇਂ ਕਿਰਤੀਆਂ ਦਾ ਦਰਦ ਦਿਲ ਵਿੱਚ ਸਮੋਈ ਬੈਠਾ ਹੈ। ਲੇਖਕ ਦੀ ਰਚਨਾ ਬੜੀ ਸੰਖੇਪ ਹੈ ਪਰ ਬਹੁਤ ਹੀ ਭਾਵਪੂਰਤ ਹੈ, ਲੇਖ ਪੜ੍ਹ ਕੇ ਮਨ ਗਦ-ਗਦ ਹੋ ਗਿਆ। ਉਨ੍ਹਾਂ ਸ਼ਬਦ ਬੜੇ ਢੁਕਵੇਂ ਵਰਤੇ ਹਨ।
ਸੁਖਦੀਪ ਸਿੰਘ, ਮੁਹਾਲੀ