ਪਾਠਕਾਂ ਦੇ ਖ਼ਤ
ਔਰਤਾਂ ਨੂੰ ਇਨਸਾਫ਼
17 ਅਪਰੈਲ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤਾਂ ਦੇ ਸੰਵੇਦਨਸ਼ੀਲ ਮਾਮਲੇ ਅਤੇ ਨਿਆਂਪਾਲਿਕਾ’ ਪੜ੍ਹਨ ਨੂੰ ਮਿਲਿਆ। ਪਿਛਲੇ ਦਸ ਗਿਆਰਾਂ ਸਾਲਾਂ ਤੋਂ ਪ੍ਰਭਾਵਸ਼ਾਲੀ ਰਾਜਸੀ ਪਾਰਟੀਆਂ ਦੇ ਪ੍ਰਭਾਵਸ਼ਾਲੀ ਨੇਤਾ ਜਿਸ ਢੰਗ ਨਾਲ ਨਿਆਂਪਾਲਿਕਾ ਦੀ ਕਾਰਜਸ਼ੈਲੀ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ, ਉਸ ਨਾਲ ਆਮ ਲੋਕ, ਵਿਸ਼ੇਸ਼ ਕਰ ਕੇ ਦਲਿਤ ਅਤੇ ਗ਼ਰੀਬ ਵਰਗ ਨਾਲ ਸਬੰਧਿਤ ਔਰਤਾਂ ਨੂੰ ਇਨਸਾਫ਼ ਮਿਲਣਾ ਹੁਣ ਦੂਰ ਦੀ ਗੱਲ ਹੋ ਗਈ ਹੈ। ਸਾਡਾ ਸੰਵਿਧਾਨ ਭਾਵੇਂ ਹਰੇਕ ਬਾਲਗ ਮੁੰਡੇ ਅਤੇ ਕੁੜੀ ਨੂੰ ਆਪਣੇ ਮਨਪਸੰਦ ਸਾਥੀ ਨਾਲ ਰਹਿਣ ਦਾ ਅਧਿਕਾਰ ਦਿੰਦਾ ਹੈ ਪਰ ਕਿਸੇ ਵੀ ਲੜਕੀ/ਔਰਤ ਦੀ ਆਪਣੀ ਇੱਛਾ ਤੋਂ ਬਿਨਾਂ ਕਿਸੇ ਵੀ ਲੜਕੇ, ਨੌਜਵਾਨ ਜਾਂ ਪੁਰਸ਼ ਨੂੰ ਇਹ ਅਧਿਕਾਰ ਹਰਗਿਜ਼ ਨਹੀਂ ਹੈ ਕਿ ਉਸ ਨੂੰ ਛੋਹ ਵੀ ਸਕੇ। ਹੁਣ ਅਲਾਹਾਬਾਦ ਹਾਈ ਕੋਰਟ ਨੇ ਇੱਕ ਲੜਕੀ ਨਾਲ ਵਧੀਕੀ ਵਾਲੇ ਕੇਸ ਵਿੱਚ ਜੋ ਫ਼ੈਸਲਾ ਸੁਣਾਇਆ, ਉਸ ਨੇ ਇਸ ਮਸਲੇ ਬਾਰੇ ਵੱਡੇ ਪੱਧਰ ’ਤੇ ਚਰਚਾ ਛੇੜੀ ਅਤੇ ਸੁਪਰੀਮ ਕੋਰਟ ਨੇ ਇਸ ਫ਼ੈਸਲੇ ਬਾਰੇ ਬਾਕਾਇਦਾ ਟਿੱਪਣੀ ਕੀਤੀ। ਹੁਣ ਆਮ ਲੋਕਾਂ ਨੂੰ ਤਾਂ ਹੀ ਇਨਸਾਫ਼ ਮਿਲੇਗਾ ਜੇ ਉਹ ਜਾਗਣਗੇ ਅਤੇ ਜਾਗਰੂਕ ਹੋਣਗੇ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ
ਜਮਹੂਰੀਅਤ ਦੇ ਮਸਲੇ
24 ਅਪਰੈਲ ਦੇ ਅੰਕ ਵਿੱਚ ਸੰਜੇ ਹੈਗੜੇ ਦਾ ਲੇਖ ‘ਨਿਆਂਪਾਲਿਕਾ ਬਨਾਮ ਕਾਰਜਪਾਲਿਕਾ’ ਪੜ੍ਹਿਆ। ਇਹ ਠੀਕ ਹੈ ਕਿ ਸਰਬਉੱਚ ਅਦਾਲਤ ਸੰਵਿਧਾਨ ਦੀ ਵਿਆਖਿਆ ਨਾਲ, ਅਸਪਸ਼ਟ ਅਤੇ ਖਲਾਅ ਵਾਲੀ ਜਗ੍ਹਾ ’ਤੇ ਆਪਣੇ ਫ਼ੈਸਲੇ ਨਾਲ ਉਸ ਖਲਾਅ ਨੂੰ ਪੂਰ ਕਰ ਸਕਦੀ ਹੈ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਸਰਬਉੱਚ ਅਦਾਲਤ ਨੇ ਆਪਣੀ ਸ਼ਕਤੀ ਦੀ ਵਰਤੋਂ ਜਮਹੂਰੀਅਤ ਵਿਰੁੱਧ ਕੀਤੀ ਹੈ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੋ ਕਾਨੂੰਨ ਵਿਧਾਨ ਪਾਲਿਕਾ ਨੇ ਬਣਾਇਆ ਹੁੰਦਾ ਹੈ, ਉਹ ਵੀ ਲੋਕ ਹਿੱਤ ਵਿੱਚ ਬਣਾਇਆ ਹੁੰਦਾ ਅਤੇ ਉਸ ਕਾਨੂੰਨ ਨੂੰ ਅਣਮਿੱਥੇ ਸਮੇਂ ਲਈ ਬਿਨਾਂ ਕਿਸੇ ਕਾਰਨ ਲਮਕਾ ਕੇ ਰੱਖਣਾ ਵੀ ਜਮਹੂਰੀਅਤ ਦੀ ਉਲੰਘਣਾ ਹੈ। ਸੰਵਿਧਾਨਿਕ ਅਹੁਦੇ ’ਤੇ ਬਿਰਾਜਮਾਨ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਜਿੱਥੋਂ ਤੱਕ ਸੰਭਵ ਹੋਵੇ, ਰਾਜਪਾਲ ਸੂਬੇ ਦੇ ਮੁੱਖ ਮੰਤਰੀ ਦੀ ਸਹਿਮਤੀ ਨਾਲ ਨਿਯੁਕਤ ਕਰਨੇ ਚਾਹੀਦੇ ਹਨ ਤਾਂ ਕਿ ਜਮਹੂਰੀਅਤ ਵਾਲੀ ਸਦਭਾਵਨਾ ਬਣੀ ਰਹੇ।
ਸੁਰਿੰਦਰਪਾਲ, ਚੰਡੀਗੜ੍ਹ
ਆਰਥਿਕ ਹਮਲਾ
24 ਅਪਰੈਲ ਦੇ ਸੰਪਾਦਕੀ ‘ਕਸ਼ਮੀਰੀ ਲੋਕਾਂ ਦੀ ਪੀੜ’ ਵਿੱਚ ਕਸ਼ਮੀਰੀ ਲੋਕਾਂ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ ਗਿਆ ਹੈ। ਜਿੱਥੇ ਇਹ ਹਮਲਾ ਮਾਨਸਿਕ ਤੌਰ ’ਤੇ ਝੰਜੋੜਨ ਵਾਲਾ ਹੈ, ਉੱਥੇ ਇਹ ਹਮਲਾ ਕਸ਼ਮੀਰੀ ਲੋਕਾਂ ਨੂੰ ਆਰਥਿਕ ਤੌਰ ਉੱਤੇ ਤੋੜਨ ਦਾ ਕੰਮ ਕਰੇਗਾ, ਕਿਉਂਕਿ ਕਸ਼ਮੀਰ ਦਾ ਜ਼ਿਆਦਾ ਕਾਰੋਬਾਰ ਸੈਲਾਨੀਆਂ ’ਤੇ ਨਿਰਭਰ ਹੈ।
ਹਰਮਨਜੀਤ ਸਿੰਘ, ਈਮੇਲ
ਸਰਪੰਚੀ ਦੀ ਜੁਰਅਤ
23 ਅਪਰੈਲ ਦੇ ਮਿਡਲ ‘ਸਰਪੰਚੀ ਦਾ ਉਹ ਦਿਨ’ ਵਿੱਚ ਸੁਰਿੰਦਰ ਕੈਲੇ ਨੇ ਆਪਣੀ ਜੁਰਅਤ ਭਰੀ ਸਰਪੰਚੀ ਦੀ ਮਿਸਾਲ ਦਿੱਤੀ ਹੈ। ਚੰਗੇ ਸਿਆਸਤਦਾਨ ਬਣਨ ਲਈ ਸਾਹਿਤਕ ਤੇ ਲੋਕ ਪੱਖੀ ਸੂਝ ਅਤੇ ਗ਼ਰੀਬ ਦੇ ਹੱਕ ’ਚ ਖੜ੍ਹਨ ਦਾ ਜਜ਼ਬਾ ਹੋਣਾ ਲਾਜ਼ਮੀ ਹੈ।
ਰਾਜਵਿੰਦਰ ਰੌਂਤਾ, ਮੋਗਾ
(2)
23 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਸੁਰਿੰਦਰ ਕੈਲੇ ਦਾ ਲੇਖ ‘ਸਰਪੰਚੀ ਦੇ ਉਹ ਦਿਨ’ ਛਪਿਆ ਹੈ। ਇਹ ਇੱਕ ਤਰ੍ਹਾਂ ਨਾਲ ਲੇਖਕ ਦੀ ਜੀਵਨ ਯਾਤਰਾ ਦੀ ਕਹਾਣੀ ਹੈ। ਇਹ ਅਸਲ ਵਿੱਚ ਆਮ ਵਿਅਕਤੀ ਦੀ ਆਸਾਧਾਰਨ ਯਾਤਰਾ ਹੈ ਜੋ ਸਕੂਲ ਤੋਂ ਸ਼ੁਰੂ ਹੋ ਕੇ ਰਾਜਨੀਤੀ ਅਤੇ ਸਮਾਜ ਸੇਵਾ ਰਾਹੀਂ ਲੋਕਾਂ ਦੀ ਭਲਾਈ ਲਈ ਅੱਗੇ ਵਧਦੀ ਹੈ।
ਗੁਰਿੰਦਰਪਾਲ ਸਿੰਘ, ਰਾਜਪੁਰਾ
ਵੋਟ ਸਿਆਸਤ
21 ਅਪਰੈਲ ਦਾ ਸੰਪਾਦਕੀ ‘ਮਹਾਰਾਸ਼ਟਰ ਦੀ ਰਾਜਨੀਤੀ’ ਵਿੱਚ ਪ੍ਰਾਂਤ ਦੀ ਬਦਲ ਰਹੀ ਸਿਆਸਤ ਦੀ ਗੱਲ ਵਿਚਾਰੀ ਗਈ ਹੈ। ਇੱਕ ਗੱਲ ਸਪੱਸ਼ਟ ਹੈ ਕਿ ਮਹਾਰਾਸ਼ਟਰ ਵਿੱਚ ਵੀ ਉਹੀ ਕੁਝ ਹੋ ਰਿਹਾ ਹੈ ਜੋ ਪੂਰੇ ਮੁਲਕ ਦੀ ਸਿਆਸਤ ਵਿੱਚ ਚੱਲ ਰਿਹਾ ਹੈ। ਇਸ ਦਾ ਧੁਰਾ ਵੋਟ ਰਾਜਨੀਤੀ ਅਤੇ ਭਾਈ ਭਤੀਜਾਵਾਦ ਹੈ। ਸਾਰੀਆਂ ਰਾਜਨੀਤਕ ਪਾਰਟੀਆਂ (ਵਿਰਲੇ-ਟਾਵੇਂ ਖੱਬੇ ਪੱਖੀਆਂ ਨੂੰ ਛੱਡ ਕੇ) ਸੱਤਾ ਪ੍ਰਾਪਤੀ ਲਈ ਵੱਧ ਤੋਂ ਵੱਧ ਵੋਟਰ ਜੋੜਨ ਲਈ ਕਿਸੇ ਵੀ ਹੱਦ ਤਕ ਜਾ ਸਕਦੀਆਂ ਹਨ। ਜਾਤੀ, ਧਰਮ, ਭਾਸ਼ਾ ਆਦਿ ਨੂੰ ਸਿਆਸੀ ਲੋੜ ਅਨੁਸਾਰ ਵਡਿਆਇਆ ਵੀ ਜਾਂਦਾ ਹੈ ਤੇ ਬਦਨਾਮ ਵੀ ਕੀਤਾ ਜਾਂਦਾ ਹੈ; ਮੰਤਵ ਇੱਕ ਹੀ ਹੁੰਦਾ ਹੈ ਕਿ ਕਿਸੇ ਖ਼ਾਸ ਵਰਗ ਜਾਂ ਖ਼ਿੱਤੇ ਦੇ ਲੋਕਾਂ/ਵੋਟਰਾਂ ਨੂੰ ਨਾਲ ਜੋੜਿਆ ਜਾਵੇ। ਆਮ ਲੋਕਾਂ ਦੇ ਮਸਲੇ ਜਿਵੇਂ ਬਿਮਾਰੀਆਂ, ਗ਼ਰੀਬੀ, ਅਨਪੜ੍ਹਤਾ, ਨਸ਼ੇ, ਮਹਿੰਗਾਈ, ਬੇਰੁਜ਼ਗਾਰੀ ਆਦਿ ਸਭ ਪਿੱਛੇ ਰਹਿ ਗਏ ਹਨ, ਸਿਰਫ਼ ਵੋਟ ਸਿਆਸਤ ਭਾਰੂ ਹੈ।
ਅਮਰਜੀਤ ਸਿੰਘ ਜੰਜੂਆ, ਮਾਜਰਾ ਮੰਨਾ ਸਿੰਘ ਵਾਲਾ
ਕਿਰਤੀਆਂ ਬਾਰੇ ਗੱਲਾਂ
19 ਅਪਰੈਲ ਨੂੰ ਸੁਪਿੰਦਰ ਸਿੰਘ ਰਾਣਾ ਦਾ ਲੇਖ ‘ਘਾਟ’ ਪੜ੍ਹਿਆ। ਲੇਖਕ ਨੇ ਕਿਰਤੀ ਬੰਦਿਆਂ ਦੇ ਸੁਭਾਅ, ਮਿਲਣਸਾਰਤਾ, ਬੱਚਿਆਂ ਪ੍ਰਤੀ ਪਿਆਰ ਤੇ ਖੁੱਲ੍ਹਦਿਲੀ ਬਾਰੇ ਦੱਸ ਕੇ ਸਾਨੂੰ ਸਭ ਨੂੰ ਪ੍ਰੇਰਿਆ ਹੈ। ਸਾਨੂੰ ਚੰਗੇ ਇਨਸਾਨ ਬਣ ਕੇ ਲੋਕ ਸੇਵੀ ਕਾਰਜ ਕਰਨੇ ਚਾਹੀਦੇ ਹਨ।
ਸਿਮਰਤਦੀਪ ਕੌਰ, ਕੈਲਗਰੀ (ਕੈਨੇਡਾ)
(2)
19 ਅਪਰੈਲ ਦੇ ਅੰਕ ਵਿੱਚ ਸੁਪਿੰਦਰ ਸਿੰਘ ਰਾਣਾ ਦਾ ਲੇਖ ‘ਘਾਟ’ ਪੜ੍ਹਿਆ। ਦੁੱਖ-ਸੁੱਖ ਦੀ ਗੂੜ੍ਹੀ ਸਾਂਝ ਹੁੰਦੀ ਹੈ। ਜਦੋਂ ਸਾਡੇ ਆਪਣੇ ਘਰਾਂ ਵਿੱਚ ਕੋਈ ਹਾਦਸਾ ਵਾਪਰਦਾ ਹੈ ਤਾਂ ਲੋਕ ਉਸ ਪਰਿਵਾਰ ਦੀ ਮਦਦ ਲਈ ਆ ਖੜ੍ਹਦੇ ਹਨ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
ਦਿਲਾਂ ਨੂੰ ਧੂਹ
14 ਅਪਰੈਲ ਨੂੰ ਅਵਤਾਰ ਸਿੰਘ ਪਤੰਗ ਦਾ ਲੇਖ ‘ਸਮੇਂ ਨੇ ਇੱਕ ਨਾ ਮੰਨੀ’ ਦਿਲਾਂ ਨੂੰ ਧੂਹ ਪਾਉਣ ਵਾਲਾ ਸੀ। ਉਦੋਂ ਲੋਕਾਂ ਕੋਲ ਸਾਧਨ ਘੱਟ ਸੀ ਪਰ ਲੋਕ ਖੁਸ਼ ਸੀ। ਪਿਆਰ, ਅਪਣੱਤ, ਮਿਲਵਰਤਣ ਤੇ ਭਾਈਚਾਰਕ ਸਾਂਝ ਜ਼ਿੰਦਗੀ ਦਾ ਹਿੱਸਾ ਸੀ। ਨਿਰੰਤਰਤਾ ਅਤੇ ਤਬਦੀਲੀ ਭਾਵੇਂ ਕੁਦਰਤ ਦਾ ਨਿਯਮ ਹੈ ਪਰ ਤਬਦੀਲੀ ਦਾ ਰੁਝਾਨ ਸਮਾਜਿਕ ਸੂਝ ਦੇ ਕਾਇਦੇ-ਕਾਨੂੰਨ ਅਨੁਸਾਰ ਹੀ ਹੋਣਾ ਚਾਹੀਦਾ ਹੈ। ਆਪ ਮੁਹਾਰੀ ਤਬਦੀਲੀ ਸਮਾਜਿਕ ਸੋਚ ਦੇ ਪਤਨ ਦਾ ਕਾਰਨ ਬਣ ਜਾਂਦੀ ਹੈ। ਲੇਖਕ ਦੀਆਂ ਯਾਦਾਂ ਦੀ ਪਟਾਰੀ ਉਸ ਵੇਲੇ ਦੀ ਪੀੜ੍ਹੀ ਨੂੰ ਖ਼ੁਦ ਆਪਣੀ ਜੀਵਨ ਕਥਾ ਜਾਪਦੀ ਹੈ। ਭਲੇ ਵੇਲਿਆਂ ਦੀ ਯਾਦ ਅਤੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਰਤਾਰੇ ’ਚ ਜ਼ਮੀਂ ਅਸਮਾਨ ਦਾ ਫ਼ਰਕ ਹੈ। ਇਸੇ ਅੰਕ ’ਚ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦਾ ਲੇਖ ‘ਖਾਲਸਾ ਸਾਜਨਾ ਦਾ ਮਹੱਤਵ’ ਭਾਵਪੂਰਤ ਹੈ।
ਪ੍ਰੀਤਮ ਸਿੰਘ ਮੁਕੰਦਪੁਰੀ (ਲੁਧਿਆਣਾ)