ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕ ਐਤਵਾਰ ਦੀ

04:13 AM Apr 27, 2025 IST
featuredImage featuredImage

ਬਦ-ਦੁਆ ਨਾ ਲੱਗ ਜਾਵੇ!

ਐਤਵਾਰ 13 ਅਪਰੈਲ ਦੇ ਅੰਕ ਵਿੱਚ ਜਸਵੰਤ ਸਿੰਘ ਜਫ਼ਰ ਦਾ ਲੇਖ ‘ਆਪਣੀ ਬੋਲੀ ਆਪਣੇ ਲੋਕ’ ਆਪਣੇ ਉਨ੍ਹਾਂ ਲੋਕਾਂ ਨੂੰ ਸਹੀ ਸ਼ੀਸ਼ਾ ਦਿਖਾਉਂਦਾ ਹੈ ਜੋ ਪੰਜਾਬੀ ਹੋ ਕੇ ਵੀ ਆਪਣੀ ਮਾਂ-ਬੋਲੀ ਪੰਜਾਬੀ ਦੇ ਸਕੇ ਨਹੀਂ ਬਣ ਸਕੇ। ਜਿਨ੍ਹਾਂ ਲਈ ਅੰਗਰੇਜ਼ੀ ਸਕੂਲਾਂ ਵਿੱਚ ਅੰਗਰੇਜ਼ੀ ਅਤੇ ਘਰਾਂ ਵਿੱਚ ਹਿੰਦੀ ਬੋਲਣਾ ਫੈਸ਼ਨ ਬਣ ਚੁੱਕਾ ਹੈ। ਇਸ ਵਿੱਚ ਕਸੂਰ ਬੱਚਿਆਂ ਦਾ ਨਹੀਂ, ਸਿਰਫ਼ ਮਾਪਿਆਂ ਦਾ ਹੈ। ਇੱਕ ਪਾਸੇ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖ਼ਤਰੇ ਦੀ ਘੰਟੀ ਵੱਜ ਰਹੀ ਹੈ ਅਤੇ ਦੂਜੇ ਪਾਸੇ ਅਸੀਂ ਮਾਂ ਬੋਲੀ ਨੂੰ ਤਿਆਗਣ ਦਾ ਤਹੱਈਆ ਕਰੀ ਬੈਠੇ ਹਾਂ। ਅਜਿਹੇ ਲੋਕ ਆਪਣੇ ਆਪ ਨੂੰ ਅਗਾਂਹਵਧੂ ਅਤੇ ਆਧੁਨਿਕ ਦਿਖਾਉਣਾ ਚਾਹੁੰਦੇ ਹਨ ਜਦੋਂਕਿ ਲੇਖਕ ਨੇ ਸਹੀ ਕਿਹਾ ਹੈ ਕਿ ਉਹੀ ਕੌਮਾਂ ਅੱਗੇ ਵਧਦੀਆਂ ਹਨ ਜਿਹੜੀਆਂ ਆਪਣੀ ਮਾਂ-ਬੋਲੀ ਨਾਲ ਜੁੜੀਆਂ ਰਹਿੰਦੀਆਂ ਹਨ। ਜਰਮਨੀ, ਫਰਾਂਸ ਅਤੇ ਚੀਨ ਵਰਗੇ ਮੁਲਕਾਂ ਨੇ ਇੰਨੀ ਤਰੱਕੀ ਆਪਣੀ ਮਾਤ-ਭਾਸ਼ਾ ਦੇ ਸਿਰ ’ਤੇ ਹੀ ਕੀਤੀ ਹੈ ਕਿਸੇ ਹੋਰ ਭਾਸ਼ਾ ਦੇ ਆਧਾਰ ’ਤੇ ਨਹੀਂ। ਕਿਸੇ ’ਤੇ ਕੀ ਗਿਲਾ ਕਰੀਏ? ਸਾਡੀ ਬੇੜੀ ਵਿੱਚ ਵੱਟੇ ਤਾਂ ਸਾਡੇ ਆਪਣਿਆਂ ਨੇ ਹੀ ਪਾਏ ਹਨ। ਟੈਕਸਟ ਬੁੱਕ ਬੋਰਡ ਅਤੇ ਪੰਜਾਬੀ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਨੂੰ ਖੂੰਜੇ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਰਾਜ ਭਾਸ਼ਾ ਐਕਟ ਬਣਨ ਦੇ ਬਾਵਜੂਦ ਅਸੀਂ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਨਹੀਂ ਬਣਾ ਸਕੇ। ਕਾਨੂੰਨ ਅਤੇ ਵਿਗਿਆਨ ਵਰਗੇ ਵਿਸ਼ਿਆਂ ਦੀ ਸਿੱਖਿਆ ਅਸੀਂ ਹਾਲੇ ਤੱਕ ਪੰਜਾਬੀ ਵਿੱਚ ਸ਼ੁਰੂ ਨਹੀਂ ਕਰ ਸਕੇ। ਹੋਰ ਤਾਂ ਹੋਰ ਸਕੂਲਾਂ, ਕਾਲਜਾਂ ਵਿੱਚ ਜ਼ਰੂਰੀ ਪੰਜਾਬੀ ਦੇ ਪੜ੍ਹਾਏ ਜਾ ਰਹੇ ਵਿਸ਼ੇ ਨੂੰ ਵੀ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਨਿੱਤ-ਦਿਨ ਕੀਤੀਆਂ ਜਾ ਰਹੀਆਂ ਹਨ। ਕਾਸ਼, ਅਸੀਂ ਆਪਣੇ ਪੇਕੇ ਆਪਣੀ ਮਾਂ ਦੇ ਵਿਹੜੇ ਵਿੱਚ ਜਲਦੀ ਮੁੜ ਆਈਏ। ਮਾਂ ਤੋਂ ਮੁਨਕਰ ਹੋ ਕੇ ਪਰਦੇਸ ਗਏ ਪੰਜਾਬੀ ਮੁੜ ਆਪਣੀ ਮਾਂ ਦੀ ਸਾਰ ਲੈਣ। ਕਿਤੇ ਰਸੂਲ ਹਮਜ਼ਾਤੋਵ ਵਾਲੀ ਬਦ-ਦੁਆ ਮੇਰੇ ਪੰਜਾਬੀਆਂ ਨੂੰ ਨਾ ਲੱਗ ਜਾਵੇ!
ਇਸੇ ਅੰਕ ਵਿੱਚ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਸੰਪਾਦਕੀ ਲੇਖ ‘ਸਿੱਖਿਆ ਦੇ ਚਾਨਣ ਨੂੰ ਨਾ ਨ੍ਹੇਰਾ ਕੋਈ ਡਰਾਏ’ ਉਨ੍ਹਾਂ ਲੋਕਾਂ ਨੂੰ ਚਾਨਣ ਵੰਡਣ ਵਾਲਾ ਹੈ, ਜੋ ਕੁਰਸੀ ਦੇ ਨਸ਼ੇ ਵਿੱਚ ਆਪਣੀ ਸੋਚ ਤੇ ਜ਼ੁਬਾਨ ’ਤੇ ਕਾਬੂ ਗੁਆ ਬੈਠਦੇ ਹਨ। ਉਮਰ ਭਾਵੇਂ ਕੋਈ ਵੀ ਹੋਵੇ, ਇਨ੍ਹਾਂ ਦੋਵਾਂ ’ਤੇ ਕੰਟਰੋਲ ਹੋਣਾ ਜ਼ਰੂਰੀ ਹੈ। ਮੌਜੂਦਾ ਵਿਧਾਇਕ ਨੇ ਆਪਣਾ ਸਵਾਗਤ ਕਰਨ ਵਾਲੇ ਅਧਿਆਪਕਾਂ ਅਤੇ ਬੱਚਿਆਂ ਦੀ ਕੀਤੀ ਝਾੜ-ਝੰਬ, ਉਹ ਵੀ ਉਸ ਕਸੂਰ ਲਈ ਜੋ ਉਨ੍ਹਾਂ ਨੇ ਕੀਤਾ ਹੀ ਨਹੀਂ ਸੀ, ਬਹੁਤ ਗ਼ਲਤ ਅਤੇ ਨਿੰਦਣਯੋਗ ਹੈ। ਇਸ ਦੀ ਨਿਖੇਧੀ ਕਰਨੀ ਬਣਦੀ ਹੈ।
ਡਾ. ਤਰਲੋਚਨ ਕੌਰ, ਪਟਿਆਲ਼ਾ

Advertisement

ਬਿਹਤਰੀਨ ਪੇਸ਼ਕਾਰੀ

ਐਤਵਾਰ 13 ਅਪਰੈਲ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਚਰਨਜੀਤ ਭੁੱਲਰ ਦੀ ਰਚਨਾ ‘ਅਸਾਡਾ ਇੰਦਰ, ਤੇਰਾ ਖੁਆਜਾ’ ਬਿਹਤਰੀਨ ਪੇਸ਼ਕਾਰੀ ਲੱਗੀ। ਭੁੱਲਰ ਹੋਰਾਂ ਦੀ ਵੱਖ ਵੱਖ ਸੱਭਿਆਚਾਰ ਦੇ ਨਮੂਨਿਆਂ ਦੀ ਵੰਨਗੀ ਉਨ੍ਹਾਂ ਦੀ ਲੇਖਣੀ ਨੂੰ ਉਘਾੜਦੀ ਹੈ। ਪਾਣੀ ਦੀ ਸੰਜਮ ਨਾਲ ਵਰਤੋਂ ਲਈ ਪੁਰਾਣੇ ਸਮਿਆਂ ਦੀਆਂ ਉਦਾਹਰਣਾਂ ਦੇ ਕੇ ਪਾਣੀ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। ਲੋੜ ਹੈ ਇਨ੍ਹਾਂ ਗੱਲਾਂ ’ਤੇ ਅਮਲ ਕਰਨ ਦੀ।
ਰਤਨ ਸਿੰਘ ਭੰਡਾਰੀ, ਧੂਰੀ (ਸੰਗਰੂਰ)

ਨਿਮਰਤਾ ਲਾਜ਼ਮੀ

ਐਤਵਾਰ 13 ਅਪਰੈਲ ਦੇ ਅੰਕ ਵਿੱਚ ਅਰਵਿੰਦਰ ਜੌਹਲ ਦਾ ਲੇਖ ‘ਸਿੱਖਿਆ ਦੇ ਚਾਨਣ ਨੂੰ ਨਾ ਨ੍ਹੇਰਾ ਕੋਈ ਡਰਾਵੇ’ ਪੜ੍ਹਿਆ, ਜੋ ਕੁਝ ਦਿਨ ਪਹਿਲਾਂ ਇੱਕ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਸਾਹਿਬ ਵੱਲੋਂ ਸਕੂਲ ਅਧਿਆਪਕਾਂ ਨਾਲ ਰੁੱਖੇ ਵਿਹਾਰ ’ਤੇ ਟਿੱਪਣੀ ਕਰਦਾ ਹੈ। ਇਸ ਘਟਨਾ ਦੀ ਚਰਚਾ ਪੰਜਾਬ ਦੇ ਅਧਿਆਪਕ ਵਰਗ ਵਿੱਚ ਬਹੁਤ ਹੋਈ ਹੈ। ਸਿਹਤ ਮੰਤਰੀ ਹੁੰਦਿਆਂ ਜੌੜੇਮਾਜਰਾ ਨਾਲ ਜੁੜੀ ਮੈਡੀਕਲ ਕਾਲਜ ਵਾਲੀ ਘਟਨਾ ਦੀ ਗੂੰਜ ਵੀ ਪੰਜਾਬ ਵਿੱਚ ਪੈਂਦੀ ਰਹੀ ਸੀ। ਅਹੁਦਿਆਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਸਾਡੀ ਵਿਰਾਸਤ ਵਿੱਚ ਫਲ ਨੀਵਿਆਂ ਰੁੱਖਾਂ ਨੂੰ ਲਗਦੇ ਦਾ ਸੰਦੇਸ਼ ਮਿਲਦਾ ਹੈ। ਹੋਰ ਵੀ ਬਹੁਤ ਮਿਸਾਲਾਂ ਹਨ। ਪਾਵਨ ਗੁਰਬਾਣੀ ਬਹੁਤ ਕੁਝ ਸਿਖਾਉਂਦੀ ਹੈ, ਪਰ ਸ਼ਾਇਦ ਕੁਰਸੀਆਂ ਮਿਲਣ ਪਿੱਛੋਂ ਸਭ ਕੁਝ ਭੁੱਲ ਜਾਂਦਾ ਹੈ। ਖ਼ੈਰ, ਲੋਕ ਸਭ ਵੇਖਦੇ ਹਨ। ਵੋਟਾਂ ਪਾਉਣ ਵੇਲੇ ਉਹ ਸਭ ਦੇ ਚੰਗੇ ਮੰਦੇ ਕੰਮਾਂ ਤੇ ਵਿਹਾਰ ਦਾ ਹਿਸਾਬ ਰੱਖਦੇ ਹਨ।
ਲੇਖ ‘ਆਪਣੀ ਬੋਲੀ ਆਪਣੇ ਲੋਕ’ ਵਿੱਚ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਜਫ਼ਰ ਨੇ ਪੰਜਾਬੀ ਭਾਸ਼ਾ ਵਿੱਚ ਉੱਚ ਸਿੱਖਿਆ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਹ ਮੰਗ ਬਹੁਤ ਸਮੇਂ ਤੋਂ ਉੱਠਦੀ ਆ ਰਹੀ ਹੈ। ਰਾਜਸਥਾਨ ਵਿੱਚ ਮੈਡੀਕਲ ਸਿੱਖਿਆ ਹਿੰਦੀ ਵਿੱਚ ਹੈ ਤਾਂ ਆਜ਼ਾਦੀ ਦੇ ਏਨੇ ਸਾਲ ਬੀਤਣ ਪਿੱਛੋਂ ਵੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਸਿੱਖਿਆ ਦਾ ਮਾਧਿਅਮ ਕਿਉਂ ਨਹੀਂ ਬਣੀ? ਇਹ ਬਹੁਤ ਚਿੰਤਾ ਦੀ ਗੱਲ ਹੈ। ਨਾ ਹੀ ਇਹ ਸਿਧਾਂਤ ਕਿਸੇ ਦੀ ਸਮਝ ਵਿੱਚ ਆ ਰਿਹਾ ਹੈ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਮੁੱਢਲੀ ਸਿੱਖਿਆ ਗੁਰਮੁਖੀ ਵਿੱਚ ਦਿੱਤੀ ਜਾਵੇ। ਪ੍ਰਾਈਵੇਟ ਸਕੂਲ ਇਸ ’ਤੇ ਅਮਲ ਕਿਉਂ ਨਹੀਂ ਕਰ ਰਹੇ? ਪੰਜਾਬ ਨੂੰ ਦੋਭਾਸ਼ੀ ਸੂਬਾ ਨਾ ਬਣਨ ਦਿੱਤਾ ਜਾਵੇ। ਇਸ ਸੋਚ ਨਾਲ ਫ਼ਿਰਕੂਪੁਣਾ ਵਧਦਾ ਹੈ ਜਿਵੇਂ ਪੰਜਾਬ ਨੇ ਇਹ ਸੰਤਾਪ ਪਿਛਲੇ ਸਮੇਂ ਵਿੱਚ ਝੱਲਿਆ ਹੈ।
ਦਸਤਕ ਵਿੱਚ ਵਿਸਾਖੀ ਬਾਰੇ ਲੇਖ ਪੜ੍ਹ ਕੇ ਖ਼ੁਸ਼ੀ ਹੋਈ। ਵਿਸਾਖੀ ਦਾ ਆਨੰਦਪੁਰ ਸਾਹਿਬ ਵਿੱਚ ਵਾਪਰਿਆ ਕੌਤਕ ਭਾਵ ਪੰਜ ਪਿਆਰਿਆਂ ਦੀ ਸਾਜਨਾ ਦੇਸ਼ ਵਿੱਚ ਇਨਕਲਾਬੀ ਕਦਮ ਸੀ। ਗੁਰਦੇਵ ਸਿੰਘ ਸਿੱਧੂ ਨੇ 1919 ਦੀ ਵਿਸਾਖੀ ਵਾਲੇ ਦਿਨ ਹਰਿਮੰਦਰ ਸਾਹਿਬ ਬਾਰੇ ਬੰਬ ਦੀ ਅਫ਼ਵਾਹ ਦਾ ਜ਼ਿਕਰ ਕੀਤਾ ਹੈ। ਉਸ ਸਮੇਂ ਅੰਗਰੇਜ਼ਾਂ ਦੀ ਇਹ ਬਹੁਤ ਖ਼ਤਰਨਾਕ ਚਾਲ ਸੀ। ਲੇਖਕ ਦੀ ਨਵੀਂ ਖੋਜ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

Advertisement

ਅਨਿਆਂਪੂਰਨ ਤਰੀਕਾ

ਐਤਵਾਰ 6 ਅਪਰੈਲ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਢਹਿ ਢੇਰੀ ਹੋਏ ਘਰ ਤੇ ਗੁਆਚਿਆ ਨਿਆਂ’ ਦਿਲ ਨੂੰ ਛੂਹ ਗਿਆ। ਇਹ ਬੇਹੂਦਾ ਤੇ ਭੱਦਾ ਜਿਹਾ ਢੰਗ ਚੱਲ ਪਿਆ ਹੈ ਕਿ ਦੋਸ਼ੀਆਂ ਨੂੰ ਫੜਨ ਤੇ ਸਜ਼ਾ ਦੇਣ ਦੀ ਬਜਾਏ ਉਸ ਦੇ ਘਰ ’ਤੇ ਬੁਲਡੋਜ਼ਰ ਚਲਾ ਕੇ ਮਿੱਟੀ ’ਚ ਮਿਲਾ ਦਿਉ। ਘਰ ਕਿਤੇ ਐਵੇਂ ਬਣ ਜਾਂਦੇ ਹਨ? ਇਸ ’ਤੇ ਕਿੰਨੀ ਮਿਹਨਤ, ਸਮਾਂ ਤੇ ਸਰਮਾਇਆ ਲੱਗਾ ਹੁੰਦਾ ਹੈ, ਜਿੱਥੇ ਸਾਰਾ ਪਰਿਵਾਰ ਆਪਣਾ ਜੀਵਨ ਗੁਜ਼ਾਰ ਰਿਹਾ ਹੁੰਦਾ ਹੈ। ਇਹ ਰੈਣ ਬਸੇਰਾ ਆਪਸੀ ਪ੍ਰੇਮ ਪਿਆਰ ਨਾਲ ਸਿੰਜਿਆ ਹੁੰਦਾ ਹੈ, ਜੋ ਮਿੰਟਾਂ ’ਚ ਢਹਿ-ਢੇਰੀ ਕਰ ਦਿੱਤਾ ਜਾਂਦਾ ਹੈ। ਇਹ ਅਨਿਆਂਪੂਰਨ ਤੇ ਜ਼ਾਲਮਾਨਾ ਤਰੀਕਾ ਹੈ। ਪਹਿਲਾਂ ਆਮ ਲੋਕਾਂ ਨੂੰ ਰੁਜ਼ਗਾਰ, ਸਿਹਤ, ਸਿੱਖਿਆ ਤੇ ਸਵੱਛ ਮਾਹੌਲ ਨਹੀਂ ਦਿੱਤਾ ਜਾਂਦਾ। ਇਸ ਕਾਰਨ ਉਹ ਵਿਦੇਸ਼ੀਂ ਜਾਣ ਲਈ ਮਜਬੂਰ ਹਨ। ਫਿਰ ਦੇਸ਼ਾਂ ਦੀਆਂ ਆਪਸੀ ਨਫ਼ਰਤਾਂ ਦੁਸ਼ਮਣੀਆਂ ਨੂੰ ਜੰਗਾਂ ਯੁੱਧਾਂ ਰਾਹੀਂ ਸ਼ਹਿਰਾਂ ਦੇ ਸ਼ਹਿਰ ਥੇਹ ਬਣਾਏ ਜਾ ਰਹੇ ਹਨ। ਵਾਤਾਵਰਨ ਦਾ ਕੋਈ ਖ਼ਿਆਲ ਨਹੀਂ ਤੇ ਉੱਤੋਂ ਘਰਾਂ ਨੂੰ ਢਾਹੁਣ ਦਾ ਕਹਿਰ। ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ?
ਜਸਬੀਰ ਕੌਰ, ਅੰਮ੍ਰਿਤਸਰ

ਜਾਣਕਾਰੀ ਭਰਪੂਰ ਲੇਖ

ਐਤਵਾਰ 30 ਮਾਰਚ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਇਨਸਾਫ਼! ... ... ... ਹਾਜ਼ਰ ਜਾਂ ਗ਼ੈਰਹਾਜ਼ਰ’ ਦਿੱਲੀ ਹਾਈ ਕੋਰਟ ਦੇ ਜੱਜ ਯਸਵੰਤ ਵਰਮਾ ਦੇ ਘਰ 14 ਮਾਰਚ ਨੂੰ ਲੱਗੀ ਅੱਗ ਦੇ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਾ ਹੈ। ਇਹ ਸਾਰਾ ਘਟਨਾਕ੍ਰਮ ਅਧਿਕਾਰੀਆਂ ਵੱਲੋਂ ਡਿਊਟੀ ਵਿੱਚ ਕੁਤਾਹੀ ਹੀ ਕਿਹਾ ਜਾ ਸਕਦਾ ਹੈ। ਫਿਲਹਾਲ ਤਾਂ ਇਹੋ ਕਾਮਨਾ ਕਰ ਸਕਦੇ ਹਾਂ ਕਿ ਇਨਸਾਫ਼ ਦੇ ਘਰ ਲੱਗੀ ਅੱਗ ਕੁਠਾਲੀ ਬਣ ਕੇ ਨਿਆਂ ਪ੍ਰਣਾਲੀ ਨੂੰ ਸ਼ੁੱਧ ਕਰਨ ਵਿੱਚ ਮਦਦ ਕਰੇ।
ਜਗਰੂਪ ਸਿੰਘ, ਉਭਾਵਾਲ

ਬੇਇਨਸਾਫ਼ੀ ਜਾਰੀ ਹੈ...

ਐਤਵਾਰ ਮਾਰਚ 2 ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਲੇਖ ‘ਜੋ ਘਰੀਂ ਨਾ ਪਰਤ ਸਕੇ...’ ਵਿੱਚ ਸੰਜੇ ਸੂਰੀ ਦੀ ਕਿਤਾਬ ਦੇ ਕੁਝ ਅੰਸ਼ ਪੜ੍ਹੇ। ਪਹਿਲਾਂ ਜਿਸ ਕਿਸੇ ਵੀ ਕਿਤਾਬ ਦਾ ਜ਼ਿਕਰ ਅਖ਼ਬਾਰ ਵਿੱਚ ਆਉਂਦਾ, ਮੈਂ ਪੜ੍ਹਦਾ-ਪੜ੍ਹਦਾ ਵਿਚਾਲਿਓਂ ਹਟ ਝੱਟ ਔਨਲਾਈਨ ਪੁਸਤਕ ਦਾ ਖਰੀਦ ਆਰਡਰ ਦੇ ਦਿੰਦਾ ਸੀ। ਇਸ ਵਾਰ ਵੀ ਇਹ ਪੁਸਤਕ ਖਰੀਦਣ ਦਾ ਖ਼ਿਆਲ ਮਨ ਵਿੱਚ ਉਭਰਿਆ। ਫਿਰ ਇਹ ਖ਼ਿਆਲ ਛੇਤੀ ਹੀ ਉੱਡ ਗਿਆ। ਸੋਚਿਆ ਪੜ੍ਹ ਕੇ ਕੀ ਕਰ ਲਵਾਂਗੇ? ਪੁਸਤਕ ਦੇ ਪਾਤਰ ਮੋਹਨ ਸਿੰਘ ਵਾਂਗ ਗੁੱਸਾ? ਸੰਨ 47 ਤੋਂ ਲੈ ਕੇ ਅੱਜ ਤੱਕ ਸਿੱਖਿਆ ਤਾਂ ਅਸੀਂ ਕੁਝ ਵੀ ਨਹੀਂ। ਕਿਤੇ ਨਾ ਕਿਤੇ ਹਰ ਰੋਜ਼ ਦੰਗਾ ਕਰਦੇ ਹਾਂ। ਬੇਇਨਸਾਫ਼ੀ ਜਾਰੀ ਹੈ। ਅਸੀਂ ਪਹਿਲਾਂ ਨਾਲੋਂ ਵੱਧ ਨਫ਼ਰਤ ਬੀਜ ਲਈ ਹੈ।
ਦਰਸ਼ਨ ਸਿੰਘ ਭੁੱਲਰ

ਮਾਂ ਬੋਲੀ

ਲੇਖ ‘ਮਾਂ ਬੋਲੀ ਅਤੇ ਅਸੀਂ’ ਦਾ ਦਾਇਰਾ ਬਹੁਤ ਵਸੀਹ ਹੈ। ਹਰੇਕ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਦਰਅਸਲ, ਪੰਜਾਬ ਕੋਈ ਮੁਲਕ ਨਹੀਂ। ਭਾਰਤ ਦੇਸ਼ ਦਾ ਨਿੱਕਾ ਜਿਹਾ, ਪਰ ਅਹਿਮ ਰਾਜ ਹੈ ਜਿੱਥੋਂ ਦੀ ਬੋਲੀ ਬੋਲਣ ਵਾਲੀ ਵੱਸੋਂ ਕਰੋੜਾਂ ਵਿੱਚ ਹੈ ਅਤੇ ਯੂਰਪ, ਅਮਰੀਕਾ, ਕੈਨੇਡਾ, ਮਲੇਸ਼ੀਆ, ਆਸਟਰੇਲੀਆ ਆਦਿ ਕਈ ਦੇਸ਼ਾਂ ਤੱਕ ਫੈਲੀ ਹੋਈ ਹੈ। ਕਹਿੰਦੇ ਹਨ ਕਿ ਕੋਈ ਬੋਲੀ ਉਦੋਂ ਮਰ ਜਾਂਦੀ ਹੈ ਜਦੋਂ ਉਸ ਨੂੰ ਬੋਲਣ ਵਾਲਾ ਆਖ਼ਰੀ ਵਿਅਕਤੀ ਚੱਲ ਵੱਸੇ। ਉਹ ਸਮਾਂ ਆਉਣ ਵਾਲਾ ਨਹੀਂ। ਮੈਂ ਵੇਖਿਆ ਹੈ ਕਿ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਆਮ ਗੱਲਬਾਤ ਅਤੇ ਲੈਣ-ਦੇਣ ਪੰਜਾਬੀ ਵਿੱਚ ਹੀ ਹੁੰਦਾ ਹੈ। ਹਾਂ, ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਪਾਬੰਦੀ ਨਿੰਦਾ ਦੀ ਮੰਗ ਕਰਦੀ ਹੈ। ਇਹ ਪਾਬੰਦੀ ਕਿਸੇ ਵੀ ਧਿਰ ਦੇ ਹੱਕ ਵਿੱਚ ਨਹੀਂ ਸਗੋਂ ਇਹ ਬੱਚਿਆਂ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਗੁੰਝਲਾਂ ਨੂੰ ਜਨਮ ਦਿੰਦੀ ਹੈ। ਮੈਂ ਤਾਂ ਵੇਖਿਆ ਹੈ ਕਿ ਅੰਕ ਗਣਿਤ ਅਤੇ ਭੌਤਿਕ ਵਿਗਿਆਨ ਵਰਗੇ ਵਿਸ਼ਿਆਂ ਨੂੰ ਵੀ ਪੰਜਾਬੀ ਵਿੱਚ ਸਮਝਾਇਆ ਜਾਵੇ ਤਾਂ ਬੱਚਿਆਂ ਦੇ ਚਿਹਰੇ ’ਤੇ ਆਈ ਰੌਣਕ ਵੇਖਣ ਵਾਲੀ ਹੁੰਦੀ ਹੈ। ਹੋਰ ਭਾਸ਼ਾਵਾਂ ਵਿੱਚ ਗੱਲਬਾਤ ਰਸਮੀ ਅਤੇ ਬੇਦਿਲੀ ਜਿਹੀ ਜਾਪਦੀ ਹੈ। ਹਰ ਭਾਸ਼ਾ ਮੂਲ ਰੂਪ ਵਿੱਚ ਬੋਲਣ ਲਈ ਉਪਜੀ ਹੁੰਦੀ ਹੈ। ਲੱਗਦੀ ਵਾਹ ਪੰਜਾਬੀ ਵਿੱਚ ਹੀ ਗੱਲ ਕਰੀਏ। ਮਾਂ ਬੋਲੀ ਵਿੱਚ ਵਧੀਆ ਪੁਸਤਕਾਂ ਪੜ੍ਹੀਏ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ

Advertisement