ਪਾਠਕਾਂ ਦੇ ਖ਼ਤ
ਸਾਂਝੀਵਾਲਤਾ ਦਾ ਮੋਰਚਾ
ਵਿਜੈ ਬੰਬੇਲੀ ਦਾ ਲੇਖ ‘ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ’ (23 ਅਪਰੈਲ) ਸੰਵੇਦਨਸ਼ੀਲ ਬੰਦੇ ਦੇ ਦਿਲ ਦਿਮਾਗ ਨੂੰ ਝੰਜੋੜਨ ਵਾਲਾ ਹੈ। ਇਸ ਦਾ ਕਾਰਨ ਹੈ- ਅੱਜ ਦੁਨੀਆ ਵਿੱਚ ਵਾਪਰ ਰਿਹਾ ਮਨੁੱਖ ਦਾ ਮਨੁੱਖ ਪ੍ਰਤੀ ਅਣਮਨੁੱਖੀ ਵਤੀਰਾ। ਗਾਜ਼ਾ ਦੀ ਬਾਲੜੀ ਦੇ ਨੋਟ ਦੀ ਸਤਰ ‘ਅਸੀਂ ਜਾ ਰਹੇ ਹਾਂ, ਹੁਣ ਸਾਡੀਆਂ ਖ਼ਬਰਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ’ ਬਾਰੇ ਨੀਲੋਤਪਾਲ ਉਜੈਨ ਦੀ ਪ੍ਰਤੀਕਿਰਿਆ ‘‘ਸਭਿਅਕ ਸਮਾਜ ਦੀ ਸਿਰਜਣਾ ਤਾਂ ਦੂਰ ਦੀ ਗੱਲ, ਅਸੀਂ ਖ਼ਰਾ ਮਨੁੱਖ ਵੀ ਨਹੀਂ ਬਣ ਸਕੇ’’, ਇਹੋ ਸੰਕੇਤ ਦਿੰਦੀ ਹੈ। ਗਾਜ਼ਾ ਦਾ ਦੁਖਾਂਤ ਅਜੇ ਦਿਮਾਗ ਵਿੱਚ ਖਲਬਲੀ ਮਚਾ ਹੀ ਰਿਹਾ ਸੀ ਕਿ ਪਹਿਲਗਾਮ ਦਾ ਦਰਦਨਾਕ ਹਾਦਸਾ ਵਾਪਰ ਗਿਆ। ਮੌਕਾਪ੍ਰਸਤ ਰਾਜਨੀਤੀ ਨੇ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਦਰਦ ਅਤੇ ਕਸ਼ਮੀਰੀ ਮੁਸਲਮਾਨਾਂ ਦੀ ਸੰਵੇਦਨਸ਼ੀਲਤਾ ਤੋਂ ਹਟ ਕੇ ਜਿਸ ਤਰ੍ਹਾਂ ਹਿੰਦੂ-ਮੁਸਲਮਾਨ, ਭਾਰਤ-ਪਾਕਿਸਤਾਨ ਦਾ ਰਾਗ਼ ਅਲਾਪਣਾ ਸ਼ੁਰੂ ਕਰ ਦਿੱਤਾ, ਉਸ ਨੇ ਦੁਖਾਂਤ ਨੂੰ ਹੋਰ ਵੱਡਾ ਕਰ ਦਿੱਤਾ। ਹੁਣ ਸਮਾਜ ਦੇ ਦਰਦਮੰਦ ਲੋਕਾਂ ਨੂੰ ਸਾਂਝੀਵਾਲਤਾ ਦਾ ਮੋਰਚਾ ਸੰਭਾਲਣ ਲਈ ਇਕਮੁੱਠ ਹੋ ਜਾਣਾ ਚਾਹੀਦਾ ਹੈ।
ਸ਼ੋਭਨਾ ਵਿੱਜ, ਪਟਿਆਲਾ
ਦਿੱਲੀ ਦਾ ਇਰਾਦਾ
2 ਮਈ ਦਾ ਸੰਪਾਦਕੀ ‘ਬੀਬੀਐੱਮਬੀ: ਪੰਜਾਬ ਦੀ ਅਣਦੇਖੀ’ ਪੜ੍ਹ ਕੇ ਲੱਗਦਾ ਹੈ ਕਿ ਦਿੱਲੀ ਦੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਨ ਦਾ ਪੱਕਾ ਇਰਾਦਾ ਬਣਾ ਲਿਆ ਹੈ। ਸਾਰੇ ਕਾਇਦੇ-ਕਾਨੂੰਨ ਅੱਖੋਂ ਪਰੋਖੇ ਕਰ ਕੇ, ਇੱਕਤਰਫ਼ਾ ਫ਼ੈਸਲਾ ਕਰਨਾ ਤੇ ਉਸ ਨੂੰ ਨੇਪਰੇ ਚਾੜ੍ਹਨ ਲਈ ਹਰ ਜਾਇਜ਼-ਨਾਜਾਇਜ਼ ਤਰੀਕਾ ਵਰਤਣਾ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਇੱਕ ਪਾਸੇ ਛੱਡ ਕੇ ਹਰਿਆਣੇ ਦੇ ਹਿੱਤ ਪਾਲਣੇ ਕਿੱਥੋਂ ਤੱਕ ਠੀਕ ਹੈ? ਪਾਣੀ ਕਰ ਕੇ ਪੰਜਾਬ ਦੀ ਹਾਲਤ ਪਹਿਲਾਂ ਹੀ ਚਿੰਤਾਜਨਕ ਹੈ। ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਅਤੇ ਅਫਸਰਾਂ ਨੂੰ ਬਦਲ ਕੇ ਆਪਣੀ ਧੌਂਸ ਜਮਾਉਣੀ ਨਿੰਦਣਯੋਗ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਯੂਨੀਵਰਸਿਟੀ ਦੇ ਹਾਲਾਤ
ਡਾ. ਨਿਵੇਦਿਤਾ ਸਿੰਘ ਦੇ ਲੇਖ ‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ…...’ (30 ਅਪਰੈਲ) ਨੇ ਹਰ ਪੜ੍ਹਨ ਵਾਲੇ ਨੂੰ ਯੂਨੀਵਰਸਿਟੀ ਦੀ ਹਾਲਤ ਉੱਤੇ ਰੁਆਇਆ ਵੀ ਹੈ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਵੀ ਪੈਦਾ ਕੀਤਾ ਹੈ। ਯੂਨੀਵਰਸਿਟੀ ਨੂੰ ਵਾਈਸ ਚਾਂਸਲਰ ਦੇਣਾ ਕਿੰਨਾ ਕੁ ਵੱਡਾ ਕੰਮ ਹੈ ਜਿਹੜਾ ਹੋਣਾ ਤਾਂ ਤੁਰੰਤ ਚਾਹੀਦਾ ਸੀ ਪਰ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਨਹੀਂ ਹੋਇਆ। ਇਸ ਲਈ ਹੁਣ ਮੁੱਖ ਮੰਤਰੀ ਮਾਂ-ਬੋਲੀ ਪੰਜਾਬੀ, ਪੰਜਾਬੀ ਸਾਹਿਤ, ਸਭਿਆਚਾਰ ਉੱਤੇ ਬੋਲਣ ਦਾ ਆਪਣਾ ਹੱਕ ਗਵਾ ਚੁੱਕੇ ਹਨ। ਲੇਖਕਾ ਨੇ ਆਪਣੀ ਜ਼ਿੰਮੇਵਾਰੀ ਲੇਖ ਵਿੱਚ ਸਭ ਕੁਝ ਲਿਖ ਕੇ ਨਿਭਾਅ ਦਿੱਤੀ ਹੈ। ਹੁਣ ਯੂਨੀਵਰਸਿਟੀ ਦੇ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਬੱਜਰ ਕੁਤਾਹੀ ਲਈ ਜ਼ਿੰਮੇਵਾਰ ਲੋਕਾਂ ਨੂੰ ਠਿੱਠ ਕਰਨ ਲਈ ਕੁਝ ਕਰਨ। ਇਹ ਧਿਰਾਂ ਜੇ ਹੁਣ ਵੀ ਖ਼ਾਮੋਸ਼ ਰਹਿੰਦੀਆਂ ਹਨ ਤਾਂ ਮੁੱਖ ਮੰਤਰੀ ਨੂੰ ਸ਼ਾਬਾਸ਼ ਦੇਣ ਲਈ ਕੋਈ ਸਭਿਆਚਾਰਕ ਪ੍ਰੋਗਰਾਮ ਹੀ ਰੱਖ ਲੈਣ ਅਤੇ ਉਨ੍ਹਾਂ ਨੂੰ ਬੁਲਾ ਕੇ ਸਨਮਾਨਿਤ ਹੀ ਕਰ ਦੇਣ। ਧਿਰ ਤਾਂ ਬਣਨਾ ਹੀ ਪੈਣਾ ਹੈ।
ਸੁੱਚਾ ਸਿੰਘ ਖਟੜਾ, ਈਮੇਲ
(2)
30 ਅਪਰੈਲ ਨੂੰ ਡਾ. ਨਿਵੇਦਿਤਾ ਸਿੰਘ ਦਾ ਲੇਖ ‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ…’ ਪੜ੍ਹ ਕੇ ਬੜਾ ਦੁੱਖ ਲੱਗਿਆ ਕਿ ਜਿਸ ਯੂਨੀਵਰਸਿਟੀ ਨੂੰ ਅਸੀਂ ਆਪਣੀਆਂ ਅੱਖਾਂ ਸਾਹਮਣੇ ਵਧਦੇ-ਫੁਲਦੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੇ ਦੇਖਿਆ ਹੋਵੇ, ਉਹ ਕਿਸ ਕਦਰ ਰਸਾਤਲ ਵੱਲ ਜਾ ਰਹੀ ਹੈ। ਲੇਖਕਾ ਨੇ ਯੂਨੀਵਰਸਿਟੀ ਦਾ ਦਰਦ ਸੱਚੋ-ਸੱਚ ਬਿਆਨਿਆ ਹੈ। ਯੂਨੀਵਰਸਿਟੀ ਨਾਲ ਜੁੜਿਆ ਹਰ ਵਿਅਕਤੀ ਪੰਜਾਬ ਸਰਕਾਰ ਦੇ ਰੁੱਖੇ ਅਤੇ ਬੇਗਾਨਗੀ ਭਰੇ ਰਵੱਈਏ ਤੋਂ ਨਿਰਾਸ਼ ਤੇ ਉਦਾਸ ਹੈ। ਸਰਕਾਰ ਨੂੰ ਬੇਨਤੀ ਹੈ ਕਿ ਉਹ ਯੂਨੀਵਰਸਿਟੀ ਦੀ ਸਾਰ ਲਵੇ ਅਤੇ ਮੁੜ ਤੋਂ ਇਸ ਨੂੰ ਲਹਿ-ਲਹਾਉਂਦਾ ਕਰਨ ਲਈ ਆਪਣਾ ਫ਼ਰਜ਼ ਨਿਭਾਏ। ਪਰਵਾਸ ਅਤੇ ਨਸ਼ਿਆਂ ਨੇ ਪਹਿਲਾਂ ਹੀ ਪੰਜਾਬ ਦੀ ਗੱਡੀ ਲੀਹੋਂ ਲਾਹ ਦਿੱਤੀ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿੱਦਿਆ ਦਾਨ ਦੇ ਕੇ ਅਤੇ ਪੰਜਾਬ ਨੂੰ ਆਪਣੀ ਮਾਂ-ਬੋਲੀ ਨਾਲ ਜੋੜ ਕੇ ਹੀ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈ। ਮਾਂ-ਬੋਲੀ ਨੂੰ ਪ੍ਰਫੁੱਲਿਤ ਤੋਂ ਬਿਨਾਂ ਰੰਗਲਾ ਪੰਜਾਬ ਕਿਸ ਤਰ੍ਹਾਂ ਬਣੇਗਾ?
ਡਾ. ਤਰਲੋਚਨ ਕੌਰ, ਪਟਿਆਲਾ
(3)
30 ਅਪਰੈਲ ਨੂੰ ਡਾ. ਨਿਵੇਦਿਤਾ ਸਿੰਘ ਦਾ ਲੇਖ ‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ…...’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਿਤੀ ਬਾਬਤ ਚਰਚਾ ਛੇੜਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਯੂਨੀਵਰਸਿਟੀ ਪੱਕੇ ਵਾਈਸ ਚਾਂਸਲਰ ਤੋਂ ਬਿਨਾਂ ਚੱਲ ਰਹੀ ਹੈ। ਆਪਣੀ ਸਥਾਪਤੀ ਦੇ ਸਮੇਂ ਤੋਂ ਹੀ ਇਹ ਯੂਨੀਵਰਸਿਟੀ ਨਵੇਂ ਦਿਸਹੱਦੇ ਕਾਇਮ ਕਰਦੀ ਰਹੀ ਹੈ। ਪ੍ਰਸਿੱਧ ਵਿਦਵਾਨ ਅਤੇ ਕੁਸ਼ਲ ਪ੍ਰਬੰਧਕ ਇਸ ਦੇ ਵਾਈਸ ਚਾਂਸਲਰ ਰਹੇ ਹਨ। ਕੀ ਪੰਜਾਬ ਸਰਕਾਰ ਨੂੰ ਕੋਈ ਵੀ ਅਜਿਹਾ ਵਿਦਵਾਨ ਪ੍ਰਬੰਧਕ ਨਹੀਂ ਲੱਭ ਰਿਹਾ ਜਿਸ ਨੂੰ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਸੌਂਪੀ ਜਾ ਸਕੇ? ਸਰਕਾਰ ਨੂੰ ਚਾਹੀਦਾ ਹੈ ਕਿ ਉਹ ਯੂਨੀਵਰਸਿਟੀ ਨੂੰ ਬਿਨਾਂ ਹੋਰ ਦੇਰੀ ਕੀਤੇ ਪੱਕਾ ਵਾਈਸ ਚਾਂਸਲਰ ਦੇਵੇ ਅਤੇ ਅਨਿਸਚਿਤਤਾ ਵਾਲੀ ਸਥਿਤੀ ਖ਼ਤਮ ਕਰੇ। ਹੇਮਕੁੰਟ ਬਾਰੇ ਭਾਈ ਅਸ਼ੋਕ ਸਿੰਘ ਬਾਗੜੀਆਂ ਦਾ ਲੇਖ ‘ਸਿੱਖ ਧਰਮ ਹੇਮਕੁੰਟ ਦੇ ਪ੍ਰਸੰਗ ਵਿੱਚ’ (26 ਅਪਰੈਲ) ਪ੍ਰਸ਼ੰਸਾਯੋਗ ਹੈ। ਸਿੱਖ ਧਰਮ ਇਤਿਹਾਸਕ ਧਰਮ ਹੈ, ਮਿਥਿਹਾਸਕ ਨਹੀਂ। ਹੇਮਕੁੰਟ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਵਲੇ ਜਨਮ ਵਿੱਚ ਮਿਥਿਹਾਸਕ ਚਰਨ ਛੋਹ ਪ੍ਰਾਪਤ ਵਜੋਂ ਪ੍ਰਚਾਰਿਆ ਪ੍ਰਸਾਰਿਆ ਜਾਣਾ ਸਿੱਖ ਸਿਧਾਂਤਾਂ ਦੇ ਉਲਟ ਹੈ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)
ਪੰਜਾਬੀ ਸਿਨੇਮਾ ਦਾ ਸਫ਼ਰ
19 ਅਪਰੈਲ ਦੇ ਸਤਰੰਗ ਪੰਨੇ ਉੱਤੇ ਭੀਮ ਰਾਜ ਗਰਗ ਦੀ ਰਚਨਾ ‘ਇੰਝ ਕੌਮਾਂਤਰੀ ਪੱਧਰ ’ਤੇ ਪੁੱਜਾ ਪੰਜਾਬੀ ਸਿਨੇਮਾ’ ਪੜ੍ਹ ਕੇ ਚੰਗਾ ਲੱਗਿਆ। ਪੁਰਾਣੀਆਂ ਪੰਜਾਬੀ ਫਿਲਮਾਂ ਦੀਆਂ ਤਸਵੀਰਾਂ ਨੇ ਰਚਨਾ ਨੂੰ ਚਾਰ ਚੰਨ ਲਾ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲਾਹੌਰ, ਰਾਜਧਾਨੀ ਵਜੋਂ ਪੰਜਾਬੀ ਸੱਭਿਆਚਾਰ ਦਾ ਧੁਰਾ ਰਿਹਾ ਹੈ। ‘ਜੀਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ’ ਗੱਲ ਪੰਜਾਬੀ ਸਿਨੇਮਾ ’ਤੇ ਵੀ ਢੁਕਦੀ ਹੈ। ਫਿਲਮ ਤਿਆਰ ਕਰਨਾ ਜਨੂੰਨੀ, ਸਿਰੜੀ ਤੇ ਫ਼ਨਕਾਰ ਬੰਦਿਆਂ ਦਾ ਕੰਮ ਹੁੰਦਾ ਹੈ। ਪੰਜਾਬੀ ਫਿਲਮਾਂ ਦੇ ਸ਼ੁਰੂਆਤੀ ਦੌਰ ’ਚ ਉਸ ਸਮੇਂ ਦੀ ਮਸ਼ਹੂਰ ਤਿੱਕੜੀ ‘ਮਹਿਰਾ-ਸ਼ੋਰੀ-ਪੰਚੋਲੀ’ ਨੇ ਪੰਜਾਬੀ ਫਿਲਮ ਜਗਤ ਨੂੰ ਅੱਗੇ ਤੋਰਿਆ। ਸਮੇਂ-ਸਮੇਂ ਆਈਆਂ ਪੰਜਾਬੀ ਫਿਲਮਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਦਰਸ਼ਕਾਂ ਨੇ ਅਸ਼ਲੀਲਤਾ, ਹਿੰਸਕ ਘਟਨਾਵਾਂ, ਜਾਤ ਤੇ ਧਰਮ ਵਿੱਚ ਨਫ਼ਰਤ ਅਤੇ ਬਦਲਾਖੋਰੀ ਦੀਆਂ ਭਾਵਨਾਵਾਂ ਨਾਲ ਸਬੰਧਿਤ ਫਿਲਮਾਂ ਨੂੰ ਕਦੇ ਹੁੰਗਾਰਾ ਨਹੀਂ ਦਿੱਤਾ। ਇਹ ਸਮਾਜ, ਖ਼ਾਸਕਰ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਨਹੀਂ ਤੋਰਦੀਆਂ। ਧਾਰਮਿਕ, ਆਰਟ ਅਤੇ ਗ਼ੈਰ-ਰਵਾਇਤੀ ਫਿਲਮਾਂ ਨੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਪੰਜਾਬੀ ਫਿਲਮਾਂ ਅਤੇ ਸੰਗੀਤ ਕਲਾ ਨੂੰ ਅਜੇ ਹੋਰ ਤਰਾਸ਼ਣ ਦੀ ਲੋੜ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਸ਼ਾਨਦਾਰ ਵਿਰਸੇ ਨਾਲ ਜੁੜੀ ਰਹੇ ਅਤੇ ਨਿੱਗਰ ਸੱਭਿਆਚਾਰ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ। ਇਸੇ ਪੰਨੇ ’ਤੇ ਰਜਿੰਦਰਪਾਲ ਸ਼ਰਮਾ ਦਾ ਲੇਖ ‘ਬਹਾਦਰੀ ਅਤੇ ਦਲੇਰੀ ਦੀ ਗਾਥਾ’ ‘ਅਕਾਲ’ ਵੀ ਦਿਲ ਨੂੰ ਤਸੱਲੀ ਦੇਣ ਵਾਲਾ ਹੈ। ਇਤਿਹਾਸ ਅਤੇ ਪੰਜਾਬੀ ਵਿਰਸੇ ’ਤੇ ਚਾਨਣ ਪਾਉਣ ਵਾਲੀ ਇਸ ਫਿਲਮ ਨੂੰ ਦਰਸ਼ਕਾਂ ਦਾ ਹੁੰਗਾਰਾ ਮਿਲ ਰਿਹਾ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)