ਡਾਕ ਐਤਵਾਰ ਦੀ
ਮੁਸਾਫ਼ਰ ਦੀ ਕਾਵਿਕ ਸ਼ਰਧਾਂਜਲੀ
ਐਤਵਾਰ, 16 ਜੁਲਾਈ ਦੇ ‘ਦਸਤਕ’ ਅੰਕ ’ਚ ਪ੍ਰੋ. ਹਰਮੀਤ ਸਿੰਘ ਦਾ ਲੇਖ ‘ਗੁਰਦੁਆਰਾ ਸੁਧਾਰ ਲਹਿਰ ਦਾ ਮੋਹਰੀ ਆਗੂ ਤੇਜਾ ਸਿੰਘ ਸਮੁੰਦਰੀ’ ਜਾਣਕਾਰੀ ਭਰਪੂਰ ਸੀ। ਸਮੁੰਦਰੀ ਜੀ ਦੇ ਅਕਾਲ ਚਲਾਣੇ ’ਤੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਨੇ ਜੋ ਕਾਵਿਕ ਸ਼ਰਧਾਂਜਲੀ ਦਿੱਤੀ, ਹਾਜ਼ਿਰ ਹੈ:
‘‘ਮਹਿਕ ਦੇਂਵਦਾ ਪੰਥ ਦੇ ਬਾਗ਼ ਤਾਈਂ
ਕਿਸੇ ਆਖਿਆ ਫੁਲ ਗੁਲਾਬ ਦਾ ਸੀ
ਜਲਦਾ ਵੇਖ ਕੇ ਧਰਮ ਦੀ ਸ਼ਮ੍ਹਾ ਉਤੇ
ਕੋਈ ਕਹੇ ਪਤੰਗਾ ਇਹ ਜਾਪਦਾ ਸੀ
ਸਿਦਕ ਧਾਰ ਬੈਠਾ ਕਤਲਗਾਹ ਅੰਦਰ
ਮਾਨੋਂ, ਵਾਂਗ ਮਨਸੂਰ ਸੰਝਾਪਦਾ ਸੀ
ਕੋਈ ਮੁਖੜਾ ਵੇਖ ਕੇ ਤੇਜ ਵਾਲਾ
ਸੁਰਖ਼-ਰੂ ਆਸ਼ਿਕ ਕਹਿ ਅਲਾਪਦਾ ਸੀ
ਅਸਲ ਵਿਚ ਇਹ ਮੋਤੀ ਸਮੁੰਦਰੀ ਸੀ
ਆਇਆ ਕੰਮ ਗ਼ਰੀਬਾਂ ਦੇ ਆਉਣ ਦੇ ਲਈ
ਉਹਨੂੰ ਮੌਤ-ਸਲਾਈ ਦੇ ਨਾਲ ਵਿੰਨ੍ਹਿਆਂ
ਦਾਤੇ ਆਪਣੇ ਗੱਲ ਵਿਚ ਪਾਉਣ ਦੇ ਲਈ।’’
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
ਕਿਰਸਾਣੀ ਬਚਾਉਣਾ ਸਮੇਂ ਦੀ ਮੁੱਖ ਲੋੜ
ਐਤਵਾਰ, 16 ਜੁਲਾਈ ਦੇ ‘ਸੋਚ ਸੰਗਤ’ ਪੰਨੇ ’ਤੇ ਅਵਤਾਰ ਸਿੰਘ ਬਿਲਿੰਗ ਦਾ ਲੇਖ ‘ਮੈਂ ਕਿਰਸਾਣੀ ਬਾਰੇ ਕਿਉਂ ਲਿਖਦਾ ਹਾਂ?’ ਉਸ ਦੇ ਅੱਠ ਨਾਵਲਾਂ ਵਿੱਚ ਆਏ ਉਨ੍ਹਾਂ ਫ਼ਿਕਰਾਂ ਦੀ ਨਿਸ਼ਾਨਦੇਹੀ ਵੱਲ ਸੰਖੇਪ ਇਸ਼ਾਰਾ ਹੈ ਜਨਿ੍ਹਾਂ ਦਾ ਜ਼ਿਕਰ ਉਸ ਨੇ ਪੰਜ-ਪੰਜ ਸਾਲ ਦੇ ਵਕਫ਼ੇ ਨਾਲ ਛਪੇ ਅੱਠ ਨਾਵਲਾਂ ਵਿੱਚ, ਬੀਤ ਰਹੇ ਸਮੇਂ ਦੇ ਸਨਮੁਖ ਆਪਣੇ ਪਾਤਰਾਂ ਦੇ ਮੂੰਹੋਂ ਕਰਵਾਇਆ ਹੈ। ਲੇਖਕ ਬਚਪਨ ਤੋਂ ਲੈ ਕੇ ਸੱਠ ਸਾਲ ਦੀ ਉਮਰ ਤੱਕ ਕਿਰਸਾਣੀ ਨਾਲ ਸੰਬੰਧਿਤ ਕਾਰਜਾਂ ਨਾਲ ਬਹੁਤ ਨੇੜਿਓਂ ਜੁੜਿਆ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਨੇ ਕਿਰਸਾਣੀ ਕਿੱਤੇ ਵਿੱਚ ਆਏ ਸਾਰੇ ਬਦਲਾਅ ਬਹੁਤ ਨੇੜਿਓਂ ਦੇਖੇ ਹੀ ਨਹੀਂ ਸਗੋਂ ਹਰ ਰੌਂਅ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ। ਉਹ ਇਸ ਗੱਲ ’ਤੇ ਲਿਪਟੀ ਧੁੰਦ ਨੂੰ ਸਾਫ਼ ਕਰਦਾ ਹੈ ਕਿ ਕਿਰਸਾਨ ਦਾ ਮਤਲਬ ਜੱਟ ਨਹੀਂ ਸਗੋਂ ਪਿੰਡਾਂ ਦੇ ਉਹ ਸਾਰੇ ਲੋਕ ਹਨ ਜੋ ਕਿਰਸਾਣੀ ਵਿੱਚੋਂ ਆਪਣੀ ਰੋਜ਼ੀ-ਰੋਟੀ ਪ੍ਰਾਪਤ ਕਰਦੇ ਹਨ ਅਤੇ ਉਨ੍ਹਾਂ ਦੀ ਗਿਣਤੀ 65 ਫ਼ੀਸਦੀ ਤੋਂ ਵੀ ਵੱਧ ਹੈ। ਜਾਤ ਅਧਾਰਿਤ ਰਾਖਵੇਂਕਰਣ ਅਤੇ ਸਮੇਂ ਸਮੇਂ ’ਤੇ ਸਰਕਾਰਾਂ ਵੱਲੋਂ ਕੀਤੇ ਮਾਰੂ ਤਜਰਬਿਆਂ ਅਤੇ ਗਲਤ ਨੀਤੀਆਂ ਨਾਲ ਇਸ ਧੰਦੇ ਨਾਲ ਜੁੜੇ ਲੋਕਾਂ ਵਿੱਚ ਆਪਸੀ ਦੂਰੀ ਵੀ ਵਧੀ ਹੈ ਤੇ ਸਾਰਿਆਂ ਦਾ ਘਾਣ ਵੀ ਹੋਇਆ ਹੈ। ਪਿੰਡਾਂ ਵਿੱਚੋਂ ਇਹ ਮਿਹਨਤਕਸ਼ ਲੋਕ ਸ਼ਹਿਰਾਂ ਵੱਲ ਇਸ ਲਈ ਪਲਾਇਨ ਕਰ ਗਏ ਹਨ ਕਿ ਉਨ੍ਹਾਂ ਦੀ ਬਾਂਹ ਨਾ ਜ਼ਮੀਨਾਂ ’ਤੇ ਕਾਬਜ਼ ਜ਼ਿਮੀਂਦਾਰਾਂ ਨੇ ਤੇ ਨਾ ਕਿਸੇ ਸਰਕਾਰ ਨੇ ਫੜੀ ਹੈ। ਅਸਲ ਵਿੱਚ ਆਰਥਿਕ ਆਧਾਰ ’ਤੇ ਰਾਖਵਾਂਕਰਣ ਹੀ ਮੌਜੂਦਾ ਡਾਵਾਂਡੋਲ ਸਥਿਤੀ ਨੂੰ ਕਾਬੂ ਵਿੱਚ ਰੱਖ ਸਕਦਾ ਸੀ ਜੋ ਵੋਟਾਂ ਦੀ ਬਦਨੀਤਾਂ ਨਾਲ ਭਰੀ ਰਾਜਨੀਤੀ ਨੇ ਆਪਣੇ ਵੱਡੇ ਖੰਭਾਂ ਹੇਠ ਦੱਬ ਲਿਆ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
ਲੇਖਕਾਂ ਦੀ ਤ੍ਰਾਸਦੀ
ਐਤਵਾਰ, 2 ਜੁਲਾਈ ਦੇ ਅੰਕ ਵਿੱਚ ਸਵਰਾਜਬੀਰ ਦੇ ਲੇਖ ‘ਲਿਖਣਾ ਬੰਦ ਹੈ’ ਵਿੱਚ ਅਮਰੀਕਾ ’ਚ ਲੇਖਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਰਾਹੀਂ ਤਕਨਾਲੋਜੀ ਦੇ ਵਾਧੇ ਨਾਲ ਲੇਖਕਾਂ ਦੀ ਤ੍ਰਾਸਦੀ ਨੂੰ ਬਿਆਨ ਕੀਤਾ ਹੈ। ਲੇਖਕ ਸਮਾਜ ਲਈ ਰਾਹ ਦਸੇਰਾ ਹੁੰਦੇ ਹਨ। ਲੇਖਕ ਆਪਣੀਆਂ ਰਚਨਾਵਾਂ ਰਾਹੀਂ ਟੀ.ਵੀ. ਲੜੀਵਾਰਾਂ ਅਤੇ ਫਿਲਮਾਂ ਦਾ ਨਿਰਮਾਣ ਕਰ ਕੇ ਮਨੁੱਖ ਦੇ ਦੁੱਖ ਸੁੱਖ, ਸਾਂਝਾ, ਪਿਆਰ, ਮਿਲਾਪ, ਵਿਛੋੜਾ, ਗ਼ਮੀ ਅਤੇ ਖ਼ੁਸ਼ੀ ਨੂੰ ਬਾਖ਼ੂਬੀ ਪੇਸ਼ ਕਰਦੇ ਹਨ, ਪਰ ਸਮਾਂ ਬਦਲਣ ਨਾਲ ਤਕਨਾਲੋਜੀ ’ਚ ਹੋਏ ਵਾਧੇ ਮਗਰੋਂ ਕਾਰਪੋਰੇਟ ਖੇਤਰ ਨੇ ਆਪਣੇ ਮੁਨਾਫ਼ੇ ਲਈ ਲੇਖਕਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਅੱਜ ਅਮਰੀਕਾ ਵਿੱਚ ਲੇਖਕ ਹੜਤਾਲ ਕਰਨ ਲਈ ਮਜਬੂਰ ਹੋ ਗਏ ਹਨ। ਇਹ ਤ੍ਰਾਸਦੀ ਇਕੱਲੇ ਅਮਰੀਕਾ ਦੀ ਨਹੀਂ ਸਗੋਂ ਪੂਰੇ ਸੰਸਾਰ ਦੀ ਹੈ। ਕਾਰਪੋਰੇਟ ਖੇਤਰ ਸਿਰਫ਼ ਆਪਣੇ ਮੁਨਾਫ਼ੇ ਤੱਕ ਹੀ ਸੀਮਿਤ ਹੈ, ਉਸ ਦੀਆਂ ਤਮਾਮ ਕਾਰਵਾਈਆਂ ਸਰਮਾਏ ਖ਼ਾਤਰ ਸਬੰਧਤ ਹਨ। ਅਜਿਹੇ ਸਮੇਂ ਲੇਖਕਾਂ ਲਈ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਜਥੇਬੰਦ ਹੋ ਕੇ ਸੰਘਰਸ਼ ਦਾ ਹੀ ਰਾਹ ਬਚਦਾ ਹੈ ਜਿਸ ’ਤੇ ਚੱਲ ਕੇ ਆਪਣੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)