ਕਰੋਨਾ ਕਾਲ ਦੌਰਾਨ ਰੈਸਤਰਾਂ ਵਿੱਚ ਸ਼ਰਾਬ ਵਰਤਾਉਣ ਦੀ ਮਨਜ਼ੂਰੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਗਸਤ
ਜਲਦੀ ਹੀ ਸ਼ਰਾਬ ਦਿੱਲੀ ਦੇ ਹੋਟਲ ਤੇ ਰੈਸਟੋਰੈਂਟਾਂ ਵਿੱਚ ਵਰਤੀ ਜਾਵੇਗੀ, ਜਿਨ੍ਹਾਂ ਕੋਲ ਲਾਇਸੈਂਸ ਹਨ ਪਰ ਬਾਰ ਅਜੇ ਬੰਦ ਹੀ ਰਹਿਣਗੇ। ਦਿੱਲੀ ਸਰਕਾਰ ਨੇ ਆਬਕਾਰੀ ਵਿਭਾਗ ਨੂੰ ਹੋਟਲ ਦੇ ਕਮਰਿਆਂ ਵਿੱਚ ਰੈਸਟੋਰੈਂਟਾਂ ਤੇ ਕਲੱਬਾਂ ਵਿੱਚ ਸ਼ਰਾਬ ਵਰਤਣ ਲਈ ਲੋੜੀਂਦੀ ਆਗਿਆ ਜਾਰੀ ਕਰਨ ਲਈ ਕਿਹਾ ਹੈ। ਪਿਛਲੇ ਸਾਲ ਦਿੱਲੀ ਸਰਕਾਰ ਨੇ ਆਬਕਾਰੀ ਤੋਂ ਤਕਰੀਬਨ 7,000 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦਿੱਲੀ ਸਰਕਾਰ ਨੇ ਕਰੋਨਾਵਾਇਰਸ ਸਥਿਤੀ ਦੇ ਮੱਦੇਨਜ਼ਰ ਪਾਬੰਦੀਆਂ ਹਟਾਉਣ ਦੇ ਪਿਛਲੇ ਤਿੰਨ ਪੜਾਵਾਂ ਵਿੱਚ ਸ਼ਰਾਬ ਪਰੋਸਣ ਨਹੀਂ ਸੀ ਦਿੱਤੀ। ਸ਼ਰਾਬ ਸਿਰਫ ਦੇਸ਼ ਦੀ ਰਾਜਧਾਨੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਤੋਂ ਲੈਣ ਦੀ ਆਗਿਆ ਸੀ।
ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦਫ਼ਤਰ ਦੇ ਇੱਕ ਆਦੇਸ਼ ’ਚ ਕਿਹਾ ਗਿਆ ਕਿ ਅਸਾਮ, ਪੰਜਾਬ, ਰਾਜਸਥਾਨ ਆਦਿ ਸਮੇਤ ਕਈ ਰਾਜ ਸਰਕਾਰਾਂ ਨੇ ਰੈਸਟੋਰੈਂਟਾਂ, ਕਲੱਬਾਂ ਤੇ ਹੋਟਲ ਦੇ ਕਮਰਿਆਂ ਵਿੱਚ ਆਬਕਾਰੀ ਨਿਯਮਾਂ ਤਹਿਤ ਲਾਇਸੈਂਸ ਧਾਰਕਾਂ ਦੁਆਰਾ ਸ਼ਰਾਬ ਦੀ ਸੇਵਾ ਕਰਨ ਦੀ ਆਗਿਆ ਦਿੱਤੀ ਹੈ। ਮਾਲੀਏ ਨੂੰ ਧਿਆਨ ਵਿੱਚ ਰੱਖਦਿਆਂ ਆਬਕਾਰੀ ਵਿਭਾਗ ਵੱਲੋਂ ਮੇਜ਼ਾਂ ਤੇ ਹੋਟਲ ਦੇ ਕਮਰਿਆਂ ਵਿੱਚ ਲਾਇਸੈਂਸਾਂ ਰਾਹੀਂ ਰੈਸਟੋਰੈਂਟਾਂ ਤੇ ਕਲੱਬਾਂ ਵਿੱਚ ਸ਼ਰਾਬ ਦੀ ਸੇਵਾ ਲਈ ਲੋੜੀਂਦੀ ਆਗਿਆ ਜਾਰੀ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਬ ਪੀਣ ਦੀ ਆਗਿਆ ਦੇਣ ਦਾ ਫ਼ੈਸਲਾ ਲਿਆ ਹੈ। ਜਦੋਂਕਿ ਦਿੱਲੀ ਸਰਕਾਰ ਨੇ ਕਿਹਾ ਹੈ ਕਿ ਕੌਮੀ ਰਾਜਧਾਨੀ ਵਿਚ ਕਰੋਨਾਵਾਇਰਸ ਲਾਗ ਘੱਟ ਰਹੀ ਹੈ, ਤਾਜ਼ਾ ਸੀਰੋ-ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਦਿੱਲੀ ਦੀ 29 ਫ਼ੀਸਦ ਆਬਾਦੀ ਕੋਵਿਡ-19 ਦੇ ਸੰਪਰਕ ਵਿਚ ਆ ਗਈ ਹੈ ਤੇ ਐਂਟੀਬਾਡੀਜ਼ ਵਿਕਸਤ ਹੋਈ ਹੈ।