ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਦੋ ਔਰਤਾਂ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਮਈ
ਜ਼ਿਲ੍ਹਾ ਪੁਲੀਸ ਕਪਤਾਨ ਨੀਤੀਸ਼ ਅਗਰਵਾਲ ਦੀ ਅਗਵਾਈ ਹੇਠ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਨਸ਼ੀਲਾ ਪਦਾਰਥ ਰੱਖਣ ਦੋ ਦੋਸ਼ ਹੇਠ ਗਾਂਧੀ ਨਗਰ ਵਾਸੀ ਦੋ ਮਹਿਲਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚ 14 ਕਿਲੋਗਰਾਮ ਗਾਂਜਾ ਪੱਤੀ ਬਰਾਮਦ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੇ ਸਹਾਇਕ ਏਐੱਸਆਈ ਸੁਖਬੀਰ ਸਿੰਘ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਗਾਂਧੀ ਨਗਰ ਵਾਸੀ ਦੋ ਮਹਿਲਾਵਾਂ ਗਾਂਜਾ ਪੱਤੀ ਵੇਚਣ ਦਾ ਕੰਮ ਕਰਦੀਆਂ ਹਨ ਤੇ ਉਹ ਯੂਪੀ ਤੇ ਦਿੱਲੀ ਤੋਂ ਸਸਤੇ ਭਾਅ ’ਤੇ ਚੂਰਾ ਪੋਸਤ ਖਰੀਦ ਕੇ ਹਰਿਆਣਾ ਵਿਚ ਮਹਿੰਗੇ ਭਾਅ ’ਤੇ ਵੇਚਦੀਆਂ ਹਨ। ਅੱਜ ਵੀ ਉਹ ਗਾਂਜਾ ਖਰੀਦ ਕੇ ਅੰਬਾਲਾ ਤੋਂ ਬੱਸ ਰਾਹੀਂ ਪਿਪਲੀ ਆਉਣਗੀਆਂ। ਪੁਲੀਸ ਨੇ ਮੌਕੇ ’ਤੇ ਰਾਜ ਪੱਧਰੀ ਅਧਿਕਾਰੀ ਮਨੋਜ ਮਹਿਤਾ ਏਈਟੀਓ ਕੁਰੂਕਸ਼ੇਤਰ ਨੂੰ ਸੱਦਿਆ। ਥੋੜ੍ਹੀ ਦੇਰ ਬਾਅਦ ਪੁਲੀਸ ਟੀਮ ਨੇ ਪਿਪਲੀ ਬੱਸ ਅੱਡੇ ਦੇ ਕੋਲ ਦੇ ਮਹਿਲਾਵਾਂ ਅੰਬਾਲਾ ਵੱਲੋਂ ਆਉਂਦੀਆਂ ਦੇਖੀਆਂ । ਮਹਿਲਾ ਪੁਲੀਸ ਦੀ ਮਦਦ ਨਾਲ ਦੋਵਾਂ ਮਹਿਲਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਨਾਂ ਪਤਾ ਪੁੱਛਿਆ ਤਾਂ ਉਨਾਂ ਨੇ ਆਪਣਾ ਪਤਾ ਗਾਂਧੀ ਨਗਰ ਥਾਨੇਸਰ ਦੱਸਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 14 ਕਿਲੋਗਰਾਮ ਚੂਰਾ ਬਰਾਮਦ ਹੋਇਆ। ਮਹਿਲਾਵਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮਹਿਲਾਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਆਰੰਭੀ ਹੋਈ ਹੈ। ਇਸ ਤਹਿਤ ਪੁਲੀਸ ਵੱਲੋਂ ਰੋਜ਼ਾਨਾ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।