Eid-ul-Adha: ਈਦ-ਉਲ-ਜ਼ੁਹਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਸਰਬਜੀਤ ਸਿੰਘ ਭੱਟੀ
ਅੰਬਾਲਾ, 7 ਜੂਨ
ਪਵਿੱਤਰ ਤਿਉਹਾਰ ਈਦ-ਉਲ-ਜ਼ੁਹਾ (ਬਕਰੀਦ) ਅੰਬਾਲਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੀਆਂ ਮੁੱਖ ਮਸਜਿਦਾਂ ਹਜ਼ਰਤ ਸਾਈਂ, ਤਵੱਕਲ ਸ਼ਾਹ, ਮਸਜਿਦ ਲੱਖੀ ਸ਼ਾਹ, ਮਸਜਿਦ ਮੱਕਾ, ਮਸਜਿਦ ਮਦੀਨਾ, ਮਸਜਿਦ ਬਾਦਸ਼ਾਹੀ ਬਾਗ, ਨਸੀਰਪੁਰ, ਜੰਡਲੀ ਅਤੇ ਈਦਗਾਹ ਵਿਚ ਨਮਾਜ਼ ਅਦਾ ਕੀਤੀ ਗਈ। ਨਮਾਜ਼ ਮਗਰੋਂ ਦੇਸ਼ ਵਿਚ ਅਮਨ-ਚੈਨ ਲਈ ਦੁਆ ਕੀਤੀ ਗਈ।
ਅੰਜੁਮਨ ਇਸਲਾਹੁਲ ਮੁਸਲਿਮੀਨ ਦੇ ਜ਼ਿਲ੍ਹਾ ਪ੍ਰਧਾਨ ਸਈਦ ਅਹਿਮਦ ਖ਼ਾਨ ਨੇ ਸਭ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਹਜ਼ਰਤ ਇਬਰਾਹੀਮ ਅਤੇ ਉਨ੍ਹਾਂ ਦੇ ਪੁੱਤਰ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੀ ਯਾਦਗਾਰ ਹੈ। ਉਨ੍ਹਾਂ ਕਿਹਾ ਕਿ ਕੁਰਬਾਨੀ ਕੇਵਲ ਹੱਕ-ਹਲਾਲ ਕਮਾਈ ਨਾਲ ਹੀ ਜਾਇਜ਼ ਮੰਨੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਹ ਤਿਉਹਾਰ ਇਨਸਾਨੀਅਤ, ਭਾਈਚਾਰੇ ਅਤੇ ਗਰੀਬਾਂ, ਵਿਧਵਾਵਾਂ, ਅਨਾਥਾਂ ਦੀ ਸਹਾਇਤਾ ਕਰਨ ਦਾ ਪੈਗ਼ਾਮ ਹੈ। ਉਨ੍ਹਾਂ ਕਿਹਾ ਕਿ ਖੁਸ਼ੀਆਂ ਸਿਰਫ਼ ਆਪਣੇ ਲਈ ਨਹੀਂ, ਸਾਰਿਆਂ ਲਈ ਹੋਣੀਆਂ ਚਾਹੀਦੀਆਂ ਹਨ।
ਇਸ ਮੌਕੇ ਕਮਰੁਲ ਇਸਲਾਮ, ਜਮੀਲ ਖ਼ਾਨ, ਕਾਰੀ ਉਜ਼ੈਰ ਅਹਿਮਦ, ਅਸਦ ਅਹਿਮਦ, ਮੁਹੰਮਦ ਸ਼ਮੀਮ, ਗੋਲਡਨ ਰਾਜਪੂਤ, ਅਬਦੁਲ ਰਊਫ਼, ਨੀਰਜ ਸੇਠ ਸਮੇਤ ਅਨੇਕਾਂ ਮੈਂਬਰ ਮੌਜੂਦ ਸਨ।