ਐੱਸਡੀਐੱਮ ਨੇ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਫਰਿੰਦਰ ਪਾਲ ਗੁਲਿਆਣੀ
ਨਾਰਾਇਣਗੜ੍ਹ, 5 ਮਈ
ਸਬ-ਡਿਵੀਜ਼ਨ ਪੱਧਰ ’ਤੇ ਲਗਾਏ ਗਏ ਸਮਾਧਾਨ ਕੈਂਪ ਵਿੱਚ ਐੱਸਡੀਐੱਮ ਸ਼ਾਸ਼ਵਤ ਸਾਂਗਵਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੈਂਪ ਹਰ ਹਫ਼ਤੇ ਸੋਮਵਾਰ ਅਤੇ ਵੀਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਮਿੰਨੀ ਸਕੱਤਰੇਤ ਦੇ ਕਾਨਫਰੰਸ ਹਾਲ ਵਿੱਚ ਲਗਾਇਆ ਜਾਂਦਾ ਹੈ। ਐੱਸਡੀਐਮ ਨੇ ਸਾਰੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੈਂਪ ਵਿੱਚ ਪਿੰਡ ਲੌਟਨ ਦੇ ਵਿਨੋਦ ਕੁਮਾਰ ਨੇ ਪਰਿਵਾਰਕ ਪਛਾਣ ਪੱਤਰ ਵਿੱਚੋਂ ਚਾਰ ਪਹੀਆ ਵਾਹਨ ਹਟਾਉਣ ਦੀ ਸਮੱਸਿਆ ਉਠਾਈ, ਪਿੰਡ ਖਾਨਪੁਰ ਲਬਾਣਾ ਦੀ ਸੰਤੋਸ਼ ਰਾਣੀ ਨੇ ਪਰਿਵਾਰਕ ਪਛਾਣ ਪੱਤਰ ਵਿੱਚ ਆਮਦਨ ਘਟਾਉਣ ਦੀ ਸਮੱਸਿਆ ਚੁੱਕੀ, ਪਿੰਡ ਗਡੋਲੀ ਦੀ ਬਿਮਲਾ ਦੇਵੀ ਨੇ ਬੁਢਾਪਾ ਪੈਨਸ਼ਨ ਦੀ ਸਮੱਸਿਆ, ਪਿੰਡ ਲਖਨੌਰਾ ਦੀ ਮਨਦੀਪ ਕੌਰ ਅਤੇ ਨਰਾਇਣਗੜ੍ਹ ਨਗਰ ਪਾਲਿਕਾ ਦੇ ਵਾਰਡ 5 ਦੇ ਦੀਪ ਚੰਦ ਨੇ ਪਰਿਵਾਰਕ ਪਛਾਣ ਪੱਤਰ ਵਿੱਚ ਆਮਦਨ ਘਟਾਉਣ ਦੀ ਸਮੱਸਿਆ, ਪਿੰਡ ਮੁਗਲ ਮਜਰਾ ਦੀ ਮੌਨੀ ਦੇਵੀ ਨੇ ਬੇਸਹਾਰਾ ਪੈਨਸ਼ਨ ਦੀ ਸਮੱਸਿਆ ਚੁੱਕੀ, ਪਿੰਡ ਲੌਟਨ ਦੀ ਸਰੋਜ ਬਾਲਾ ਨੇ ਪਰਿਵਾਰਕ ਪਛਾਣ ਪੱਤਰ ਵਿੱਚ ਆਪਣੇ ਪੁੱਤਰ ਦੀ ਜਾਤੀ ਠੀਕ ਕਰਨ ਦੀ ਸਮੱਸਿਆ ਦੱਸੀ। ਕੈਂਪ ’ਚ ਦਸ ਸਮੱਸਿਆਵਾਂ ਆਈਆਂ, ਜਿਨ੍ਹਾਂ ਦੇ ਹੱਲ ਲਈ ਐੱਸਡੀਐੱਮ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਨਾਇਬ ਤਹਿਸੀਲਦਾਰ ਸੰਜੀਵ ਅਤਰੀ, ਬਿਜਲੀ ਨਿਗਮ ਦੇ ਕਾਰਜਕਾਰੀ ਇੰਜਨੀਅਰ ਹਰੀਸ਼ ਗੋਇਲ, ਨਗਰ ਨਿਗਮ ਸਕੱਤਰ ਮੋਹਿਤ ਕੁਮਾਰ, ਡੀਐੱਸਪੀ ਦਫ਼ਤਰ ਦੇ ਰੀਡਰ ਤੇ ਏਐੱਸਆਈ ਰੋਹਤਾਸ਼, ਏਐਫਐੱਸਓ ਵਿਨੈ ਸੈਣੀ, ਜਨ ਸਿਹਤ ਵਿਭਾਗ ਦੇ ਜੂਨੀਅਰ ਇੰਜਨੀਅਰ ਜਸਪਾਲ ਸਿੰਘ, ਜ਼ੋਨਲ ਮੈਨੇਜਰ ਕੁਨਾਲ ਬਖਸ਼ੀ ਮੌਜੂਦ ਸਨ।