ਤਕਨੀਕ ਸਿੱਖਿਆ ਤੇ ਖੋਜ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਪੇਪਰ ਮਿੱਲ ਦਾ ਦੌਰਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਮਈ
ਤਕਨੀਕੀ ਸਿੱਖਿਆ ਤੇ ਖੋਜ ਸੰਸਥਾ ਟੈਰੀ ਦੇ ਵਿਦਿਆਰਥੀਆਂ ਨੇ ਸੈਨਸਨਜ਼ ਪੇਪਰ ਮਿੱਲ ਬਾਖਲੀ ਦਾ ਉਦਯੋਗਿਕ ਦੌਰਾ ਕੀਤਾ। ਇਸ ਮੌਕੇ ਬੀਟੈੱਕ ਤੇ ਡਿਪਲੋਮਾ ਦੀਆਂ ਵੱਖ ਵੱਖ ਸ਼ਾਖਾਵਾਂ ਦੇ ਵਿਦਿਆਰਥੀਆਂ ਨੇ ਆਪਣੇ ਫੈਕਲਟੀ ਮੈਂਬਰਾਂ ਸਣੇ ਹਿੱਸਾ ਲਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਾਗਜ ਉਦਯੋਗ ਦੇ ਕੰਮ ਕਾਜ, ਉਤਪਾਦਨ ਪ੍ਰਕ੍ਰਿਰਿਆ, ਮਸ਼ੀਨਾਂ ਦੇ ਸੰਚਾਲਨ ਤੇ ਉਦਯੋਗਿਕ ਵਾਤਾਵਰਨ ਪ੍ਰਬੰਧਨ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਵਿਭਾਗਾਂ ਦਾ ਦੌਰਾ ਵੀ ਕਰਾਇਆ ਜਿਵੇਂ ਕਿ ਕੱਚੇ ਮਾਲ ਦੇ ਗੋਦਾਮ, ਪਲਪਿੰਗ ਯੂਨਿਟ, ਨਿਰਮਾਣ ਮਸ਼ੀਨਾਂ , ਡਰਾਇਅਰ ਸੈਕਸ਼ਨ, ਫਿਨਿਸ਼ਿੰਗ ਤੇ ਪੈਕਿੰਗ ਖੇਤਰ ਆਦਿ। ਇਸ ਦੌਰਾਨ ਵਿਦਿਆਰਥੀਆਂ ਨੇ ਪੂਰੀ ਉਤਪਾਦਨ ਪ੍ਰਕਿਰਿਆ ਨੂੰ ਨੇੜਿਓਂ ਦੇਖਿਆ ਤੇ ਮਸ਼ੀਨਾਂ ਦੇ ਕੰਮ ਕਾਜ ਨੂੰ ਸਮਝਿਆ। ਕਾਲਜ ਦੇ ਫੈਕਲਟੀ ਮੈਂਬਰਾਂ ਨੇ ਸੈਨਸਨਜ਼ ਪੇਪਰ ਮਿੱਲ ਦੇ ਪ੍ਰਬੰਧਕਾ ਦਾ ਧੰਨਵਾਦ ਕੀਤਾ। ਟੈਰੀ ਕੈਂਪਸ ਦੇ ਚੇਅਰਮੈਨ ਡਾ. ਵਰਿੰਦਰ ਗੋਇਲ ਨੇ ਕਿਹਾ ਕਿ ਸਾਡਾ ਉਦੇਸ਼ ਕਿਤਾਬੀ ਗਿਆਨ ਤਕ ਸੀਮਤ ਨਹੀਂ ਸਗੋਂ ਵਿਦਿਆਰਥੀਆਂ ਨੂੰ ਵਿਹਾਰਕ ਅਨੁਭਵ ਰਾਹੀਂ ਉਦਯੋਗਾਂ ਲਈ ਤਿਆਰ ਕਰਨਾ ਹੈ। ਅਜਿਹੇ ਉਦਯੋਗਿਕ ਦੌਰੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਂਦੇ ਹਨ ਤੇ ਉਨ੍ਹਾਂ ਨੂੰ ਕਰੀਅਰ ਨਿਰਮਾਣ ਲਈ ਸਹੀ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ।
ਵਿਦਿਆਰਥੀਆਂ ਨੇ ਮਾਰਕੰਡੇਸ਼ਵਰ ਮੰਦਰ ਦੇ ਦਰਸ਼ਨ ਕੀਤੇ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਥਾਨਕ ਗੀਤਾ ਵਿਦਿਆ ਮੰਦਰ ਦੇ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਮਹਾਂਰਿਸ਼ੀ ਮਾਰਕੰਡੇਸ਼ਵਰ ਮੰਦਰ ਦੇ ਦਰਸ਼ਨਾਂ ਲਈ ਲਿਜਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਨਿਸ਼ਾ ਗੋਇਲ ਨੇ ਬੱਚਿਆਂ ਦੇ ਟੂਰ ਨੂੰ ਬੜੇ ਹੀ ਪਿਆਰ ਨਾਲ ਰਵਾਨਾ ਕੀਤਾ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਮਾਰਕੰਡਾ ਮੰਦਰ ਜਾ ਕੇ ਡਿਸਪਲਿਨ ਵਿਚ ਰਹਿਣ ਤੇ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰਨ। ਬੱਚਿਆਂ ਨੇ ਮਾਰਕੰਡਾ ਮੰਦਰ ਜਾ ਕੇ ਮਾਰਕੰਡਾ ਰਿਸ਼ੀ ਤੇ ਰਾਮ ਦਰਬਾਰ ਦੇ ਦਰਸ਼ਨ ਕੀਤੇ। ਅਚਾਰੀਆ ਅਦਿਤੀ ਅੰਜਨਾ ਨੇ ਵਿਦਿਆਰਥੀਆਂ ਨੂੰ ਮਾਰਕੰਡੇ ਰਿਸ਼ੀ ਦੀ ਕਥਾ ਸੁਣਾਈ। ਮੰਦਰ ਦੇ ਪੁਜਾਰੀ ਨੇ ਉਨਾਂ ਨੂੰ ਪ੍ਰਸ਼ਾਦ ਵਜੋਂ ਲੱਡੂ ਤੇ ਹਲਵਾ ਦਿੱਤਾ ਤੇ ਅਸ਼ੀਰਵਾਦ ਦਿੱਤਾ। ਬੱਚਿਆਂ ਨੇ ਮਾਰਕੰਡਾ ਮੰਦਰ ਵਿਚ ਬਹੁਤ ਹੀ ਸੁੰਦਰ ਪਾਰਕ ਵਿਚ ਵੰਨ ਸੁਵੰਨੇ ਝੂਲਿਆਂ ਦਾ ਅਨੰਦ ਮਾਣਿਆ। ਅਚਾਰੀਆ ਅਦਿੱਤੀ ਵੰਦਨਾ ਨੇ ਉਨ੍ਹਾਂ ਨੂੰ ਸ਼ਿਵ ਦੇ ਭਜਨ ਸੁਣਾਏ ਤੇ ਬੱਚਿਆਂ ਨੇ ਵੀ ਉੱਚੀ ਆਵਾਜ਼ ਨਾਲ ਉਨਾਂ ਦਾ ਪਾਠ ਕੀਤਾ। ਸਕੂਲ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਪ੍ਰਿੰਸੀਪਲ ਨਿਸ਼ਾ ਗੋਇਲ ਨੇ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ ਭਰਦੇ ਹਨ ਤਾਂ ਜੋ ਉਹ ਵੱਡੇ ਹੋ ਕੇ ਦੇਸ਼ ਦੇ ਚੰਗੇ ਨਾਗਰਿਕ ਬਨਣ। ਇਸ ਮੌਕੇ ਸਕੂਲ ਅਧਿਆਪਕ ਵੀ ਮੌਜੂਦ ਸਨ।