Vermi-compost ਖਾਦ ਪਲਾਂਟ ਦੇ ਨਾਂ ’ਤੇ ਕਿਸਾਨਾਂ ਨਾਲ ਠੱਗੀ ਮਾਰਨ ਵਾਲੇ ਦੋ ਕਾਬੂ
ਸਰਬਜੀਤ ਸਿੰਘ ਭੱਟੀ
ਅੰਬਾਲਾ, 6 ਜੂਨ
ਅੰਬਾਲਾ ਦੇ ਥਾਣਾ ਮੁਲਾਣਾ 'ਚ ਦਰਜ ਹੋਏ ਧੋਖਾਧੜੀ ਦੇ ਇਕ ਮਾਮਲੇ 'ਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਇਕ ਕਿਸਾਨ ਨਾਲ ਵਰਮ ਗੰਡੋਆ ਖਾਦ ਦਾ ਪਲਾਂਟ ਲਗਾਉਣ ਦੇ ਨਾਂ 'ਤੇ ਠੱਗੀ ਕਰਕੇ ਮੋਟੀ ਰਕਮ ਵਸੂਲੀ ਸੀ।
ਜਾਣਕਾਰੀ ਮੁਤਾਬਿਕ ਸ਼ਿਕਾਇਤਕਰਤਾ ਰਾਜ ਕੁਮਾਰ ਪੁੱਤਰ ਲਾਲ ਚੰਦ ਵਾਸੀ ਪਿੰਡ ਨੋਹਣੀ ਨੇ 30 ਮਈ, 2025 ਨੂੰ ਥਾਣਾ ਮੁਲਾਣਾ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਭ ਸਿੰਘ ਵਾਸੀ ਸਾਹਾ ਅਤੇ ਰਾਕੇਸ਼ ਵਾਸੀ ਵਿਕਾਸ ਨਗਰ, ਪਾਣੀਪਤ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਦੇ ਖੇਤ 'ਚ ਵਰਮੀ ਕੰਪੋਸਟ ਖਾਦ ਦਾ ਪਲਾਂਟ ਲਗਾਣਗੇ, ਜਿਸ ਦੇ ਬਦਲੇ ਉਨ੍ਹਾਂ ਨੇ ਇਕ ਵੱਡੀ ਰਕਮ ਲੈ ਲਈ ਸੀ। ਪੈਸਾ ਲੈਣ ਤੋਂ ਬਾਅਦ ਮੁਲਜ਼ਮ ਗਾਇਬ ਹੋ ਗਏ ਅਤੇ ਕਿਸੇ ਤਰ੍ਹਾਂ ਦੀ ਪਲਾਂਟ ਸਥਾਪਨਾ ਨਹੀਂ ਕੀਤੀ।
ਪੁਲੀਸ ਨੇ ਪਹਿਲਾਂ ਲਾਭ ਸਿੰਘ ਨੂੰ 3 ਜੂਨ ਨੂੰ ਗ੍ਰਿਫਤਾਰ ਕਰ ਕੇ 2 ਦਿਨ ਦਾ ਪੁਲੀਸ ਰਿਮਾਂਡ ਲਿਆ ਸੀ। ਪੁੱਛਗਿੱਛ ਦੌਰਾਨ, ਲਾਭ ਸਿੰਘ ਨੇ ਦੱਸਿਆ ਕਿ ਰਾਕੇਸ਼ ਵੀ ਇਸ ਸਕੀਮ 'ਚ ਸ਼ਾਮਿਲ ਸੀ। ਇਸ ਤੋਂ ਬਾਅਦ 4 ਜੂਨ ਨੂੰ ਰਾਕੇਸ਼ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ 1 ਦਿਨ ਦਾ ਰਿਮਾਂਡ ਮਿਲਿਆ।
ਦੋਹਾਂ ਮੁਲਜਮਾਂ ਨੂੰ ਹੁਣ ਅਦਾਲਤ ਦੇ ਹੁਕਮਾਂ ਅਨੁਸਾਰ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਦੋਹਾਂ ਉੱਤੇ ਪਹਿਲਾਂ ਵੀ ਕਈ ਧੋਖਾਧੜੀ ਦੇ ਕੇਸ ਦਰਜ ਹਨ ਅਤੇ ਇਹ ਲੰਬੇ ਸਮੇਂ ਤੋਂ ਲੋਕਾਂ ਨੂੰ ਠੱਗਣ ਦੀ ਵਾਰਦਾਤਾਂ ਕਰਦੇ ਆ ਰਹੇ ਹਨ। ਪੁਲੀਸ ਵਲੋਂ ਹੋਰ ਸ਼ਿਕਾਇਤਕਾਰਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।