ਚਾਨਣ ਦੀ ਪੈੜ - ਨਾਨਕ
ਜਦੋਂ ਉਹ ਤੁਰਿਆ
ਚਾਨਣ ਨਾਲ ਨਾਲ ਤੁਰਿਆ
ਸਮਾਂ ਤੁਰਿਆ।
ਰੁੱਤਾਂ ਨੂੰ ਖਿੜਨ ਦੀ
ਜਾਚ ਆਈ
ਮੌਸਮ ਜਾਗ ਉੱਠੇ
ਪਾਣੀ ਹੰਘਾਲੇ ਗਏ
ਸਰਵਰ ਨੂੰ
ਸੂਰਜ ਨੇ ਝਾਤ ਆਖੀ।
ਜਦੋਂ ਉਹ ਤੁਰਿਆ
ਹਵਾਵਾਂ ਨੂੰ
ਸੰਗੀਤ ਸੁਣਨ ਦੀ
ਜਾਚ ਆਈ
ਬੋਲਾਂ ਨੂੰ ਸ਼ਬਦ ਮਿਲੇ ਰਾਗ ਉਦੈ ਹੋਇਆ
ਸਾਜ਼ ਰਬਾਬ ਹੋਇਆ
ਦੋਸਤੀ ਨੂੰ ਅਰਥ ਮਿਲੇ
ਚਾਨਣ ਨੂੰ
ਖੜਾਵਾਂ ਦਾ ਸਾਥ ਮਿਲਿਆ।
ਜਦੋਂ ਉਹ ਤੁਰਿਆ-
ਦਰਿਆ ਤੇ ਸਮੁੰਦਰ
ਸਹਿਜ ਹੋਏ
ਰੇਗਿਸਤਾਨਾਂ ਤੇ ਥਲਾਂ ਨੂੰ
ਹੱਸਣਾ ਮਿਲਿਆ
ਫੁੱਲ ਖਿੜੇ, ਮਹਿਕ ਬਿਖਰੀ
ਸੈਲ ਪੱਥਰਾਂ ਨੂੰ
ਨਿਮਰਤਾ ਮਿਲੀ
ਬਿਰਖ ਬਲਿਹਾਰੀ ਬਣਨਾ ਸਿੱਖੇ।
ਜਦੋਂ ਉਹ ਤੁਰਿਆ-
ਕਾਇਆ ਦੇ ਕਰਮ ਜਾਗੇ
ਕਰਮ-ਕਾਂਡ ਤਿਆਗੇ
ਪੱਤ, ਮੱਤ, ਕੱਥ ਤੇ ਵੱਥ
ਦੀ ਸੰਖਿਆ ਦਾ ਉਥਾਨ ਹੋਇਆ
ਲੋਕਾਈ ਦਾ ਜਨਮ ਹੋਇਆ।
ਜਦੋਂ ਉਹ ਤੁਰਿਆ-
ਸਗਰੀ ਧਰਤ ਨੂੰ
ਕਲਾਵੇ ’ਚ ਲੈਣ ਲਈ
ਬਿਹਬਲ ਹੋਇਆ
ਪੱਛਮ ਤੇ ਪੂਰਬ
ਉੱਤਰ ਤੇ ਦੱਖਣ ਨੇ
ਚਾਨਣ ਦਾ ਚੋਗਾ ਪਹਿਨਿਆ
ਨਿਰੰਕਾਰ ਦਾ ‘ਜਾਪ’ ਰਚਿਆ
ਖੰਡ-ਬ੍ਰਹਿਮੰਡ ਲੀਨ ਹੋਏ
ਕਾਇਨਾਤ ਨਤਮਸਤਕ ਹੋਈ
ਜ਼ੁਲਮ ਸ਼ਰਮਿੰਦਾ ਹੋਇਆ
ਜਬਰ ਜਰਦ ਹੋਇਆ
ਆਲਮ ਨੂੰ ਮਿਲੀ ਢੋਈ
ਦਰਦ ਦੀ ਉਸ ਬਾਤ ਛੋਹੀ
ਜਦੋਂ ਉਹ ਤੁਰਿਆ-
ਲੋਕਾਂ ਦਾ ਗੀਤ ਬਣਿਆ
ਨੀਚਾਂ ਦਾ ਮੀਤ ਬਣਿਆ
ਧਰਤ ਦਾ ਸੰਗੀਤ ਬਣਿਆ
ਕੂੜ ਹਰਿਆ-
ਸੱਚ ਤਰਿਆ-
ਖਾਲਕ ਖਲਕ
ਖਲਕ ਮੈ ਖਾਲਕ ਦਾ
ਨੂਰ ਉਗਮਿਆ
ਪੈੜ ਪ੍ਰਕਾਸ਼ ਬਣੀ
ਜਦੋਂ ਉਹ ਤੁਰਿਆ
ਚਾਨਣ ਨਾਲ-ਨਾਲ ਤੁਰਿਆ !!
ਸੰਪਰਕ: 98151-23900
* * *
ਕੌਣ ਸੀ ਨਾਨਕ?
ਜਗਤਾਰ ਗਰੇਵਾਲ ‘ਸਕਰੌਦੀ’
ਕੌਣ ਸੀ ਨਾਨਕ?
ਮੈਂ ਨਹੀਂ ਜਾਣਦਾ।
ਨਾ ਕਦੇ ਪੜ੍ਹਿਆ
ਨਾ ਕਦੇ ਸੁਣਿਆ
ਨਾ ਕਦੇ ਸਮਝਿਆ।
ਪਰ ਫੇਰ ਵੀ ਮੈਂ
ਦੱਸਦਾ ਹਾਂ ਲੋਕਾਂ ਨੂੰ
ਨਾਨਕ ਬਾਰੇ
ਕਿਉਂਕਿ
ਉਨ੍ਹਾਂ ਨੇ ਵੀ
ਨਾ ਕਦੇ ਨਾਨਕ ਪੜ੍ਹਿਆ
ਨਾ ਸੁਣਿਆ ਤੇ
ਨਾ ਕਦੇ ਸਮਝਿਆ।
ਭੁੱਲ ਗਏ ਉਹ ਲੋਕ
ਕੌਣ ਸੀ ਨਾਨਕ?
ਅੱਜ ਨਾਨਕ ਉਹੀ ਐ
ਜਿਹਦੇ ਬਾਰੇ ਮੈਂ ਦੱਸਦਾ।
ਕਾਸ਼! ਉਹ ਲੋਕ ਪੜ੍ਹ ਲੈਂਦੇ
ਨਾਨਕ ਵਿਚਾਰਧਾਰਾ
ਸੁਣ ਲੈਂਦੇ ਨਾਨਕ ਬਾਣੀ
ਸਮਝ ਲੈਂਦੇ ਨਾਨਕ ਨਾਮ।
ਸ਼ਾਇਦ ਮੈਂ ਵੀ
ਸੁਣ ਲੈਂਦਾ
ਸਮਝ ਲੈਂਦਾ
ਪੜ੍ਹ ਲੈਂਦਾ
ਬਹੁਤ ਕੁਝ ਨਾਨਕ ਬਾਰੇ।
ਸੰਪਰਕ: 94630-36033