ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਇੰਸਟਾਈਨ ਦੀ ਰੈਲੇਟਿਵਿਟੀ

04:08 AM Apr 27, 2025 IST
featuredImage featuredImage

ਡਾ. ਵਿਦਵਾਨ ਸਿੰਘ ਸੋਨੀ

Advertisement

ਅਲਬਰਟ ਆਇੰਸਟਾਈਨ ਚੌਦਾਂ ਮਾਰਚ 1879 ਨੂੰ ਜਰਮਨੀ ਦੇ ਉਲਮ (ਵਰਟਮਬਰਗ) ਵਿਖੇ ਜਨਮਿਆ ਸੀ ਤੇ ਮਹਿਜ਼ 26 ਸਾਲ ਦੀ ਉਮਰ ਵਿੱਚ ਹੀ ਉਹ ਦੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਮਹਾਨ ਵਿਅਕਤੀ ਬਣ ਗਿਆ, ਜਦੋਂ 26 ਸਤੰਬਰ 1905 ਨੂੰ ਉਸ ਦਾ ਮਹੱਤਵਪੂਰਨ ਖੋਜ ਪੱਤਰ ਜਰਮਨੀ ਦੇ ਇੱਕ ਖੋਜ ਰਸਾਲੇ ’ਚ ਛਪਿਆ। ਉਸ ਖੋਜ ਪੱਤਰ ਦਾ ਨਾਮ ਸੀ, ਆਨ ਦਿ ਇਲੈਕਟ੍ਰੋਡਾਇਨੈਮਿਕਸ ਆਫ ਮੂਵਿੰਗ ਬਾਡੀਸ ਜੋ ਵਾਸਤਵ ਵਿੱਚ ‘ਸਪੈਸ਼ਲ ਥਿਊਰੀ ਔਫ ਰੈਲੇਟਿਵਿਟੀ’ ਹੀ ਸੀ। ਉਸ ਨੇ ਭੌਤਿਕ ਵਿਗਿਆਨ ਦੇ ਵਿਸ਼ੇ ਵਿੱਚ ਇੱਕ ਅਜਿਹੀ ਖੋਜ ਕੀਤੀ ਕਿ ਜਿਸ ਨਾਲ ਮਨੁੱਖ ਦਾ ਸਾਰੀ ਸ੍ਰਿਸ਼ਟੀ ਬਾਰੇ ਸੰਕਲਪ ਹੀ ਬਦਲ ਗਿਆ। ਸਮਾਂ, ਪੁਲਾੜ (ਖਲਾਅ) ਤੇ ਪਦਾਰਥ, ਉਸ ਨੇ ਇੱਕੋ ਲੜੀ ਵਿੱਚ ਪਰੋ ਦਿੱਤੇ। ਆਇੰਸਟਾਈਨ ਨੇ ਕਿਹਾ ਕਿ ਇਹ ਤਿੰਨੋ ਵਾਸਤਵਿਕਤਾਵਾਂ ਇੱਕ ਦੂਜੇ ’ਤੇ ਨਿਰਭਰ ਕਰਦੀਆਂ ਹਨ ਅਤੇ ਇੱਕ ਦੂਜੇ ਤੋਂ ਮੁਕਤ ਨਹੀਂ ਹਨ। ਪਹਿਲਾਂ ਨਿਊਟਨ ਦੇ ਵਿਚਾਰ ਅਨੁਸਾਰ ਇਹ ਮੰਨਿਆ ਜਾਂਦਾ ਸੀ ਕਿ ਸਮਾਂ ਨਿਰਪੇਖ ਹੈ ਅਤੇ ਸਦਾ ਇੱਕੋ ਰੌਂਅ ਵਿੱਚ, ਇਕਸਾਰ ਹੀ ਚੱਲਦਾ ਹੈ ਅਤੇ ਹੈ ਵੀ ਇੱਕ-ਦਿਸ਼ਾਵੀ (ਭਾਵ ਕਿ ਸਮਾਂ ਸਦਾ ਅਗਾਂਹ ਵੱਲ ਵਧਦਾ ਹੈ)। ਪੁੰਜ (ਪਦਾਰਥ) ਦੀ ਹੋਂਦ ਜਾਂ ਵਸਤੂ ਦੀ ਗਤੀ ਉੱਤੇ ਸਮਾਂ ਨਿਰਭਰ ਨਹੀਂ ਕਰਦਾ। ਇਹ ਵੀ ਮੰਨਿਆ ਜਾਂਦਾ ਸੀ ਕਿ ਇਸ ਬ੍ਰਹਿਮੰਡ ਦਾ ਪੁੰਜ ਸਦਾ ‘ਇੱਕ-ਮੁੱਲ’ ਰਹਿੰਦਾ ਹੈ ਅਤੇ ਊਰਜਾ ਭਾਵੇਂ ਰੂਪ ਬਦਲ ਲੈਂਦੀ ਹੈ, ਪਰ ਵਿਸ਼ਵ ਦੀ ਕੁੱਲ ਊਰਜਾ ਸਦਾ ਸਥਿਰ ਰਹਿੰਦੀ ਹੈ। ਪੁਲਾੜ ਬਾਰੇ ਮੰਨਿਆ ਜਾਂਦਾ ਸੀ ਕਿ ਉਸਦਾ ਆਕਾਰ/ਮਿਣਤੀ ਸਦਾ ਲਈ ਇੱਕੋ ਹੀ ਹੈ ਅਤੇ ਕਿਸੇ ਪੁੰਜ ਜਾਂ ਕਿਸੇ ਗਤੀ ਦਾ ਉਸ ਉੱਤੇ ਕੋਈ ਪ੍ਰਭਾਵ ਨਹੀਂ। ਇਹ ਸਾਰਾ ਕੁਝ ਇੱਕ ਦੂਜੇ ਤੋਂ ਸੁਤੰਤਰ ਹੈ ਅਤੇ ਸਮਾਂ, ਪੁਲਾੜ ਤੇ ਪੁੰਜ, ਇਹ ਤਿੰਨੋਂ ਆਪਣੇ ਆਪ ਵਿੱਚ ਨਿਰਪੇਖ (ਐਬਸੋਲੂਟ) ਹਨ। ਉਂਜ, ਆਮ ਸਮਝ ਵਿੱਚ ਸਾਨੂੰ ਸਭ ਨੂੰ ਵੀ ਇੰਜ ਹੀ ਲੱਗਦਾ ਹੈ, ਪਰ ਆਇੰਸਟਾਈਨ ਨੇ ਕਿਹਾ ਕਿ ‘ਆਮ ਸਮਝ’ ਹਮੇਸ਼ਾ ਠੀਕ ਨਹੀਂ ਹੁੰਦੀ। ਗਹਿਰਾਈ ਵਿੱਚ ਸੋਚੋ ਤਾਂ ਹੋਰ ਦਾ ਕੁਝ ਹੋਰ ਹੀ ਬਣ ਜਾਂਦਾ ਹੈ। ਆਇੰਸਟਾਈਨ ਨੇ ਜੋ ਕੁਝ ਵੀ ਕਿਹਾ, ਉਹ ਬਿਲਕੁਲ ਠੀਕ ਸੀ ਅਤੇ ਜਿੰਨੇ ਵੀ ਪ੍ਰੇਖਣ ਉਸ ਦੇ ਸਿਧਾਂਤ ਨੂੰ ਪਰਖਣ ਵਾਸਤੇ ਕੀਤੇ ਗਏ, ਉਹ ਸਾਰੇ ਉਸ ਦੀ ਸੋਚਣੀ ਦੇ ਹੱਕ ਵਿੱਚ ਹੀ ਗਏ। ਪੁੰਜ ਊਰਜਾ ਵਿੱਚ ਵਟਣ ਲੱਗਾ, ਐਟਮ ਬੰਬ ਬਣ ਗਏ, ਐਟਮੀ ਸ਼ਕਤੀ ਤੋਂ ਬਿਜਲੀ ਬਣਨ ਲੱਗੀ।ਬ੍ਰਹਿਮੰਡ ਵਿੱਚ ਆਕਾਸ਼ਗੰਗਾਵਾਂ ਦੇ ਬਣਨ ਤੇ ਫੈਲਣ ਬਾਰੇ ਸਮਝ ਆਉਣ ਲੱਗੀ ਤੇ ਸਹੀ ਤਾਰਾ ਵਿਗਿਆਨ ਵੀ ਹੋਂਦ ਵਿੱਚ ਆ ਗਿਆ, ਆਦਿ।
ਆਇੰਸਟਾਈਨ ਨੇ ਰੈਲੇਟਿਵਿਟੀ ਦਾ ਸਿਧਾਂਤ ਦੋ ਹਿੱਸਿਆਂ ਵਿੱਚ ਪੇਸ਼ ਕੀਤਾ। ਪਹਿਲਾਂ ਉਸ ਨੇ ਸੰਨ 1905 ਵਿੱਚ ਸਪੈਸ਼ਲ ਥਿਊਰੀ ਔਫ ਰੈਲੇਟਿਵਿਟੀ (ਵਿਸ਼ਿਸ਼ਟ ਸਾਪੇਖਤਾ) ਦਾ ਸਿਧਾਂਤ ਦਿੱਤਾ, ਜਿਸ ਦਾ ਰੂਪ ਅਤੇ ਸਿੱਟੇ ਅਜਿਹੇ ਸਨ ਕਿ ਉਨ੍ਹਾਂ ਨੇ ਭੌਤਿਕ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ। ਇਹ ਸਿਧਾਂਤ ਸਿਰਫ਼ ਇੱਕ ਸਮਾਨ ਗਤੀ ਨਾਲ ਚੱਲ ਰਹੇ ਸਿਸਟਮਾਂ ’ਤੇ ਹੀ ਲਾਗੂ ਹੁੰਦਾ ਸੀ। ਬਾਅਦ ਵਿੱਚ ਸੰਨ 1916 ਵਿੱਚ ਉਸ ਨੇ ‘ਜਨਰਲ ਥਿਊਰੀ ਔਫ ਰੈਲੇਟਿਵਿਟੀ’ ਪੇਸ਼ ਕੀਤੀ ਜੋ ਕਿ ਪਰਵੇਗਤ (ਗਤੀ ਬਦਲਦੇ) ਸਿਸਟਮਾਂ ਸਮੇਤ ਸਾਰੇ ਸਿਸਟਮਾਂ ਵਾਸਤੇ ਵਿਆਪਕ ਸੀ। ਸਪੈਸ਼ਲ ਰੈਲੇਟਿਵਿਟੀ ਕੇਵਲ ਦੋ ਬੜੇ ਸਰਲ ਬਿਆਨਾਂ ’ਤੇ ਆਧਾਰਿਤ ਹੈ ਜਿਨ੍ਹਾਂ ਨੂੰ ਸਪੈਸ਼ਲ ਰੈਲੇਟਿਵਿਟੀ ਦੇ ਦੋ ‘ਸਵੈ-ਸਿੱਧ’ (ਪਾਸਚੂਲੇਟਸ) ਕਿਹਾ ਜਾਂਦਾ ਹੈ। ਇਹ ਸਵੈ-ਸਿੱਧ ਕਹਿੰਦੇ ਹਨ ਕਿ ਸ੍ਰਿਸ਼ਟੀ ਬਣੀ ਹੀ ਇੰਜ ਹੈ।
ਪਹਿਲਾ ਸਵੈ-ਸਿੱਧ ਜੜ੍ਹਤਵੀ ਸਿਸਟਮਾਂ ਦੀ ਗੱਲ ਕਰਦਾ ਹੈ। ਜੜ੍ਹਤਵੀ (ਇਨਰਸ਼ੀਅਲ) ਸਿਸਟਮ ਉਹ ਹੰਦਾ ਹੈ ਜੋ ਇਕਸਮਾਨ ਗਤੀ ਨਾਲ ਚੱਲਦਾ ਹੈ, ਉਸ ਦੀ ਚਾਲ ਵਿੱਚ ਕੋਈ ਪਰਵੇਗ ਨਹੀਂ ਆਉਂਦਾ ਭਾਵ ਕਿ ਉਹ ਤੇਜ਼ ਜਾਂ ਹੌਲੀ ਨਹੀਂ ਹੁੰਦਾ। ਸਿਸਟਮ ਦੀ ਜੜ੍ਹਤਾ ਇੱਕ ਤਰ੍ਹਾਂ ਦੀ ਅਜਿਹੀ ਖੜੋਤ ਹੈ ਜਿਸ ਵਿੱਚ ਬੈਠਾ ਹਰ ਵਿਅਕਤੀ ਸਮਝਦਾ ਹੈ ਕਿ ਮੈਂ ਖੜ੍ਹਾ ਹਾਂ ਤੇ ਦੂਜੇ ਚੱਲ ਰਹੇ ਹਨ। ਉਸ ਨੂੰ ਆਪਣੀ ਗਤੀ ਦਾ ਕੋਈ ਅਹਿਸਾਸ ਨਹੀਂ ਹੁੰਦਾ। ਸਾਡੀ ਧਰਤੀ ਲਗਭਗ ਇੱਕ ਜੜ੍ਹਤਵੀ ਸਿਸਟਮ ਹੀ ਹੈ। ਧਰਤੀ 30 ਕਿਲੋਮੀਟਰ ਪ੍ਰਤੀ ਸਕਿੰਟ ਦੀ ਚਾਲ ਨਾਲ ਸੂਰਜ ਦੁਆਲੇ ਘੁੰਮ ਰਹੀ ਹੈ ਅਤੇ ਕਈ ਕਈ ਘੰਟੇ ਇਸ ਗਤੀ ਨਾਲ ਸਿੱਧੀ ਰੇਖਾ ਵਿੱਚ ਚੱਲਦੀ ਹੈ। ਵੇਖੋ, ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਚੱਲ ਰਹੇ ਹਾਂ। ਅਸੀਂ ਕੋਈ ਵਸਤੂ ਉੱਪਰ ਸੁੱਟੀਏ ਤਾਂ ਉਹ ਵਾਪਸ ਸਾਡੇ ਹੱਥ ਵਿੱਚ ਹੀ ਆ ਡਿੱਗਦੀ ਹੈ, ਭਾਵੇਂ ਕਿ ਧਰਤੀ ਏਨੀ ਤੇਜ਼ ਗਤੀ ਨਾਲ ਚੱਲ ਰਹੀ ਹੈ। ਉਹ ਵਸਤੂ ਪਿੱਛੇ ਨਹੀਂ ਰਹਿ ਜਾਂਦੀ। ਇਕਸਮਾਨ ਗਤੀ ਨਾਲ ਚੱਲ ਰਹੀ ਰੇਲਗੱਡੀ ਵਿੱਚ ਵੀ ਸਾਨੂੰ ਇੰਜ ਹੀ ਮਹਿਸੂਸ ਹੁੰਦਾ ਹੈ। ਇਹ ਆਮ ਸਮਝ ਦੀ ਗੱਲ ਨਹੀਂ। ਇਹ ਸਭ ਗੈਲੀਲੀਓ ਗੈਲੀਲੀ ਨੇ ਸਤਾਰ੍ਹਵੀਂ ਸਦੀ ਵਿੱਚ ਹੀ ਪਛਾਣ ਲਿਆ ਸੀ। ਗੈਲੀਲੀਓ ਤਾਂ ਲੋਕਾਂ ਸਾਹਮਣੇ ਕਈ ਪ੍ਰਯੋਗ ਕਰਕੇ ਹਰ ਗੱਲ ਸਿੱਧ ਕਰ ਦਿੰਦਾ ਸੀ। ਗੈਲੀਲੀਓ ਨੇ ਵੀ ਕਿਹਾ ਸੀ ਕਿ ਆਮ ਸਮਝ ਹਮੇਸ਼ਾ ਠੀਕ ਨਹੀਂ ਹੁੰਦੀ।
ਆਇੰਸਟਾਈਨ ਦੀ ਸਪੈਸ਼ਲ ਰੈਲੇਟਿਵਿਟੀ ਦਾ ਪਹਿਲਾ ਸਵੈਸਿੱਧ ਇਹ ਕਹਿੰਦਾ ਸੀ ਕਿ ਸਾਰੇ ਜੜ੍ਹਤਵੀ ਸਿਸਟਮਾਂ ਵਿੱਚ ਭੌਤਿਕ ਵਿਗਿਆਨ ਦੇ ਸਾਰੇ ਨਿਯਮ ਇਕਸਾਰ ਹੁੰਦੇ ਹਨ। ਕੋਈ ਭੌਤਿਕ ਪ੍ਰਯੋਗ ਕਰਕੇ ਅਸੀਂ ਇਹ ਨਹੀਂ ਪਛਾਣ ਸਕਦੇ ਕਿ ਅਸੀਂ ਖੜ੍ਹੇ ਹਾਂ ਜਾਂ ਚੱਲ ਰਹੇ ਹਾਂ।
ਦੂਜੇ ਸਵੈਸਿੱਧ ਨੇ ਤਾਂ ਬੜੀ ਅਜੀਬ ਗੱਲ ਕੀਤੀ। ਇਸ ਅਨੁਸਾਰ ਖਲਾਅ ਵਿੱਚ ਪ੍ਰਕਾਸ਼ ਦੀ ਗਤੀ ਸਥਿਰ ਹੈ (ਲਗਭਗ ਤਿੰਨ ਲੱਖ ਕਿਲੋਮੀਟਰ ਪ੍ਰਤੀ ਸਕਿੰਟ) ਜਿਸ ਤੋਂ ਵੱਧ ਕੋਈ ਗਤੀ ਨਹੀਂ ਹੁੰਦੀ।ਭਾਵੇਂ ਪ੍ਰਕਾਸ਼ ਦਾ ਸ੍ਰੋਤ ਪ੍ਰੇਖਕ ਵੱਲ ਆ ਰਿਹਾ ਹੋਵੇ ਜਾਂ ਉਸ ਤੋਂ ਦੂਰ ਜਾ ਰਿਹਾ ਹੋਵੇ, ਇਸ ਦੀ ਗਤੀ ਪ੍ਰਕਾਸ਼ ਦੀ ਗਤੀ ਵਿੱਚ ਜਮ੍ਹਾਂ ਜਾਂ ਮਨਫ਼ੀ ਨਹੀਂ ਹੁੰਦੀ। ਜਿਵੇਂ ਅਸੀਂ ਦੇਖਦੇ ਹਾਂ ਕਿ ਗੋਲਾ ਸੁੱਟਣ ਲੱਗਿਆਂ ਦੌੜ ਰਹੇ ਵਿਅਕਤੀ ਦੀ ਗਤੀ ਗੋਲੇ ਦੀ ਗਤੀ ਵਿੱਚ ਜਮ੍ਹਾਂ ਹੋ ਜਾਂਦੀ ਹੈ ਤੇ ਗੋਲਾ ਹੋਰ ਤੇਜ਼ ਗਤੀ ਨਾਲ ਚੱਲਦਾ ਹੈ, ਪਰ ਪ੍ਰਕਾਸ਼ ਦੀ ਗਤੀ ਨਾਲ ਇੰਜ ਨਹੀਂ ਹੁੰਦਾ। ਉਸ ਦਾ ਮੁੱਲ ਸਭ ਵਾਸਤੇ ਇੱਕੋ ਹੀ ਰਹਿੰਦਾ ਹੈ। ਉਹ ਸ੍ਰੋਤ ਤੋਂ ਤਾਂ ਤਿੰਨ ਲੱਖ ਕਿਲੋਮੀਟਰ ਪ੍ਰਤੀ ਸਕਿੰਟ ਦੀ ਦਰ ਨਾਲ ਨਿਕਲਦੀ ਹੀ ਮਾਪੀ ਜਾਂਦੀ ਹੈ। ਭਾਵੇਂ ਸ੍ਰੋਤ ਸਾਡੇ ਵੱਲ ਆ ਰਿਹਾ ਹੋਵੇ ਜਾਂ ਸਾਥੋਂ ਦੂਰ ਜਾ ਰਿਹਾ ਹੋਵੇ, ਸਾਡੇ ਮਾਪ ਵਿੱਚ ਵੀ ਪ੍ਰਕਾਸ਼ ਗਤੀ ਤਿੰਨ ਲੱਖ ਕਿਲੋਮੀਟਰ ਪ੍ਰਤੀ ਸਕਿੰਟ ਹੀ ਪੜ੍ਹੀ ਜਾਵੇਗੀ।ਇਸ ਸਵੈਸਿੱਧ ਨੇ ਤਾਂ ਭੌਤਿਕ ਵਿਗਿਆਨ ਦੀ ਸਾਰੀ ਸਮਝ ਨੂੰ ਹੀ ਨਵਾਂ ਰੂਪ ਦੇ ਦਿੱਤਾ ਤੇ ਨਾਲ ਹੀ ਕਈ ਦਿਲਚਸਪ ਤੇ ਨਵੀਆਂ ਸੰਭਾਵਨਾਵਾਂ ਵੀ ਉਤਪੰਨ ਕਰ ਦਿੱਤੀਆਂ।
ਉਕਤ ਦੋ ਸਵੈਸਿੱਧਾਂ ਤੋਂ ਇੱਕ ਨਵਾਂ ਪਰ ਬੜਾ ਸਰਲ ਗਣਿਤੀ ਸਿਧਾਂਤ ਬਣਿਆ ਜਿਸ ਨੂੰ ਸਪੈਸ਼ਲ ਥਿਊਰੀ ਔਫ ਰੈਲੇਟਿਵਿਟੀ ਕਿਹਾ ਗਿਆ। ਉਸ ਵਿੱਚ ਆਇੰਸਟਾਈਨ ਨੇ ਆਪਸ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਦੋ ਜੜ੍ਹਤਵੀ ਫਰੇੇਮਾਂ ਵਿੱਚ ਸਮੇਂ ਤੇ ਪੁਲਾੜੀ ਫਾਸਲੇ ਦੇ ਆਪਸੀ ਰੂਪਾਂਤਰਣ ਤਿਆਰ ਕੀਤੇ ਜੋ ਲੋਰੈਂਟਜ਼/ਆਇੰਸਟਾਈਨ ਰੂਪਾਂਤਰਨ ਕਰਕੇ ਜਾਣੇ ਜਾਂਦੇ ਹਨ (ਲੋਰੈਂਟਜ਼ ਨੇ ਤਾਂ ਇਹ ਕਿਸੇ ਹੋਰ ਤੱਥ ਦੀ ਵਿਆਖਿਆ ਕਰਨ ਲਈ ਕੇਵਲ ਕਲਪਿਤ ਕੀਤੇ ਸਨ)। ਉਹ ਰੂਪਾਂਤਰਣ ਦੱਸਦੇ ਹਨ ਕਿ ਵੱਖ ਵੱਖ ਫਰੇਮਾਂ ਵਿੱਚ ਸਮੇਂ ਦੀ ਰਫ਼ਤਾਰ ਵੱਖ ਵੱਖ ਹੈ ਅਤੇ ਫਾਸਲੇ ਦੀ ਲੰਬਾਈ ਵੀ ਵੱਖ ਵੱਖ ਹੈ। ਸਮੇਂ ਦੀ ਚਾਲ ਤੇ ਲੰਬਾਈ ਦਾ ਮਾਪ, ਦੋਵਾਂ ਫਰੇਮਾਂ ਦੀ ਆਪਸੀ ਸਾਪੇਖਕ ਗਤੀ ’ਤੇ ਨਿਰਭਰ ਕਰਦੇ ਹਨ। ਉਨ੍ਹਾਂ ਸਮੀਕਰਨਾਂ ਤੋਂ ਬੜੀਆਂ ਨਵੀਆਂ ਧਾਰਨਾਵਾਂ ਉਪਜੀਆਂ। ਸਮੇਂ ਦਾ ਸੰਕਲਪ ਹੀ ਬਦਲ ਗਿਆ। ਕਈ ਨਵੇਂ ਸਿੱਟੇ ਨਿਕਲੇ ਜਿਨ੍ਹਾਂ ਦੀ ਵਰਤੋਂ ਨੇ ਵਿਗਿਆਨੀਆਂ ਨੂੰ ਨਵੀਆਂ ਖੋਜਾਂ ਦੇ ਕਾਬਲ ਵੀ ਬਣਾਇਆ।
ਆਇੰਸਟਾਈਨ ਨੇ ਧਰਮਾਂ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਸਨ।ਉਸ ਨੇ ਕਿਹਾ ਸੀ ਕਿ ਤੁਹਾਡਾ ਮਜ਼ਹਬ ਭਾਵੇਂ ਕੋਈ ਵੀ ਹੋਵੇ, ਉਸ ਨੂੰ ਜੀਵਨ ਦੀਆਂ ਦੂਸਰੀਆਂ ਚੀਜ਼ਾਂ ਨਾਲ ਨਹੀਂ ਰਲਾਉਣਾ ਚਾਹੀਦਾ।ਵਿਸ਼ਵਾਸ ਦਾ ਸਬੰਧ ਉਨ੍ਹਾਂ ਗੱਲਾਂ ਨਾਲ ਨਹੀਂ ਹੋਣਾ ਚਾਹੀਦਾ ਜੋ ਭੌਤਿਕ ਵਿਗਿਆਨ ਦੇ ਉਲਟ ਚੱਲਦੀਆਂ ਹੋਣ। ਉਸ ਦਾ ਪਰਮਾਤਮਾ ਵਿੱਚ ਇਹ ਵਿਸ਼ਵਾਸ ਸੀ ਕਿ ਰੱਬ ਮਾਨਵ ਰੂਪੀ (ਐਂਥਰੋਮੌਰਫਿਕ) ਨਹੀਂ ਹੈ, ਭਾਵ ਕਿ ਉਹ ਦੇਵੀ ਦੇਵਤਿਆਂ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ।
ਆਇੰਸਟਾਈਨ ਦਾ ਸਪੈਸ਼ਲ ਰੈਲੇਟਿਵਿਟੀ ਵਾਲਾ ਪੇਪਰ 26 ਸਤੰਬਰ 2005 ਨੂੰ ਛਪਿਆ ਸੀ। ਉਦੋਂ ਇਸ ਦਾ ਨਾਮ ਸੀ ‘ਆਨ ਦੀ ਇਲੈਕਟ੍ਰੋਡਾਇਨਿਮਿਕਸ ਔਫ ਮੂਵਿੰਗ ਬਾਡੀਜ਼’, ਪਰ ਬਾਅਦ ਵਿੱਚ ਇਹ ਹੀ ਵਿਸ਼ਿਸ਼ਟ ਸਾਪੇਖਤਾ ਬਣ ਗਿਆ।
ਵਿਸ਼ਿਸ਼ਟ ਸਾਪੇਖਤਾ ਦਾ ਇੱਕ ਸਿੱਟਾ ਇਹ ਸੀ ਕਿ ਇੱਕ ਸਮਾਨ ਗਤੀ ਨਾਲ ਬਹੁਤ ਤੇਜ਼ ਚੱਲ ਰਹੀ ਲੰਬਾਈ ਸੁੰਗੜੀ ਹੋਈ ਜਾਪੇਗੀ। ਉਹ ਉਸ ਦੇ ਆਪਣੇ ਫਰੇਮ ਵਿੱਚ ਬੈਠੇ ਵਿਅਕਤੀਆਂ ਨੂੰ ਸੁੰਗੜੀ ਨਹੀਂ ਜਾਪਣੀ ਪਰ ਦੂਜੇ ਫਰੇਮ ਵਿੱਚ ਬੈਠਿਆਂ ਨੂੰ ਇੰਜ ਜਾਪੇਗੀ। ਜਿਉਂ ਜਿਉਂ ਉਹ ਲੰਬਾਈ ਤੇਜ਼ ਹੋਵੇਗੀ ਉਹ ਦੂਜੇ ਫਰੇਮ ਵਾਲਿਆਂ ਨੂੰ ਲਗਾਤਾਰ ਸੁੰਗੜ ਰਹੀ ਜਾਪੇਗੀ। (ਕਈ ਵਿਆਖਿਆਕਾਰ ਅਜੇ ਵੀ ਇਸ ਤੱਥ ਨੂੰ ਗ਼ਲਤ ਸਮਝ ਲੈਂਦੇ ਹਨ ਤੇ ਕਹਿ ਦਿੰਦੇ ਹਨ ਕਿ ਗਤੀਸ਼ੀਲ ਲੰਬਾਈ ਪੱਕੀ ਹੀ ਸੁੰਗੜ ਜਾਂਦੀ ਹੈ, ਜਾਂ ਦੌੜ ਰਹੀ ਸਕੇਲ ਗਤੀ ਕਰਕੇ ਛੋਟੀ ਹੋ ਜਾਂਦੀ ਹੈ, ਵਗੈਰਾ ਵਗੈਰਾ। ਪਰ ਇਹ ਠੀਕ ਨਹੀਂ ਹੈ, ਕਿਉਂਕਿ ਇਹ ਪ੍ਰਭਾਵ ਦੋਤਰਫ਼ਾ ਹੁੰਦਾ ਹੈ)। ਇਹ ਕਿਰਿਆ ਇਸ ਤਰ੍ਹਾਂ ਦੋਤਰਫ਼ੀ ਹੁੰਦੀ ਹੈ ਕਿ ਦੂਜੇ ਜੜ੍ਹਤਵੀ ਫਰੇਮ ਨੂੰ ਪਹਿਲਾ ਫਰੇਮ ਸਾਪੇਖਕ ਤੌਰ ’ਤੇ ਪਿਛਾਂਹ ਵੱਲ ਜਾਂਦਾ ਲੱਗਦਾ ਹੈ, ਤੇ ਉਸ ਨੂੰ ਉਸ ਦੀ ਲੰਬਾਈ ਸੁੰਗੜੀ ਹੋਈ ਜਾਪਦੀ ਹੈ। ਵਾਸਤਵ ਵਿੱਚ ਚੱਲ ਰਹੇ ਫਰੇਮ ਦੇ ਸਮੇਂ ਨੇ ਸਾਡੇ ਪ੍ਰੇਖਣ ਵਿੱਚ ਆਪਣਾ ਰੂਪ ਲਿਆ ਹੈ।ਅਸੀਂ ਕਹਿ ਸਕਦੇ ਹਾਂ ਕਿ ਚੱਲ ਰਹੀ ਸਕੇਲ ਦੇ ਹਰ ਬਿੰਦੂ ’ਤੇ ਪਈ ਹਰ ਘੜੀ ਅੱਡ ਅੱਡ ਸਮਾਂ ਦਿਖਾ ਰਹੀ ਹੈ ਤੇ ਅਸੀਂ ਸਕੇਲ ਦੇ ਬਿੰਦੂਆਂ ਦੀ ਪੁਰਾਣੇ ਸਮਿਆਂ ਦੀ ਸਥਿਤੀ ਹੀ ਦੇਖ ਰਹੇ ਹੁੰਦੇ ਹਾਂ। ਆਇੰਸਟਾਈਨ ਨੇ ਕਿਹਾ ਸੀ ਕਿ ਇਹ ਸਭ ਸਮੇਂ ਦਾ ਕਸੂਰ ਹੈ। ਜਿਨ੍ਹਾਂ ਫਰੇਮਾਂ ਵਿੱਚ ਕੋਈ ਵੀ ਸਾਪੇਖਕ ਗਤੀ ਹੈ ਤਾਂ ਉਨ੍ਹਾਂ ਦਾ ਸਮਾਂ ਵੀ ਸਾਪੇਖਕ ਹੋ ਜਾਂਦਾ ਹੈ।
ਸਮੇਂ ਦੀ ਸਾਪੇਖਤਾ ਦੇ ਕੁਝ ਪਹਿਲੂ ਹੋਰ ਵੀ ਹਨ। ਸਾਡੇ ਹਿਸਾਬ ਨਾਲ ਚੱਲ ਰਹੇ ਦੂਜੇ ਫਰੇਮ ਵਿੱਚ ਸਮਾਂ ਸਾਨੂੰ ਹੌਲੀ ਬੀਤਦਾ ਪ੍ਰਤੀਤ ਹੁੰਦਾ ਹੈ। ਕਿਉਂਕਿ ਸਾਪੇਖਤਾ ਵਿੱਚ ਹਰ ਪ੍ਰਭਾਵ ਦੋਤਰਫਾ ਹੁੰਦਾ ਹੈ, ਉਸ ਫਰੇਮ ਨੂੰ ਸਾਡਾ ਸਮਾਂ ਹੌਲੀ ਬੀਤਦਾ ਜਾਪਦਾ ਹੈ। ਪਰ ਆਪਣੇ ਨਿੱਜੀ ਫਰੇਮਾਂ ਵਿੱਚ ਹਰ ਪ੍ਰੇਖਕ ਨੁੰ ਆਪਣਾ ਆਪਣਾ ਸਮਾਂ ਸਾਧਾਰਨ ਤੋਰ ਨਾਲ ਹੀ ਚੱਲਦਾ ਜਾਪਦਾ ਹੈ। ਸਮੇਂ ਦੀ ਸਾਪੇਖਤਾ ਦਾ ਇੱਕ ਬੜਾ ਦਿਲਚਸਪ ਪਹਿਲੂ ਹੈ ‘ਸਮੇਂ ਦੀ ਸਮਕਾਲੀਨਤਾ’। ਉਸ ਅਨੁਸਾਰ ਜੇਕਰ ਇੱਕ ਫਰੇਮ ਦੋ ਦੁਰੇਡੇ ਥਾਵਾਂ ’ਤੇ ਇੱਕ ਘਟਨਾ ਸਮਕਾਲੀਨ ਤੌਰ ’ਤੇ ਵਾਪਰਦੀ ਹੈ ਤਾਂ ਗਤਸ਼ੀਲ ਦੂਜੇ ਫਰੇਮ ਨੂੰ ਉਹ ਅੱਡ ਅੱਡ ਸਮਿਆਂ ’ਤੇ ਵਾਪਰਦੀ ਜਾਪਦੀ ਹੈ (ਕਿਉਂਕਿ ਆਪਸੀ ਗਤੀ ਸਾਪੇਖਕ ਹੈ)।
ਸਮੇਂ ਨਾਲ ਸੰਬੰਧਿਤ ਤੀਜਾ ਦਿਲਚਸਪ ਸੰਕਲਪ ਹੈ ਟਵਿੱਨ ਪੈਰਾਡੌਕਸ (ਜੌੜਾ ਵਿਰੋਧਾਭਾਸ)। ਇਸ ਨੂੰ ਸਮਝਣ ਲਈ ਇੱਕ ਪ੍ਰਯੋਗ ਦੀ ਕਲਪਨਾ ਕਰੋ: ਦੋ ਜੌੜੇ ਵਿਅਕਤੀਆਂ ’ਚੋਂ ਜੇ ਇੱਕ ਜਣਾ ਰੈਲੇਟਿਵਿਸਟਿਕ ਗਤੀ ਨਾਲ ਦੂਰ ਉੱਪਰ ਆਕਾਸ਼ਾਂ ਵੱਲ ਚਲਾ ਜਾਵੇ ਅਤੇ ਆਪਣੇ ਸਮੇਂ ਦੀ ਚਾਲ ਅਨੁਸਾਰ ਕੁਝ ਸਾਲਾਂ ਬਾਅਦ ਵਾਪਸ ਆ ਜਾਵੇ ਤਾਂ ਵਾਪਸ ਧਰਤੀ ’ਤੇ ਆ ਕੇ ਉਹ ਕੀ ਵੇਖੇਗਾ? ਉਹ ਵੇਖੇਗਾ ਕਿ ਏਥੇ ਤਾਂ ਕਈ ਦਹਾਕੇ ਬੀਤ ਗਏ ਹਨ। ਜੇ ਉਸਦੀ ਗਤੀ ਪ੍ਰਕਾਸ਼ ਗਤੀ ਦੇ ਬਹੁਤ ਹੀ ਨਿਕਟ ਹੋਵੇ ਤਾਂ ਇੱਥੋਂ ਦੇ ਸਮੇਂ ਦੀ ਚਾਲ ਅਨੁਸਾਰ ਇੱਥੇ ਕਈ ਸਦੀਆਂ ਵੀ ਬੀਤ ਸਕਦੀਆਂ ਹਨ। ਇਹ ਪ੍ਰਭਾਵ ਪ੍ਰਮਾਣੂਆਂ ਦੇ ਕੇਸ ਵਿੱਚ ਤਾਂ ਸਿੱਧ ਵੀ ਕੀਤਾ ਜਾ ਚੁੱਕਾ ਹੈ। ਇਹ ਪ੍ਰਭਾਵ ਦੋਤਰਫ਼ਾ ਨਹੀਂ ਹੈ ਕਿਉਂਕਿ ਬਾਹਰ ਜਾ ਕੇ ਵਾਪਸ ਆਉਣ ਵਾਲਾ ਜੋੜਾ ਲਗਾਤਾਰ ਆਪਣੀ ਗਤੀ ਬਦਲਦਾ ਰਿਹਾ ਸੀ, ਅਤੇ ਵਿਸ਼ਿਸ਼ਟ ਸਾਪੇਖਤਾ ਦੀ ਸ਼ਰਤ ਦੇ ਉਲਟ ਉਸ ਦੀ ਗਤੀ ਇਕਸਾਰ ਨਾਂ ਰਹਿ ਕੇ ਵਾਰ ਵਾਰ ਬਦਲਦੀ ਰਹੀ। ਇਸੇ ਲਈ ਤਾਂ ਜਦੋਂ ਉਹ ਵਾਪਸ ਆਇਆ, ਉਸ ਦੀ ਉਮਰ ਘਟ ਗਈ। ਪਰ ਇਸ ਦਾ ਹੱਲ ਬੜਾ ਗੁੰਝਲਦਾਰ ਹੈ ਕਿਉਂਕਿ ਇਸ ਦੇ ਹੱਲ ਵਿੱਚ ਜਨਰਲ ਰੈਲੇਟਿਵਿਟੀ ਦੇ ਫਾਰਮੂਲਿਆਂ ਦੀ ਵਰਤੋਂ ਹੁੰਦੀ ਹੈ।
ਸਪੈਸ਼ਲ ਰੈਲੇਟਿਵਿਟੀ ਦਾ ਵਿਗਿਆਨ ਨੂੰ ਸਭ ਤੋਂ ਵੱਡਾ ਲਾਭ ਓਦੋਂ ਹੋਇਆ ਜਦੋਂ ਪਤਾ ਲੱਗਾ ਕਿ ਪੁੰਜ ਤੇ ਊਰਜਾ ਆਪੋ ਆਪਣੀ ਥਾਂ ਸਥਿਰ ਨਹੀਂ ਹਨ ਬਲਕਿ ਆਪਸ ਵਿੱਚ ਵਟ ਸਕਦੇ ਹਨ। ਪੁੰਜ-ਊਰਜਾ ਬਰਾਬਰਤਾ ਦਾ ਫਾਰਮੂਲਾ ਦੇ ਕੇ ਉਸ ਨੇ ਸਿੱਧ ਕਰ ਦਿੱਤਾ ਕਿ ਥੋੜ੍ਹੇ ਜਿਹੇ ਪੁੰਜ ਨੂੰ ਅਥਾਹ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ। ਜੇ ਇੱਕ ਗਰਾਮ ਪੁੰਜ ਸਾਰੇ ਦਾ ਸਾਰਾ ਊਰਜਾ ਵਿੱਚ ਵਟ ਜਾਵੇ ਤਾਂ ਦਿੱਲੀ ਜਿੱਡੇ ਸ਼ਹਿਰ ਨੂੰ ਛੇ ਮਹੀਨੇ ਤੱਕ ਬਿਜਲੀ ਦਿੱਤੀ ਜਾ ਸਕਦੀ ਹੈ, ਪਰ ਸਾਰਾ ਪੁੰਜ ਊਰਜਾ ਵਿੱਚ ਨਹੀਂ ਵਟ ਸੱਕਦਾ ਸਗੋਂ ਇਸ ਦਾ ਕੁਝ ਅੰਸ਼ ਹੀ ਪੁੰਜ ਵਿੱਚ ਵਟਦਾ ਹੈ। ਇਸ ਤੱਥ ਦੀ ਦੁਰਵਰਤੋਂ ਵੀ ਹੋਈ ਜਦੋਂ ਜਪਾਨ ਵਿੱਚ ਐਟਮ ਬੰਬ ਸੁੱਟੇ ਗਏ। ਪਰ ਇਸ ਦੇ ਨਾਲ ਹੀ ਧਰਤੀ ’ਤੇ ਅਨੇਕਾਂ ਪ੍ਰਮਾਣੂ ਬਿਜਲੀਘਰ ਵੀ ਬਣ ਗਏ, ਜੋ ਕਿ ਲੋਕਾਈ ਲਈ ਇੱਕ ਵਰਦਾਨ ਸਿੱਧ ਹੋਏ ਹਨ। ਸੂਰਜ ਤੇ ਤਾਰਿਆਂ ਵਿੱਚੋਂ ਨਿਕਲਦੀ ਅਥਾਹ ਊਰਜਾ ਪੁੰਜ ਤੋਂ ਹੀ ਪਰਿਵਰਤਿਤ ਹੋ ਰਹੀ ਹੈ ਜੋ ਪੁੰਜ-ਊਰਜਾ ਫਾਰਮੂਲੇ ਨਾਲ ਹੀ ਸੰਬੰਧਿਤ ਹੈ। ਤਾਰਿਆਂ ਵਿੱਚ ਤਾਂ ਇਹ ਕਿਰਿਆ ਹੈ ਹੀ, ਪਰ ਇਕੱਲੇ ਸੂਰਜ ਵਿੱਚ ਹੀ ਹਰ ਰੋਜ਼ ਲੱਖਾਂ ਟਨ ਪਦਾਰਥ ਊਰਜਾ ਵਿੱਚ ਵਟ ਰਿਹਾ ਹੈ।
ਜਨਰਲ ਥਿਊਰੀ ਔਫ ਰੈਲੇਟਿਵਿਟੀ ਗਰੈਵਿਟੀ (ਗਰੂਤਾ) ਨਾਲ ਸੰਬੰਧਿਤ ਹੈ ਕਿਉਂਕਿ ਗਰੂਤਾ ਖਿੱਚ ਨਾਲ ਹਰ ਵਸਤੂ ਪਰਵੇਗਤ ਹੁੰਦੀ ਹੈ। ਇਸ ਥਿਊਰੀ ਅਨੁਸਾਰ ਬਹੁਤ ਭਾਰੇ ਤੇ ਸੰਘਣੇ ਪੁੰਜ ਨੇੜੇ ਪੁਲਾੜ ਬਹੁਤ ਜ਼ਿਆਦਾ ਸੁੰਗੜ ਜਾਂਦਾ ਹੈ ਤੇ ਵਕ੍ਰਿਤ ਹੋ ਜਾਂਦਾ ਹੈ। ਪ੍ਰਕਾਸ਼ ਵੀ ਭਾਰੇ ਪੁੰਜ ਕੋਲੋਂ ਵਲ ਖਾ ਕੇ ਲੰਘਦਾ ਹੈ। ਇਸ ਥਿਊਰੀ ਦੇ ਸਿੱਟੇ ਵਜੋਂ ਬਲੈਕ ਹੋਲ ਦੀ ਖੋਜ ਹੋਈ। ਬਲੈਕ ਹੋਲ ਇੰਨਾ ਸੰਘਣਾ ਹੁੰਦਾ ਹੈ ਕਿ ਉਸ ਦੇ ਚੌਗਿਰਦੇ ਦਾ ਪੁਲਾੜ ਬਹੁਤ ਹੀ ਵਕ੍ਰਿਤ ਹੋ ਜਾਂਦਾ ਹੈ, ਏਨਾ ਵਕ੍ਰਿਤ ਕਿ ਉਸ ਵਿੱਚੋਂ ਨਿਕਲਦਾ ਪ੍ਰਕਾਸ਼ ਵੀ ਵਲ ਖਾ ਕੇ ਉਸ ਉੱਪਰ ਹੀ ਆਣ ਡਿੱਗਦਾ ਹੈ।ਜਨਰਲ ਰੈਲੇਟਿਵਿਟੀ ਦਾ ਸਿਧਾਂਤ ਗਣਿਤੀ ਤੌਰ ’ਤੇ ਬਹੁਤ ਗੁੰਝਲਦਾਰ ਹੈ ਅਤੇ ਇਸ ਨੂੰ ਸਮਝਣਾ ਏਨਾ ਸੌਖਾ ਨਹੀਂ, ਜਦੋਂਕਿ ਸਪੈਸ਼ਲ ਰੈਲੇਟਿਵਿਟੀ ਦੇ ਸਮੀਕਰਣ ਸੌਖੇ ਹਨ।
ਆਇੰਸਟਾਈਨ ਦੇ ਦਿਲਚਸਪ ਰੈਲੇਟਿਵਿਟੀ ਸਿਧਾਂਤ ਵਿੱਚ ਇੱਕ ਹੁਲਾਸ ਹੈ, ਇੱਕ ਰੁਮਾਂਸ ਹੈ; ਜਿਵੇਂ ਕਿ ਸਮੇਂ-ਪੁਲਾੜ ਵਿੱਚ ਬੱਝੇ ਪਦਾਰਥ ਉੱਪਰ ਉਸ ਨੇ ਕੋਈ ਸੁੰਦਰ ਕਵਿਤਾ ਰਚੀ ਹੋਵੇ।
* ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ।
ਸੰਪਰਕ: 98143-48697

Advertisement
Advertisement