ਦਾਰ ਜੀ ਤੇ ਝਾਈ ਜੀ
ਹਰਿੰਦਰ ਪਾਲ ਸਿੰਘ
ਦਾਰ ਜੀ ਸ਼ਬਦ ਦੀ ਉਤਪਤੀ ਸਰਦਾਰ ਜੀ ਲਫ਼ਜ਼ ਵਿੱਚੋਂ ਹੋਈ ਜਾਪਦੀ ਹੈ। ਆਪਣੇ ਪਤੀ ਦਾ ਨਾਮ ਲੈ ਕੇ ਨਾ ਬੁਲਾਉਣ ਦੀ ਭਾਰਤੀ ਪਰੰਪਰਾ ਕਾਰਨ ਪੰਜਾਬ ਵਿੱਚ ਪਤਨੀਆਂ ਆਪਣੇ ਪਤੀ ਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕਰਦੀਆਂ ਸਨ। ਉਦੋਂ ਸਾਂਝੇ ਪਰਿਵਾਰ ਹੁੰਦੇ ਸਨ। ਛੋਟੇ ਬੱਚਿਆਂ ਨੂੰ ਅਕਸਰ ਵੱਡੇ ਸ਼ਬਦ ਬੋਲਣ ਲੱਗਿਆਂ ਔਖਿਆਈ ਆਉਂਦੀ। ਉਹ ਘੱਟ ਲਫ਼ਜ਼ਾਂ ਵਿੱਚ ਵੀ ਆਪਣੀ ਗੱਲ ਕਹਿ ਦਿੰਦੇ ਸਨ। ਆਪਣੀ ਮਾਂ ਵੱਲੋਂ ਸਰਦਾਰ ਜੀ ਪੁਕਾਰੇ ਜਾਣ ਨਾਲੋਂ ਉਹ ਆਪਣੇ ਪਿਤਾ ਨੂੰ ਦਾਰ ਜੀ ਸੌਖਾ ਕਹਿ ਲੈਂਦੇ ਹੋਣਗੇ। ਜਾਪਦਾ ਹੈ ਕਿ ਇਉਂ ਪਿਤਾ ਨੂੰ ਦਾਰ ਜੀ ਬੁਲਾਉਣ ਦਾ ਪ੍ਰਚਲਨ ਸ਼ੁਰੂ ਹੋ ਗਿਆ। ਵਿਆਹ ਮਗਰੋਂ ਘਰ ਵਿੱਚ ਆਈ ਔਰਤ ਨੂੰ ਛੋਟੇ ਦਿਓਰ-ਨਨਾਣਾਂ ਭਰਜਾਈ ਕਹਿ ਕੇ ਬੁਲਾਉਂਦੇ ਸਨ। ਘਰ ਦੇ ਬੱਚੇ ਸੁਣਦੇ ਸਨ। ਉਹ ਵੀ ਬੋਲਣ ਦੀ ਸਹੂਲਤ ਤਹਿਤ ਉਨ੍ਹਾਂ ਦੀ ਰੀਸ ਕਰਦੇ ਤੇ ਆਪਣੀ ਮਾਂ ਨੂੰ ਝਾਈ ਬੁਲਾਉਣ ਲੱਗ ਪੈਂਦੇ ਸਨ। ਇਉਂ, ਪਿਤਾ ਨੂੰ ਦਾਰ ਜੀ ਤੇ ਮਾਤਾ ਨੂੰ ਝਾਈ ਜੀ ਕਹਿ ਕੇ ਬੁਲਾਇਆ ਜਾਣ ਲੱਗ ਪਿਆ। ਇਹ ਦਸਤੂਰ ਅੱਜ ਵੀ ਪੰਜਾਬ ਦੇ ਕਈ ਪਰਿਵਾਰਾਂ ਵਿੱਚ ਜਿਉਂ ਦਾ ਤਿਉਂ ਚੱਲ ਰਿਹਾ ਹੈ। ਭਾਵੇਂ ਜ਼ਮਾਨਾ ਜਿੰਨਾ ਮਰਜ਼ੀ ਬਦਲ ਗਿਆ ਹੈ, ਅੱਜ ਵੀ ਪਿਤਾ ਜੀ ਨੂੰ ਦਾਰ ਜੀ ਤੇ ਮਾਤਾ ਜੀ ਨੂੰ ਝਾਈ ਜੀ ਬੁਲਾਉਂਦੇ ਹਨ।
ਸਾਲ 1984-85 ਦੀ ਗੱਲ ਹੈ। ਮੇਰੇ ਨਾਲ ਮੁਹੱਲੇ ਵਿੱਚ ਇੱਕ ਪਰਿਵਾਰ ਦਿੱਲੀ ਤੋਂ ਬਦਲ ਕੇ ਨਵਾਂ ਰਹਿਣ ਆਇਆ। ਉਨ੍ਹਾਂ ਦੇ ਬੱਚੇ ਮਾਂ-ਬਾਪ ਨੂੰ ਦਾਰ ਜੀ ਤੇ ਝਾਈ ਜੀ ਕਹਿ ਕੇ ਸੱਦਦੇ ਸਨ। ਚੰਗੇ ਧਾਰਮਿਕ ਤੇ ਮਿਲਵਰਤਣ ਵਾਲੇ ਲੋਕ ਸਨ। ਗੁਰਦੁਆਰੇ ਜਾਣ ਕਰਕੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹੋਣ ਕਾਰਨ ਨਵੇਂ ਆਏ ਹੋਣ ਦੇ ਬਾਵਜੂਦ ਉਨ੍ਹਾਂ ਦੇ ਸਹਿਚਾਰ ਦਾ ਦਾਇਰਾ ਕਾਫ਼ੀ ਜਲਦੀ ਵੱਡਾ ਬਣ ਗਿਆ। ਸਾਰੇ ਉਨ੍ਹਾਂ ਨੂੰ ਦਾਰ ਜੀ ਤੇ ਝਾਈ ਜੀ ਬੁਲਾਉਣ ਲੱਗ ਪਏ। ਇੱਕ ਨੂੰਹ ਪੁੱਤਰ ਤੇ ਉਨ੍ਹਾਂ ਦੇ ਬੱਚੇ ਨਾਲ ਰਹਿੰਦੇ ਸਨ ਜਦੋਂਕਿ ਬਾਕੀ ਨੂੰਹਾਂ ਪੁੱਤਰ ਵੱਖਰੇ ਰਹਿੰਦੇ ਸਨ। ਦਾਰ ਜੀ ਤੇ ਝਾਈ ਜੀ ਨਾਲ ਬਿਤਾਏ ਸਮੇਂ ਵਿੱਚੋਂ ਦੋ ਤਿੰਨ ਘਟਨਾਵਾਂ ਦਾ ਇੱਥੇ ਜ਼ਿਕਰ ਕਰਨ ਲੱਗਾ ਹਾਂ। ਉਨ੍ਹਾਂ ਇੱਕ ਦੁਕਾਨ ਘਰ ਵਿੱਚ ਕਿਰਾਏ ’ਤੇ ਦਿੱਤੀ ਹੋਈ ਸੀ ਜੋ ਰਾਸ਼ਨ ਪਾਣੀ ਦੀ ਸੀ। ਮੁਹੱਲੇ ਦੇ ਲੋਕ ਬਾਜ਼ਾਰ ਜਾਣ ਦੀ ਬਜਾਏ ਉੱਥੋਂ ਹੀ ਲੋੜੀਂਦਾ ਰਾਸ਼ਨ ਲੈ ਲੈਂਦੇ ਸਨ। ਸਰਦੀਆਂ ਵਿੱਚ ਦਿਨੇ ਤੇ ਗਰਮੀਆਂ ਵਿੱਚ ਸ਼ਾਮ ਨੂੰ ਅਕਸਰ ਬਾਹਰ ਕੁਰਸੀਆਂ ’ਤੇ ਮੁਹੱਲੇ ਵਾਲੇ ਇਕੱਠੇ ਬੈਠਦੇ ਸਨ ਤੇ ਹਾਸੇ ਠੱਠੇ ਵਾਲੀਆਂ ਗੱਲਾਂ ਅਕਸਰ ਹੋ ਜਾਂਦੀਆਂ ਸਨ। ਇੱਕ ਦਿਨ ਉਨ੍ਹਾਂ ਦੇ ਦੁਕਾਨ ਚਲਉਣ ਵਾਲੇ ਕਿਰਾਏਦਾਰ ਨੇ ਗੱਲ ਸੁਣਾਈ। ਉਹ ਕਹਿਣ ਲੱਗਾ, ‘‘ਰਾਤ ਨੂੰ ਮੇਰੀ ਬੰਦ ਦੁਕਾਨ ਦੇ ਥੜ੍ਹੇ ਉੱਤੇ ਕੋਈ ਸਬਜ਼ੀ ਦੇ ਛਿੱਲੜ ਵਗੈਰਾ ਸੁੱਟ ਜਾਂਦਾ ਸੀ। ਸਵੇਰੇ ਜਦੋਂ ਮੈਂ ਦੁਕਾਨ ਖੋਲ੍ਹਣੀ ਤਾਂ ਛਿਲਕੇ ਉੱਥੇ ਪਏ ਹੁੰਦੇ ਸਨ। ਮੈਂ ਤੰਗ ਆਇਆ ਪਿਆ ਸੀ। ਮੈਂ ਦਾਰ ਜੀ ਨਾਲ ਇਹ ਗੱਲ ਸਾਂਝੀ ਕੀਤੀ।’’ ਅੱਗੋਂ ਦਾਰ ਜੀ ਤੇ ਝਾਈ ਜੀ ਬਹੁਤ ਸਿਆਣੇ ਦਿੱਲੀ ਦੇ ਹੁਸ਼ਿਆਰ ਬਾਸ਼ਿੰਦੇ ਸਨ। ਉਨ੍ਹਾਂ ਕਿਹਾ, ‘‘ਤੂੰ ਬੰਦਾ ਲੱਭ ਕੇ ਸਾਨੂੰ ਦੱਸ ਕੌਣ ਸੁੱਟਦਾ ਹੈ। ਅਸੀਂ ਹੱਲ ਕੱਢ ਦੇਵਾਂਗੇ।’’ ਉਸ ਨੇ ਕੁਝ ਦਿਨ ਵਾਚਿਆ। ਇੱਕ ਦਿਨ ਸਾਹਮਣੇ ਰਹਿੰਦੇ ਪਰਿਵਾਰ ਦੇ ਮੈਂਬਰ ਨੂੰ ਉੱਥੇ ਛਿੱਲੜ ਸੁੱਟਦਿਆਂ ਉਸ ਨੇ ਦੇਖ ਲਿਆ। ਉਸ ਨੇ ਦਾਰ ਜੀ ਤੇ ਝਾਈ ਜੀ ਨੂੰ ਦੱਸ ਦਿੱਤਾ। ਹੁਣ ਉਸ ਬੰਦੇ ਨੂੰ ਕੌਣ ਮੂੰਹ ’ਤੇ ਕਹਿਣ ਦੀ ਹਿੰਮਤ ਕਰੇ ਕਿਉਂਕਿ ਇਸ ਨਾਲ ਝਗੜੇ ਦਾ ਡਰ ਸੀ। ਦਾਰ ਜੀ ਦਿੱਲੀ ਦੇ ਹੰਢੇ ਵਰਤੇ ਬੰਦੇ ਸਨ। ਉਨ੍ਹਾਂ ਨੇ ਹੱਲ ਲੱਭ ਲਿਆ। ਇੱਕ ਦਿਨ ਕੁੂੜਾ ਸੁੱਟਣ ਵਾਲਾ ਉਹ ਵਿਅਕਤੀ ਉਨ੍ਹਾਂ ਕੋਲ ਦੁਪਹਿਰੇ ਧੁੱਪੇ ਆ ਕੇ ਬੈਠਿਆ। ਉਸ ਬੰਦੇ ਨੂੰ ਕਹਿਣ ਲੱਗੇ, ‘‘ਪਤਾ ਨਹੀਂ ਕੌਣ ਕੰਬਖਤ ਕਮੀਨਾ ਬੰਦਾ ਰਾਤ ਨੂੰ ਇੱਥੇ ਦੁਕਾਨ ਦੇ ਥੜ੍ਹੇ ਉਪਰ ਕੂੜਾ ਸੁੱਟ ਜਾਂਦਾ ਹੈ। ਇਸ ਕਾਰਨ ਸਾਡਾ ਦੁਕਾਨਦਾਰ ਤੰਗ ਆਇਆ ਪਿਆ ਹੈ।’’ ਦਾਰ ਜੀ ਆਪਣੀ ਹੁਸ਼ਿਆਰੀ ਦਿਖਾ ਗਏ ਸਨ। ਨਹੀਂ ਤਾਂ ਕਿਸੇ ਦੇ ਮੂੰਹ ਉੱਤੇ ਗੱਲ ਕਹਿਣੀ ਉਸੇ ਬੰਦੇ ਨੂੰ ਕਿਹੜਾ ਸੌਖੀ ਹੁੰਦੀ ਹੈ। ਉਹ ਇਹ ਕਹਿਣ ਜੋਗਾ ਨਾ ਰਿਹਾ ਕਿ ਮੈਂ ਸੁੱਟਦਾ ਹਾਂ। ਵਰਤੀ ਗਈ ਭੱਦੀ ਸ਼ਬਦਾਵਲੀ ਨੂੰ ਪਚਾਉਂਦਾ ਹੋਇਆ ਇਹ ਕਹਿ ਕੇ ਉੱਠ ਗਿਆ, ‘‘ਚਲੋ ਕੋਈ ਗੱਲ ਨਹੀਂ, ਆਪੇ ਗਊਆਂ ਵਗੈਰਾ ਖਾ ਜਾਣਗੀਆਂ।’’ ਦਾਰ ਜੀ ਦਾ ਵਰਤਿਆ ਇਹ ਫਾਰਮੂਲਾ ਕੰਮ ਆ ਗਿਆ ਅਤੇ ਅਗਲੇ ਦਿਨ ਦੁਕਾਨ ਮੂਹਰੇ ਕੂੜਾ ਨਹੀਂ ਦਿਸਿਆ।
ਦਾਰ ਜੀ ਦਾ ਇੱਕ ਜੌੜਾ ਭਰਾ ਵੀ ਸੀ ਜੋ ਉਸੇ ਸ਼ਹਿਰ ਵਿੱਚ ਦਿੱਲੀਓਂ ਆਇਆ ਹੋਇਆ ਸੀ। ਉਹ ਕਦੇ ਕਦਾਈਂ ਉਨ੍ਹਾਂ ਦੇ ਘਰ ਮਿਲਣ ਆ ਜਾਂਦਾ ਸੀ, ਪਰ ਉਨ੍ਹਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਇੱਕ ਦਿਨ ਮੈਂ ਬੈਂਕ ਕਿਸੇ ਕੰਮ ਗਿਆ ਤਾਂ ਅੰਦਰ ਕਾਊਂਟਰ ’ਤੇ ਮੈਨੂੰ ਦਾਰ ਜੀ ਦਿਸੇ। ਮੈਂ ਪਿੱਛੋਂ ਜਾ ਕੇ ਮਜ਼ਾਹ ਵੱਸ ਉਨ੍ਹਾਂ ਦੀਆਂ ਬਾਹਵਾਂ ਫੜ ਲਈਆਂ। ਉਨ੍ਹਾਂ ਪਿੱਛੇ ਮੁੜ ਕੇ ਮੇਰੇ ਵੱਲ ਦੇਖਿਆ। ਉਨ੍ਹਾਂ ਦੇ ਚਿਹਰੇ ’ਤੇ ਮੈਨੂੰ ਸਵਾਲੀਆ ਨਿਸ਼ਾਨ ਦਿਸਿਆ। ਅੱਗੋਂ ਫਿਰ ਮੈਂ ਮਜ਼ਾਹ ਵੱਸ ਕਿਹਾ, ‘‘ਤੁਸੀਂ ਦੋ ਫੇਜ਼ ’ਚ ਰਹਿੰਦੇ ਹੋ ਨਾ!’’ ਉਨ੍ਹਾਂ ਦਾ ਜਵਾਬ ਸੀ, ‘‘ਨਹੀਂ।’’ ਮੈਂ ਸੋਚਿਆ ਕਿ ਸ਼ਾਇਦ ਉਹ ਵੀ ਮੇਰੇ ਨਾਲ ਮਜ਼ਾਕ ਕਰ ਰਹੇ ਹਨ। ਮੈਂ ਕਿਹਾ, ‘‘ਤੁਹਾਡਾ ਮੁਰਗ਼ੀਖਾਨੇ ਦਾ ਕੰਮ ਨਹੀਂ?’’ ਹੁਣ ਉਹ ਹੱਸਣ ਲੱਗ ਪਏ ਤੇ ਸਾਰੀ ਗੱਲ ਸਮਝ ਗਏ। ਉਹ ਕਹਿਣ ਲੱਗੇ, ‘‘ਤੁਸੀਂ ਜਿਸ ਦੇ ਭੁਲੇਖੇ ਮੈਨੂੰ ਬੁਲਾਇਆ ਹੈ ਉਹ ਮੇਰਾ ਜੌੜਾ ਭਰਾ ਹੈ।’’ ਬੈਂਕ ਦੇ ਕਰਮਚਾਰੀ ਵੀ ਇਹ ਸਾਰੀ ਗੱਲਬਾਤ ਸੁਣ-ਦੇਖ ਰਹੇ ਸਨ। ਉਹ ਹੱਸਣ ਲੱਗ ਪਏ ਤੇ ਕਹਿਣ ਲੱਗੇ, ‘‘ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ। ਇੱਕ ਭਰਾ ਪੈਸੇ ਕਢਾ ਕੇ ਜਾਂਦਾ ਹੈ ਤਾਂ ਦੂਸਰੇ ਦੇ ਆਉਣ ’ਤੇ ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ।’’
ਸ਼ਾਮ ਵੇਲੇ ਕੰਮ ਤੋਂ ਵਾਪਸ ਆ ਕੇ ਮੈਂ ਦਾਰ ਜੀ ਤੇ ਝਾਈ ਜੀ ਨੂੰ ਇਹ ਗੱਲ ਸੁਣਾਈ। ਉਹ ਵੀ ਹੱਸਣ ਲੱਗ ਪਏ ਤਾਂ ਝਾਈ ਜੀ ਨੇ ਵਿਸਥਾਰ ਨਾਲ ਗੱਲ ਦੱਸੀ। ਉਹ ਕਹਿਣ ਲੱਗੇ, ‘‘ਜਦੋਂ ਮੈਂ ਵਿਆਹ ਕੇ ਆਈ ਸਾਂ ਤਾਂ ਸਾਨੂੰ ਦਰਾਣੀ ਜਠਾਣੀ ਨੂੰ ਵੀ ਭੁਲੇਖਾ ਪੈ ਜਾਂਦਾ ਸੀ ਕਿ ਮੇਰੇ ਵਾਲੇ ਸਰਦਾਰ ਜੀ ਕਿਹੜੇ ਹਨ। ਅਸੀਂ ਸਾਰਿਆਂ ਨੇ ਹੱਲ ਕੱਢਿਆ ਕਿ ਇੱਕ ਪਲੇਨ ਤੇ ਦੂਸਰਾ ਭਰਾ ਪ੍ਰਿੰਟਿਡ ਪੱਗ ਬੰਨ੍ਹੇਗਾ ਤਾਂ ਕਿ ਵੱਖਰੀ ਪਛਾਣ ਬਣੀ ਰਹੇ। ਤੁਹਾਨੂੰ ਇਸ ਬਾਰੇ ਪਤਾ ਨਾ ਹੋਣ ਕਰਕੇ ਤੁਸੀਂ ਭੰਬਲਭੂਸੇ ਵਿੱਚ ਫਸ ਗਏ ਕਿ ਦਾਰ ਜੀ ਢੰਗ ਸਿਰ ਬੋਲ ਕਿਉਂ ਨਹੀਂ ਰਹੇ। ਅਸਲ ਗੱਲ ਇਹ ਹੈ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ।’’
ਸਮਾਂ ਬੀਤਿਆ। ਸਰਦਾਰ ਜੀ ਦੇ ਬੱਚੇ ਬਾਕੀਆਂ ਵਾਂਗੂ ਇੱਕ-ਇੱਕ ਕਰਕੇ ਬਾਹਰਲੇ ਮੁਲਕਾਂ ’ਚ ਜਾਣ ਲੱਗ ਪਏ। ਨਾਲ ਰਹਿੰਦੇ ਨੂੰਹ ਪੁੱਤ ਵੀ ਬੱਚਿਆਂ ਸਮੇਤ ਬਾਹਰ ਚਲੇ ਗਏ। ਦੋਵੇਂ ਇੱਥੇ ਇਕੱਲੇ ਰਹਿ ਗਏ। ਦਿਲ ਬਹਿਲਾਉਣ ਲਈ ਕੋਈ ਨਾ ਕੋਈ ਨਵਾਂ ਰਾਹ ਲੱਭ ਲੈਂਦੇ ਸਨ। ਹੋਰ ਕੋਈ ਚਾਰਾ ਨਹੀਂ ਸੀ ਕੁਝ ਸਾਲਾਂ ਬਾਅਦ ਬੱਚਿਆਂ ਦੇ ਕਹਿਣ ਤੇ ਨਾਲੇ ਆਪਣੇ ਦਿਲ ਹੱਥੋਂ ਮਜਬੂਰ ਹੋ ਕੇ ਉਨ੍ਹਾਂ ਨੂੰ ਮਿਲਣ ਚਾਰ ਕੁ ਮਹੀਨੇ ਲਈ ਬਾਹਰ ਚਲੇ ਗਏ। ਸਮਾਂ ਹੋਣ ਉਪਰੰਤ ਵਿਦੇਸ਼ੋਂ ਪਰਤ ਕੇ ਕਾਫ਼ੀ ਖ਼ੁਸ਼ ਸਨ ਕਿਉਂਕਿ ਆਪਣੀ ਔਲਾਦ ਨੂੰ ਮਿਲ ਆਏ ਸਨ। ਘਰ ਦੀ ਖਿੱਚ ਬੰਦੇ ਨੂੰ ਵਾਪਸ ਲੈ ਆਉਂਦੀ ਹੈ। ਪਿੱਛੋਂ ਮਕਾਨ ਖ਼ਾਲੀ ਹੋਣ ਦਾ ਫ਼ਿਕਰ ਨਹੀਂ ਸੀ। ਜਿਹੜਾ ਦੁਕਾਨ ਕਿਰਾਏ ’ਤੇ ਚਲਾਉਂਦਾ ਸੀ, ਉਸ ਨੇ ਰਿਹਾਇਸ਼ ਵੀ ਕਿਰਾਏ ’ਤੇ ਲਈ ਹੋਈ ਸੀ। ਦੁਕਾਨਦਾਰ ਦੀ ਪਤਨੀ ਨੇ ਸਾਨੂੰ ਦਿਲਚਸਪ ਗੱਲ ਸੁਣਾਈ। ਉਹ ਕਹਿੰਦੀ, ‘‘ਇੱਕ ਦਿਨ ਦੀ ਗੱਲ ਹੈ। ਮੈਂ ਉੱਪਰੋਂ ਦੇਖ ਰਹੀ ਸੀ ਕਿ ਦਾਰ ਜੀ ਦੀ ਕੰਮ ਵਾਲੀ ਵਿਹੜੇ ਵਿੱਚ ਲੱਗੀ ਟੂਟੀ ਥੱਲੇ ਕੱਪੜੇ ਧੋ ਰਹੀ ਸੀ। ਦਾਰ ਜੀ ਵਿਹੜੇ ’ਚ ਬੈਠੇ ਸਨ ਝਾਈ ਜੀ ਕੰਮ ਕਰਵਾ ਰਹੇ ਸਨ। ਅਚਾਨਕ ਉਨ੍ਹਾਂ ਨੇ ਕੰਮ ਕਰਨ ਵਾਲੀ ਨੂੰ ਨਾਮ ਲੈ ਕੇ ਕਿਹਾ: ਭਾਗੋ, ਤੇਰੇ ਲਈ ਅਸੀਂ ਬਾਹਰੋਂ ਕੁਝ ਲੈ ਕੇ ਆਏ ਹਾਂ। ਭਾਗੋ ਹੱਥ ਬੰਨ੍ਹ ਕੇ ਖੜ੍ਹੀ ਹੋ ਗਈ ਕਿ ਸ਼ਾਇਦ ਮੇਰੇ ਲਈ ਮਾਲਕ ਬਾਹਰਲੇ ਮੁਲਕ ਤੋਂ ਕੋਈ ਤੋਹਫ਼ਾ ਲੈ ਕੇ ਆਏ ਹੋਣੇ ਜੋ ਮੈਨੂੰ ਦੇਣ ਲੱਗੇ ਹਨ। ਦਾਰ ਜੀ ਨੇ ਝਾਈ ਜੀ ਨੂੰ ਆਵਾਜ਼ ਲਗਾਈ ਤਾਂ ਅੰਦਰੋਂ ਉਹ ਪੈਕਟ ਬਾਹਰ ਚੁੱਕ ਲਿਆਏ। ਭਾਗੋ ਕੱਪੜੇ ਧੋਣੇ ਛੱਡ ਪਾਣੀ ਨਾਲ ਹੱਥ ਸਾਫ਼ ਕਰ ਕੇ ਹੱਥ ਜੋੜ ਕੇ ਖੜ੍ਹ ਗਈ ਕਿ ਮੈਨੂੰ ਕੋਈ ਸੌਗਾਤ ਮਿਲਣ ਵਾਲੀ ਹੈ। ਅੱਗੋਂ ਝਾਈ ਜੀ ਨੇ ਪੈਕਟ ਹੱਥ ਫੜਾਇਆ ਤੇ ਕਿਹਾ, ‘‘ਇਹ ਲੈ ਸਰਫ਼ ਬਾਹਰੋਂ ਲਿਆਏ ਆਂ। ਇਸ ਨਾਲ ਕੱਪੜੇ ਧੋਇਆ ਕਰ। ਇੱਥੋਂ ਦੇ ਸਾਬਣ-ਸਰਫ਼ ਤਾਂ ਚੰਗੀ ਤਰ੍ਹਾਂ ਕੱਪੜੇ ਵੀ ਸਾਫ਼ ਨਹੀਂ ਕਰਦੇ।’’ ਭਾਗੋ ਕਦੇ ਉਨ੍ਹਾਂ ਵੱਲ ਤੇ ਕਦੇ ਸਰਫ਼ ਦੇ ਪੈਕੇਟ ਵੱਲ ਦੇਖੇ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਹੱਸੇ ਜਾਂ ਰੋਵੇ। ਕਿਰਾਏਦਾਰਨੀ ਕਹਿੰਦੀ,‘‘ ਮੈਂ ਸੋਚਿਆ ਚਲੋ ਸ਼ਾਇਦ ਵਿਚਾਰੀ ਦੀ ਕੱਪੜੇ ਧੋਣ ਦੀ ਮਿਹਨਤ ਘਟ ਜਾਵੇਗੀ। ਉਂਜ ਮੈਂ ਉੱਪਰ ਸੁਣ ਕੇ ਜ਼ਰੂਰ ਮੁਸਕਰਾ ਰਹੀ ਸੀ।
ਆਖ਼ਰ ਉਹ ਸਮਾਂ ਵੀ ਆ ਗਿਆ ਜਦੋਂ ਕਿੰਨੇ ਸਾਲ ਇੱਥੇ ਇਕੱਲੇ ਰਹਿੰਦੇ ਰਹੇ ਦਾਰ ਜੀ ਤੇ ਝਾਈ ਦੇ ਵਿਦੇਸ਼ ਜਾਣ ਦਾ ਵੇਲਾ ਆ ਗਿਆ। ਉਨ੍ਹਾਂ ਨੇ ਘਰ ਦਾ ਸਾਮਾਨ ਹੌਲੀ-ਹੌਲੀ ਵੇਚਣਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਲੋਕਾਂ ਨੂੰ ਪਤਾ ਲੱਗਦਾ, ਆਪਣੀ ਲੋੜ ਅਨੁਸਾਰ ਹਰ ਕੋਈ ਚੀਜ਼ ਆਪਣੇ ਮਨ ਮੁਤਾਬਿਕ ਲਿਜਾ ਰਿਹਾ ਸੀ। ਕੁਝ ਗੱਲਾਂ ਮੁਹੱਲੇ ਵਾਲਿਆਂ ਕੋਲੋਂ ਦਾਰ ਜੀ, ਝਾਈ ਜੀ ਦੀ ਘਰੇਲੂ ਸਮਾਨ ਦੀਆਂ ਸੇਲ ਬਾਰੇ ਸਾਨੂੰ ਪਤਾ ਲੱਗੀਆਂ। ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ। ਪੁਰਾਣੇ ਕੱਪੜੇ, ਰਸੋਈ ਦੇ ਭਾਂਡੇ-ਟੀਂਡੇ, ਇਲੈਕਟਰੋਨਿਕ ਸਮਾਨ ਪੱਖੇ ਕੂਲਰ ਫ਼ਰਨੀਚਰ ਆਦਿ ਸਭ ਵਿਕਾਊ ਸੀ। ਛੋਟੀ ਤੋਂ ਛੋਟੀ ਚੀਜ਼ ਵੀ ਮਿਸਾਲ ਵਜੋਂ ਪੰਜ ਰੁਪਏ ਦੀ ਹਿਸਾਬ ਨਾਲ ਆਡੀਓ ਕੈਸਟਾਂ, ਪਟਿਆਲੇ ਦੇ ਰੇਸ਼ਮੀ ਨਾਲੇ 20 ਰੁਪਏ ਦੇ ਹਿਸਾਬ ਵੇਚਣ ਲੱਗੇ। ਬੋਨ-ਚਾਇਨਾ ਦਾ ਛੇ ਪਲੇਟਾਂ ਤੇ ਪੰਜ ਕੱਪਾਂ ਵਾਲਾ ਟੀ-ਸੈੱਟ, ਹਵਾਈ ਜਹਾਜ਼ ਤੇ ਬੱਚਿਆਂ ਦੇ ਹੋਰ ਖਿਡਾਉਣੇ ਵਗ਼ੈਰਾ ਵੀ ਲੋਕੀਂ ਮੁੱਲ ਲੈ ਗਏ। ਹਰ ਵਿਕਦੀ ਚੀਜ਼ ਦੀ ਵੱਖਰੀ ਕਹਾਣੀ ਸੁਣਨ ਨੂੰ ਮਿਲੀ ਸੀ। ਸਭ ਦਾ ਜ਼ਿਕਰ ਇੱਥੇ ਸੰਭਵ ਨਹੀਂ। ਮੁਹੱਲੇ ਦੇ ਇੱਕ ਵੀਰ ਜੀ ਉਨ੍ਹਾਂ ਕੋਲ ਪੱਖਾ ਲੈਣ ਗਏ ਤਾਂ ਦੂਸਰੇ ਕਮਰੇ ’ਚੋਂ ਉਨ੍ਹਾਂ ਨੇ ਦਾਰ ਜੀ ਨੂੰ ਕਹਿੰਦੇ ਸੁਣਿਆ ਕਿ ਇਹ ਗੁਰਦੁਆਰੇ ਨਾਲ ਸਬੰਧਿਤ ਬੰਦਾ ਹੈ, ਇਸ ਨਾਲ ਬਹੁਤੀ ਬਹਿਸ ਨਾ ਕਰੀਂ, ਨਹੀਂ ਤਾਂ ਸਾਡੀ ਭੰਡੀ ਹੋਵੇਗੀ। ਇਹ ਜੋ ਦਿੰਦਾ ਹੈ ਇਸ ਤੋਂ ਲੈ ਲੈਣਾ ਹੈ।’’ ਸਭ ਤੋਂ ਮਜ਼ੇਦਾਰ ਗੱਲ ਇਹ ਹੋਈ ਕਿ ਸਾਡੇ ਨਾਲ ਦੇ ਅੰਕਲ ਸੋਫ਼ਾ ਲੈਣ ਗਏ। ਸਭ ਮੁੱਲ ਭਾਅ ਤੈਅ ਹੋ ਗਿਆ। ਸੋਫਾ ਸੈੱਟ ਦਾ ਮੰਗਿਆ ਮੁੱਲ ਦੇ ਕੇ ਉਨ੍ਹਾਂ ਨੇ ਖਰੀਦ ਲਿਆ। ਜਦੋਂ ਬੰਦੇ ਲੈ ਕੇ ਕੁਝ ਦੇਰ ਬਾਅਦ ਉਹ ਚੁੱਕਣ ਗਏ ਤਾਂ ਸੋਫੇ ਦੇ ਨਾਲ ਉੱਪਰ ਪਈਆਂ ਗੱਦੀਆਂ ਵੀ ਚੁੱਕਣ ਲੱਗੇ। ਝਾਈ ਜੀ ਬੋਲੇ, ‘‘ਇਹ ਗੱਦੀਆਂ ਨਾ ਲਉ। ਇਹ ਨਾਲ ਨਹੀਂ ਹਨ।’’ ਅੰਕਲ ਨੇ ਕਿਹਾ, ‘‘ਇਹ ਸੋਫ਼ੇ ਦੇ ਉੱਤੇ ਪਏ ਨੇ। ਸਾਨੂੰ ਹੀ ਦੇ ਦਿਓ।’’ ਝਾਈ ਜੀ ਹੱਸ ਕੇ ਕਹਿਣ ਲੱਗੇ, ‘‘ਸੋਫੇ ਦੇ ਨਾਲ ਨਹੀਂ ਵੇਚੇ। ਏਦਾਂ ਤਾਂ ਦਾਰ ਜੀ ਵੀ ਸੋਫੇ ਉੱਪਰ ਬੈਠੇ ਨੇ, ਤੁਸੀਂ ਤਾਂ ਦਾਰ ਜੀ ਨੂੰ ਵੀ ਨਾਲ ਲੈ ਜਾਣਾ ਸੀ।’’ ਸਭ ਹੱਸਣ ਲੱਗ ਪਏ। ਸਾਡੇ ਨਾਲ ਵਾਲੇ ਅੰਕਲ ਮਾਯੂਸ ਜਿਹੇ ਹੋ ਕੇ ਦਾਰ ਜੀ ਤੇ ਗੱਦੀਆਂ ਨੂੰ ਉੱਥੇ ਛੱਡ ਕੇ ਸੋਫਾ ਸੈੱਟ ਚੁਕਾ ਕੇ ਘਰ ਆ ਗਏ। ਦਾਰ ਜੀ ਤੇ ਝਾਈ ਜੀ ਆਪਣੀ ਕੋਠੀ ਵੇਚ-ਵੱਟ ਅਤੇ ਸਭ ਕੁਝ ਸਮੇਟ ਕੇ ਅਮਰੀਕਾ ਚਲੇ ਗਏ, ਪਰ ਮੁਹੱਲੇ ਵਾਸੀਆਂ ਲਈ ਆਪਣੀਆਂ ਮਿੱਠੀਆਂ ਯਾਦਾਂ ਛੱਡ ਗਏ।
ਸੰਪਰਕ: 97806-44040