ਕਾਵਿ ਕਿਆਰੀ
ਵਿਆਹ 50 ਸਾਲ ਪਹਿਲਾਂ
ਜਗਦੇਵ ਸ਼ਰਮਾ ਬੁਗਰਾ
ਸਾਦ ਮੁਰਾਦੇ ਵਿਆਹ ਹੁੰਦੇ ਸੀ
ਬੱਸ ਲੱਡੂ ਜਲੇਬੀ ਕੜਾਹ ਹੁੰਦੇ ਸੀ
ਕੋਰੇ ਭੁੰਜੇ ਵਿਛਾ ਹੁੰਦੇ ਸੀ
ਜੰਞ ਕੋਰਿਆਂ ਉੱਪਰ ਬਹਾ ਹੁੰਦੇ ਸੀ
ਪ੍ਰੀਹੇ ਹੱਥੋਂ ਹੱਥੀਂ ਵਰਤਾ ਹੁੰਦੇ ਸੀ।
ਦੇਗੇ ਪਤੀਲੇ ਪਲੇ ਹੁੰਦੇ ਸਨ
ਜ਼ਮਾਨੇ ਬੜੇ ਹੀ ਭਲੇ ਹੁੰਦੇ ਸਨ
ਪਿੰਡੋਂ ਮੰਜੇ ਬਿਸਤਰੇ ਖਲ੍ਹੇ ਹੁੰਦੇ ਸਨ
ਨਾ ਵਲ ਵਲੇਵੇਂ ਵਲੇ ਹੁੰਦੇ ਸਨ
ਸਭ ਭਾਈ ਸ਼ਰੀਕੇ ਰਲੇ ਹੁੰਦੇ ਸਨ।
ਨਾਨੇ ਮਾਮੇ ਬੁਲਾ ਲਓ ਭਾਈ
ਨਿਉਂਦਾ ਕੋਕਾ ਪਾ ਲਓ ਭਾਈ
ਠੁੰਗ ਬਹੀ ’ਤੇ ਲਾ ਲਓ ਭਾਈ
ਗੀਤ ਸਿੱਠਣੀਆਂ ਗਾ ਲਓ ਭਾਈ
ਥਾਪੇ ਥੂਪੇ ਲਾ ਲਓ ਭਾਈ।
ਕਰਜ਼ਾ ਬੱਸ ਹੁਣ ਚੁੱਕ ਲੈਂਦੇ ਆਂ
ਪੈਲੇਸ ਵੀ ਕਰ ਬੁੱਕ ਲੈਂਦੇ ਆਂ
ਵਿੱਚ ਮੁੱਠੀਆਂ ਦੇ ਥੁੱਕ ਲੈਂਦੇ ਆਂ
ਮਾਰਕੇ ਬੜ੍ਹਕਾਂ ਬੁੱਕ ਲੈਂਦੇ ਆਂ
ਏਸੇ ਨੂੰ ਤਾਂ ਠੁੱਕ ਕਹਿੰਦੇ ਆਂ।
ਘਰ ਦਾ ਕੂੰਡਾ ਕਰਵਾ ਬੈਠਾ ਵਾਂ
ਥੱਲੇ ਪੰਝੀ ਲੱਖ ਦੇ ਆ ਬੈਠਾ ਵਾਂ
ਦੋ ਕਿੱਲੇ ਭੋਇੰ ਗੁਆ ਬੈਠਾ ਵਾਂ
ਝੁੱਗਾ ਚੌੜ ਕਰਵਾ ਬੈਠਾ ਵਾਂ
ਰਿਸ਼ਤੇਦਾਰ ਰੁਸਵਾ ਬੈਠਾ ਵਾਂ।
ਸਮਾਂ ਹੈ ਸੰਭਲ ਜਾਓ ਪੰਜਾਬੀਓ
ਦੇਖ ਚਾਦਰ ਪੈਰ ਫੈਲਾਓ ਪੰਜਾਬੀਓ
ਡੁੱਲ੍ਹੇ ਬੇਰ ਚੁੱਕ ਝੋਲੀ ਪਾਓ ਪੰਜਾਬੀਓ
ਵਿਆਹ ਭੋਗਾਂ ’ਤੇ ਖ਼ਰਚ ਘਟਾਓ ਪੰਜਾਬੀਓ
ਖ਼ੁਸ਼ ਰਹਿ ਢੋਲੇ ਦੀਆਂ ਲਾਓ ਪੰਜਾਬੀਓ।
ਸੰਪਰਕ: 98727-87243
ਇਨਸਾਨੀਅਤ
ਸੰਜੀਵ ਕੁਮਾਰ ਸ਼ਰਮਾ
ਦਹਿਸ਼ਤ ਦਾ ਪਰਛਾਵਾਂ ਪਿਆ ਜਦ
ਇਨਸਾਨੀਅਤ ਸੀ ਅੱਗੇ ਆਈ।
ਧਰਮ ਜਾਤ ਨੂੰ ਪਿੱਛੇ ਛੱਡ ਕੇ,
ਸਭਨਾਂ ਦੀ ਸੀ ਪੀੜ ਵੰਡਾਈ।
ਚੁੱਕ ਮੋਢਿਆਂ ’ਤੇ, ਲੱਦ ਖੱਚਰਾਂ ’ਤੇ,
ਸੇਵਾ ਲਈ ਸੀ ਆਈ ਲੋਕਾਈ।
ਬਿਨਾਂ ਕਿਸੇ ਦੇ ਨਾਮ ਨੂੰ ਪੁੱਛਿਆਂ,
ਜ਼ਖ਼ਮਾਂ ’ਤੇ ਸੀ ਮੱਲ੍ਹਮ ਲਾਈ।
ਡਾਕਟਰਾਂ ਨਰਸਾਂ ਦੇ ਰੂਪ ਵਿੱਚ,
ਕਈਆਂ ਦੀ ਸੀ ਜਾਨ ਬਚਾਈ।
ਮੁਕਾਮੀ ਫ਼ਰਿਸ਼ਤਿਆਂ ਦੇ ਸਦਕਾ ਹੀ,
ਜੀਵਨ ਦੀ ਸੀ ਆਸ ਜਗਾਈ।
ਧਰਮ ਸੀ ਭਾਵੇਂ ‘ਦੂਜਾ’ ਉਸ ਦਾ,
ਜਾਨ ਦੀ ਬਾਜ਼ੀ ਉਸ ਨੇ ਲਾਈ।
‘ਆਦਿਲ’ ਨਾਮ ਨੂੰ ਸੱਚਾ ਕਰਕੇ,
ਜਾਨ ‘ਸਾਡਿਆਂ’ ਲਈ ਗੁਆਈ।
ਇਕਮੁੱਠ ਸਭਨਾਂ ਨੂੰ ਹੈ ਕੀਤਾ,
ਧਰਮਾਂ ਦੀ ਇਹ ਨਹੀਂ ਲੜਾਈ।
ਭੁੱਲ ਜਾਓਗੇ ਜੇਕਰ ਇਸ ਨੂੰ,
ਪਤਨ ਫੇਰ ਹੈ ਸਦਾ ਸਦਾ ਲਈ।
ਸੰਪਰਕ: 98147-11605