ਬਾਬਾ ਭਕਨਾ ਦਾ ਲਾਡਲਾ ਸੀ ਵਿਛੜਿਆ ਕਵੀ-ਗਾਇਕ ਪਸ਼ੌਰਾ ਸਿੰਘ ਢਿੱਲੋਂ
ਗੁਰਬਚਨ ਸਿੰਘ ਭੁੱਲਰ
ਅਮਰੀਕਾ-ਵਾਸੀ ਪੰਜਾਬੀ ਕਵੀ ਤੇ ਗਾਇਕ ਪਸ਼ੌਰਾ ਸਿੰਘ ਢਿੱਲੋਂ ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਿਆ। ਕੰਮਕਾਜੀ ਜੀਵਨ ਸਮੇਂ ਕਿੱਤੇ ਵਜੋਂ ਉਹ ਲੈਂਡਸਕੇਪਿਸਟ ਸੀ। ਸੰਯੁਕਤ ਰਾਸ਼ਟਰ ਅਧੀਨ ਅਨੇਕ ਦੇਸਾਂ ਵਿਚ ਕੰਮ ਕਰਨ ਮਗਰੋਂ ਉਹਦਾ ਕਿੱਤਾ ਉਹਨੂੰ ਕੈਲੀਫੋਰਨੀਆ ਲੈ ਪਹੁੰਚਿਆ। ਸੇਵਾਮੁਕਤ ਹੋ ਕੇ ਟਿਕਣ ਲਈ ਉਹਨੂੰ ਪੰਜਾਬੀਆਂ ਦੀ ਭਰਪੂਰ ਵਸੋਂ ਵਾਲਾ ਕੈਲੀਫੋਰਨੀਆ ਹੀ ਠੀਕ ਲੱਗਿਆ ਤੇ ਉਹ ਮਡੇਰਾ ਨਗਰ ਵਿਚ ਵਸ ਗਿਆ।
ਆਪਣੇ ਕੰਮਕਾਜੀ ਜੀਵਨ ਦੇ ਆਰੰਭਕ ਪੰਜ ਸਾਲ ਉਹਨੇ ਪੰਜੌਰ ਦੇ ਬਾਗ਼ ਤੇ ਚੰਡੀਗੜ੍ਹ ਵਿਚ ਕੰਮ ਕੀਤਾ ਜਿਸ ਵਿਚ ਰੋਜ਼ ਗਾਰਡਨ ਵੀ ਸ਼ਾਮਲ ਸੀ। ਉਹਦੀ ਖ਼ੁਸ਼ਕਿਸਮਤੀ ਨੂੰ ਕਿੱਤੇ ਦਾ ਰਾਹ ਦਿਖਾਉਣ ਲਈ ਪ੍ਰਸਿੱਧ ਲੈਂਡਸਕੇਪਿਸਟ ਹਰਦਿਆਲ ਸਿੰਘ ਜੌਹਲ ਸੀ ਤੇ ਲਿਖਣ ਦੀ ਹਲਾਸ਼ੇਰੀ ਦੇਣ ਲਈ ਮਹਿੰਦਰ ਸਿੰਘ ਰੰਧਾਵਾ ਸੀ।
ਚੰਡੀਗੜ੍ਹ ਦੀ ਬੁਨਿਆਦ 1952 ਵਿਚ ਰੱਖੀ ਗਈ ਸੀ। ਰੋਜ਼ ਗਾਰਡਨ ਦੇ ਮਹਿਕਣ-ਟਹਿਕਣ ਪਿਛੋਂ 7 ਅਪਰੈਲ 1968 ਨੂੰ ਉਥੇ ਪਹਿਲਾ ‘ਰੋਜ਼ ਫੈਸਟੀਵਲ’ ਮਨਾਇਆ ਗਿਆ। ਉਭਰਦੇ ਕਵੀ ਪਸ਼ੌਰਾ ਸਿੰਘ ਢਿੱਲੋਂ ਨੇ ਚੰਡੀਗੜ੍ਹ ਨੂੰ ਸੋਲ਼ਾਂ ਸਾਲ ਦੀ ਮੁਟਿਆਰ ਦੇ ਰੂਪ ਵਿਚ ਚਿਤਵਿਆ। ਪੂਰੇ ਚੰਡੀਗੜ੍ਹ ਵਿਚ ਰੰਧਾਵਾ ਜੀ ਦੇ ਲਾਏ ਬਿਰਛ-ਬੂਟਿਆਂ ਨੂੰ ਉਸ ਮੁਟਿਆਰ ਦਾ ਹਾਰ-ਸ਼ਿੰਗਾਰ ਮੰਨ ਕੇ ਕਾਫ਼ੀ ਲੰਮੀ ਕਵਿਤਾ ‘ਰੂਹ ਮੇਰੇ ਪੰਜਾਬ ਦੀ’ ਲਿਖੀ। ਸਮਾਗਮ ਦੀ ਪ੍ਰਧਾਨਗੀ ਰੰਧਾਵਾ ਜੀ ਕਰ ਰਹੇ ਸਨ। ਨੌਜਵਾਨ ਕਵੀ ਨੂੰ ਮੌਕੇ ਲਈ ਢੁੱਕਵੀਂ ਕਵਿਤਾ ਬੜੇ ਜਜ਼ਬੇ ਤੇ ਤਰੱਨਮ ਨਾਲ ਗਾਉਂਦਿਆਂ ਸੁਣ ਕੇ ਪ੍ਰਭਾਵਿਤ ਹੋਏ ਉਹ ਅਚਾਨਕ ਉੱਠੇ। ਸਵਾਗਤ ਸਮੇਂ ਪਾਇਆ ਗਿਆ ਸੱਜਰੇ ਖ਼ੁਸ਼ਬੂਦਾਰ ਫੁੱਲਾਂ ਦਾ ਦੂਹਰਾ ਹਾਰ ਉਹਨਾਂ ਨੇ ਆਪਣੇ ਗਲ਼ ਵਿਚੋਂ ਲਾਹ ਕੇ ਕਵੀ ਦੇ ਗਲ਼ ਵਿਚ ਪਾ ਦਿੱਤਾ। ਸਰੋਤਿਆਂ ਦੀਆਂ ਤਾੜੀਆਂ ਨਾਲ ਭਰੇ ਮੈਦਾਨ ਦਾ ਗੂੰਜਣਾ ਸੁਭਾਵਿਕ ਸੀ। ਕਵੀ ਨੂੰ ਤਾਂ ਉਤਸਾਹ ਮਿਲਣਾ ਹੀ ਹੋਇਆ। ਉਹ ਹਮੇਸ਼ਾ ਆਖਦਾ ਸੀ ਕਿ ਉਹਨੂੰ ਕਿੱਤੇ ਤੇ ਸਾਹਿਤ-ਸਭਿਆਚਾਰ ਨਾਲ ਸੰਬੰਧਿਤ ਕਈ ਇਨਾਮ ਮਿਲੇ ਹਨ, ਪਰ ਉਹਦੇ ਲਈ ਸਭ ਤੋਂ ਵੱਡਾ ਮਾਣ-ਸਨਮਾਨ ਰੰਧਾਵਾ ਜੀ ਦਾ ਉਹ ਹਾਰ ਹੀ ਹੈ।
ਉਸੇ ਸਮੇਂ ਉਹਦੀ ਹੋਣਹਾਰੀ ਪਛਾਣਦਿਆਂ ਹਰਦਿਆਲ ਸਿੰਘ ਜੌਹਲ ਨੇ ਸਲਾਹ ਦਿੱਤੀ ਕਿ ਇਸ ਰਾਹ ਅੱਗੇ ਵਧਣਾ ਹੈ ਤਾਂ ਲੰਡਨ ਦੀ ਲੈਂਡਸਕੇਪ ਇੰਸਟੀਚਿਊਟ ਤੋਂ ਸਿਖਲਾਈ ਲੈ। ਉਥੋਂ ਸਿਖਲਾਈ ਲੈਣ ਪਿੱਛੋਂ ਉਹਦੇ ਪੇਸ਼ਾਵਰ ਮੈਂਬਰ ਵਜੋਂ ਉਹਨੇ ਸੰਯੁਕਤ ਰਾਸ਼ਟਰ ਅਧੀਨ ਕਈ ਦੇਸਾਂ ਵਿਚ ਕੰਮ ਕੀਤਾ। ਇਹਨਾਂ ਵਿਚ ਇੰਗਲੈਂਡ, ਤਨਜ਼ਾਨੀਆ, ਨਾਇਜੀਰੀਆ, ਦੁਬਈ ਤੇ ਅਮਰੀਕਾ ਦਾ ਕੈਲੀਫੋਰਨੀਆ ਮੁੱਖ ਸਨ। ਉਹਦੀ ਕਵਿਤਾ ਹਰ ਉਸ ਦੇਸ ਵਿਚ ਵੀ ਪੰਜਾਬੀਆਂ ਦੀ ਪ੍ਰਸੰਸਾ ਖਟਦੀ ਰਹੀ ਜਿਥੇ ਵੀ ਉਹ ਲੈਂਡਸਕੇਪਿਸਟ ਵਜੋਂ ਕੰਮ ਕਰਨ ਲਈ ਪਹੁੰਚਿਆ।
ਕੈਲੀਫੋਰਨੀਆ ਦੇ ਪੰਜਾਬ ਮੰਚਾਂ ਦਾ ਤਾਂ ਉਹ ਸ਼ਿੰਗਾਰ ਬਣਿਆ ਹੀ ਰਿਹਾ। ਉਹਦੇ ਨਾਲ ਮੇਰੀ ਪਹਿਲੀ ਮੁਲਾਕਾਤ ਵੀ ਉਥੋਂ ਦੇ ਇਕ ਸਾਹਿਤਕ ਇਕੱਠ ਵਿਚ ਹੀ ਹੋਈ। 2006 ਵਿਚ ਮੈਂ ਤੇ ਮੇਰੀ ਸਾਥਣ ਤਿੰਨ ਕੁ ਮਹੀਨਿਆਂ ਲਈ ਅਮਰੀਕਾ ਗਏ। ਸਾਡਾ ਜਾਣਾ ਸੁਣ ਕੇ ਜਸਬੀਰ ਭੁੱਲਰ ਮੈਨੂੰ ਕਹਿਣ ਲਗਿਆ, ‘‘ਭੈਣ ਇੰਦਰਬੀਰ ਕੈਲੀਫੋਰਨੀਆ ਹੀ ਰਹਿੰਦੀ ਹੈ। ਉਹਦਾ ਪਤੀ ਪਸ਼ੌਰਾ ਸਿੰਘ ਢਿੱਲੋਂ ਉਥੇ ਚੰਗਾ ਜਾਣਿਆ ਜਾਂਦਾ ਕਵੀ ਹੈ। ਉਹਨਾਂ ਨੂੰ ਜ਼ਰੂਰ ਮਿਲ ਕੇ ਆਇਓ। ਮੈਂ ਉਹਨਾਂ ਨੂੰ ਵੀ ਤੁਹਾਡਾ ਉਥੇ ਆਏ ਹੋਣਾ ਦੱਸ ਦਿਆਂਗਾ।’’
ਅਸੀਂ ਸਾਂ ਫਰਾਂਸਿਸਕੋ ਕੋਲ ਬੇਅ-ਏਰੀਏ ਵਿਚ ਆਪਣੀ ਬੇਟੀ ਕੋਲ ਠਹਿਰੇ ਹੋਏ ਸੀ। ਮਡੇਰਾ ਕਾਰ ਰਾਹੀਂ ਉਥੋਂ ਢਾਈ-ਤਿੰਨ ਘੰਟੇ ਦੂਰ ਸੀ। ਅਸੀਂ ਉਥੇ ਜਾਣਾ ਆਪਣੀ ਸੂਚੀ ਵਿਚ ਰੱਖ ਲਿਆ, ਪਰ ਮੁਲਾਕਾਤ ਦਾ ਸਬੱਬ ਪਹਿਲਾਂ ਹੀ ਬਣ ਗਿਆ। ਇਕ ਦਿਨ ਸਾਡੇ ਨੇੜੇ ਹੀ ਇਕ ਸਾਹਿਤਕ ਇਕੱਤਰਤਾ ਸੀ। ਉਸ ਵਿਚ ਆਇਆ ਹੋਇਆ ਪਸ਼ੌਰਾ ਸਿੰਘ ਢਿੱਲੋਂ ਬੜੇ ਹਿਤ ਨਾਲ ਮਿਲਿਆ ਅਤੇ ਉਹਨੇ ਮਡੇਰਾ ਆਉਣ ਦਾ ਸੱਦਾ ਦਿੱਤਾ। ਉਹਦੀ ਸਾਧਾਰਨ ਗੱਲਬਾਤ ਦੇ ਲਹਿਜ਼ੇ ਵਿਚ ਵੀ ਮਿਠਾਸ ਹੁੰਦੀ ਸੀ। ਜਦੋਂ ਮੈਂ ਇਕ ਲੇਖਕ ਮਿੱਤਰ ਨਾਲ ਉਹਦੇ ਮਿੱਠ-ਬੋਲੜੇ ਹੋਣ ਦਾ ਜ਼ਿਕਰ ਕੀਤਾ, ਉਹ ਬੋਲਿਆ, ‘‘ਜੇ ਕਦੀ ਇਹਨਾਂ ਨੂੰ ਗਾਉਂਦਿਆਂ ਸੁਣੋਂ!’’
ਉਹਨੂੰ ਗਾਉਂਦਿਆਂ ਸੁਣਨ ਦਾ ਮੌਕਾ ਵੀ ਛੇਤੀ ਹੀ ਬਣ ਗਿਆ। ਅਮਰੀਕੀ-ਪੰਜਾਬੀ ਕਹਾਣੀ ਕਾਨਫ਼ਰੰਸ ਦੇ ਪ੍ਰਬੰਧਕਾਂ ਨੇ ਮੈਨੂੰ ਪ੍ਰਧਾਨਗੀ ਕਰਨ ਤੇ ਪਰਚਾ ਪੜ੍ਹਨ ਲਈ ਕਹਿ ਦਿੱਤਾ। ਆਪਣੇ ਸਾਹਿਤਕ ਰਿਵਾਜ ਅਨੁਸਾਰ ਕਾਨਫ਼ਰੰਸ ਦੇ ਅੰਤ ਉੱਤੇ ਕਵੀ-ਦਰਬਾਰ ਹੋਇਆ। ਮੰਚ ਉੱਤੇ ਚੜ੍ਹੇ ਪਸ਼ੌਰਾ ਸਿੰਘ ਨੇ ਪਹਿਲਾਂ ‘‘ਦਿੱਲੀ ਤੋਂ ਆਏ ਦਿਲਦਾਰਾਂ’’ ਦਾ ਸਵਾਗਤ ਕੀਤਾ ਤੇ ਆਪਣੇ ਘਰ ਆਉਣ ਦਾ ਸੱਦਾ ਦੁਹਰਾਇਆ, ਫੇਰ ਉਹਦੀ ਸੁਰ ਗੂੰਜੀ: ‘‘ਜੇ ਕੋਈ ਸਾਡੀ ਕਲਾ ’ਚ ਭੋਰਾ ਕੁਦਰਤ ਹੋਈ, ਤਾਂ ਉਹ ਆਪੇ ਆਪਣਾ ਰੰਗ ਲਿਆਏਗੀ।’’ ਮਗਰੋਂ ਦੇ ਲੰਮੇ ਵਾਹ ਵਿਚ ਮੈਂ ਦੇਖਿਆ, ਉਹ ਇਹਨਾਂ ਸਤਰਾਂ ਦੇ ਬਿਲਕੁਲ ਅਨੁਸਾਰ ਤੇ ਸਾਹਿਤਕ ਰਿਵਾਜ ਦੇ ਉਲਟ ਆਪਣੀ ਕਵਿਤਾ ਦਾ ਹੋਕਾ
ਆਪ ਨਹੀਂ ਸੀ ਦਿੰਦਾ, ਕਵਿਤਾ ਨੂੰ ਹੀ ਬੋਲਣ ਦਿੰਦਾ ਸੀ।
ਉਹ ਅਮਰੀਕੀ ਪੰਜਾਬੀ ਪੱਤਰਾਂ ਤੇ ਸਭਾਵਾਂ ਤੱਕ ਸੀਮਤ ਰਹਿੰਦਿਆਂ ਭਾਰਤੀ ਪੰਜਾਬੀ ਪਾਠਕਾਂ ਤੱਕ ਪੁੱਜਣ ਵੱਲੋਂ ਬਿਲਕੁਲ ਅਵੇਸਲਾ ਸੀ।
ਅਸੀਂ ਮਿਲਣ ਗਏ ਤਾਂ ਉਹਨੇ ਕੁਛ ਹੋਰ ਮਿੱਤਰ ਵੀ ਬੁਲਾਏ ਹੋਏ ਸਨ। ਸਾਰਿਆਂ ਵਿਚ ਕਵੀ ਉਹ ਇਕੱਲਾ ਹੀ ਸੀ। ਉਹਨੇ ਖ਼ੂਬ ਰੰਗ ਬੰਨ੍ਹਿਆ। ਮੈਂ ਉਹਨੂੰ ਕੈਲੀਫੋਰਨੀਆ ਤੱਕ ਸੀਮਤ ਰਹਿਣ ਦਾ ਉਲਾਂਭਾ ਦਿੱਤਾ ਤੇ ਖਰੜੇ ਬਾਰੇ ਪੁੱਛਿਆ। ਕਹਿੰਦਾ, ਇਥੇ ਆਏ ਜਸਬੀਰ ਨੇ ਵੀ ਕਿਹਾ ਸੀ, ਪਰ ਕਿਤਾਬ ਛਪਵਾਉਣ ਬਾਰੇ ਤਾਂ ਮੈਂ ਕਦੀ ਸੋਚਿਆ ਨਹੀਂ। ਮੈਂ ਹੱਸ ਕੇ ਆਖਿਆ, ਮੈਨੂੰ ਜਸਬੀਰ ਨਾ ਸਮਝਣਾ, ਮੇਰੇ ਜਾਣ ਤੋਂ ਪਹਿਲਾਂ ਦਸ ਦਿਨਾਂ ਦੇ ਅੰਦਰ-ਅੰਦਰ ਖਰੜਾ ਮੇਰੇ ਕੋਲ ਪਹੁੰਚ ਜਾਣਾ ਚਾਹੀਦਾ ਹੈ ਤਾਂ ਜੋ ਜੇ ਕੋਈ ਵਿਚਾਰਨ ਵਾਲੀਆਂ ਗੱਲਾਂ ਹੋਣ, ਇਥੇ ਹੀ ਵਿਚਾਰ ਲਈਏ। 2007 ਵਿਚ ਮੇਰੇ ਲੰਮੇ ਮੁੱਖਬੰਦ ਨਾਲ ਪੁਸਤਕ ‘ਦੀਵਾ ਬਲ਼ੇ ਸਮੁੰਦਰੋਂ ਪਾਰ’ ਛਪ ਗਈ। ਉਹ ਆਇਆ ਤਾਂ ਜਸਬੀਰ ਦੀ ਹਿੰਮਤ ਨਾਲ ਚੰਡੀਗੜ੍ਹ ਭਰਵਾਂ ਸਮਾਗਮ ਹੋਇਆ। ਸਰੋਤੇ ਉਹਦੇ ਛੁਪੇ ਰਹਿਣ ’ਤੇ ਹੈਰਾਨ ਤੇ ਕਵਿਤਾਵਾਂ ਸੁਣ ਕੇ ਉਹਦੇ ਨਾਲ ਕਵੀ ਵਜੋਂ ਹੋਈ ਜਾਣ-ਪਛਾਣ ’ਤੇ ਖ਼ੁਸ਼ ਹੋਏ। ਉਹਨੀਂ ਦਿਨੀਂ ਅਜਿਹੇ ਸੰਬੰਧ ਬਣੇ, ਉਹਨੇ ਮੈਨੂੰ ਹਮੇਸ਼ਾ ਜਸਬੀਰ ਤੇ ਮੇਰੇ ਵਿਚ ਉਹਦੇ ਲਈ ਭੋਰਾ ਵੀ ਫ਼ਰਕ ਨਾ ਹੋਣ ਦਾ ਅਹਿਸਾਸ ਦਿੱਤਾ।
ਉਹਦੀ ਕਵਿਤਾ ਦਾ ਵਿਸ਼ਾ ਇਕੋ ਸੀ, ਲੋਕ। ਸਾਧਾਰਨ ਲੋਕਾਂ ਦੇ ਦੁਖ-ਸੁਖ, ਰੀਝਾਂ ਤੇ ਮਜਬੂਰੀਆਂ, ਵਡੇਰਾਸ਼ਾਹੀ ਹੱਥੋਂ, ਸਿਆਸਤ ਹੱਥੋਂ ਉਹਨਾਂ ਦੀ ਖੱਜਲ-ਖੁਆਰੀ, ਪਰ ਇਸ ਸਭ ਦੇ ਬਾਵਜੂਦ ਉਹਨਾਂ ਦੀ ਸਮਰੱਥਾ ਵਿਚ ਭਰੋਸਾ। ਦੇਸ ਦੀ ਵਰਤਮਾਨ ਹਾਲਤ ਵੱਲ ਦੇਖਦਿਆਂ ਉਹਦੀਆਂ ਕਵਿਤਾਵਾਂ ਪ੍ਰਸੰਗਿਕ ਵੀ ਸਨ ਅਤੇ ਭਾਈਚਾਰਕ, ਸਮਾਜਕ, ਸਭਿਆਚਾਰਕ, ਆਰਥਕ, ਰਾਜਨੀਤਕ, ਆਦਿ ਵਿਸ਼ਿਆਂ ਦੀ ਕਲਾਮਈ ਪੇਸ਼ਕਾਰੀ ਵੀ ਸਨ। ਮੇਰਾ ਲੱਖਣ ਹੈ, ਉਹ ਸਮਕਾਲ ਦਾ ਇਕੋ-ਇਕ ਪੰਜਾਬੀ ਕਵੀ ਸੀ ਜਿਸ ਨੇ ਪਿਆਰ ਦੀ ਕਵਿਤਾ ਲਿਖੀ ਹੀ ਨਹੀਂ। ਆਪਣੇ ਲੋਕਾਂ ਦਾ ਔਖਾ ਜੀਵਨ ਚੇਤੇ ਕਰ ਕੇ ਉਹ ਆਪਣੀ ਸੁਖੀ ਜ਼ਿੰਦਗੀ ਦੀ ਬੇਵੱਸ ਬੇਚੈਨੀ ਮਹਿਸੂਸ ਕਰਦਾ। ਇਕ ਥਾਂ ਉਹ ਲਿਖਦਾ ਹੈ: ‘‘ਮਾਂ ਸੇਜਲ ਨੈਣੀਂ ਤਕਦੀ ਰਹੀ, ਜੂਹ ਪਾਰ ਲੰਘਾ ਪਿਓ ਮੁੜ ਆਇਆ, ਉਹ ਮੇਰੀਆਂ ਮੰਨਤਾਂ ਮੰਨਦੇ ਰਹੇ, ਖ਼ੁਦ ਜਿਉਂਦੇ ਜੀਣ ਅਜ਼ਾਬਾਂ ਦਾ। ... ਲੈ ਚਮਕ ਅਮਾਨਤ ਤੁਰ ਆਇਆਂ, ਸੰਗ ਚੰਨ-ਚਾਨਣੀ ਰਲਿਆ ਹਾਂ, ਮੇਰੇ ਸਿਰ ਤੋਂ ਕਰਜ਼ਾ ਨਹੀਂ ਲਹਿਣਾ, ਮੇਰੇ ਪਿੰਡ ਦੇ ਜੂਨ-ਖ਼ਰਾਬਾਂ ਦਾ!’’
ਉਹਦੀ ਇਸ ਸੋਚਧਾਰਾ ਦਾ ਅਡੋਲ ਆਧਾਰ ਸੀ ਚੜ੍ਹਦੀ ਉਮਰ ਬਾਬਾ ਸੋਹਨ ਸਿੰਘ ਭਕਨਾ ਦੀ ਬੁੱਕਲ ਵਿਚ ਬੀਤੇ ਹੋਣਾ। ਬਾਬਾ ਜੀ ਉਹਦੇ ਨੇੜਲੇ ਰਿਸ਼ਤੇਦਾਰ ਸਨ। ਉਹਦੇ ਦਾਦਾ ਜੀ ਦੀ ਭੈਣ, ਪੂਜਣਜੋਗ ਬੇਬੇ ਬਿਸ਼ਨ ਕੌਰ ਬਾਬਾ ਭਕਨਾ ਦੀ ਜੀਵਨ-ਸਾਥਣ ਸੀ। ਦਾਦਾ-ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਆਇਆ ਤਾਂ ਭੈਣ-ਭਣੋਈਏ ਦੇ ਘਰ ਭਕਨੇ ਆਸਰਾ ਮਿਲਿਆ। ਕੁਛ ਸਮੇਂ ਮਗਰੋਂ ਪਰਿਵਾਰ ਆਪਣੇ ਨਵੇਂ ਟਿਕਾਣੇ ਜਾ ਵਸਿਆ। ਪਸ਼ੌਰਾ ਸਿੰਘ ਨੂੰ ਉਹ ਪੜ੍ਹਾਈ ਲਈ ਭਕਨੇ ਹੀ ਛੱਡ ਗਏ ਜਿਥੋਂ ਉਹਨੇ ਬਾਬਾ ਜੀ ਦੇ ਆਪਣੀ ਜ਼ਮੀਨ ਵਿਚ ਖਾਸ ਕਰ ਕੇ ਦੇਸਭਗਤਾਂ ਦੇ ਬੱਚਿਆਂ ਲਈ ਖੋਲ੍ਹੇ ਜਨਤਾ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਇਸ ਸਦਕਾ ਉਹਨੇ ਬਾਬਾ ਜੀ ਦੀ ਜੀਵਨ-ਸ਼ੈਲੀ ਨੇੜਿਓਂ ਦੇਖੀ-ਵਾਚੀ ਹੋਈ ਸੀ, ਉਹਨਾਂ ਤੋਂ ਗ਼ਦਰ ਲਹਿਰ ਦੀਆਂ ਬੇਮਿਸਾਲ ਕੁਰਬਾਨੀਆਂ ਬਾਰੇ ਸੁਣਿਆ ਹੋਇਆ ਸੀ ਅਤੇ ਇਸੇ ਕਾਰਨ ਵੱਡਾ ਹੋ ਕੇ ਗ਼ਦਰ ਲਹਿਰ ਦੇ ਅਦੁੱਤੀ ਸੂਰਬੀਰਤਾ ਵਾਲੇ ਇਤਿਹਾਸ ਨੂੰ ਦਿਲਚਸਪੀ ਤੇ ਸ਼ਰਧਾ ਨਾਲ ਪੜ੍ਹਿਆ-ਜਾਣਿਆ ਹੋਇਆ ਸੀ।
2006 ਦੀ ਪਹਿਲੀ ਮੁਲਾਕਾਤ ਸਮੇਂ ਬਣਿਆ ਸਾਡਾ ਸੰਪਰਕ ਲਗਾਤਾਰ ਵਧਦਾ ਹੀ ਰਿਹਾ। ਕਦੇ-ਕਦੇ ਕਵਿਤਾ ਲਿਖਣ ਤੋਂ ਇਲਾਵਾ ਉਹਦਾ ਮੁੱਖ ਰੁਝੇਵਾਂ ਕੁਛ ਹੋਰ ਪੰਜਾਬੀਆਂ ਨਾਲ ਮਿਲ ਕੇ ਸਕੂਲੀ ਪੜ੍ਹਾਈ ਵਿਚ ਅਮਰੀਕੀ ਪੰਜਾਬੀਆਂ ਦੇ ਤੇ ਗਦਰ ਪਾਰਟੀ ਦੇ ਇਤਿਹਾਸ ਨੂੰ ਅਤੇ ਪੰਜਾਬੀ ਦੇ ਵਿਸ਼ੇ ਨੂੰ ਥਾਂ ਦਿਵਾਉਣ ਲਈ ਜਤਨ ਕਰਨਾ ਸੀ। ਜਦੋਂ ਕੋਈ ਸਫਲਤਾ ਮਿਲਦੀ, ਉਹਦਾ ਬਹੁਤ ਉਤਸਾਹੀ ਫੋਨ ਆਉਂਦਾ, ਭਾਅ ਜੀ, ਅਸੀਂ ਐਜੂਕੇਸ਼ਨ ਡਿਪਾਰਟਮੈਂਟ ਵਾਲਿਆਂ ਤੋਂ ਅਮਕੀ ਮੰਗ ਮੰਨਵਾਉਣ ਵਿਚ ਕਾਮਯਾਬ ਹੋ ਗਏ ਹਾਂ!
ਉਹਦੀ ਦੂਜੀ ਚਿੰਤਾ ਅਮਰੀਕੀ ਪੰਜਾਬੀਆਂ ਨੂੰ ਗਦਰ ਪਾਰਟੀ ਦੇ ਨਾਂ ਤੋਂ ਬਿਨਾਂ ਉਸ ਬਾਰੇ ਹੋਰ ਕੋਈ ਵੀ ਜਾਣਕਾਰੀ ਨਾ ਹੋਣਾ ਸੀ। ਉਹ ਆਖਦਾ, ਅਗਲੀਆਂ ਪੀੜ੍ਹੀਆਂ ਦੀ ਗੱਲ ਤਾਂ ਛੱਡੋ, ਹੁਣ ਵਾਲੀ ਪਹਿਲੀ ਪੀੜ੍ਹੀ ਨੂੰ ਵੀ ਗ਼ਦਰੀ ਇਤਿਹਾਸ ਤੇ ਥਾਵਾਂ ਦੀ ਕੋਈ ਜਾਣਕਾਰੀ ਨਹੀਂ। ਮੈਂ ਬਾਬਾ ਭਕਨਾ ਸਮੇਤ ਕੁਛ ਸੰਗਰਾਮੀਆਂ ਦੇ ਸ਼ਬਦ-ਚਿੱਤਰਾਂ ਦੀ ਆਪਣੀ ਪੁਸਤਕ ‘ਸ਼ਬਦ ਵੀ, ਸੰਗਰਾਮ ਵੀ’ ਉਹਨੂੰ ਭੇਜੀ ਤਾਂ ਉਹਨੇ ਕਿਹਾ, ਜੇ ਤੁਸੀਂ ਬਾਬਾ ਜੀ ਦੇ ਸ਼ਬਦ-ਚਿੱਤਰ ਨੂੰ ਕੁਛ ਵਿਸਤਾਰ ਦੇ ਕੇ ਪੁਸਤਕ ਬਣਾ ਦਿਉਂ, ਆਪਾਂ ਪੰਜਾਬੀ ਦੇ ਨਾਲ ਹੀ ਅੰਗਰੇਜ਼ੀ ਵਿਚ ਵੀ ਛਪਵਾ ਕੇ ਮੁਫ਼ਤ ਵੰਡ ਦੇਈਏ।
ਸਾਡੀ ਇਹ ਵਿਉਂਤ ਬੜੇ ਸੋਹਣੇ ਢੰਗ ਨਾਲ ਨੇਪਰੇ ਚੜ੍ਹੀ ਤੋਂ ਮੈਂ ਆਖਿਆ, ‘‘ਬਾਬਾ ਜੀ ਦਾ ਰਾਜਨੀਤਕ ਜੀਵਨ ਤੇ ਗਦਰ ਲਹਿਰ ਦਾ ਇਤਿਹਾਸ ਤਾਂ ਖੁੱਲ੍ਹੀਆਂ ਗੱਲਾਂ ਹਨ। ਅਨੇਕ ਲੇਖਕਾਂ ਨੇ ਲਿਖੀਆਂ ਹਨ ਤੇ ਅਨੇਕ ਲਿਖਣਗੇ। ਲੋੜ ਉਹਨਾਂ ਦੇ ਘਰ, ਵਿਹੜੇ, ਸਭਾਤਾਂ, ਬਾਬੇ ਦੇ ਡੇਰੇ ਤੇ ਬੇਬੇ ਦੀ ਰਸੋਈ ਬਾਰੇ ਲਿਖਣ ਦੀ ਹੈ ਜੋ ਸਿਰਫ਼ ਤੁਸੀਂ ਹੀ ਲਿਖ ਸਕਦੇ ਹੋ।’’ ਵਾਰਤਕ ਲਿਖਣ ਤੋਂ ਉਹ ਕੁਛ ਝਿਜਕਦਾ ਸੀ, ਪਰ ਆਖ਼ਰ ਮੇਰੀ ਗੱਲ ਦਾ ਮਹੱਤਵ ਸਮਝਦਿਆਂ ਉਹਨੇ ਕਲਮ ਚੁੱਕ ਲਈ। ਕੁਛ ਪੰਨੇ ਉਹਨੇ ਮੇਰੇ ਨਜ਼ਰ ਮਾਰਨ ਲਈ ਭੇਜੇ। ਮੇਰੇ ਨਿੱਕੇ-ਮੋਟੇ ਸੁਝਾਵਾਂ ਮਗਰੋਂ ਉਹ ਇਸੇ ਕੰਮ ਵਿਚ ਰੁੱਝਿਆ ਹੋਇਆ ਸੀ। ਮੌਤ ਬੜੀ ਚੰਦਰੀ ਹੈ। ਵਿਚ-ਵਿਚਾਲੇ ਆਈ ਨੂੰ ‘‘ਸਾਹ ਲੈ ਮੌਤੇ ਕਾਹਲੀਏ, ਮੈਂ ਅਜੇ ਨਾ ਵਿਹਲਾ’’ ਕਹੇ ਤੋਂ ਵੀ ਉਹ ਉਡੀਕ ਕਰਨਾ ਮੰਨੀ ਨਹੀਂ!
ਸੰਪਰਕ: 80763-63058