ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੁੱਖਤਾ ਨੂੰ ਨਿਗਲ ਰਿਹਾ ਅਤਿਵਾਦ

04:48 AM May 03, 2025 IST
ਡਾ. ਗੁਰਤੇਜ ਸਿੰਘ
Advertisement

ਅਤਿਵਾਦ ਸ਼ਬਦ ਫਰੈਂਚ ਭਾਸ਼ਾ ਦੇ ਸ਼ਬਦ ‘ਟੈਰਿਜਮੇ’ ਤੋਂ ਬਣਿਆ ਹੈ, 1793-94 ਵਿੱਚ ਫਰੈਂਚ ਸਰਕਾਰ ਨੇ ਅਤਿਵਾਦੀ ਸ਼ਬਦ ਵਰਤਣਾ ਸ਼ੁਰੂ ਕੀਤਾ ਸੀ ਜਿਸ ਦਾ ਭਾਵ ਸੀ- ਨਿਰਦੋਸ਼ਾਂ ਦਾ ਖੂਨ ਕਰਨ ਵਾਲਾ। ਇਸ ਤੋਂ ਬਾਅਦ ਸੰਸਾਰ ਵਿੱਚ ਇਹ ਲਫਜ਼ ਸ਼ੁਰੂ ਹੋ ਗਿਆ। ਵਿਕਸਿਤ ਦੇਸ਼ਾਂ ਨੇ ਪੂਰੇ ਸੰਸਾਰ ’ਤੇ ਆਪਣੀ ਚੌਧਰ ਲਈ ਕੁਝ ਗ਼ਰੀਬ ਮੁਲਕਾਂ ਵਿੱਚ ਇਸ ਅਜਗਰ ਨੂੰ ਪਾਲਣ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ। ਇਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੇ ਇਸ ਨੂੰ ਆਪਣੇ ਉੱਤੇ ਵਿਕਸਿਤ ਦੇਸ਼ਾਂ ਦਾ ਰਹਿਮੋ-ਕਰਮ ਸਮਝਿਆ ਤੇ ਚੰਦ ਸਿੱਕਿਆਂ ਦੇ ਲਾਲਚ ਅਤੇ ਕੁਰਸੀ ਖ਼ਾਤਿਰ ਉੱਥੋਂ ਦੇ ਕੁਝ ਲੋਕਾਂ ਨੇ ਆਪਣਾ ਇਮਾਨ ਗਹਿਣੇ ਰੱਖਿਆ। ਸਮਂੇ ਦੇ ਗੇੜ ਨੇ ਉਨ੍ਹਾਂ ਨੂੰ ਵੀ ਉਸ ਥਾਂ ’ਤੇ ਲਿਆ ਖੜ੍ਹਾ ਕੀਤਾ ਜਿੱਥੇ ਉਹ ਪੂਰੀ ਦੁਨੀਆ ਨੂੰ ਰੱਖ ਕੇ ਬਾਦਸ਼ਾਹਤ ਦੇ ਰੰਗੀਨ ਖੁਆਬ ਦੇਖਦੇ ਸਨ। ਵਿਕਸਿਤ ਦੇਸ਼ਾਂ ਦੀ ਇਸ ਚਾਲ ਦਾ ਸ਼ਿਕਾਰ ਸਾਰਾ ਸੰਸਾਰ ਹੈ ਅਤੇ ਉਨ੍ਹਾਂ ਦੇ ਬੀਜੇ ਕੰਡੇ ਚੁਗਣ ਲਈ ਮਜਬੂਰ ਹੈ। ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ ਵੱਲ ਅਤਿਵਾਦ ਰੂਪੀ ਅਜਗਰ ਫੁੰਕਾਰੇ ਮਾਰ ਰਿਹਾ ਹੈ। ਹਰ ਦਿਨ ਕਿਤੇ ਨਾ ਕਿਤੇ ਇਸ ਅਜਗਰ ਦੁਆਰਾ ਮਨੁੱਖਤਾ ਨੂੰ ਨਿਗਲਣ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਹਨ।

ਪਹਿਲਗਾਮ (ਜੰਮੂ ਕਸ਼ਮੀਰ) ਦੇ ਬੈਸਰਨ ਵਿੱਚ 22 ਅਪਰੈਲ ਨੂੰ ਅਤਿਵਾਦੀ ਹਮਲਾ ਹੋਇਆ। ਇਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਸਭ ਤੋਂ ਵੱਡਾ ਹਮਲਾ ਹੈ। ਅਤਿਵਾਦੀਆਂ ਨੇ ਸੈਲਾਨੀਆਂ ’ਤੇ ਗੋਲੀਬਾਰੀ ਕੀਤੀ, ਜਿਸ ਵਿੱਚ 2 ਵਿਦੇਸ਼ੀ ਸੈਲਾਨੀਆਂ ਸਮੇਤ 26 ਲੋਕ ਮਾਰੇ ਗਏ। 14 ਫਰਵਰੀ 2019 ਨੂੰ ਜੰਮੂ ਦੇ ਪੁਲਵਾਮਾ ਖੇਤਰ ਵਿੱਚ ਕੇਂਦਰੀ ਅਰਧ ਸੈਨਿਕ ਬਲਾਂ ਦੇ ਕਾਫਲੇ ’ਤੇ ਹਮਲਾ ਹੋਇਆ ਸੀ ਜਿਸ ਵਿੱਚ 42 ਜਵਾਨ ਮਾਰੇ ਗਏ ਸਨ। ਇਸ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ। 18 ਸਤੰਬਰ 2016 ਨੂੰ ਜੰਮੂ ਦੇ ਉੜੀ ਵਿੱਚ ਅਤਿਵਾਦੀਆਂ ਦੁਆਰਾ ਫੌਜ ਦੇ ਕੈਂਪ ’ਤੇ ਆਤਮਘਾਤੀ ਹਮਲਾ ਕੀਤਾ ਗਿਆ ਸੀ ਜਿਸ ’ਚ ਫੌਜ ਦੇ 17 ਜਵਾਨ ਮਾਰੇ ਗਏ ਸਨ। ਇਸ ਹਮਲੇ ਦਾ ਸਬੰਧ ਵੀ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸੀ। ਇਹ ਅਤਿਵਾਦੀ ਹਮਲੇ ਪਹਿਲੇ ਨਹੀਂ ਹਨ ਤੇ ਸ਼ਾਇਦ ਆਖ਼ਿਰੀ ਵੀ ਨਹੀਂ। ਅਜਿਹੀਆਂ ਘਟਨਾਵਾਂ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹੋ ਰਹੀਆਂ ਹਨ। ਪਾਕਿਸਤਾਨ ਵੀ ਇਸ ਤੋਂ ਨਹੀਂ ਬਚ ਸਕਿਆ।

Advertisement

20 ਜਨਵਰੀ 2016 ਨੂੰ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੀ ਬਾਚਾ ਖਾਨ ਯੂਨੀਵਰਸਿਟੀ ’ਤੇ ਚਾਰ ਅਤਿਵਾਦੀਆਂ ਦੁਆਰਾ ਆਤਮਘਾਤੀ ਹਮਲਾ ਕੀਤਾ ਗਿਆ। ਇਸ ਵਿੱਚ ਨਿਹੱਥੇ, ਨਿਰਦੋਸ਼ ਵਿਦਿਆਰਥੀਆਂ ਨਾਲ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ 18 ਵਿਦਿਆਰਥੀਆਂ, ਇੱਕ ਪ੍ਰਫੈਸਰ ਅਤੇ ਇੱਕ ਹੋਰ ਸ਼ਖ਼ਸ ਦੀ ਮੌਤ ਹੋ ਗਈ ਸੀ। ਤਿੰਨ ਦਰਜਨ ਵਿਦਿਆਰਥੀ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ 16 ਦਸੰਬਰ 2014 ਵਿੱਚ ਪਾਕਿਸਤਾਨ ਦੇ ਪੇਸ਼ਾਵਰ ਦੇ ਫ਼ੌਜੀ ਸਕੂਲ ’ਤੇ ਭਿਆਨਕ ਹਮਲਾ ਹੋਇਆ ਸੀ ਜਿਸ ਦੇ ਫਲਸਰੂਪ 134 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਬੱਚੇ ਤੇ ਸਕੂਲ ਦੇ ਕਰਮਚਾਰੀ ਜ਼ਖਮੀ ਹੋ ਗਏ ਸਨ। ਇਨ੍ਹਾਂ ਦੋਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਗੁੱਟ ਨੇ ਲਈ ਸੀ। ਉਸ ਵਕਤ ਇਸ ਹਰਕਤ ਦਾ ਆਲਮੀ ਪੱਧਰ ’ਤੇ ਬਹੁਤ ਵਿਰੋਧ ਹੋਇਆ ਸੀ। ਅਗਰ ਵੇਲੇ ਸਿਰ ਠੋਸ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਕਿੰਨੀਆਂ ਦਹਿਸ਼ਤੀ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ ਪਰ ਕਾਰਵਾਈ ਕਰਨ ਲਈ ਦ੍ਰਿੜ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ।

ਭਾਰਤ ਦੁਨੀਆ ਦਾ ਛੇਵਾਂ ਦੇਸ਼ ਹੈ ਜੋ ਅਤਿਵਾਦ ਨਾਲ ਬੁਰੀ ਤਰ੍ਹਾਂ ਪੀੜਤ ਹੈ। ਸੰਸਾਰ ਦੇ 43 ਸਰਗਰਮ ਅਤਿਵਾਦੀ ਸੰਗਠਨਾਂ ਵਿੱਚੋਂ ਕਈ ਭਾਰਤ ਵਿੱਚ ਵੀ ਸਰਗਰਮ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਭਾਰਤ ਵਿੱਚ ਗੜਬੜੀ ਫੈਲਾਉਣ ਦੀ ਤਾਕ ਵਿੱਚ ਰਹਿੰਦੀ ਹੈ। ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਸਿਖਲਾਈ ਕੇਂਦਰ ਚੱਲ ਰਹੇ ਹਨ ਜਿੱਥੋਂ ਉਹ ਭਾਰਤ ਵਿੱਚ ਘੁਸਪੈਠ ਕਰਦੇ ਹਨ। ਪੰਜਾਬ ਦੀ ਸਰਹੱਦ ਰਾਹੀਂ ਅਤਿਵਾਦੀ ਘੁਸਪੈਠ ਅਤੇ ਨਸ਼ਿਆਂ ਦੀ ਸਮਗਲਿੰਗ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦੀਆਂ ਹਨ। ਦੀਨਾਨਗਰ ਅਤੇ ਪਠਾਨਕੋਟ ਏਅਰਬੇਸ ’ਤੇ ਹਮਲੇ ਸਮਂੇ ਅਤਿਵਾਦੀ ਇਸੇ ਰਸਤੇ ਹੀ ਪਹੁੰਚੇ ਸਨ। ਉਂਝ, ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਵੇਲੇ ਖ਼ੁਫੀਆ ਤੰਤਰ ਦੀ ਸੂਚਨਾ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ ਸੀ।

ਦੇਸ਼ ਦੀ ਸੰਸਦ ਅਤੇ ਤਾਜ ਹੋਟਲ ਵਿੱਚ ਹਮਲੇ ਸਮੇਂ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਸੀ। ਮੁਲਕ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਕਰੂਪ ਚਿਹਰਾ ਉਸ ਸਮੇਂ ਜੱਗ ਜ਼ਾਹਿਰ ਹੋ ਗਿਆ ਸੀ; ਗ਼ੈਰ-ਮਿਆਰੀ ਸਾਜ਼ੋ-ਸਮਾਨ ਕਾਰਨ ਦੇਸ਼ ਦੇ ਜਾਂਬਾਜ਼ ਅਫਸਰ ਫੌਤ ਹੋ ਗਏ ਸਨ ਜੋ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ। ਪੰਜਾਬ ਨੇ ਵੀ ਡੇਢ ਦਹਾਕੇ ਅਤਿਵਾਦ ਦਾ ਸੰਤਾਪ ਹੰਢਾਇਆ। ਇਸ ਕਾਲੇ ਸਮੇਂ ਦੌਰਾਨ ਲੋਕਾਂ ਨੂੰ ਦੋਹਰੀ ਮਾਰ ਪਈ; ਅਤਿਵਾਦੀਆਂ ਦੀ ਅਤੇ ਪੁਲੀਸ ਦੀ ਵੀ। ਅਤਿਵਾਦੀਆਂ ਦੇ ਨਾਂ ’ਤੇ ਪੁਲੀਸ ਨੇ ਨਿਰਦੋਸ਼ਾਂ ਦਾ ਖੂਨ ਵਹਾਇਆ। ਦੋ ਦਹਾਕਿਆਂ ਦੌਰਾਨ ਢਾਈ ਲੱਖ ਲੋਕ ਸਿੱਧੇ ਅਸਿੱਧੇ ਤੌਰ ’ਤੇ ਅਤਿਵਾਦ ਨਾਲ ਪ੍ਰਭਾਵਿਤ ਹੋਏ।

ਦੁਨੀਆ ਦੀ ਨੰਬਰ ਇੱਕ ਮਹਾਂ ਸ਼ਕਤੀ ਵਜੋਂ ਜਾਣਿਆ ਜਾਂਦਾ ਅਮਰੀਕਾ ਪਾਕਿਸਤਾਨ ਦਾ ਵੱਡਾ ਹਿਤੈਸ਼ੀ ਰਿਹਾ ਹੈ ਜਿਸ ਦੀ ਸਰਪ੍ਰਸਤੀ ਹੇਠ ਅਤਿਵਾਦ ਵਧਿਆ ਫੁੱਲਿਆ। ਹੌਲੀ-ਹੌਲੀ ਅਤਿਵਾਦੀਆਂ ਨੇ ਉਨ੍ਹਾਂ ਖਿਲਾਫ ਹੀ ਝੰਡਾ ਬੁਲੰਦ ਕਰ ਦਿੱਤਾ ਜਿਸ ਦਾ ਖਮਿਆਜ਼ਾ ਅਮਰੀਕੀਆਂ ਨੂੰ 11 ਸਤੰਬਰ 2001 ਨੂੰ ਭੁਗਤਣਾ ਪਿਆ। ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਵਰਲਡ ਟਰੇਡ ਸੈਂਟਰ ਦੇ ਟਾਵਰਾਂ ’ਤੇ ਅਤਿਵਾਦੀ ਹਮਲੇ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਤਿਵਾਦੀਆਂ ਨੇ ਹਵਾਈ ਜਹਾਜ਼ ਵਰਤ ਕੇ ਵਰਲਡ ਟਰੇਡ ਸੈਂਟਰ ਦੀ ਇਮਾਰਤ ਪਲਾਂ ਅੰਦਰ ਖ਼ਾਕ ਕਰ ਦਿੱਤੀ। ਸ਼ਾਇਦ ਅਮਰੀਕਾ ਨੂੰ ਉਸ ਦਿਨ ਅਹਿਸਾਸ ਜ਼ਰੂਰ ਹੋਇਆ ਹੋਵੇਗਾ ਕਿ ਦੂਜਿਆਂ ਲਈ ਪੁੱਟਿਆ ਟੋਆ ਕਿਸ ਤਰ੍ਹਾਂ ਆਪਣੇ ਲਈ ਖੂਹ ਹੋ ਨਿੱਬੜਦਾ ਹੈ। ਨਿਰਦੋਸ਼ ਲੋਕਾਂ ਦੀ ਮੌਤ ਤੋਂ ਬਾਅਦ ਉੱਥੇ ਵਸਦੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਅਤਿਵਾਦੀ ਸਮਝ ਕੇ ਲੋਕਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਨਸਲੀ ਹਮਲਿਆਂ ਨੇ ਅੱਜ ਵੀ ਇਨ੍ਹਾਂ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ।

ਗਲੋਬਲ ਅਤਿਵਾਦ ਇੰਡੈਕਸ ਅਨੁਸਾਰ, ਵਿਸ਼ਵ ਅੰਦਰ ਅਤਿਵਾਦ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 61 ਫੀਸਦੀ ਵਾਧਾ ਹੋਇਆ ਹੈ। ਇਰਾਕ, ਅਫਗਾਨਿਸਤਾਨ, ਪਾਕਿਸਤਾਨ, ਨਾਈਜੀਰੀਆ ਤੇ ਸੀਰੀਆ ਵਿੱਚ ਵਿੱਚ 80 ਫੀਸਦੀ ਮੌਤਾਂ ਦਾ ਕਾਰਨ ਅਤਿਵਾਦ ਹੈ। ਪਿਛਲੇ 14 ਸਾਲਾਂ ਵਿੱਚ ਵਿਸ਼ਵ ਅੰਦਰ 48000 ਤੋਂ ਵੱਧ ਅਤਿਵਾਦੀ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਇੱਕ ਲੱਖ ਸੱਤ ਹਜ਼ਾਰ ਲੋਕ ਮਾਰੇ ਗਏ।

ਅੱਜ ਅਤਿਵਾਦ ਅਜਗਰ ਵਾਂਗ ਮਨੁੱਖਤਾ ਨੂੰ ਨਿਗਲ ਰਿਹਾ ਹੈ। ਸੰਸਾਰ ਅੰਦਰ ਧਾਰਮਿਕ, ਰਾਜਨੀਤਕ, ਖੇਤਰਵਾਦ ਆਦਿ ਅਨੇਕ ਰੂਪ ਵਿੱਚ ਅਤਿਵਾਦ ਦਿਨੋ-ਦਿਨ ਪੈਰ ਪਸਾਰ ਰਿਹਾ ਹੈ। ਸੋਸ਼ਲ ਮੀਡੀਆ ਨੂੰ ਵੀ ਇਨ੍ਹਾਂ ਕੰਮਾਂ ਲਈ ਵਰਿਤਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਧਾਰਮਿਕ ਜਾਂ ਹੋਰ ਤਰੀਕੇ ਨਾਲ ਭਾਵਨਾਵਾਂ ਭੜਕਾ ਕੇ ਵਰਗਲਾ ਲਿਆ ਜਾਂਦਾ ਹੈ ਤੇ ਲੋਕ ਅਤਿਵਾਦ ਦੇ ਰਾਹ ਪੈ ਜਾਂਦੇ ਹਨ। ਅਤਿਵਾਦੀ ਸੰਗਠਨ ਇਸਲਾਮੀ ਸਟੇਟ ਵਿੱਚ ਪੜ੍ਹੇ ਲਿਖੇ ਨੌਜਵਾਨ ਸੋਸ਼ਲ ਸਾਈਟਾਂ ਦੇ ਜ਼ਰੀਏ ਲਗਾਤਾਰ ਸ਼ਾਮਿਲ ਹੋ ਰਹੇ ਹਨ। ਇਸਲਾਮੀ ਸਟੇਟ ਦੇ ਮੋਢੀ ਅਲ-ਬਗਦਾਦੀ ਨੇ ਔਰਤਾਂ ਅਤੇ ਬੱਚਿਆ ਦੀ ਖਾਸ ਫੌਜ ਤਿਆਰ ਕੀਤੀ ਸੀ। ਸੁਰੱਖਿਆ ਨਾਲ ਜੁੜੇ ਲੋਕ ਵੀ ਇਨ੍ਹਾਂ ਰਾਹੀਂ ਹੀ ਗੁਮਰਾਹ ਹੁੰਦੇ ਹਨ। ਬੇਰੁਜ਼ਗਾਰੀ, ਗ਼ਰੀਬੀ ਅਤੇ ਰਾਤੋ-ਰਾਤ ਅਮੀਰ ਹੋਣ ਦੀ ਹੋੜ ਨੇ ਲੋਕਾਂ ਨੂੰ ਇਸ ਪਾਸੇ ਰੁਖ਼ ਕਰਨ ਲਈ ਮਜਬੂਰ ਕੀਤਾ ਹੈ। ਸੌੜੇ ਸਿਆਸੀ ਹਿਤਾਂ ਦੀ ਪੂਰਤੀ ਅਤੇ ਚੌਧਰ ਕਾਇਮ ਕਰਨ ਲਈ ਵੀ ਅਤਿਵਾਦ ਦਾ ਸਹਾਰਾ ਲਿਆ ਜਾ ਰਿਹਾ ਹੈ।

ਸੰਪਰਕ: 95173-96001

Advertisement