ਕਸ਼ਮੀਰ ਦੀ ਮਹਿਮਾਨ ਨਿਵਾਜ਼ੀ
ਨਰਿੰਦਰਜੀਤ ਸਿੰਘ ਬਰਾੜ
ਪਹਿਲਗਾਮ ਹਮਲੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਸਵੇਰੇ ਅੱਖ ਖੁੱਲ੍ਹਦੇ ਹੀ ਹਮਲੇ ਦਾ ਦ੍ਰਿਸ਼ ਅੱਖਾਂ ਅੱਗੇ ਘੁੰਮਣ ਲੱਗਦਾ ਹੈ। ਰਾਤ ਨੂੰ ਸੌਣ ਸਮੇਂ ਵੀ ਮਨ ਉਡਾਰੀ ਮਾਰ ਕੇ ਪਹਿਲਗਾਮ ਪਹੁੰਚ ਜਾਂਦਾ ਹੈ। ਲਿਦਰ ਨਦੀ ਕਿਨਾਰੇ ਵਸਿਆ ਛੋਟਾ ਜਿਹਾ ਕਸਬਾ। ਹੁਸੀਨ ਵਾਦੀਆਂ ਦਾ ਖ਼ੂਬਸੂਰਤ ਮੌਸਮ। ਚੰਦਨ ਵਾੜੀ, ਬੇਤਾਬ ਵੈਲੀ, ਮਿੰਨੀ ਸਵਿਟਜ਼ਰਲੈਂਡ, ਨਦੀ ਕਿਨਾਰੇ ਬਣੇ ਮਨ ਮੋਹ ਲੈਣ ਵਾਲੇ ਪਾਰਕ। ਉੱਚੀਆਂ ਪਹਾੜੀਆਂ, ਹਰਾ-ਹਰਾ ਘਾਹ, ਉੱਚੇ ਦਰਖ਼ਤ, ਖੁੱਲ੍ਹੇ ਮੈਦਾਨ। ਕੁਦਰਤ ਦਾ ਕ੍ਰਿਸ਼ਮਾ ਹੈ ਕਸ਼ਮੀਰ। ਪਹਿਲਗਾਮ, ਵੈਰੀ ਨਾਗ, ਸ੍ਰੀਨਗਰ, ਦੂਧ ਪੱਥਰੀ, ਗੁਲਮਰਗ, ਸੋਨ ਮਰਗ ਆਦਿ ਇਲਾਕੇ ਬੰਦੇ ਦਾ ਮਨ ਮੋਹ ਲੈਂਦੇ ਹਨ।
ਪਹਿਲਗਾਮ ਤੋਂ ਪੈਦਲ ਜਾਂ ਘੋੜੇ ਰਾਹੀਂ ਲਗਭਗ ਸੱਤ ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਮਿੰਨੀ ਸਵਿਟਜ਼ਰਲੈਂਡ ਵਾਲੀ ਜਗ੍ਹਾ ਆਉਂਦੀ ਹੈ। ਸੈਂਕੜੇ ਲੋਕ ਉਸ ਜਗ੍ਹਾ ਉੱਪਰ ਘੁੰਮ ਰਹੇ ਸੀ ਪਰ ਉਸ ਜਗ੍ਹਾ ਉੱਪਰ ਇਕ ਵੀ ਪੁਲੀਸ ਜਾਂ ਫੌਜ ਦਾ ਜਵਾਨ ਨਹੀਂ ਸੀ ਜਦੋਂਕਿ ਕਸ਼ਮੀਰ ਦੀ ਹਾਲਤ ਬਾਰੇ ਸਾਨੂੰ ਸਭ ਕੁਝ ਪਤਾ ਹੈ। ਇਸ ਹਮਲੇ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਮੁਸਲਮਾਨ ਵੀਰ ਹਿੰਦੂ ਸੈਲਾਨੀਆਂ ਨੂੰ ਬਚਾਉਂਦੇ ਸਮੇਂ ਮਾਰਿਆ ਗਿਆ।
ਕੋਝੀ ਸਿਆਸਤ ਦੀ ਜੋ ਖੇਡ ਪਹਿਲਗਾਮ ਵਿੱਚ ਖੇਡੀ ਗਈ, ਇਹ ਮਨੁੱਖਤਾ ਦੇ ਮੱਥੇ ਲੱਗਣ ਵਾਲਾ ਧੱਬਾ ਹੈ। ਸਾਨੂੰ ਸਿਆਸਤਦਾਨਾਂ ਦੀ ਖੇਡ ਨੂੰ ਸਮਝਣਾ ਪਵੇਗਾ। ਕੌਣ ਹੈ ਜੋ ਸਵਰਗ ਨੂੰ ਨਰਕ ਬਣਾਉਣਾ ਚਾਹੁੰਦਾ ਹੈ? ਆਮ ਲੋਕ ਹਮੇਸ਼ਾ ਆਮ ਹੁੰਦੇ ਹਨ। ਆਮ ਲੋਕਾਂ ਦਾ ਮਸਲਾ ਤਾਂ ਕੇਵਲ ਰੋਟੀ, ਕੱਪੜਾ ਤੇ ਮਕਾਨ ਦਾ ਹੁੰਦਾ ਹੈ। ਇੱਕ ਵਾਰ ਇੱਕ ਘੋੜੇ ਵਾਲੇ ਕਸ਼ਮੀਰੀ ਨੇ ਗੱਲਬਾਤ ਦੌਰਾਨ ਕਿਹਾ ਸੀ, “ਜਨਾਬ ਆਪ ਆਤੇ ਹੋ ਤੋ ਹਮਾਰਾ ਚੂਲ੍ਹਾ ਜਲਤਾ ਹੈ। ਹਮ ਤੋ ਦੁਆ ਕਰਤੇ ਹੈਂ ਕਿ ਆਪ ਲੋਗ ਜ਼ਿਆਦਾ ਸੇ ਜ਼ਿਆਦਾ ਕਸ਼ਮੀਰ ਆਏਂ। ਆਪ ਤੋਂ ਹਮਾਰੀ ਰੋਜ਼ੀ ਰੋਟੀ ਹੋ ਸਾਹਿਬ।”
ਨਿੱਕੇ ਹੁੰਦਿਆਂ ਤੋਂ ਦੇਖ ਰਹੇ ਹਾਂ, ਸਿਆਲਾਂ ਵਿੱਚ ਵਧੇਰੇ ਕਸ਼ਮੀਰੀ ਪੰਜਾਬ ਆ ਜਾਂਦੇ ਹਨ। ਪਹਿਲੋਂ ਪਹਿਲ ਲੱਕੜਾਂ ਪਾੜਨ ਦਾ ਕੰਮ ਕਰਦੇ ਸੀ, ਫਿਰ ਵਧੇਰੇ ਲੱਕੜਹਾਰੇ ਤੋਂ ਰਾਸ਼ੇ ਬਣ ਗਏ; ਭਾਵ, ਗਰਮ ਕੱਪੜੇ ਵੇਚਣ ਵਾਲੇ। ਹੁਣ ਰੋਟੀ ਲਈ ਨਵਾਂ ਕੰਮ ਵੇਟਰ ਦਾ ਵੀ ਕਰਨ ਲੱਗੇ ਹਨ। ਪੰਦਰਾਂ ਕੁ ਸਾਲ ਪਹਿਲਾਂ ਦੀ ਗੱਲ ਹੈ, ਸਵੇਰੇ-ਸਵੇਰੇ ਤਿੰਨ ਲੱਕੜਹਾਰੇ ਘਰ ਦੇ ਬਾਹਰ ਆ ਕੇ ਕਹਿਣ ਲੱਗੇ, “ਜਨਾਬ ਕੋਈ ਕਾਮ ਹੋ, ਲੱਕੜੀ ਕਾਟਨੇ ਕਾ... ਬਹੁਤ ਦਿਨ ਸੇ ਕੋਈ ਕਾਮ ਨਹੀਂ ਮਿਲਾ। ਖਾਨੇ ਕੇ ਬੀ ਲਾਲੇ ਹੈਂ।” ਕੰਮ ਤਾਂ ਕੋਈ ਨਹੀਂ ਸੀ, ਮੈਂ ਉਨ੍ਹਾਂ ਨੂੰ ਖਾਣਾ ਖਾਣ ਲਈ ਬੇਨਤੀ ਕੀਤੀ। ਉਨ੍ਹਾਂ ਝੱਟ ਹਾਂ ਆਖ ਦਿੱਤੀ। ਮਾਂ ਨੇ ਪਰੌਂਠੇ ਬਣਾ ਦਿੱਤੇ। ਜਾਣ ਲੱਗੇ ਕਹਿਣ ਲੱਗੇ, “ਮਿਹਰਬਾਨੀ ਜਨਾਬ, ਦੋ ਦਿਨ ਸੇ ਭੂਖੇ ਥੇ।”
ਪਹਿਲਗਾਮ ਹਮਲੇ ਵਿੱਚ ਭਾਵੇਂ ਵਧੇਰੇ ਹਿੰਦੂ ਮਾਰੇ ਗਏ ਨੇ ਪਰ ਇਹ ਹਮਲਾ ਅਸਲ ਵਿੱਚ ਕਸ਼ਮੀਰ ਦੇ ਮੁਸਲਮਾਨਾਂ ਉੱਪਰ ਹੈ। ਇਹ ਹਮਲਾ ਕਸ਼ਮੀਰ ਦੀ ਅਰਥ ਵਿਵਸਥਾ ਉੱਪਰ ਹੈ। ਇੱਕਦਮ ਲਗਭਗ ਬਾਰਾਂ ਹਜ਼ਾਰ ਟੈਕਸੀ ਅਤੇ ਹੋਟਲਾਂ ਵਾਲਿਆਂ ਦੀ ਬੁਕਿੰਗ ਖ਼ਤਮ ਹੋਣਾ, ਕਸ਼ਮੀਰ ਦੇ ਆਮ ਗ਼ਰੀਬ ਲੋਕਾਂ ਨੂੰ ਹਰ ਰੋਜ਼ ਤਿਲ-ਤਿਲ ਮਰਨ ਲਈ ਮਜਬੂਰ ਕਰ ਦੇਵੇਗਾ। ਪਹਾੜ ਲੱਗਦੇ ਬਹੁਤ ਸੋਹਣੇ ਨੇ ਪਰ ਪਹਾੜਾਂ ਵਿੱਚ ਜੀਵਨ ਬਿਤਾਉਣਾ ਬਹੁਤ ਔਖਾ ਤੇ ਚੁਣੌਤੀ ਭਰਿਆ ਹੈ। ਇਨ੍ਹਾਂ ਚੁਣੌਤੀਆਂ ਦੇ ਹੱਲ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਕਸ਼ਮੀਰ ਵਿੱਚ ਪੈਸੇ ਦਾ ਵੱਡਾ ਸਾਧਨ ਸੈਰ-ਸਪਾਟਾ ਹੈ।
ਕੁਝ ਦਿਨ ਪਹਿਲਾਂ ਮੇਰੀ ਇੱਕ ਵਿਦਿਆਰਥਣ ਤੇ ਹੁਣ ਸਹਿ-ਕਰਮੀ ਨੇ ਕਸ਼ਮੀਰ ਜਾਣ ਬਾਰੇ ਪੁੱਛਿਆ। ਮੈਂ ਉਹਨੂੰ ਕਸ਼ਮੀਰ ਦਾ ਟੂਰ ਬਣਾ ਕੇ ਦਿੱਤਾ। ਪਹਿਲਗਾਮ ਵਾਲੀ ਘਟਨਾ ਤੋਂ ਬਾਅਦ ਉਹ ਬਹੁਤ ਡਰ ਗਈ, “ਅਸੀਂ ਤਾਂ ਬੁਕਿੰਗ ਵੀ ਕਰਵਾ ਲਈ ਸੀ ਪਰ ਹੁਣ ਜਾਣ ਨੂੰ ਮਨ ਨਹੀਂ ਕਰਦਾ। ਡਰ ਲੱਗਦਾ।” ਸਾਨੂੰ ਇਹ ਡਰ ਦੂਰ ਕਰਨਾ ਪਵੇਗਾ। ਇਹੀ ਤਾਂ ਸ਼ੈਤਾਨ ਚਾਹੁੰਦੇ ਹਨ ਕਿ ਲੋਕ ਕਸ਼ਮੀਰ ਨਾ ਜਾਣ। ਕਸ਼ਮੀਰ ਜੰਨਤ ਹੈ। ਕੁਦਰਤ ਦਾ ਕ੍ਰਿਸ਼ਮਾ ਹੈ। ਕੁਦਰਤ ਦੀ ਖ਼ੂਬਸੂਰਤੀ ਨੂੰ ਮਾਨਣ ਲਈ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ। ਖ਼ੂਬਸੂਰਤ ਧਰਤੀ ਦੇ ਖ਼ੂਬਸੂਰਤ ਲੋਕ ਬਹੁਤ ਚੰਗੇ ਹਨ।
ਅਸਲ ਵਿੱਚ ਹਰ ਧਰਤੀ ਦੇ ਆਮ ਲੋਕ ਬਹੁਤ ਖ਼ੂਬਸੂਰਤ ਤੇ ਚੰਗੇ ਹੁੰਦੇ ਹਨ, ਸਮੱਸਿਆ ਦੀ ਜੜ੍ਹ ਤਾਂ ਖ਼ਾਸ ਲੋਕ ਅਤੇ ਨੇਤਾ ਹੀ ਹੁੰਦੇ। ਮੈਂ ਲਗਭਗ ਸਾਰਾ ਭਾਰਤ ਘੁੰਮ ਚੁੱਕਾ ਹਾਂ, ਕਸ਼ਮੀਰ ਵਰਗੀ ਖ਼ੂਬਸੂਰਤ ਧਰਤੀ ਅਤੇ ਕਸ਼ਮੀਰੀਆਂ ਵਰਗੀ ਮਹਿਮਾਨ ਨਿਵਾਜ਼ੀ ਕਿਤੇ ਹੋਰ ਨਹੀਂ ਦੇਖੀ। ਸ਼ਾਇਦ ਇਸੇ ਕਰ ਕੇ ਵਾਰ-ਵਾਰ ਮਨ ਕਹਿੰਦਾ ਹੈ- ਚੱਲੀਏ ਕਸ਼ਮੀਰ। ਤੇਰਾਂ ਵਾਰ ਕਸ਼ਮੀਰ ਜਾ ਚੁੱਕਾ ਹਾਂ। ਅੱਜ ਵੀ ਜੇ ਕੋਈ ਕਹੇ ਤਾਂ ਨਾਂਹ ਨਹੀਂ ਹੋਣੀ।
ਕਸ਼ਮੀਰ ਦੇ ਲੋਕ ਵੀ ਚੰਗੇ ਨੇ; ਖਾਸ ਕਰ ਕੇ ਘੁੰਮਣ ਵਾਲਿਆਂ ਲਈ ਤਾਂ ਬਹੁਤ ਹੀ ਚੰਗੇ ਨੇ। ਘੁੰਮਣ ਵਾਲਿਆਂ ਦਾ ਬਹੁਤ ਖ਼ਿਆਲ ਰੱਖਦੇ ਨੇ। ਦੁਕਾਨਾਂ ਅਤੇ ਹੋਟਲਾਂ ਵਾਲੇ ਵੀ ਲਾਲਚੀ ਨਹੀਂ। ਤੁਹਾਨੂੰ ਧੱਕੇ ਨਾਲ ਕੋਈ ਵਸਤ ਨਹੀਂ ਦਿੰਦੇ। ਆਮ ਘੁੰਮਣ ਵਾਲੀਆਂ ਥਾਵਾਂ ਉੱਪਰ ਘੁੰਮਣ ਵਾਲਿਆਂ ਨਾਲ ਬਹੁਤ ਧੱਕਾ ਕੀਤਾ ਜਾਂਦਾ ਹੈ। ਕਸ਼ਮੀਰ ਵਿੱਚ ਅਜਿਹਾ ਨਹੀਂ ਹੈ।
ਮੇਰਾ ਇੱਕ ਦੋਸਤ ਸ਼ਮੀਮ ਕਸ਼ਮੀਰ ਰਹਿੰਦਾ ਹੈ। ਸ੍ਰੀਨਗਰ ਤੋਂ ਕੁਝ ਕੁ ਪਹਿਲਾਂ ਉਹਦਾ ਪਿੰਡ ਹੈ। ਇੱਕ ਵਾਰ ਅਸੀਂ ਤਿੰਨ ਦੋਸਤ ਕਸ਼ਮੀਰ ਵਿੱਚ ਦੀ ਲੇਹ ਲੱਦਾਖ ਜਾ ਰਹੇ ਸੀ। ਸਵੇਰ ਦੇ ਲਗਭਗ ਅੱਠ ਵਜੇ ਪਠਾਨਕੋਟ ਪਹੁੰਚੇ। ਆਪਣੇ ਇਸ ਦੋਸਤ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗਾ, “ਅਰੇ ਭਾਈ, ਆਜ ਤੁਮ ਸ੍ਰੀਨਗਰ ਨਹੀਂ ਪਹੁੰਚ ਸਕਤੇ। ਆਪ ਕੋ ਮੇਰੇ ਪਾਸ ਰਹਿਨਾ ਹੋਗਾ। ਆਪ ਗਾਂਵ ਕੇ ਨਜ਼ਦੀਕ ਪਹੁੰਚ ਕਰ ਫੋਨ ਕਰਨਾ।” ਉਹਨੇ ਸਾਡੀ ਗੱਲ ਸੁਣੀ ਹੀ ਨਹੀਂ। ਅਸੀਂ ਉਹਨੂੰ ਤੰਗ ਨਹੀਂ ਸੀ ਕਰਨਾ ਚਾਹੁੰਦੇ ਪਰ ਉਹਦੇ ਪਿਆਰ ਅੱਗੇ ਬੇਵੱਸ ਹੋ ਗਏ।
ਪਿੰਡ ਪਹੁੰਚਣ ਤੋਂ ਪਹਿਲਾਂ ਉਹਨੂੰ ਫੋਨ ਕੀਤਾ। ਉਹ ਪਿੰਡ ਦੇ ਬਾਹਰਵਾਰ ਸਾਨੂੰ ਲੈਣ ਲਈ ਖੜ੍ਹਾ ਸੀ। ਪਿੰਡ ਪਹੁੰਚਣ ’ਤੇ ਉਹ ਕਹਿਣ ਲੱਗਾ, “ਅੱਛਾ ਕੀਆ ਆਪ ਨੇ ਮੇਰੀ ਬਾਤ ਮਾਨ ਲੀ। ਏਕ ਲੜਕੇ ਕੋ ਫੋਰਸ ਵਾਲੋਂ ਨੇ ਮਾਰ ਦੀਆ ਹੈ। ਇਸ ਲੀਏ ਸ੍ਰੀਨਗਰ ਵਾਲਾ ਰਾਸਤਾ ਲੋਗੋਂ ਨੇ ਬੰਦ ਕਰ ਦੀਆ ਹੈ। ਆਜ ਆਪ ਸ੍ਰੀਨਗਰ ਪਹੁੰਚ ਹੀ ਨਹੀਂ ਸਕਤੇ ਥੇ। ਸੁਬ੍ਹਾ ਮੈਂ ਖ਼ੁਦ ਆਪ ਕੋ ਸ੍ਰੀਨਗਰ ਛੋੜ ਕੇ ਆਊਂਗਾ।” ਉਹਦੇ ਘਰ ਪਹੁੰਚ ਕੇ ਪਤਾ ਲੱਗਾ ਕਿ ਮਹਿਮਾਨ ਨਿਵਾਜ਼ੀ ਕੀ ਹੁੰਦੀ ਹੈ। ਸਾਰੇ ਪਰਿਵਾਰ ਨੇ ਖਿੜੇ ਮੱਥੇ ਸਵਾਗਤ ਕੀਤਾ। ਚਾਹ ਪਾਣੀ ਪੀ ਹੀ ਰਹੇ ਸੀ ਕਿ ਪਿੰਡ ਦੇ ਚਾਰ ਮੁਹਤਬਰ ਬੰਦੇ ਸਾਨੂੰ ਮਿਲਣ ਪਹੁੰਚ ਗਏ। ਉਹ ਜਾਣ ਹੀ ਲੱਗੇ ਸਨ ਕਿ ਪੰਜ ਹੋਰ ਮਿਲਣ ਲਈ ਆ ਗਏ। ਇਹ ਸਿਲਸਿਲਾ ਲੰਮਾ ਸਮਾਂ ਚਲਦਾ ਰਿਹਾ। ਲਗਭਗ ਸਾਰੇ ਪਿੰਡ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਸਾਡਾ ਸਵਾਗਤ ਕੀਤਾ।
ਉਨ੍ਹਾਂ ਦੇ ਘਰ ਦੇ ਸਾਹਮਣੇ ਛੋਟੀ ਜਿਹੀ ਨਦੀ ਵਗਦੀ ਹੈ। ਇਸ ਦਾ ਨਾਮ ਵਿਸੋ਼ ਜਾਂ ਵੀਸੋ਼ ਹੈ ਜੋ ਅੱਗੇ ਜਾ ਕੇ ਜਿਹਲਮ ਵਿੱਚ ਮਿਲ ਜਾਂਦੀ ਹੈ। ਕੁਝ-ਕੁਝ ਹਨੇਰਾ ਹੁੰਦੇ ਹੀ ਸਾਡਾ ਦੋਸਤ ਸਾਨੂੰ ਨਦੀ ਵੱਲ ਲੈ ਤੁਰਿਆ। ਨਦੀ ਦੀ ਛੋਟੀ ਧਾਰਾ ਪਾਰ ਕਰ ਕੇ ਅਸੀਂ ਕੁਝ ਵੱਡੀ ਧਾਰਾ ਦੇ ਕਿਨਾਰੇ ਆਪਣੀ ਕਾਰ ਲੈ ਗਏ। ਲਗਭਗ ਇੱਕ ਘੰਟਾ ਨਦੀ ਕਿਨਾਰੇ ਬਿਤਾਇਆ। ਪਹਾੜਾਂ ਦਾ ਸਾਫ਼ ਸੁਥਰਾ ਤੇ ਠੰਢਾ ਪਾਣੀ... ਖ਼ੂਬ ਅਨੰਦ ਮਾਣਿਆ। ਮੇਰੇ ਇਕ ਦੋਸਤ ਦੇ ਪੁੱਛਣ ’ਤੇ ਕਸ਼ਮੀਰੀ ਦੋਸਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਸ਼ਰਾਬ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਹੈ। ਸ਼ਰਾਬ ਪੀਣ ਵਾਲੇ ਨੂੰ ਪਿੰਡ ਦੇ ਲੋਕ ਮੁਆਫ਼ ਨਹੀਂ ਕਰਦੇ।
ਘਰ ਪਹੁੰਚੇ ਤਾਂਬੈਠਕ ਵਿੱਚ ਦਸਤਰਖਾਨ ਲੱਗ ਚੁੱਕਾ ਸੀ। ਕਸ਼ਮੀਰੀ ਘਰਾਂ ਦੀਆਂ ਬੈਠਕ ਵਿੱਚ ਸੋਫ਼ੇ, ਕੁਰਸੀਆਂ ਜਾਂ ਖਾਣੇ ਵਾਲਾ ਮੇਜ਼ ਆਦਿ ਨਹੀਂ ਹੁੰਦਾ; ਸਾਰੇ ਕਮਰੇ ਵਿੱਚ ਮਹਿੰਗਾ ਗਲੀਚਾ ਵਿਛਾਇਆ ਹੁੰਦਾ ਤੇ ਉਸ ਉੱਪਰ ਗੱਦੀਆਂ ਤੇ ਗੋਲ ਸਿਰਾਹਣੇ ਰੱਖੇ ਹੁੰਦੇ। ਇਸ ਉੱਪਰ ਖਾਣਾ ਖਾਣ ਲਈ ਵਿਸ਼ੇਸ਼ ਕਿਸਮ ਦਾ ਛੋਟਾ ਗਲੀਚਾ ਵਿਛਾਇਆ ਜਾਂਦਾ ਹੈ ਜਿਸ ਨੂੰ ਦਸਤਰਖਾਨ ਕਹਿੰਦੇ ਹਨ। ਖਾਣਾ ਖਾਣ ਤੋਂ ਪਹਿਲਾਂ ਜਦੋਂ ਅਸੀਂ ਹੱਥ ਧੋਣ ਲਈ ਉੱਠਣ ਲੱਗੇ ਤਾਂ ਉਨ੍ਹਾਂ ਉੱਠਣ ਨਹੀਂ ਦਿੱਤਾ, ਬੈਠਿਆਂ ਦੇ ਹੀ ਹੱਥ ਧੁਆਏ ਗਏ।
ਪੰਜ ਕਿਸਮ ਦਾ ਮੀਟ ਅਤੇ ਦੋ ਸਬਜ਼ੀਆਂ ਲੈ ਕੇ ਸਾਰਾ ਪਰਿਵਾਰ ਸਾਡੇ ਸਾਹਮਣੇ ਖੜ੍ਹਾ ਹੋ ਗਿਆ। ਅਸੀਂ ਕਿਹਾ, “ਤੁਸੀਂ ਵੀ ਸਾਡੇ ਨਾਲ ਖਾਣਾ ਖਾਵੋ।” ਉਨ੍ਹਾਂ ਕਿਹਾ, “ਕਸ਼ਮੀਰ ਵਿੱਚ ਮਹਿਮਾਨਾਂ ਨਾਲ ਖਾਣਾ, ਮਹਿਮਾਨ ਦੀ ਤੌਹੀਨ ਹੈ। ਪਹਿਲਾਂ ਤੁਸੀਂ ਖਾਵੋ, ਅਸੀਂ ਬਾਅਦ ਵਿੱਚ ਖਾ ਲਵਾਂਗੇ।” ਜ਼ਿਆਦਾ ਜ਼ੋਰ ਦੇਣ ’ਤੇ ਸਾਡਾ ਦੋਸਤ ਸਾਡੇ ਨਾਲ ਬੈਠ ਗਿਆ।
ਅਗਲੇ ਦਿਨ ਸਵੇਰੇ ਸਾਡੇ ਮਨ੍ਹਾ ਕਰਨ ਦੇ ਬਾਵਜੂਦ ਸਾਡਾ ਦੋਸਤ ਸਾਨੂੰ ਸ੍ਰੀਨਗਰ ਛੱਡ ਕੇ ਆਇਆ।
ਦੁਨੀਆ ਵਿੱਚ ਚੰਗੀਆਂ ਮੰਦੀਆਂ ਘਟਨਾਵਾਂ ਹਮੇਸ਼ਾ ਹੁੰਦੀਆਂ ਰਹਿੰਦੀਆਂ ਨੇ। ਸਮੇਂ ਨਾਲ ਇਨ੍ਹਾਂ ਘਟਨਾਵਾਂ ਨੂੰ ਭੁਲਾ ਵੀ ਦਿੱਤਾ ਜਾਂਦਾ ਹੈ। ਘਟਨਾਵਾਂ ਤੋਂ ਬਾਅਦ ਮਨੁੱਖ ਹਮੇਸ਼ਾ ਭਾਵੁਕ ਹੋ ਕੇ ਫ਼ੈਸਲੇ ਕਰਦਾ ਹੈ। ਇਸੇ ਕਾਰਨ ਲੋਕਾਂ ਨੇ ਕਸ਼ਮੀਰ ਵੱਲੋਂ ਮੂੰਹ ਮੋੜ ਲਿਆ ਹੈ ਅਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਕਰਨ ਵਾਲਿਆਂ ਨੂੰ ਆਪਣਾ ਇਲਾਜ ਕਿਸੇ ਚੰਗੇ ਮਨੋਰੋਗ ਡਾਕਟਰ ਕੋਲੋਂ ਕਰਵਾਉਣਾ ਚਾਹੀਦਾ ਹੈ।
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਸ ਸਥਾਨ ਉੱਪਰ ਘੁੰਮਣ ਵਾਲੇ ਲੋਕ ਜਾਂਦੇ ਹਨ, ਉਸ ਜਗ੍ਹਾ ਉੱਪਰ ਸੁਰੱਖਿਆ ਦਾ ਇੰਤਜ਼ਾਮ ਕੀਤੀ ਜਾਵੇ। ਜੇ ਮਿੰਨੀ ਸਵਿਟਜ਼ਰਲੈਂਡ ਵਿੱਚ ਸੁਰੱਖਿਆ ਦਾ ਇੰਤਜ਼ਾਮ ਹੁੰਦਾ ਤਾਂ ਅਜਿਹਾ ਕੁਝ ਨਹੀਂ ਵਾਪਰਨਾ ਸੀ। ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਣ ਦੀ ਜ਼ਰੂਰਤ ਹੈ। ਸਿਰਫ਼ ਫਿਲਮੀ ਡਾਇਲਾਗ ਬੋਲਣ ਨਾਲ ਗੱਲ ਨਹੀਂ ਬਣਨੀ। ਟੀਵੀ ਚੈਨਲਾਂ ਉੱਪਰ ਚੀਕ-ਚੀਕ ਕੇ ਭੜਕਾਊ ਭਾਸ਼ਣ ਦੇਣ ਵਾਲੇ ਪੱਤਰਕਾਰਾਂ ਨੂੰ ਵੀ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ।
ਇਹ ਸ਼ਾਇਦ ਪਹਿਲੀ ਘਟਨਾ ਹੈ ਜਦੋਂ ਕਸ਼ਮੀਰ ਵਿੱਚ ਘੁੰਮਣ ਆਏ ਮਹਿਮਾਨਾਂ ਉੱਪਰ ਹਮਲਾ ਹੋਇਆ ਹੋਵੇ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਸ਼ਮੀਰੀਆਂ ਨੇ ਕਿਸੇ ਅਤਿਵਾਦੀ ਹਮਲੇ ਬਾਅਦ ਬਾਜ਼ਾਰ ਬੰਦ ਕੀਤੇ ਹਨ ਅਤੇ ਮਸਜਿਦ ਵਿੱਚੋਂ ਐਲਾਨ ਕਰ ਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਪਹਿਲਗਾਮ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਸਾਨੂੰ ਜੰਨਤ ਵਰਗੇ ਕਸ਼ਮੀਰ ਵਿੱਚ ਘੁੰਮਣ ਜ਼ਰੂਰ ਜਾਣਾ ਚਾਹੀਦਾ ਹੈ।
ਸੰਪਰਕ: 98156-56601