‘ਮੈਟਰੋ...ਇਨ ਦਿਨੋ’ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ: ਸਾਰਾ
ਮੁੰਬਈ:
ਅਦਾਕਾਰਾ ਸਾਰਾ ਅਲੀ ਖਾਨ ਨੇ ਕਿਹਾ ਕਿ ਉਹ ਫਿਲਮਸਾਜ਼ ਅਨੁਰਾਗ ਬਾਸੂ ਦੀਆਂ ਫਿਲਮਾਂ ਦੇਖ ਕੇ ਵੱਡੀ ਹੋਈ ਹੈ ਅਤੇ ਇਸੇ ਲਈ ਨਿਰਦੇਸ਼ਕ ਦੀ ਨਵੀਂ ਫਿਲਮ ‘ਮੈਟਰੋ...ਇਨ ਦਿਨੋ’ ਦਾ ਹਿੱਸਾ ਬਣਨਾ ਉਸ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਬਾਸੂ ਦੀ 2007 ਵਿੱਚ ਆਈ, ‘ਲਾਈਫ ਇਨ ਏ...ਮੈਟਰੋ’’ ਦਾ ਅਗਲਾ ਭਾਗ ਹੈ। ਇਕ ਅਦਾਕਾਰਾ ਦੇ ਤੌਰ ’ਤੇ ਸਾਰਾ ਨੇ ਕਿਹਾ, ‘‘ਉਸ ਨੇ ਕਦੇ ਕਿਸੇ ਪ੍ਰਾਜੈਕਟ ਲਈ ਘੱਟ ਦਬਾਅ ਮਹਿਸੂਸ ਨਹੀਂ ਕੀਤਾ ਪਰ ‘ਮੈਟਰੋ...ਇਨ ਦਿਨੋ’ ਨਾਲ ਉਸ ਨੂੰ ਪਤਾ ਸੀ ਕਿ ਫਿਲਮ ’ਚ ਸ਼ਾਮਲ ਹਰ ਵਿਅਕਤੀ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਹੋਵੇਗੀ।’’ ਅਦਾਕਾਰਾ ਨੇ ਕਿਹਾ, ‘‘ਮੈਂ ਕਦੇ ਵੀ ਘੱਟ ਦਬਾਅ ਮਹਿਸੂਸ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਕੁਝ ਪਲ ਅਜਿਹੇ ਵੀ ਆਉਂਦੇ ਹਨ ਜਦੋਂ ਮੈਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਕਿ ਮੈਂ ਇੱਥੇ ਹਾਂ। ਮੈਨੂੰ ਇਸ ਸਮੇਂ ਸੱਤ ਕਲਾਕਾਰਾਂ ਸਣੇ ਅਨੁਰਾਗ ਅਤੇ ਭੂਸ਼ਣ ਸਰ ਦੇ ਨਾਲ ਇੱਕ ਮੰਚ ਉੱਪਰ ਹੋਣ ’ਤੇ ਬਹੁਤ ਮਾਣ ਹੈ।’’ ਫਿਲਮ ਵਿੱਚ ਸਾਰਾ ਅਲੀ ਖਾਨ, ਅਦਾਕਾਰ ਆਦਿੱਤਿਆ ਰਾਏ ਕਪੂਰ, ਅਲੀ ਫ਼ਜ਼ਲ, ਫਾਤਿਮਾ ਸਨਾ ਸ਼ੇਖ, ਪੰਕਜ ਤ੍ਰਿਪਾਠੀ, ਨੀਨਾ ਗੁਪਤਾ ਅਤੇ ਅਨੁਪਮ ਖੇਰ ਦੇ ਨਾਲ ਨਜ਼ਰ ਆਵੇਗੀ। ਕਾਬਿਲੇਗੌਰ ਹੈ ਕਿ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਅਤੇ ਅਨੁਰਾਗ ਬਾਸੂ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ ਇਹ ਫਿਲਮ 4 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ