ਕਸ਼ਮੀਰੀ ਵਿਦਿਆਰਥੀ ਅਤੇ ਮੁਹੱਬਤ ਦਾ ਪੈਗ਼ਾਮ

ਇਨਸਾਨੀਅਤ ਦਾ ਕਾਤਲ ਨਾ ਹਿੰਦੂ, ਨਾ ਮੁਸਲਮਾਨ, ਨਾ ਸਿੱਖ, ਨਾ ਇਸਾਈ ਅਤੇ ਨਾ ਹੀ ਹੋਰ ਕਿਸੇ ਮਜ਼੍ਹਬ ਦਾ ਵਿਸ਼ਵਾਸੀ ਹੁੰਦਾ ਹੈ। ਉਹ ਤਾਂ ਦਰਿੰਦੇ ਹੁੰਦੇ ਹਨ ਜਿਨ੍ਹਾਂ ਨੇ ਮਜ਼੍ਹਬੀ ਅਸੂਲਾਂ ਦਾ ਨਾ ਪਾਠ ਪੜ੍ਹਿਆ ਹੁੰਦਾ ਹੈ, ਨਾ ਹੀ ਮਜ਼੍ਹਬ ਦੇ ਅਸੂਲਾਂ ਦੇ ਸੁੱਚਮ ਤੋਂ ਵਾਕਿਫ਼ ਹੁੰਦੇ ਹਨ। ਉਨ੍ਹਾਂ ਦੇ ਆਕਾਵਾਂ ਨੇ ਉਨ੍ਹਾਂ ਅੰਦਰਲੀ ਇਨਸਾਨੀਅਤ ਨੂੰ ਮਾਰ ਕੇ ਉਨ੍ਹਾਂ ਵਿਚ ਹੈਵਾਨੀਅਤ ਭਰੀ ਹੁੰਦੀ ਹੈ, ਉਨ੍ਹਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੁੰਦੀ ਹੈ ਅਤੇ ਅੱਖਾਂ ’ਤੇ ਕਰੂਰਤਾ ਤੇ ਨਿਰਦਈਪੁਣੇ ਦੀ ਪੱਟੀ ਬੰਨ੍ਹ ਦਿੱਤੀ ਹੁੰਦੀ ਹੈ।
ਅਸੀਂ ਵੀ ਕਿਉਂਕਿ ਧਰਮ ਦੀ ਗਿਆਨ ਵਿਚਾਰਧਾਰਾ ਤਥਾ ਉਸ ਰਾਹੀਂ ਪੜ੍ਹਾਏ ਜਾਂਦੇ ਇਨਸਾਨੀਅਤ ਦੇ ਪਾਠ/ਸਬਕ ਤੋਂ ਖ਼ੁਦ ਪੂਰੀ ਤਰ੍ਹਾਂ ਵਾਕਿਫ਼ ਨਹੀਂ ਹੁੰਦੇ, ਇਸ ਲਈ ਅਸੀਂ ਜੋ ਹਿੰਦੂ ਨਹੀਂ, ਉਸ ਨੂੰ ਹਿੰਦੂ ਕਹਿਣ ਲੱਗਦੇ ਹਾਂ ਅਤੇ ਜੋ ਮੁਸਲਮਾਨ ਨਹੀਂ, ਉਸ ਨੂੰ ਮੁਸਲਮਾਨ! ਇਹ ਮਹਾਨ ਮਜ਼੍ਹਬੀ ਰੁਤਬੇ ਸ਼ਕਲ ਜਾਂ ਬਾਹਰੀ ਤੌਰ ’ਤੇ ਧਾਰੇ ਚਿੰਨ੍ਹਾਂ ਸਦਕਾ ਨਹੀਂ ਦਿੱਤੇ ਜਾ ਸਕਦੇ।
ਆਮ ਲੋਕਾਂ ਦੀ ਮਜ਼੍ਹਬ ਪ੍ਰਤੀ ਸਮਝ ਤਥਾ ਕਮਜ਼ੋਰੀ ਕਰ ਕੇ ਇਨਸਾਨੀਅਤ ਦੇ ਕਾਤਲਾਂ ਨੂੰ ਮਜ਼੍ਹਬੀ ਨਾਵਾਂ ਨਾਲ ਪੁਕਾਰਨ ਲੱਗ ਜਾਂਦੇ ਹਾਂ; ਹਕੀਕਤ ਵਿੱਚ ਹੁੰਦੀ ਸਾਡੀ ਭੁੱਲ ਹੈ। ਇਸ ਗ਼ਲਤ ਪ੍ਰਚਾਰ ਲਈ ਸਿਆਸਤ ਨਾਲ ਜੁੜੇ ਆਗੂਆਂ ਅਤੇ ਉਨ੍ਹਾਂ ਦੇ ਪਿੱਛੇ ਤੁਰਦੇ ਅੰਧ-ਵਿਸ਼ਵਾਸੀ ਕਾਰਕੁਨਾਂ ਦੀ ਗਹਿਰੀ ਚਾਲ ਤਥਾ ਸਾਜਿ਼ਸ਼ ਹੁੰਦੀ ਹੈ ਜਿਸ ਪਾਸੇ ਸਾਡਾ ਧਿਆਨ ਹੀ ਨਹੀਂ ਜਾਂਦਾ; ਖ਼ਾਸ ਕਰ ਕੇ ਸਮਾਜ ਦੇ ਦੁਸ਼ਮਣਾਂ ਦੀ ਸਭ ਤੋਂ ਖ਼ਤਰਨਾਕ ਭੂਮਿਕਾ ਮੀਡੀਆ ਦਾ ਗੁਮਰਾਹਕੁਨ ਹਿੱਸਾ ਹੀ ਨਿਭਾਅ ਰਿਹਾ ਹੁੰਦਾ ਹੈ ਜਿਸ ਨੂੰ ਆਮ ਮਨੁੱਖ ਛੇਤੀ ਕੀਤਿਆਂ ਸਮਝ ਨਹੀਂ ਸਕਦਾ।
ਕਸ਼ਮੀਰ ਵਿਚ ਸੈਲਾਨੀਆਂ ਦੇ ਕਤਲ ਦਾ ਕਾਲਾ ਕਾਰਨਾਮਾ ਕਰਨ ਵਾਲਿਆਂ ਨੂੰ ਮਨਾਂ ਵਿਚ ਭਰੀ ਹੋਈ ਨਫ਼ਰਤ ਕਰ ਕੇ ਮੁਸਲਮਾਨ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ ਜੋ ਬਹੁਤ ਵੱਡੀ ਇਤਿਹਾਸਕ ਭੁੱਲ ਹੈ। ਇਸ ਦਾ ਬੜਾ ਮਾਰੂ ਅਸਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕਸ਼ਮੀਰੀ ਵਿਦਿਆਰਥੀਆਂ ਨਾਲ ਨਫ਼ਰਤ ਦੇ ਪ੍ਰਗਟਾਅ ਰਾਹੀਂ ਰੂਹਾਂ ਵਲੂੰਧਰ ਰਿਹਾ ਹੈ। ਇਹ ਬਹੁਤ ਵੱਡਾ ਉਹ ਅਪਰਾਧ ਸ਼ੁਰੂ ਕਰ ਲਿਆ ਜਿਸ ਦੇ ਨਤੀਜੇ ਮਾਰੂ ਹੋ ਸਕਦੇ ਹਨ। ਕੀ ਕਸੂਰ ਹੈ ਕਸ਼ਮੀਰੀ ਵਿਦਿਆਰਥੀਆਂ ਦਾ? ਕੋਈ ਦੱਸੇ ਸਹੀ! ਇਸ ਲਈ ਕਿ ਅਸੀਂ ਕਾਤਲਾਂ ਨੂੰ ਮੁਸਲਮਾਨ ਕਹਿਣਾ ਸ਼ੁਰੂ ਕਰ ਲਿਆ ਹੈ। ਕੌਣ ਕਹਿੰਦੈ ਕਿ ਉਹ ਮੁਸਲਮਾਨ ਸਨ? ਨਹੀਂ, ਉਹ ਮਸਲਮਾਨ ਨਹੀਂ ਸਨ; ਉਹ ਕੇਵਲ ਕਾਤਲ ਸਨ ਜਿਨ੍ਹਾਂ ਦਾ ਕੋਈ ਦੀਨ/ਮਜ਼੍ਹਬ ਨਹੀਂ ਸੀ, ਨਾ ਹੋ ਸਕਦਾ ਹੈ। ਵਿਦਿਆਰਥੀਆਂ ਜਾਂ ਕਸ਼ਮੀਰ ਵਿਚ ਰਹਿੰਦੇ ਕਸ਼ਮੀਰੀ ਮੁਸਲਮਾਨਾਂ ਦਾ ਕੀ ਦੋਸ਼? ਭਾਰਤ ਵਿੱਚ ਵੱਸਦੇ ਮੁਸਲਮਾਨਾਂ ਦਾ ਕੀ ਦੋਸ਼ ਜੋ ਭਾਰਤ ਦੇ ਹੋਰ ਸਭ ਨਾਗਰਿਕਾਂ ਵਾਂਗ ਸਤਿਕਾਰ ਯੋਗ ਸ਼ਹਿਰੀ ਹਨ।
ਜਦੋਂ ਅਸੀਂ ਇਸ ਦੁਖਾਂਤ ਦੇ ਵਰਤਾਰੇ ਮੌਕੇ ਉੱਥੋਂ ਦੇ ਸਥਾਨਕ ਭਾਈਚਾਰੇ ਦੇ ਹਾਵ-ਭਾਵ ਅਤੇ ਇਸ ਪਾਪ ਨਾਲ ਸ਼ਿਕਾਰ ਹੋਏ ਅਣਭੋਲ ਇਨਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੇਵਲ ਬੋਲ ਕੇ ਹੀ ਨਹੀਂ ਕਰ ਰਹੇ ਸਨ ਬਲਕਿ ਜਾਨਾਂ ਦਾਅ ’ਤੇ ਲਾਉਣ ਤੋਂ ਵੀ ਨਹੀਂ ਸਨ ਝਿਜਕ ਰਹੇ। ਹਰ ਮੁਸੀਬਤ ਮੁੱਲ ਲੈ ਕੇ ਮਦਦਗਾਰ ਵੀ ਹੋਏ। ਮੀਡੀਆ ਦੇ ਇਮਾਨਦਾਰ ਹਿੱਸੇ ਵਿਚ ਇਸ ਮਨੁੱਖਤਾਵਾਦੀ ਇਨਸਾਨਾਂ ਦੀ ਚਰਚਾ ਜਦੋਂ ਪੜ੍ਹਨ ਸੁਣਨ ਲਈ ਮਿਲ ਰਹੀ ਹੈ ਤਾਂ ਉਨ੍ਹਾਂ ਪ੍ਰਤੀ ਮਾਣ ਮਹਿਸੂਸ ਹੋ ਰਿਹਾ ਹੈ।
ਅਫ਼ਸੋਸ ਮੀਡੀਆ ਦੇ ਉਸ ਹਿੱਸੇ ’ਤੇ ਹੈ ਜੋ ਜਾਣਦਾ ਤਾਂ ਹੈ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਕੀ ਹੈ ਅਤੇ ਉਸ ਨੂੰ ਨਿਭਾਉਣਾ ਵੀ ਸਾਡਾ ਜ਼ਿੰਮਾ ਹੈ ਪਰਰ ਉਹ ਆਪਣੀ ਗੁਮਰਾਹ ਹੋ ਚੁੱਕੀ ਸੋਚ/ਬਿਰਤੀ ਨਾਲ ਨਫ਼ਰਤ ਦਾ ਪ੍ਰਚਾਰ ਕਰ ਕੇ ਦੇਸ਼ ਅਤੇ ਇਨਸਾਨੀਅਤ ਨਾਲ ਦਗਾ ਕਮਾ ਰਿਹਾ ਹੈ। ਖ਼ਾਸ ਰਾਜਸੀ ਕਾਰਕੁਨਾਂ ਦਾ ਹਿੱਸਾ ਹਿੰਦੂ ਮੁਸਲਮਾਨ ਭਾਈਚਾਰੇ ਵਿਚ ਜ਼ਹਿਰ ਘੋਲਣ ਦਾ ਕੰਮ ਮਿਥ ਕੇ ਕਰ ਰਿਹਾ ਹੈ। ਉਹ ਆਪਣੇ ਇਸ ਗ਼ਲਤ ਵਿਹਾਰ ਰਾਹੀਂ ਦੇਸ਼ ਦੇ ਅਮਨ ਅਤੇ ਸਵੈਮਾਣ ਨੂੰ ਦਾਅ ’ਤੇ ਲਾਉਣ ਲਈ ਬਜ਼ਿਦ ਹੈ। ਇਸ ਤਰ੍ਹਾਂ ਦਾ ਜ਼ਹਿਰ ਘੋਲਣ ਵਾਲਾ ਵਰਤਾਰਾ ਦੇਸ਼ ਦੀ ਆਜ਼ਾਦੀ ਦੇ ਘੋਲ ਮੌਕੇ ਹੀ ਕੱਟੜਪੰਥੀ ਲੋਕਾਂ ਨੇ ਸ਼ੁਰੂ ਕਰ ਲਿਆ ਸੀ ਅਤੇ ਇਨ੍ਹਾਂ ਲੋਕਾਂ ਦੇ ਹੁਣ ਵੱਡ-ਆਕਾਰੀ ਸੰਗਠਨ ਬਣੇ ਹੋਏ ਹਨ। ਇਨ੍ਹਾਂ ਸਭ ਸੱਜਣਾਂ ਨੂੰ ਬਾ-ਅਦਬ ਰੱਬੀ ਭੈਅ ਵਿਚ ਰਹਿਣ ਅਤੇ ਸਭ ਨੂੰ ਸਤਿਕਾਰ ਦੇਣ ਲਈ ਵੇਦਨਾ ਹੈ।
ਜ਼ਿੰਦਗੀ ਜਿਊਣ ਦਾ ਅਧਿਕਾਰ ਸਭ ਪਾਸ ਰਾਖਵਾਂ ਹੈ, ਕਿਸੇ ਨੂੰ ਵੀ ਇਕ ਵੀ ਮਨੁੱਖ ਨਾਲ ਕਿਸੇ ਵੀ ਰੂਪ ਵਿਚ ਨਫ਼ਰਤ ਨਹੀਂ ਕਰਨੀ ਚਾਹੀਦੀ; ਨਾ ਨਫ਼ਰਤ ਕਰਨ ਵਾਲਿਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਸਗੋਂ ਹਰ ਇਕ ਨੂੰ ਮਨੁੱਖੀ ਕਰਤੱਵ ਨੂੰ ਸਹੀ ਰੂਪ ਵਿਚ ਸਮਝਦਿਆਂ ਇਕ ਦੂਜੇ ਦਾ ਪੂਰਕ ਬਣਨਾ ਚਾਹੀਦਾ ਹੈ। ਦੇਸ਼ ਵਿੱਚੋਂ ਜੋ ਖ਼ਬਰ ਇਸ ਮੌਕੇ ਪੀੜਾ ਦੇਣ ਵਾਲੀ ਹੈ ਅਤੇ ਕੰਨਾਂ ਵਿਚ ਪੈ ਰਹੀ ਹੈ, ਉਹ ਥਾਂ-ਥਾਂ ਕਸ਼ਮੀਰੀ ਵਿਦਿਆਰਥੀਆਂ ਨਾਲ ਘ੍ਰਿਣਾ ਬਾਰੇ ਹੈ। ਉਨ੍ਹਾਂ ਨੂੰ ਵਿਦਿਅਕ ਸੰਸਥਾਵਾਂ ਛੱਡ ਕੇ ਦਰ-ਦਰ ਭਟਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਵਰਤਾਰੇ ਦੌਰਾਨ, ਦਾਸ ਪਾਸ ਬਹੁਤ ਸਤਿਕਾਰ ਯੋਗ ਗੁਰਸਿੱਖ ਵੀਰ ਨੇ ਕਸ਼ਮੀਰੀ ਵਿਦਿਆਰਥੀਆਂ ਲਈ ਦੁੱਖ ਦੇ ਇਨ੍ਹਾਂ ਪਲਾਂ ਵਿਚ ਸਹਾਰਾ ਲੱਭਣ ਲਈ ਪਹੁੰਚ ਕੀਤੀ ਤੇ ਉਹ ਵੀ ਪੰਜਾਬ ਵਿਚ! ਮਦਦ ਪੰਜਾਬੋਂ ਬਾਹਰ ਲਈ ਵੀ ਮੰਗੀ ਗਈ। ਐਸਾ ਕਿਉਂ? ਨਿੱਠ ਕੇ ਸੋਚਣ ਵਾਲਾ ਮਸਲਾ ਹੈ।
ਸਰਕਾਰੀ ਤੰਤਰ ਨੂੰ ਐਸੇ ਅਨਸਰਾਂ ’ਤੇ ਨਿਗ੍ਹਾ ਰੱਖਣ ਦੀ ਲੋੜ ਹੈ ਜੋ ਕਿਸੇ ਵੀ ਤਰ੍ਹਾਂ ਸਮਾਜ ਵਿਚ ਨਫ਼ਰਤ ਪੈਦਾ ਕਰਦੇ ਹਨ ਤੇ ਪਰੇਸ਼ਾਨੀ ਦਾ ਸਬੱਬ ਹਨ। ਸਰਕਾਰੀ ਤੰਤਰ ਦੀ ਨਿਗਰਾਨੀ ਮਾਹੌਲ ਨੂੰ ਜ਼ਹਿਰੀਲਾ ਬਣਾਉਣ ਤੋਂ ਬਚਾਅ ਸਕਦੀ ਹੈ। ਮੁਸਲਮਾਨ ਭਾਈਚਾਰੇ ਅਤੇ ਕਸ਼ਮੀਰੀ ਵਿਦਿਆਰਥੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਜੋ ਦੋਸ਼ੀ ਹਨ, ਉਨ੍ਹਾਂ ਨੂੰ ਵਤਨ ਦੇ ਕਾਇਦੇ-ਕਨੂੰਨ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਉਹ ਕਿਸੇ ਵੀ ਤਰ੍ਹਾਂ ਬਖਸ਼ੇ ਨਹੀਂ ਜਾਣੇ ਚਾਹੀਦੇ। ਦੇਸ਼ ਦੇ ਸਾਰੇ ਭਾਈਚਾਰਿਆਂ ਦੇ ਮੁਹਤਬਰਾਂ ਨੂੰ ਦੇਸ਼ ਪ੍ਰਤੀ ਆਪਣੇ ਇਨਸਾਨੀ ਫਰਜ਼ਾਂ ਦੀ ਪੂਰਤੀ ਲਈ ਸਰਗਰਮ ਭੂਮਿਕਾ ਲਈ ਪਹਿਲ ਕਰਨੀ ਚਾਹੀਦੀ ਹੈ।
*ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ।
ਸੰਪਰਕ: 95920-93472