ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਲ ਚਿੜੀ ਨਹੀਂ ਆਈ

04:19 AM May 03, 2025 IST
featuredImage featuredImage

ਬਾਲ ਕਹਾਣੀ

Advertisement

ਹਰੀ ਕ੍ਰਿਸ਼ਨ ਮਾਇਰ
ਘਰ ਸਾਹਮਣੇ ਰੁੱਖ ’ਤੇ ਅਸੀਂ ਇੱਕ ਬਰਡ ਫੀਡਰ ਲਟਕਾ ਦਿੱਤਾ ਸੀ। ਉਸ ਵਿੱਚ ਰੋਜ਼ ਚੋਗਾ ਪਾਉਂਦੇ, ਪਰ ਪੰਛੀ ਘੱਟ ਹੀ ਆਉਂਦੇ ਸਨ। ਫਿਰ ਜਨੌਰਾਂ ਦੀ ਗਿਣਤੀ ਵਧਣ ਲੱਗੀ। ਚਿੜੀਆਂ, ਗੁਟਾਰਾਂ, ਘੁੱਗੀਆਂ, ਕਾਲੇ, ਪੀਲੇ, ਚਿਤਕਬਰੇ ਜਨੌਰ ਮਨ ਨੂੰ ਮੋਹ ਲੈਂਦੇ ਸਨ। ਇੱਕ ਭੂਰੀ ਅਤੇ ਇੱਕ ਲੰਗੜੀ ਕਾਲੀ ਕਾਟੋ ਵੀ ਉੱਥੇ ਆਉਣ ਲੱਗੀਆਂ ਸਨ। ਫੀਡਰ ਦੇ ਥੱਲੇ ’ਤੇ ਬੈਠ ਪੰਛੀ ਦਾਣੇ ਚੁੰਝ ’ਚ ਧਰਦੇ ਤੇ ਉੱਡ ਜਾਂਦੇ। ਕਾਟੋਆਂ ਨੂੰ ਫੀਡਰ ’ਤੇ ਦਾਣੇ ਖਾਣੇ ਔਖੇ ਲੱਗਦੇ। ਹੋਰਾਂ ਪੰਛੀਆਂ ਨੂੰ ਦਾਣੇ ਚੁਗਦੇ ਦੇਖ ਕੇ ਉਨ੍ਹਾਂ ਨੂੰ ਗੁੱਸਾ ਚੜ੍ਹ ਜਾਂਦਾ। ਉਹ ਘਾਹ ’ਤੇ ਡਿੱਗੇ ਦਾਣੇ ਖਾਂਦੇ ਜਨੌਰਾਂ ਪਿੱਛੇ ਦੌੜਦੀਆਂ ਆਖਦੀਆਂ, ‘‘ਤੁਸੀਂ ਫੀਡਰ ’ਤੇ ਜਾ ਕੇ ਖਾਓ, ਰੱਬ ਸਾਡੇ ਖਾਤਰ ਥੱਲੇ ਚੋਗਾ ਸੁੱਟੇਗਾ।”
“ਤੁਸੀਂ ਉੁੱਤੇ ਚੜ੍ਹ ਕੇ ਖਾ ਲਓ।’’ ਚਿੜੀਆਂ ਕਹਿੰਦੀਆਂ।
“ਖੰਭਾਂ ਵਾਲੀਓ! ਨਿੱਕਾ ਜਿਹਾ ਫੀਡਰ ਤੇ ਅਸੀਂ ਲੰਬੀਆਂ ਲੰਝੀਆਂ!” ਕਾਟੋਆਂ ਨੇ ਆਪਣੀ ਤਕਲੀਫ਼ ਦੱਸੀ।
ਜਨੌਰਾਂ ਲਾਗੇ ਅੱਜ ਇੱਕ ਖਰਗੋਸ਼ ਵੀ ਆ ਬੈਠਾ ਸੀ। ਪੰਛੀਆਂ ਦੀ ਕਾਟੋਆਂ ਨਾਲ ਹੋ ਰਹੀ ਗੱਲਬਾਤ ਵਿਚਾਲੇ ਖਰਗੋਸ਼ ਬੋਲ ਪਿਆ, “ਕਾਟੋ ਊਂ ਤੂੰ ਰੁੱਖ ’ਤੇ ਬੜੀਆਂ ਟਪੂਸੀਆਂ ਮਾਰਦੀ ਰਹਿਨੀ ਏਂ, ਇਹ ਫੀਡਰ ਨਹੀਂ ਤੇਰੇ ਵੱਸ ਵਿੱਚ ਆਉਂਦਾ?”
“ਖਰਗੋਸ਼ ਵੀਰੇ ਤੂੰ ਹੀ ਦੱਸ ਕੋਈ ਤਰਕੀਬ?” ਕਾਟੋ ਬੋਲੀ।
“ਫੀਡਰ ਦੀ ਰੱਸੀ ’ਤੇ ਉਤਰ ਕੇ ਫੀਡਰ ਦਾ ਥੱਲਾ ਫੜ ਕੇ ਲਟਕ ਜਾ। ਝਟਕਾ ਮਾਰ ਤੇ ਸਾਰੇ ਦਾਣੇ ਜ਼ਮੀਨ ’ਤੇ ਖਿੱਲਰ ਜਾਣਗੇ।”
“ਫਿਰ?”
“ਫਿਰ ਤੂੰ ਥੱਲੇ ਉਤਰ ਆਈਂ ਤੇ ਦਾਣੇ ਮੌਜ ਨਾਲ ਖਾਈਂ।”
“ਜਨੌਰ ਵੀ ਖਾਣਗੇ?”
“ਖਾਣਗੇ ਹੀ।”
“ਚੋਗੇ ਦੇ ਦਾਣੇ ਤਾਂ ਸਭ ਦੇ ਸਾਂਝੇ ਹੁੰਦੇ ਹਨ, ਇਨ੍ਹਾਂ ’ਤੇ ਕਿਸੇ ਦਾ ਨਾਂ ਥੋੜ੍ਹਾ ਲਿਖਿਆ ਹੁੰਦੈ।”
“ਤੇਰੀ ਗੱਲ ਤਾਂ ਠੀਕ ਆ।”
“ਮਿਲਜੁਲ ਕੇ ਖਾਣ ਵਿੱਚ ਜੋ ਨਜ਼ਾਰਾ ਆਉਂਦਾ, ਉਹ ਤੂੰ ਕਦੀ ਮਾਣਿਆ ਨਹੀਂ ਹੋਣਾ।” ਖਰਗੋਸ਼ ਨੇ ਕਾਟੋਆਂ ਨੂੰ ਕਿਹਾ। ਖਰਗੋਸ਼ ਦੀ ਦੱਸੀ ਤਰਕੀਬ ਉਨ੍ਹਾਂ ਨੂੰ ਫਿੱਟ ਬੈਠ ਗਈ। ਉਨ੍ਹਾਂ ਵਿੱਚੋਂ ਇੱਕ ਟਾਹਣੇ ਤੋਂ ਥੱਲੇ ਉਤਰਦੀ। ਉਲਟੀ ਲਟਕ ਕੇ ਫੀਡਰ ਨੂੰ ਜ਼ੋਰ ਨਾਲ ਹਿਲਾਉਂਦੀ। ਸਾਰੇ ਦਾਣੇ ਜ਼ਮੀਨ ’ਤੇ ਡੁੱਲ੍ਹ ਜਾਂਦੇ। ਕਾਟੋਆਂ ਦੇ ਨਾਲ ਹੋਰ ਜਾਨਵਰ ਵੀ ਜ਼ਮੀਨ ’ਤੇ ਡਿੱਗੇ ਦਾਣੇ ਚੁਗਦੇ। ਇਸ ਤਰ੍ਹਾਂ ਸਾਰੇ ਜਾਨਵਰ ਇਕੱਠੇ ਦਾਣੇ ਚੁਗਦੇ। ਥੋੜ੍ਹੇ ਦਿਨਾਂ ਵਿੱਚ ਜਾਨਵਰ ਇੱਕ ਦੂਜੇ ਦੇ ਮਿੱਤਰ ਬਣ ਗਏ ਸਨ। ਖਰਗੋਸ਼ ਵੀ ਕਦੀ ਕਦਾਈਂ ਉੱਥੇ ਆ ਜਾਂਦਾ ਸੀ। ਫੀਡਰ ’ਤੇ ਜੁੜੇ ਜਾਨਵਰ ਆਪਸ ਵਿੱਚ ਇੱਕ ਦੂਜੇ ਨਾਲ ਦੁੱਖ ਸੁੱਖ ਕਰ ਲੈਂਦੇ। ਹਰ ਰੋਜ਼ ਇੱਕ ਦੂਜੇ ਨੂੰ ਉਡੀਕਦੇ ਰਹਿੰਦੇ।
ਕਈ ਦਿਨਾਂ ਤੋਂ ਉੱਥੇ ਇੱਕ ਲਾਲ ਚਿੜੀ ਵੀ ਚੋਗਾ ਚੁਗਣ ਆਉਣ ਲੱਗੀ ਸੀ। ਉਸ ਦੇ ਸੋਹਣੇ ਰੰਗ ਰੂਪ ਨੇ ਜਾਨਵਰਾਂ ’ਤੇ ਜਿਵੇਂ ਕੋਈ ਜਾਦੂ ਧੂੜ ਦਿੱਤਾ ਸੀ। ਹਰ ਕੋਈ ਉਸ ਕੋਲ ਦਾਣੇ ਚੁਗਣਾ ਚਾਹੁੰਦਾ। ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ। ਮੈਂ ਰੋਜ਼ ਸ਼ੀਸ਼ੇ ਵਿੱਚੋਂ ਲਾਲ ਚਿੜੀ ਨੂੰ ਨਿਹਾਰਦਾ। ਲਾਲ ਚਿੜੀ ਲਾਗੇ ਦੇ ਪਾਰਕ ਵੱਲੋਂ ਇੱਥੇ ਚੋਗਾ ਚੁਗਣ ਆਉਂਦੀ ਸੀ। ਪਾਰਕ ਵਿੱਚ ਬੱਚੇ ਅਕਸਰ ਪਤੰਗ ਉਡਾਉਂਦੇ ਸਨ। ਸੋਟੀਆਂ ਗੱਡ ਕੇ ਡੋਰ ਨੂੰ ਸ਼ੀਸ਼ੇ (ਕੱਚ) ਮਿਲੇ ਗੂੰਦ ਦੀ ਪਰਤ ਚੜ੍ਹਾ ਰਹੇ ਹੁੰਦੇ। ਪਤੰਗ ਲੁੱਟਣ ਲਈ ਗਾਟੀਆਂ ਪਾਉਂਦੇ। ਸਿਰਤੋੜ ਭੱਜਦੇ। ਪੇਚੇ ਲਾਉਂਦੇ, ਡੋਰ ਲੁੱਟਦੇ ਅਤੇ ਚਰਖੜੀ ’ਤੇ ਲਪੇਟਦੇ। ਉਹ ਮੂੰਹ ਸਿਰ ਵੀ ਭੰਨਾ ਲੈਂਦੇ। ਪਤੰਗਾਂ ਦੀਆਂ ਪੱਕੀਆਂ ਡੋਰਾਂ ਦੇ ਬੇਤਰਤੀਬੇ ਤਾਣੇ ਬਾਣੇ ਵਿੱਚੋਂ ਲੰਘ ਕੇ ਲਾਲ ਚਿੜੀ ਇੱਥੇ ਦਾਣੇ ਚੁਗਣ ਆਉਂਦੀ ਸੀ।
ਮੈਂ ਦੇਖਿਆ ਕਿ ਅੱਜ ਸੁਬ੍ਹਾ ਫੀਡਰ ਵਿੱਚ ਦਾਣੇ ਪਾਉਣ ਤੋਂ ਪਹਿਲਾਂ ਹੀ ਜਾਨਵਰ ਸਾਡੇ ਬੂਹੇ ਅੱਗੇ ਪਹੁੰਚੇ ਹੋਏ ਸਨ। ਮੈਂ ਕੁਰਸੀ ’ਤੇ ਚੜ੍ਹ ਕੇ ਫੀਡਰ ਵਿੱਚ ਦਾਣੇ ਪਾਏ। ਜਾਨਵਰ ਦਾਣੇ ਖਾਣ ਵਿੱਚ ਰੁੱਝ ਗਏ ਸਨ। ਸਾਰੇ ਇੱਕ ਦੂਜੇ ਤੋਂ ਪੁੱਛ ਰਹੇ ਸਨ, ‘‘ਲਾਲ ਚਿੜੀ ਨਹੀਂ ਆਈ?”
“ਉਹ ਤਾਂ ਕੱਲ੍ਹ ਵੀ ਨਹੀਂ ਸੀ ਆਈ।” ਘੁੱਗੀ ਬੋਲੀ।
“ਜਨੌਰਾਂ ਲਈ ਥਾਂ ਥਾਂ ਫਾਹੀਆਂ ਗੱਡੀਆਂ ਦੀਂਹਦੀਆਂ।” ਕਾਟੋ ਬੋਲੀ।
“ਉਸ ਦਾ ਕੋਈ ਅਤਾ ਪਤਾ?” ਖਰਗੋਸ਼ ਨੇ ਕਿਹਾ।
“ਮੈਨੂੰ ਪਤਾ ਉਹ ਕਿੱਥੇ ਰਹਿੰਦੀ ਆ?” ਇੱਕ ਚੂਹੇ ਨੇ ਝੱਟ ਕਿਹਾ।
“ਦੱਸ ਕਿੱਥੇ?”
“ਪਾਰਕ ਲੰਘ ਕੇ ਸੰਘਣੇ ਰੁੱਖ ’ਤੇ।”
“ਆਪਾਂ ਲੱਭਣ ਚੱਲੀਏ, ਤੂੰ ਮੂਹਰੇ ਮੂਹਰੇ ਹੋ ਲੈ।”
“ਚੰਗਾ।” ਚੂਹਾ ਬੋਲਿਆ। ਫਿਰ ਜਾਨਵਰ ਚੂਹੇ ਦੇ ਪਿੱਛੇ ਪਿੱਛੇ ਤੁਰ ਪਏ। ਉਹ ਪਾਰਕ ਲੰਘ ਕੇ ਨਿਵਾਣ ਵਿੱਚ ਖਲੋਤੇ ਇੱਕ ਸੰਘਣੇ ਰੁੱਖ ਕੋਲ ਪਹੁੰਚ ਗਏ। ਰੁੱਖ ਲਾਗੇ ਇੱਕ ਪਾਣੀ ਦਾ ਚੋਅ ਸੀ। ਚੂਹੇ ਨੇ ਆਸੇ ਪਾਸੇ ਗੇੜਾ ਲਗਾਇਆ। ਪਤੰਗ ਦੀ ਡੋਰ ਉਸ ਰੁੱਖ ਵਿੱਚੋਂ ਦੀ ਲੰਘਦੀ ਦੂਰ ਤੱਕ ਲਟਕ ਰਹੀ ਸੀ। ਜਾਨਵਰ ਰੁੱਖ ਦੇ ਟਾਹਣਿਆਂ ’ਤੇ ਜਾ ਚੜ੍ਹੇ। ਇੱਧਰ ਉੱਧਰ ਆਲ੍ਹਣੇ ਫਰੋਲਣ ਲੱਗੇ। ਕਾਟੋ ਨੇ ਦੇਖਿਆ ਕਿ ਇੱਕ ਆਲ੍ਹਣੇ ਵਿੱਚ ਲਾਲ ਚਿੜੀ ਖੂਨ ਨਾਲ ਲੱਥਪੱਥ ਪਈ ਸੀ। ਲੱਗਦਾ ਪਤੰਗ ਦੀ ਡੋਰ ਵਿੱਚ ਉਲਝ ਕੇ ਉਸ ਦੀ ਗਰਦਨ ’ਤੇ ਇੱਕ ਡੂੰਘਾ ਚੀਰਾ ਆ ਗਿਆ ਸੀ। ਉਸ ਨੇ ਹਿਲਾ ਕੇ ਦੇਖਿਆ। ਉਹ ਤਾਂ ਪੱਕੀ ਉਡਾਰੀ ਮਾਰ ਗਈ ਸੀ। ਜਾਨਵਰਾਂ ਦੇ ਚਿਹਰੇ ਤੋਂ ਨਿਰਾਸ਼ਾ ਝਲਕ ਰਹੀ ਸੀ। ਜਾਨਵਰ ਉੱਡਦੇ ਪਤੰਗਾਂ ਵੱਲ ਦੇਖ ਰਹੇ ਸਨ। ਉਨ੍ਹਾਂ ਨੂੰ ਆਪਣਾ ਅੰਤ ਲਾਲ ਚਿੜੀ ਵਾਂਗ ਹੀ ਆਉਂਦਾ ਦਿਸ ਰਿਹਾ ਸੀ। ਫਿਰ ਉਹ ਸਾਰੇ ਮੌਨ ਹੋ ਗਏ। ਜਿਵੇਂ ਲਾਲ ਚਿੜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹੋਣ।
ਖਰਗੋਸ਼ ਬੋਲਿਆ, ‘‘ਬੰਦੇ ਪੂਰੀ ਧਰਤੀ ’ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਆਪਣੇ ਬੱਚਿਆਂ ਨੂੰ ਖੂਨੀ ਡੋਰ ਦੇ ਕੇ ਪਤੰਗ ਉਡਾਉਣ ਲਈ ਖੁੱਲ੍ਹਾ ਛੱਡ ਦਿੰਦੇ ਨੇ। ਦੱਸੋ ਅਸੀਂ ਜਾਨਵਰ ਕਿੱਥੇ ਉੱਡੀਏ?”
ਕਾਟੋ ਪੂਰੇ ਗੁੱਸੇ ਵਿੱਚ ਬੋਲੀ, ‘‘ਵੀਰੇ! ਪਤੰਗਾਂ ਦੀ ਇਹ ਖੂਨੀ ਡੋਰ ਇੱਕ ਦਿਨ ਮਨੁੱਖਾਂ ਦੀਆਂ ਗਰਦਨਾਂ ਨੂੰ ਵੀ ਚੀਰਿਆ ਕਰੇਗੀ।” ਕਾਟੋ ਲਾਲ ਚਿੜੀ ਨੂੰ ਦੇਖ ਕੇ ਰੋਣ ਲੱਗੀ। ਚਿੜੀਆਂ, ਘੁੱਗੀ, ਚੂਹਾ, ਖਰਗੋਸ਼ ਅਤੇ ਕਾਲੀ ਕਾਟੋ ਦੇ ਚਿਹਰੇ ਲੁੜਕ ਗਏ।
‘‘ਤੂੰ ਠੀਕ ਆਖਿਆ ਭੈਣ, ਮੈਨੂੰ ਇਨ੍ਹਾਂ ਦੇ ਚਾਲੇ ਸਹੀ ਨਹੀਂ ਲੱਗਦੇ।’’ ਖਰਗੋਸ਼ ਨੇ ਕਿਹਾ। ਫਿਰ ਉਹ ਸੂਰਜ ਦੀ ਟਿੱਕੀ ਨੀਵੀਂ ਹੁੰਦੀ ਦੇਖ ਕੇ ਆਪੋ ਆਪਣੇ ਠਿਕਾਣਿਆਂ ਵੱਲ ਤੁਰ ਪਏ।
ਸੰਪਰਕ: 97806-67686

Advertisement
Advertisement