ਕਵਿਤਾਵਾਂ
ਸਲਾਮ
ਕਮਲ ਬਠਿੰਡਾ
ਸੱਯਦ ਆਦਿਲ ਹੁਸੈਨ ਸ਼ਾਹ ਤੈਨੂੰ,
ਸਲਾਮ! ਸਲਾਮ! ਸਲਾਮ!
ਸੱਯਦ ਆਦਿਲ ਹੁਸੈਨ ਸ਼ਾਹਾ,
ਤੂੰ ਪੁੱਤਰ ਧਰਤੀ ਮਾਂ ਦਾ ਜਾਇਆ,
ਤੂੰ ਬਣਿਆ ਆਪਣੇ ਲੋਕਾਂ ਦਾ ਸਾਇਆ,
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ,
ਤੂੰ ਸੱਚ ਕਰ ਦਿਖਾਇਆ,
ਹੈ ਸਾਨੂੰ ਤੇਰੇ ’ਤੇ ਵੱਡਾ ਮਾਣ,
ਤੇਰੇ ਜਜ਼ਬੇ ਨੂੰ ਸਾਡਾ ਸਲਾਮ!
ਜੰਨਤ ਨੂੰ ਜਹੱਨਮ ਬਣਾਉਣ ਵਾਲੇ,
ਫਿਜ਼ਾ ’ਚ ਦਹਿਸ਼ਤ ਫੈਲਾਉਣ ਵਾਲੇ,
ਤੇਰੇ ਅੱਗੇ ਅੱਜ ਬੌਣੇ ਹੋਏ,
ਤੇ ਤੇਰੀ ਕਿੱਡੀ ਉੱਚੀ ਸ਼ਾਨ,
ਵਾਹ! ਜੁਆਨਾ, ਤੇਰੀ ਜੁਰਅੱਤ ਨੂੰ ਸਲਾਮ!
ਹਾਕਮਾਂ ਨੇ ਨਹੀਂ ਕੱਢਣਾ ਸ਼ਾਇਦ,
ਕਦੇ ਇਸ ਮਸਲੇ ਦਾ ਹੱਲ,
ਇਨ੍ਹਾਂ ਤਖ਼ਤ ਸਲਾਮਤ ਰੱਖਣੇ,
ਸਾਨੂੰ ਝੋਕੀ ਜਾਣਾ ਵਿੱਚ ਅੱਗ,
ਉਸੇ ਅੱਗ ਨੇ ਤੈਨੂੰ ਵੀ,
ਕਰ ਹੀ ਦਿੱਤਾ ਖ਼ਾਕ,
ਪਰ ਹਰ ਜਿਉਂਦੀ ਜ਼ਮੀਰ ’ਤੇ,
ਤੂੰ ਡੂੰਘੀ ਛੱਡ ਗਿਆ ਛਾਪ,
ਤੂੰ ਜਿੰਦ ਪਿਆਰੀ ਆਪਣੀ,
ਵਾਰੀ ਮਨੁੱਖਤਾ ਦੇ ਨਾਮ,
ਕੁੱਲ ਲੋਕਾਈ ਤੈਨੂੰ ਕਰ ਰਹੀ,
ਸੱਚੇ ਦਿਲੋਂ ਸਲਾਮ!
ਦਹਿਸ਼ਤੀਆਂ ਨਾਲ ਭਿੜਨ ਦਾ,
ਤੂੰ ਜੋ ਅਪਣਾਇਆ ਢੰਗ,
ਤੱਕ ਕੇ ਤੇਰਾ ਹੌਸਲਾ,
ਸੱਭੇ ਰਹਿ ਗਏ ਦੰਗ,
ਮਿੱਟੀ ਵਿੱਚ ਮਿਲ ਜਾਵਣੇ,
ਇਹ ਜੋ ਕਾਗਜ਼ੀ ਸ਼ੇਰ,
ਚਾਨਣ ਕਦੇ ਨਾ ਹਰਦਾ,
ਜਿਨ੍ਹਾਂ ਮਰਜ਼ੀ ਹੋਵੇ ਅੰਧੇਰ,
ਤੂੰ ਚਾਨਣ ਦੀ ਛਿੱਟ ਵੰਡ ਗਿਆ,
ਸਭ ਜ਼ੁਬਾਨਾਂ ’ਤੇ ਤੇਰਾ ਨਾਮ,
ਬੱਲੇ ਓ ਮਾਂ ਦੇ ਸ਼ੇਰ ਪੁੱਤਾ,
ਤੈਨੂੰ ਝੁਕ ਝੁਕ ਕਰੀਏ ਸਲਾਮ
ਤੈਨੂੰ ਕੋਟਿ ਕੋਟਿ ਪ੍ਰਣਾਮ!
ਸੰਪਰਕ: 94630-23100
* * *
ਕਿੰਨਾ ਔਖਾ ਹੁੰਦਾ
ਹਰਦੀਪ ਸਿੰਘ ਭੂਦਨ
ਕਿੰਨਾ ਔਖਾ ਹੁੰਦਾ
ਰੁਝੇਵਿਆਂ ਭਰੀ ਜ਼ਿੰਦਗੀ ’ਚੋਂ
ਫੁਰਸਤ ਦੇ ਪਲਾਂ ਲਈ
ਬੱਚਿਆਂ ਸਮੇਤ ਪਰਿਵਾਰ ਨੂੰ
ਧਰਤੀ ’ਤੇ ਬਣੇ ਸਵਰਗ ਨੂੰ ਦੇਖਣ ਲਈ
ਆਪਣੇ ਆਪ ਨੂੰ ਤਿਆਰ ਕਰਨਾ
ਬਹੁਤ ਔਖਾ ਹੁੰਦਾ
ਕਸ਼ਮੀਰ ਦੀਆਂ ਮਖ਼ਮਲੀ ਵਾਦੀਆਂ ’ਚ
ਘੁੰਮਦਿਆਂ ਫਿਰਦਿਆਂ
ਆਨੰਦ ਮਾਣਦਿਆਂ
ਸਿਰਫਿਰਿਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣਾ
ਤੇ ਆਪਣੇ ਆਪ ਨੂੰ
ਅਣਿਆਈ ਮੌਤ ਦੇ ਮੂੰਹ
ਝੋਕ ਦੇਣਾ...
ਕਿੰਨਾ ਔਖਾ ਹੁੰਦਾ
ਬੁੱਢੇ ਮਾਂ ਬਾਪ ਦੀਆਂ
ਆਸਾਂ ਨੂੰ ਅੱਧ ਵਿਚਾਲੇ ਛੱਡ ਕੇ ਤੁਰ ਜਾਣਾ
ਕਿੰਨਾ ਔਖਾ ਹੁੰਦਾ
ਨਦੀ ਦੇ ਪਾਣੀ ਵਾਂਗ ਵਗਦੀ
ਜ਼ਿੰਦਗੀ ਤੋਂ ਜ਼ਾਲਮਾਂ ਮੂਹਰੇ
ਬੇਵੱਸ ਹੋ ਕੇ ਮੁੱਖ ਮੋੜ ਲੈਣਾ
ਕਿੰਨਾ ਔਖਾ ਹੁੰਦਾ
ਹਸੂੰ ਹਸੂੰ ਕਰਦੀਆਂ ਅੱਖਾਂ ’ਚੋਂ
ਖ਼ੂਨ ਦੇ ਹੰਝੂਆਂ ਦਾ ਵਹਿਣਾ
ਸਭ ਤੋਂ ਔਖਾ ਹੁੰਦਾ
ਮਨੁੱਖਤਾ ਦੀ ਦਰਿੰਦਗੀ ਨੂੰ
ਅੱਖਾਂ ਸਾਹਮਣੇ
ਬੇਵੱਸ ਹੋ ਕੇ ਝੱਲਣਾ....
* * *
ਜ਼ੁਲਮ-ਏ-ਪਹਿਲਗਾਮ
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਹਿਲਗਾਮ ਵਿੱਚ ਵਰਤਾ ਕੇ ਭਾਣਾ
ਕੁੱਲ ਜਹਾਨ ਦਹਿਲਾ ਦਿੱਤਾ
ਸੈਲਾਨੀਆਂ ਉੱਪਰ ਅੰਨ੍ਹੇਵਾਹ ਗੋਲੀ
ਸਵਰਗ ਨੂੰ ਨਰਕ ਬਣਾ ਦਿੱਤਾ
ਰੋਜ਼ੀ ਰੋਟੀ ਦਾ ਇਹ ਵਸੀਲਾ
ਉਨ੍ਹਾਂ ਨੂੰ ਵੱਡੇ ਦੁੱਖ ਤੋਂ ਘੱਟ ਨਹੀਂ
ਤੇ ਸੁਹਾਗਣ ਦੀਆਂ ਖ਼ੁਸ਼ੀਆਂ ਦਾ
ਜ਼ਾਲਮੋ ਸਿਵਾ ਜਲਾ ਦਿੱਤਾ
ਜੰਨਤ ਨੂੰ ਨਰਕ ਬਣਾ ਦਿੱਤਾ
ਸਕੂਨ ਵਿੱਚ ਬੇਫ਼ਿਕਰੇ ਘੁੰਮਦੇ
ਜਿਵੇਂ ਪੰਛੀ ਅੰਬਰੀਂ ਲਾਉਣ ਉਡਾਰੀ
ਬੇਦੋਸ਼ਿਆਂ ’ਤੇ ਜ਼ੁਲਮ ਕਮਾ ਦਿੱਤਾ
ਸੁਰਗ ਨੂੰ ਨਰਕ ਬਣਾ ਦਿੱਤਾ
ਉੱਜੜ ਗਏ ਨੇ ਘਰ ਕਈਆਂ ਦੇ
ਮੁੜ ਵਸਣੇ ਦੀ ਆਸ ਨਾ ਕੋਈ
ਨੇਤਾਵਾਂ ਨੇ ਬਸ ਦੁੱਖ ਪ੍ਰਗਟਾ ਦਿੱਤਾ
ਘਾਟੀ ਨੂੰ ਨਰਕ ਬਣਾ ਦਿੱਤਾ
ਧਾਲੀਵਾਲ ਇਹ ਖੇਡ ਮੌਤ ਦੀ
ਸੰਨ ਸੰਤਾਲੀ ਤੋਂ ਰੁਕੀ ਨਹੀਂ
ਫਿਰ ਵੀ ਕੋਈ ਕੋਈ ਬੁਲੰਦ ਆਵਾਜ਼
ਜ਼ੁਲਮਾਂ ਮੂਹਰੇ ਝੁਕੀ ਨਹੀਂ
ਪਰ ਪਤਾ ਨਹੀਂ ਕਿਸ ਨੇ ਜੰਗਾਂ ਖ਼ਾਤਰ
ਕਸ਼ਮੀਰ ਨੂੰ ਨਰਕ ਬਣਾ ਦਿੱਤਾ...
ਸੰਪਰਕ: 78374-90309
* * *
ਪਹਿਲਗਾਮ ਦਾ ਕਤਲੇਆਮ
ਹਰਪ੍ਰੀਤ ਪੱਤੋ
ਮਾਰ-ਮਾਰ ਲੋਥਾਂ ਦੇ ਢੇਰ ਲਾਤੇ,
ਸੁਣੀ ਕਿਸੇ ਨਾ ਕੂਕ ਪੁਕਾਰ ਸਾਈਂ।
ਡਿੱਗੇ ਹੋਣਗੇ ਪੰਛੀਆਂ ਦੀ ਅੱਖੋਂ ਹੰਝੂ,
ਵੇਖ ਮਨੁੱਖਾਂ ’ਤੇ ਅੱਤਿਆਚਾਰ ਸਾਈਂ।
ਬੇਸ਼ਗਨਾਂ ਹੋਇਆ ਹੋਊ ਤੁਰਦਿਆਂ ਨੂੰ,
ਮੁੜ ਵੇਖਿਆ ਨਾ ਘਰ ਬਾਰ ਸਾਈਂ।
ਘਰੋਂ ਗਏ ਸੀ ਹੱਸਦੇ, ਮੁੜੇ ਰੋਂਦੇ,
ਦਿੱਤੀ ਕਰਮਾਂ ਵੱਡੀ ਹਾਰ ਸਾਈਂ।
ਪਹਿਲਗਾਮ ਕਬਰਸਤਾਨ ਬਣਿਆ,
ਲੁੱਟੇ ਸੁਹਾਗ ਸਰੇ ਬਾਜ਼ਾਰ ਸਾਈਂ।
ਮਿਸਾਲੀ ਸਜ਼ਾਵਾਂ ਦਿਉ ਦਰਿੰਦਿਆਂ ਨੂੰ,
ਦਿੱਤਾ ਜਿਨ੍ਹਾਂ ਦੇਸ਼ ਵੰਗਾਰ ਸਾਈਂ।
ਅੱਖ ਪੱਟ ਕੇ ਝਾਕੇ ਨਾ ਮੁੜ ਵੈਰੀ,
ਤੁਸੀਂ ਮਾਰੋ ਐਸੀ ਮਾਰ ਸਾਈਂ।
ਸੰਪਰਕ: 94658-21417
* * *
ਧਰਮ ਇਨਸਾਨੀਅਤ
ਕਰਮਜੀਤ ਕੌਰ ਬੁਗਰਾ
ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ ਇਸਾਈ।
ਸਾਰੇ ਧਰਮਾਂ ’ਚ ਕੁਝ ਬਣ ਬੈਠੇ ਨੇ ਕਸਾਈ।
ਕਿਹੜਾ ਗ੍ਰੰਥ ਕਹਿੰਦਾ ਹੈ ਮਜ਼ਹਬ ਦੇ ਨਾਂ ’ਤੇ ਲੜੋ।
ਖ਼ੂਨ ਖ਼ਰਾਬਾ ਦੂਜਿਆਂ ਦਾ ਤੁਸੀਂ ਸ਼ਰ੍ਹੇਆਮ ਕਰੋ।
ਕੀ ਹੈ ਧਰਮ ’ਚ ਜਿਹੜਾ ਤੁਸੀਂ ਵੰਡਾਉਣਾ ਹੈ।
ਖੇਡ ਹੋਲੀ ਖ਼ੂਨ ਦੀ ਕਿਹੜਾ ਰੱਬ ਮਨਾਉਣਾ ਹੈ।
ਕੀ ਮਿਲਦਾ ਹੈ ਕਿਸੇ ਨੂੰ ਦੂਜੇ ਦਾ ਘਰ ਉਜਾੜ ਕੇ।
ਅੱਲ੍ਹਾ ਵਾਹਿਗੁਰੂ ਰਾਮ ਦੇ ਧੀਆਂ ਪੁੱਤਰ ਮਾਰ ਕੇ।
ਕਿਹੜਾ ਧਰਮ ਸਿਖਾਉਂਦਾ ਹੈ ਆਪਸ ਵਿੱਚ ਲੜਨਾ।
ਕਿਹੜੇ ਗ੍ਰੰਥ ਵਿੱਚ ਲਿਖਿਆ ਮਾਰਨਾ ਤੇ ਮਰਨਾ।
ਐ ਹਾਕਮੋਂ ਲਾਸ਼ਾਂ ਦੇ ਨਾਲ ਕੁਰਸੀ ਨਾ ਸਜਾਓ।
ਹਾੜ੍ਹਾ! ਧਰਮ ਦੇ ਨਾਂ ’ਤੇ ਰਾਜਨੀਤੀ ਨਾ ਚਲਾਓ।
ਆਓ ਫੜੋ ਪੱਲਾ ਇਨਸਾਨੀਅਤ ਦੇ ਧਰਮ ਦਾ।
ਜੇ ਪਾਉਣਾ ਚਾਹੁੰਦੇ ਓ ਫਲ ਕਿਸੇ ਕਰਮ ਦਾ।
ਸੰਪਰਕ: 82848-19299
* * *
ਗ਼ਜ਼ਲ
ਅਮਰਪ੍ਰੀਤ ਸਿੰਘ ਝੀਤਾ
ਧਰਤੀ ਦੇ ਸੁਰਗ ’ਚ ਇਹ ਕੈਸਾ ਮੰਜ਼ਰ ਛਾਇਆ।
ਨਫ਼ਰਤ ਵੰਡਣ ਵਾਲਿਆਂ ਖ਼ੂਨੀ ਖੇਲ ਰਚਾਇਆ।
ਨਾਮ, ਧਰਮ ਦਾ ਪੁੱਛ ਕੇ ਮਾਰਨ ਪਾਪੀ ਗੋਲੀ,
ਨਫ਼ਰਤ ਨੇ ਮਾਨਵਤਾ ਦਾ ਹੈ ਕਤਲ ਕਰਾਇਆ।
ਵੈਣ ਸਜਵਿਆਹੀ ਦੇ ਸੁਣ ਅੰਬਰ ਵੀ ਰੋਇਆ,
ਕਿਸ ਗੱਲ ਕਰਕੇ ਮੇਰਾ ਮਾਹੀ ਮਾਰ ਮੁਕਾਇਆ?
ਰਾਮ ਰਹੀਮ ਗਏ ਮਾਰੇ ਵਿੱਚ ਇਸ ਖੂਨ ਖ਼ਰਾਬੇ,
ਆਦਿਲ ਸੀ ਜਾਂ ਦੀਪਕ ਕੋਈ ਨਾ ਬਚ ਪਾਇਆ।
ਦਹਿਸ਼ਤ ਦਾ ਮਾਹੌਲ ਕਿਉਂ ਦਿਸ ਰਿਹਾ ਹਰ ਪਾਸੇ,
ਮੁਲਕ ’ਚ ਚੋਣਾਂ ਦਾ ਫਿਰ ਉਤਸਵ ਤਾਂ ਨ੍ਹੀਂ ਆਇਆ?
‘ਅਮਰ’ ਕਿਸੇ ਮਸਲੇ ਦਾ ਹੱਲ ਗੋਲੀ ਨਾ ਹੋਵੇ,
ਨਫ਼ਰਤ ਵਿੱਚ ਹੋ ਅੰਨੇ ਕਾਤ੍ਵੋਂ ਖ਼ੂਨ ਵਹਾਇਆ?
ਸੰਪਰਕ: 97791-91447
* * *
ਫ਼ਰਕ
ਜਸਵੰਤ ਗਿੱਲ ਸਮਾਲਸਰ
ਕੋਠੀ ਦੀ ਤੀਜੀ ਮੰਜ਼ਿਲ ਦੇ
ਆਪਣੇ ਕਮਰੇ ਦੀ
ਖਿੜਕੀ ਖੋਲ੍ਹ
ਕਣੀਆਂ ਨਾਲ ਸ਼ਰਾਰਤਾਂ ਕਰਦੀ
ਸ਼ਹਿਰ ਦੀ ਸੋਹਣੀ ਕੁੜੀ
ਕਦੇ ਹੱਥਾਂ ਨਾਲ
ਮੀਂਹ ਦਾ ਪਾਣੀ ਉਛਾਲਦੀ
ਕਦੇ ਚਿਹਰਾ ਬਾਹਰ ਕੱਢ
ਮਸਤੀ ਕਰਦੀ
ਤੇ ਕਦੇ ਬੁੱਕ ਵਿੱਚ
ਕਣੀਆਂ ਨੂੰ ਇਕੱਠਾ ਕਰ
ਆਪਣੇ ਗੋਰੇ ਮੁੱਖ ’ਤੇ ਮਾਰਦੀ
ਖਿੜ-ਖਿੜ ਹੱਸਦੀ
ਉਸ ਲਈ ਬਾਰਿਸ਼
ਮੌਜ ਮਸਤੀ ਦਾ ਸਾਧਨ ਹੈ
ਆਨੰਦ ਦੇ ਰਹੀਆਂ ਕਣੀਆਂ
ਚਿਹਰੇ ’ਤੇ ਵੱਜਦੀਆਂ
ਜਦ ਬੁੱਲ੍ਹਾਂ ਨੂੰ ਛੂਹ ਕੇ
ਲੰਮੀ ਗਰਦਨ ਤੱਕ ਪਹੁੰਚਦੀਆਂ
ਤਾਂ ਦਿਲ ਮੋਰ ਵਾਂਗ ਨੱਚ ਉੱਠਦਾ ਹੈ
ਇਹ ਖੇਡ ਖੇਡਦੀ
ਉਹ ਨੀਲੇ ਚਿੱਟੇ ਰੱਬ ਨੂੰ ਹਾਕਾਂ ਮਾਰਦੀ
ਹੋਰ ਬਾਰਿਸ਼ ਪਾਉਣ ਲਈ ਕਹਿੰਦੀ
ਜ਼ੋਰ ਦੀ ਵਰ੍ਹਨ ਲਈ
ਜ਼ੋਰ ਲਾ ਕੇ ਰੌਲਾ ਪਾਉਂਦੀ
ਉਹ ਅਣਜਾਣ ਹੈ
ਕਿ ਉਸ ਦੇ ਘਰ ਤੋਂ ਕਿਧਰੇ ਦੂਰ
ਕੋਈ ਕਿਰਤੀ ਕਿਸਾਨ
ਰਾਤਾਂ ਨੂੰ ਪਹਿਰਾ ਦੇ ਕੇ
ਜੇਠ ਹਾੜ੍ਹ ਦੀਆਂ ਧੁੱਪਾਂ ਸਹਿ ਕੇ
ਜਵਾਨ ਕੀਤੀ ਫ਼ਸਲ ’ਤੇ
ਕਣੀਆਂ ਦੇ ਕੀਤੇ ਜ਼ਖ਼ਮ
ਪਲੋਸਦਾ ਹੋਇਆ ਰੋ ਰਿਹਾ ਹੈ
ਤੇ ਭਾਰ ਕਹਿਰਾਂ ਦਾ ਢੋਹ ਰਿਹਾ ਹੈ
ਇੱਥੇ ਹੀ ਕੋਈ ਗ਼ਰੀਬ
ਆਪਣੇ ਢਹਿ ਰਹੇ
ਕੋਠੇ ਦੀ ਛੱਤ ਨੂੰ ਦੇਖ
ਭੁੱਬਾਂ ਮਾਰ ਅੰਦਰੋਂ ਅੰਦਰੀ
ਹੰਝੂ ਵਹਾਅ ਰਿਹਾ ਹੈ
ਉਸ ਨੇ ਜਵਾਨ ਧੀ ਦੇ ਵਿਆਹ
ਛੋਟੇ ਬੱਚਿਆਂ ਦੀ ਪੜ੍ਹਾਈ
ਤੇ ਮੁੜ ਛੱਤ ਪਾਉਣ ਲਈ
ਵਰ੍ਹਦੇ ਮੀਂਹ ਵਿੱਚ
ਕਰ ਲਿਆ ਹੈ ਫ਼ੈਸਲਾ
ਇੱਕ ਸੀਰ ਹੋਰ ਲਾਉਣ ਦਾ...
ਪਤਨੀ ਰੱਬ ਨੂੰ ਗਾਲ੍ਹਾਂ ਕੱਢ ਰਹੀ ਹੈ...
ਉਧਰ ਕੁੜੀ ਨੇ ‘ਥੈਂਕ ਗੌਡ’ ਕਹਿ
ਖਿੜਕੀ ਬੰਦ ਕਰ ਦਿੱਤੀ...।
ਸੰਪਰਕ: 97804-51878
* * *
ਅਸੀਂ
ਹਰਭਿੰਦਰ ਸਿੰਘ ਸੰਧੂ
ਅਸੀਂ ਤੰਗ ਹੋਏ ਵਿਹੜੇ ਵਿੱਚ ਡਿੱਗੇ ਪੱਤਿਆਂ ਤੋਂ,
ਤਾਹੀਓਂ ਵੇਖਾ ਵੇਖੀ, ਅਸਾਂ ਰੁੱਖ ਘਰਾਂ ’ਚੋਂ ਵੱਢੇ ਨੇ।
ਅਸੀਂ ਭੁੱਲਗੇ ਬੁਰਕੀਆਂ ਸੁੱਟਣੀਆਂ ਛੱਤਾਂ ਦੇ ਉੱਤੇ,
ਹੁਣ ਤਾਹੀਉਂ ਪੰਛੀਆਂ ਨੇ ਸਾਡੇ ਘਰ ਛੱਡੇ ਨੇ।
ਜਿਸ ਘਰ ਨਾ ਏ.ਸੀ. ਉਸ ਦਾ ਮਜ਼ਾਕ ਉਡਾਉਂਦੇ ਹਾਂ,
ਅਸੀਂ ਫੁਕਰਪੁਣੇ ਵਿੱਚ ਰੁਤਬੇ ਕੀਤੇ ਵੱਡੇ ਨੇ।
ਹੁਣ ਚੱਲਣ ਲੱਗ ਪਏ ਸਰੀਰ ਨਾਲ ਦਵਾਈਆਂ ਦੇ,
ਅਸੀਂ ਹਾਲੇ ਵੀ ਨਾ ਧੌਣਾਂ ’ਚੋਂ ਕਿੱਲੇ ਕੱਢੇ ਨੇ।
ਜੇ ਹਾਲੇ ਵੀ ਨਾ ਸੰਧੂਆਂ ਸਾਨੂੰ ਇਹ ਸਮਝ ਆਈ,
ਫਿਰ ਕੀਹਨੂੰ ਗੁਆਚੇ ਲਾਲ ਮਿੱਟੀ ’ਚੋਂ ਲੱਭੇ ਨੇ?
ਸੰਪਰਕ: 97810-81888
* * *