ਇਮਾਨ
ਕਹਾਣੀ
ਜਸਬੀ

‘‘ਤੂੰ ਟੇਬਲ ’ਤੇ ਬਰੇਕਫਾਸਟ ਰੱਖ, ਮੈਂ ਪੱਗ ਬੰਨ੍ਹ ਕੇ ਹੁਣੇ ਆਇਆ।’’ ਗੁਰਦੀਪ ਨੇ ਆਪਣੀ ਪਤਨੀ ਸਤਵੰਤ ਕੌਰ ਨੂੰ ਕਿਹਾ ਤੇ ਸ਼ੀਸ਼ੇ ਅੱਗੇ ਖਲੋਤਾ
ਪੱਗ ਦਾ ਆਖ਼ਰੀ ਲੜ ਸੰਵਾਰਨ ਲੱਗ ਪਿਆ।
‘‘ਬਰੇਕਫਾਸਟ ਤਾਂ ਕਦੋਂ ਦਾ ਟੇਬਲ ’ਤੇ ਪਿਆ ਠੰਢਾ ਹੋ ਰਿਹੈ, ਬਸ ਤੁਹਾਡੀ ਉਡੀਕ ਹੋ ਰਹੀ ਹੈ।’’ ਕਹਿੰਦੀ ਹੋਈ ਸਤਵੰਤ ਕੌਰ ਫਿਰ ਰਸੋਈ ਵਿੱਚ ਚਲੀ ਗਈ। ਸ਼ਾਇਦ ਚਾਹ ਲੈਣ ਗਈ ਸੀ।
ਗੁਰਦੀਪ ਜਿਉਂ ਹੀ ਬਰੇਕਫਾਸਟ ਲਈ ਟੇਬਲ ’ਤੇ ਬੈਠਾ, ਬਾਹਰੋਂ ਕਿਸੇ ਨੇ ਦਰਵਾਜ਼ੇ ਦੀ ਘੰਟੀ ਵਜਾ ਦਿੱਤੀ।
‘‘ਐਹ ਸਵੇਰੇ ਸਵੇਰੇ ਕੌਣ ਆ ਗਿਐ?’’ ਗੁਰਦੀਪ ਹੈਰਾਨ ਜਿਹਾ ਹੋ ਗਿਆ। ਖ਼ੈਰ, ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਹੋਰ ਵੀ ਹੈਰਾਨ ਹੋ ਗਿਆ। ਬਾਹਰ ਰਵੀ ਸ਼ਰਮਾ ਤੇ ਉਸ ਦਾ ਬਾਪ ਰਮੇਸ਼ ਸ਼ਰਮਾ ਖੜ੍ਹੇ ਸਨ। ਗੁਰਦੀਪ ਦੇ ਮੂੰਹੋਂ ਕੁਝ ਨਾ ਨਿਕਲਿਆ। ਨਾ ਸਤਿ ਸ੍ਰੀ ਅਕਾਲ, ਨਾ ਨਮਸਤੇ ਤੇ ਨਾ ਹੀ ਕੁੱਝ ਹੋਰ। ਰਮੇਸ਼ ਸ਼ਰਮਾ ਨੇ ਗੱਲ ਸ਼ੁਰੂ ਕੀਤੀ, ‘‘ਕੀ ਅਸੀਂ ਅੰਦਰ ਆ ਸਕਦੇ ਹਾਂ? ਕੋਈ ਜ਼ਰੂਰੀ ਗੱਲ ਕਰਨੀ ਹੈ।’’
ਗੁਰਦੀਪ ਦੇ ਮੂੰਹੋਂ ਅਜੇ ਵੀ ਕੁੱਝ ਨਾ ਨਿਕਲਿਆ। ਬਸ ਇਸ਼ਾਰੇ ਨਾਲ ਹੀ ਉਨ੍ਹਾਂ ਪਿਉ ਪੁੱਤਰ ਨੂੰ ਅੰਦਰ ਬੁਲਾ ਲਿਆ। ਦੋਵੇਂ ਚੁੱਪ ਜਿਹੇ ਅੰਦਰ ਆ ਕੇ ਸੋਫ਼ੇ
’ਤੇ ਬੈਠ ਗਏ। ਸਤਵੰਤ ਕੌਰ ਦੂਸਰੇ ਕਮਰੇ ਵਿੱਚੋਂ ਸਭ ਕੁੱਝ ਵੇਖ ਰਹੀ ਸੀ। ਗੁਰਦੀਪ, ਰਵੀ ਸ਼ਰਮਾ ਅਤੇ ਰਮੇਸ਼ ਸ਼ਰਮਾ ਲਈ ਪਾਣੀ ਲੈਣ ਲਈ ਜਿਉਂ ਹੀ ਰਸੋਈ ਵਿੱਚ ਗਿਆ, ਸਤਵੰਤ ਕੌਰ ਉਸ ਦੇ ਪਿੱਛੇ ਹੀ ਚਲੀ ਗਈ ਤੇ ਹੌਲੀ ਜਿਹੀ ਪੁੱਛਣ ਲੱਗੀ, ‘‘ਇਹ ਹੁਣ ਕੀ ਕਰਨ ਆਏ ਨੇ? ਸਾਡਾ ਘਰ ਤਾਂ ਬਰਬਾਦ ਕਰ ਚੁੱਕੇ ਨੇ। ਹੁਣ ਇਨ੍ਹਾਂ ਹੋਰ ਸਾਥੋਂ ਕੀ ਲੈਣਾ?’’ ਅੱਗੋਂ ਗੁਰਦੀਪ ਹੌਲੀ ਜਿਹੀ ਕਹਿਣ ਲੱਗਾ, ‘‘ਮੈਨੂੰ ਕੀ ਪਤਾ, ਮੈਂ ਤਾਂ ਆਪ ਹੈਰਾਨ ਹਾਂ। ਕਹਿੰਦੇ ਕੋਈ ਜ਼ਰੂਰੀ ਗੱਲ ਕਰਨੀ ਹੈ।’’
ਇਹ ਉਹੀ ਰਵੀ ਸ਼ਰਮਾ ਸੀ ਜਿਸ ਨੇ ਗੁਰਦੀਪ ਦਾ ਘਰ ਬਰਬਾਦ ਕਰ ਦਿੱਤਾ ਸੀ। ਗੁਰਦੀਪ ਦੀ ਕੰਪਨੀ ਦਾ ਬੇੜਾ ਗ਼ਰਕ ਕਰ ਦਿੱਤਾ ਸੀ। ਗੁਰਦੀਪ
ਪੈਸੇ ਪੈਸੇ ਲਈ ਤਰਸਣ ਲੱਗ ਪਿਆ ਸੀ। ਅੱਜ ਉਹੀ ਰਵੀ ਸ਼ਰਮਾ ਆਪਣੇ ਬਾਪ ਰਮੇਸ਼ ਸ਼ਰਮਾ ਨਾਲ ਗੁਰਦੀਪ ਦੇ ਘਰ ਕੀ ਕਰਨ ਆ ਗਿਆ? ਗੁਰਦੀਪ ਦੀ ਸਮਝ ਵਿੱਚ ਕੁੱਝ ਨਹੀਂ ਸੀ ਆ ਰਿਹਾ।
ਕੁੱਝ ਸਾਲ ਪਹਿਲਾਂ ਸੰਨ 1981-82 ਦੀ ਗੱਲ ਹੈ। ਪੰਜਾਬ ਦੇ ਹਾਲਾਤ ਕੁੱਝ ਖ਼ਰਾਬ ਹੋ ਚੁੱਕੇ ਸਨ ਤੇ ਕੁੱਝ ਖ਼ਰਾਬ ਹੋ ਰਹੇ ਸਨ। ਗੁਰਦੀਪ ਦਵਾਈਆਂ ਦੀ
ਇੱਕ ਕੰਪਨੀ ਵਿੱਚ ਏਰੀਆ ਮੈਨੇਜਰ ਲੱਗਾ ਹੋਇਆ ਸੀ। ਉਸ ਦੇ ਜ਼ਿੰਮੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਸੂਬੇ ਸਨ। ਕੰਮ ਬਹੁਤ ਵਧੀਆ ਚੱਲ ਰਿਹਾ ਸੀ। ਗੁਰਦੀਪ ਦਾ ਵੱਡਾ ਭਰਾ ਗੁਰਦੇਵ ਸਿੰਘ ਸਿਡਨੀ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਰਹਿ ਰਿਹਾ ਸੀ। ਉਸ ਨੇ ਕਈ ਵਾਰੀ ਗੁਰਦੀਪ ਨੂੰ ਕਿਹਾ ਕਿ ਉਹ ਵੀ ਆਸਟਰੇਲੀਆ ਆ ਜਾਵੇ। ਆਸਟਰੇਲੀਆ ਬਹੁਤ ਹੀ ਵਧੀਆ ਦੇਸ਼ ਹੈ, ਪਰ ਗੁਰਦੀਪ ਨੂੰ ਤਾਂ ਆਪਣੇ ਦੇਸ਼ ਭਾਰਤ ਨਾਲ ਪਿਆਰ ਸੀ। ਆਪਣੇ ਪੰਜਾਬ ਨਾਲ ਪਿਆਰ ਸੀ। ਆਪਣੇ ਅੰਮ੍ਰਿਤਸਰ ਨਾਲ ਪਿਆਰ ਸੀ ਤੇ ਸਭ ਤੋਂ ਵੱਧ ਉਸ ਨੂੰ ਆਪਣੇ ਦਰਬਾਰ ਸਾਹਿਬ ਨਾਲ ਪਿਆਰ ਸੀ। ਫਿਰ ਉਸ ਦੀ ਨੌਕਰੀ ਵਧੀਆ ਚੱਲ ਰਹੀ ਸੀ। ਉਸ ਨੇ ਆਪਣੇ ਵੱਡੇ ਭਰਾ ਦੀ ਗੱਲ ਨਾ ਮੰਨੀ।
ਅਚਾਨਕ ਇੱਕ ਦਿਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਇੱਕ ਚਿੱਠੀ ਆਈ, ਜਿਸ ਵਿੱਚ ਉਸ ਨੇ ਪੰਜਾਬ ਦੇ ਵਿਗੜਦੇ ਹੋਏ ਹਾਲਾਤ ਨੂੰ ਵੇਖਦੇ ਹੋਏ ਕੰਪਨੀ ਦਾ ਕੰਮ ਪੰਜਾਬ ਵਿੱਚ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਗੁਰਦੀਪ ਨੂੰ ਹਦਾਇਤ ਦਿੱਤੀ ਗਈ ਕਿ ਜਿੰਨੇ ਵੀ, ਜਿੱਥੇ ਵੀ ਅਤੇ ਕਿਤੇ ਵੀ ਉਸ ਦੇ ਕੰਪਨੀ ਦੇ ਡਿਸਟ੍ਰੀਬਿਊਟਰ ਹਨ, ਉਨ੍ਹਾਂ ਕੋਲੋਂ ਜਾਂ ਤਾਂ ਸਭ ਪੇਮੈਂਟਾਂ ਵਸੂਲ ਕਰ ਲਈਆਂ ਜਾਣ ਜਾਂ ਫਿਰ ਕੰਪਨੀ ਦਾ ਮਾਲ ਵਾਪਸ ਲੈ ਲਿਆ ਜਾਏ। ਚਿੱਠੀ ਵਿੱਚ ਇਹ ਵੀ ਲਿਖਿਆ ਸੀ ਕਿ ਇਹ ਸਾਰਾ ਕੰਮ ਖ਼ਤਮ ਹੋਣ ਤੋਂ ਬਾਅਦ ਉਸ ਦੀ ਬਦਲੀ ਦਿੱਲੀ ਦੀ ਕਰ ਦਿੱਤੀ ਜਾਏਗੀ।
ਗੁਰਦੀਪ ਨੇ ਮੈਨੇਜਿੰਗ ਡਾਇਰੈਕਟਰ ਦੇ ਦੱਸੇ ਮੁਤਾਬਕ ਸਾਰਾ ਕੰਮ ਦੋ ਮਹੀਨਿਆਂ ਵਿੱਚ ਪੂਰਾ ਕਰ ਲਿਆ। ਗੁਰਦੀਪ ਨੂੰ ਇਹ ਪੱਕੀ ਉਮੀਦ ਸੀ ਕਿ ਕੰਪਨੀ ਉਸ ਦੀ ਬਦਲੀ ਕਰ ਕੇ ਉਸ ਨੂੰ ਦਿੱਲੀ ਭੇਜ ਦੇਵੇਗੀ, ਪਰ ਐਦਾਂ ਦਾ ਕੁੱਝ ਨਹੀਂ ਹੋਇਆ। ਕੰਪਨੀ ਨੇ ਗੁਰਦੀਪ ਨੂੰ ਬਰਖ਼ਾਸਤ ਕਰ ਦਿੱਤਾ।
ਗੁਰਦੀਪ ਦੀ ਨੌਕਰੀ ਚਲੀ ਗਈ। ਗੁਰਦੀਪ ਵਿਹਲਾ ਹੋ ਗਿਆ। ਉਸ ਦੇ ਘਰ ਦੇ ਹਾਲਾਤ ਖ਼ਰਾਬ ਹੋਣ ਲੱਗੇ। ਪੰਜਾਬ ਦੇ ਹਾਲਾਤ ਵੀ ਖ਼ਰਾਬ ਹੁੰਦੇ ਗਏ। ਗੁਰਦੀਪ ਨੌਕਰੀ ਲੱਭਦਾ ਰਿਹਾ, ਪਰ ਨੌਕਰੀ ਨਾ ਮਿਲੀ। ਘਰ ਦਾ ਖ਼ਰਚਾ ਚੱਲਣਾ ਵੀ ਹੌਲੀ ਹੌਲੀ ਮੁਸ਼ਕਲ ਹੁੰਦਾ ਗਿਆ। ਇੱਕ ਡਰ ਜਿਹਾ ਲੱਗਣ ਲੱਗ ਪਿਆ। ਜੇ ਏਦਾਂ ਹੀ ਖ਼ਰਚਾ ਹੁੰਦਾ ਗਿਆ ਤੇ ਕੋਈ ਆਮਦਨ ਨਾ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰਦੀਪ ਅਤੇ ਉਸ ਦਾ ਪਰਿਵਾਰ ਸੜਕ ’ਤੇ ਆ ਜਾਣਗੇ।
ਗੁਰਦੀਪ ਦੇ ਅੰਦਰ ਇੱਕ ਖ਼ਿਆਲ ਜਿਹਾ ਆਇਆ, ‘‘ਕਾਸ਼! ਸਤਵੰਤ ਕੌਰ ਵੀ ਕੋਈ ਨੌਕਰੀ ਕਰ ਰਹੀ ਹੁੰਦੀ।’’
ਗੁਰਦੀਪ ਦੇ ਵੱਡੇ ਭਰਾ ਗੁਰਦੇਵ ਸਿੰਘ ਨੇ ਫਿਰ ਗੁਰਦੀਪ ਨੂੰ ਆਸਟਰੇਲੀਆ ਆਉਣ ਲਈ ਕਿਹਾ, ਪਰ ਗੁਰਦੀਪ ਫਿਰ ਨਾ ਮੰਨਿਆ। ਉਸ ਉੱਪਰ ਦੇਸ਼ ਪ੍ਰੇਮ ਦਾ ਭੂਤ ਅਜੇ ਵੀ ਸਵਾਰ ਸੀ। ਉਸ ਨੇ ਬੈਂਕ ਵਿੱਚ ਆਪਣੇ ਬਚੇ ਹੋਏ ਪੈਸਿਆਂ ਦਾ ਹਿਸਾਬ ਲਾਇਆ। ਸਤਵੰਤ ਕੌਰ ਨਾਲ ਸਲਾਹ ਕੀਤੀ। ਸਤਵੰਤ ਕੌਰ ਦੇ ਵੱਡੇ ਭਰਾ ਹਰਿੰਦਰ ਸਿੰਘ ਨਾਲ ਸਲਾਹ ਕੀਤੀ ਜੋ ਦਿੱਲੀ ਵਿੱਚ ਇੱਕ ਵੱਡੇ ਸਰਕਾਰੀ ਅਹੁਦੇ ’ਤੇ ਲੱਗਾ ਹੋਇਆ ਸੀ। ਉਸ ਨੇ ਸਲਾਹ ਦਿੱਤੀ ਕਿ ਕਿਉਂ ਨਾ ਦਵਾਈਆਂ ਦਾ ਵਪਾਰ ਸ਼ੁਰੂ ਕੀਤਾ ਜਾਵੇ ਜਿਸ ਦਾ ਗੁਰਦੀਪ ਨੂੰ ਤਜਰਬਾ ਹੈ। ਇਸ ਕੰਮ ਵਾਸਤੇ ਉਹ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਦਿੱਲੀ ਵਿੱਚ ਉਸ ਦਾ ਇੱਕ ਦੋਸਤ ਹੈ ਜਿਸ ਦੀ ਆਪਣੀ ਦਵਾਈਆਂ ਦੀ ਫੈਕਟਰੀ ਹੈ। ਉਸ ਕੋਲੋਂ ਦਵਾਈਆਂ ਬਣਵਾ ਕੇ ਪੰਜਾਬ ਵਿੱਚ ਵੇਚੀਆਂ ਜਾ ਸਕਦੀਆਂ ਹਨ। ਇਸ ਕੰਮ ਲਈ ਅੰਮ੍ਰਿਤਸਰ ਵਿੱਚ ਹੋਲ ਸੇਲ ਦਵਾਈਆਂ ਵੇਚਣ ਲਈ ਲਾਇਸੈਂਸ ਲੈਣਾ ਪਵੇਗਾ। ਗੁਰਦੀਪ ਦਾ ਇੱਕ ਬੜਾ ਪੱਕਾ ਦੋਸਤ ਬਲਵੰਤ ਸਿੰਘ ਲੁਧਿਆਣਾ ਵਿੱਚ ਡਰੱਗ ਇੰਸਪੈਕਟਰ ਲੱਗਾ ਹੋਇਆ ਸੀ। ਉਸ ਨਾਲ ਗੱਲ ਕੀਤੀ ਗਈ। ਬਲਵੰਤ ਸਿੰਘ ਨੇ ਪੂਰੀ ਤਰ੍ਹਾਂ ਮਦਦ ਕੀਤੀ। ਸਤਵੰਤ ਨਾਮ ਕੋਲੋਂ ‘ਸਤ’ ਤੇ ਗੁਰਦੀਪ ਨਾਮ ਕੋਲੋਂ ‘ਗੁਰ’ ਲੈ ਕੇ ‘ਸਤਗੁਰ ਫਾਰਮਾ’ ਨਾਂ ਦੀ ਕੰਪਨੀ ਦੀ ਸ਼ੁਰੂਆਤ ਕੀਤੀ ਗਈ।
ਦੋ ਕੁ ਮਹੀਨਿਆਂ ਵਿੱਚ ‘ਸਤਗੁਰ ਫਾਰਮਾ’ ਦਾ ਕੰਮ ਸ਼ੁਰੂ ਹੋ ਗਿਆ। ਹੌਲੀ ਹੌਲੀ ਕੰਮ ਚੰਗਾ ਚੱਲਣ ਲੱਗ ਪਿਆ। ਦੂਜੇ ਤੀਜੇ ਮਹੀਨੇ ਗੁਰਦੀਪ ਦਿੱਲੀ ਦੀ ਇੱਕ ਫੈਕਟਰੀ ਵਿੱਚ ਜਾਂਦਾ। ਉੱਥੋਂ ਆਪਣੀ ਲੋੜ ਮੁਤਾਬਕ ਦਵਾਈਆਂ ਬਣਵਾਉਂਦਾ ਤੇ ਟਰਾਂਸਪੋਰਟ ਰਾਹੀਂ ਅੰਮ੍ਰਿਤਸਰ ਲੈ ਜਾਂਦਾ।
ਇੱਕ ਦਿਨ ਗੁਰਦੀਪ ਦੇ ਤਾਇਆ ਜੀ ਦੋ ਹੋਰ ਸੱਜਣਾਂ ਨਾਲ ਉਸ ਦੇ ਘਰ ਆਏ। ਇਹ ਦੋ ਸੱਜਣ ਰਵੀ ਸ਼ਰਮਾ ਤੇ ਉਸ ਦਾ ਬਾਪ ਰਮੇਸ਼ ਸ਼ਰਮਾ ਸਨ। ਤਾਇਆ ਜੀ ਨੇ ਗੁਰਦੀਪ ਨੂੰ ਸਿਫ਼ਾਰਸ਼ ਕੀਤੀ ਕਿ ਉਹ ਰਵੀ ਨੂੰ ਆਪਣਾ ਭਾਈਵਾਲ ਬਣਾ ਲਵੇ। ਇਸ ਲਈ ਰਵੀ ਦੇ ਪਿਤਾ ਜੀ ਰਮੇਸ਼ ਸ਼ਰਮਾ ਬਰਾਬਰ ਦੇ ਪੈਸੇ ਲਾਉਣ ਨੂੰ ਤਿਆਰ ਹਨ। ਜੇ ਕਦੇ ਜ਼ਿਆਦਾ ਰਕਮ ਦੀ ਲੋੜ ਪੈ ਜਾਏ ਤਾਂ ਉਹ ਜ਼ਰੂਰ ਮਦਦ ਕਰੇਗਾ। ਤਾਇਆ ਜੀ ਨੇ ਰਮੇਸ਼ ਸ਼ਰਮਾ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਯਕੀਨ ਦਿਵਾਇਆ ਕਿ ਜੇ ਕੋਈ ਉੱਚੀ ਨੀਵੀਂ ਹੋ ਜਾਏ ਤਾਂ ਉਹ ਜ਼ਿੰਮੇਵਾਰ ਹੋਣਗੇ। ਤਾਇਆ ਜੀ ਨੇ ਇਹ ਵੀ ਦੱਸਿਆ ਕਿ ਸ਼ਰਮਾ ਜੀ ਨਾਲ ਉਨ੍ਹਾਂ ਦੀ ਦੋਸਤੀ ਕੋਈ ਅੱਜਕੱਲ੍ਹ ਦੀ ਨਹੀਂ, ਇਹ ਦੋਸਤੀ ਤਾਂ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ। ਹੁਣ ਤਾਂ ਇਹ ਦੋਸਤੀ ਭਰਾਵਾਂ ਵਰਗੀ ਹੋ ਗਈ ਹੈ। ਤਾਇਆ ਜੀ ਨੇ ਗੁਰਦੀਪ ਨੂੰ ਸਲਾਹ ਦਿੱਤੀ ਕਿ ਉਹ ਰਵੀ ਨੂੰ ਆਪਣਾ ਛੋਟਾ ਭਰਾ ਸਮਝੇ।
ਗੁਰਦੀਪ ਨੇ ਰਵੀ ਦੇ ਚਿਹਰੇ ਵੱਲ ਵੇਖਿਆ। ਰਵੀ ਵੀ ਹੱਥ ਜੋੜ ਕੇ ਗੁਰਦੀਪ ਨੂੰ ਕਹਿਣ ਲੱਗਾ, ‘‘ਭਾ ਜੀ! ਮੈਂ ਜੇ ਕੋਈ ਗ਼ਲਤੀ ਕਰਾਂ ਤਾਂ ਬੇਸ਼ੱਕ ਮੈਨੂੰ ਥੱਪੜ ਮਾਰ ਲੈਣਾ। ਮੈਨੂੰ ਆਪਣਾ ਛੋਟਾ ਭਰਾ ਸਮਝ ਕੇ ਮੁਆਫ਼ ਕਰ ਦੇਣਾ।’’
ਰਵੀ ਦੇ ਪਿਤਾ ਰਮੇਸ਼ ਸ਼ਰਮਾ, ਗੁਰਦੀਪ ਨੂੰ ਕਹਿਣ ਲੱਗੇ, ‘‘ਰਵੀ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ। ਤਿੰਨ ਸਾਲ ਪਹਿਲਾਂ ਇਸ ਨੇ ਬੀਐੱਸ.ਸੀ. ਕਰ ਲਈ ਸੀ। ਫਿਰ ਇਸ ਨੂੰ ਪੰਨਾ ਲਾਲ ਦੀ ਦਵਾਈਆਂ ਦੀ ਹੋਲ ਸੇਲ ਦੁਕਾਨ ’ਤੇ ਤਜਰਬਾ ਹਾਸਲ ਕਰਨ ਲਈ ਲਾ ਦਿੱਤਾ ਸੀ। ਦੋ ਸਾਲ ਪਹਿਲਾਂ ਇਸ ਦਾ ਵਿਆਹ ਕਰ ਦਿੱਤਾ ਅਤੇ ਹੁਣ ਇਹ ਇੱਕ ਪੁੱਤਰ ਦਾ ਬਾਪ ਵੀ ਹੈ। ਕੋਈ ਛੇ ਕੁ ਮਹੀਨੇ ਹੋਏ, ਇਸ ਨੂੰ ਹੋਲ ਸੇਲ ਦਾ ਲਾਇਸੈਂਸ ਵੀ ਲੈ ਦਿੱਤਾ ਹੈ ਅਤੇ ਹੁਣ ਇਸ ਕੋਲ ਇੱਕ ਕੰਪਨੀ ਦੀ ਏਜੰਸੀ ਵੀ ਹੈ। ਗੁਰਦੀਪ ਜੀ! ਤੁਸੀਂ ਦਵਾਈਆਂ ਬਣਵਾਉਂਦੇ ਹੋ ਤੇ ਅੱਗੇ ਮਾਰਕੀਟਿੰਗ ਕਰਦੇ ਹੋ। ਰੱਬ ਨੇ ਸੁੱਖ ਰੱਖਿਆ ਤਾਂ ਆਉਂਦੇ ਵਕਤ ਵਿੱਚ ਤੁਸੀਂ ਦੋਵੇਂ ਭਰਾ ਆਪਣੀ ਫੈਕਟਰੀ ਲਾ ਲੈਣਾ।’’
ਗੁਰਦੀਪ ਨੂੰ ਇਹ ਸਭ ਚੰਗਾ ਚੰਗਾ ਲੱਗਣ ਲੱਗਾ। ਉਸ ਨੂੰ ਤਾਇਆ ਜੀ ’ਤੇ ਬਹੁਤ ਭਰੋਸਾ ਸੀ ਅਤੇ ਏਸੇ ਭਰੋਸੇ ਕਰ ਕੇ ਉਹ ਰਮੇਸ਼ ਸ਼ਰਮਾ ਤੇ ਫਿਰ ਰਵੀ ਸ਼ਰਮਾ ’ਤੇ ਵੀ ਭਰੋਸਾ ਕਰਨ ਲੱਗ ਪਿਆ। ਉਸ ਨੂੰ ਆਪਣਾ ਭਵਿੱਖ ਬਹੁਤ ਹੀ ਸੁਨਹਿਰੀ ਨਜ਼ਰ ਆਉਣ ਲੱਗਾ।
ਏਨੇ ਚਿਰ ਵਿੱਚ ਸਤਵੰਤ ਕੌਰ ਨੇ ਡਾਇਨਿੰਗ ਟੇਬਲ ’ਤੇ ਸਾਰਿਆਂ ਲਈ ਚਾਹ, ਪਕੌੜੇ ਤੇ ਬਿਸਕੁਟ ਵਗੈਰਾ ਰੱਖ ਦਿੱਤੇ ਸਨ। ਉਸ ਨੇ ਸਾਰਿਆਂ ਨੂੰ ਚਾਹ ਦਾ ਸੱਦਾ ਦਿੱਤਾ ਤੇ ਸਾਰੇ ਜਣੇ ਟੇਬਲ ’ਤੇ ਆ ਕੇ ਚਾਹ, ਪਕੌੜੇ ਤੇ ਬਿਸਕੁਟ ਵਗੈਰਾ ਦਾ ਆਨੰਦ ਮਾਨਣ ਲੱਗੇ। ਕੁੱਝ ਦੇਰ ਗੱਲਾ-ਬਾਤਾਂ ਤੇ ਕੁਝ ਸਵਾਲ ਜਵਾਬ ਵੀ ਹੋਏ। ਗੁਰਦੀਪ ਅਤੇ ਰਵੀ ਬਰਾਬਰ ਦੇ ਭਾਈਵਾਲ ਬਣ ਗਏ। ਅਗਲੇ ਦਿਨ ਵਕੀਲ ਕੋਲੋਂ ਜ਼ਰੂਰੀ ਕਾਨੂੰਨੀ ਕਾਗ਼ਜ਼-ਪੱਤਰ ਤਿਆਰ ਕਰਵਾ ਲਏ ਗਏ।
ਗੁਰਦੀਪ ਅਤੇ ਰਵੀ ਦੀ ਭਾਈਵਾਲੀ ਸ਼ੁਰੂ ਹੋ ਗਈ। ਕੰਮ ਠੀਕ ਚੱਲਣ ਲੱਗ ਪਿਆ। ਲੋਕ ‘ਸਤਗੁਰ ਫਾਰਮਾ’ ਨੂੰ ਜਾਣਨ ਲੱਗ ਪਏ। ਰਵੀ, ਗੁਰਦੀਪ ਦੇ ਨਾਲ ਦਿੱਲੀ ਜਾਂਦਾ। ਲੋੜ ਮੁਤਾਬਕ ਦਵਾਈਆਂ ਬਣਵਾਉਂਦੇ ਤੇ ਟਰਾਂਸਪੋਰਟ ਰਾਹੀਂ ਅੰਮ੍ਰਿਤਸਰ ਲੈ ਆਉਂਦੇ।
ਪੰਜਾਬ ਦੇ ਹਾਲਾਤ ਵਿਗੜਦੇ ਗਏ। ਸ਼ਹਿਰ ਵਿੱਚ ਕਰਫ਼ਿਊ ਲੱਗਣੇ ਸ਼ੁਰੁੂ ਹੋ ਗਏ। ਕਿਤੇ ਕਿਤੇ ਗੋਲੀ ਵੀ ਚੱਲ ਜਾਂਦੀ। ਲੋਕਾਂ ਦੇ ਕਤਲ ਹੋਣੇ ਸ਼ੁਰੂ ਹੋ ਗਏ। ਹਿੰਦੂ ਸਿੱਖਾਂ ਦੀ ਆਪਸ ਵਿੱਚ ਦੂਰੀ ਹੋਣ ਲੱਗ ਪਈ। ਬੱਸਾਂ ਵਿੱਚੋਂ ਹਿੰਦੂ ਕੱਢ ਕੇ ਮਾਰੇ ਜਾਣ ਲੱਗੇ। 1984 ਦਾ ਸਾਲ ਸ਼ੁਰੂ ਹੋ ਗਿਆ। ਗੁਰਦੀਪ ਅਤੇ ਰਵੀ ਨੂੰ ‘ਸਤਗੁਰ ਫਾਰਮਾ’ ਵਾਸਤੇ ਦਵਾਈਆਂ ਦੇ ਮਾਲ ਦੀ ਜ਼ਰੂਰਤ ਪਈ। ਉਨ੍ਹਾਂ ਦਿੱਲੀ ਜਾ ਕੇ ਮਾਲ ਬਣਵਾਉਣਾ ਸੀ। ਗੁਰਦੀਪ ਨੇ ਰਵੀ ਨੂੰ ਪੁੱਛਿਆ ਕਿ ਉਸ ਨੂੰ ਦਿੱਲੀ ਜਾਣ ਲਈ ਕਿਹੜਾ ਦਿਨ ਠੀਕ ਰਹੇਗਾ।
ਰਵੀ ਨੇ ਬਹਾਨਾ ਲਾਇਆ, ‘‘ਭਾ ਜੀ! ਮੈਨੂੰ ਤਾਂ ਬਹੁਤ ਡਰ ਲੱਗਦਾ ਹੈ। ਕਿਤੇ ਬੱਸ ਵਿੱਚੋਂ ਕੱਢ ਕੇ ਮੈਨੂੰ ਮਾਰ ਹੀ ਨਾ ਦੇਣ। ਇਸ ਵਾਰੀ ਤੁਸੀਂ ਇਕੱਲੇ ਹੋ ਆਓ।’’
ਗੁਰਦੀਪ ਹਾਲਾਤ ਵੇਖਦਾ ਹੋਇਆ ਇਕੱਲਾ ਦਿੱਲੀ ਚਲਾ ਗਿਆ। ਲੋੜ ਮੁਤਾਬਕ ਦਵਾਈਆਂ ਬਣਵਾਈਆਂ, ਟਰਾਂਸਪੋਰਟ ਰਾਹੀਂ ਅੰਮ੍ਰਿਤਸਰ ਭੇਜ ਦਿੱਤੀਆਂ ਅਤੇ ਆਪ ਰਾਤ ਦੀ ਗੱਡੀ ਫੜ ਕੇ ਸਵੇਰੇ ਅੰਮ੍ਰਿਤਸਰ ਪਹੁੰਚ ਗਿਆ। ਦੋ ਦਿਨਾਂ ਬਾਅਦ ਦਵਾਈਆਂ ਵੀ ਪਹੁੰਚ ਗਈਆਂ। ਦਵਾਈਆਂ ਕੰਪਨੀ ਦੇ ਗੁਦਾਮ ਵਿੱਚ ਰੱਖ ਦਿੱਤੀਆਂ ਗਈਆਂ। ਇਸ ਦਿਨ ਸ਼ਨਿਚਰਵਾਰ ਦੀ ਸ਼ਾਮ ਸੀ। ਦਵਾਈਆਂ ਦਾ ਬੀਮਾ ਕਰਵਾਉਣਾ ਰਹਿ ਗਿਆ ਸੀ। ਐਤਵਾਰ ਨੂੰ ਬੀਮਾ ਕੰਪਨੀ ਬੰਦ ਹੁੰਦੀ ਸੀ। ਬੀਮਾ ਤਾਂ ਹੁਣ ਸੋਮਵਾਰ ਹੀ ਹੋ ਸਕਦਾ ਸੀ। ਸੋਮਵਾਰ ਸਵੇਰੇ ਗੁਰਦੀਪ ਕੰਪਨੀ ਦੇ ਗੁਦਾਮ ਵਿੱਚ ਪਹੁੰਚਿਆ। ਚਾਬੀ ਲਾਈ, ਦਰਵਾਜ਼ਾ ਖੋਲ੍ਹਿਆ। ਜੋ ਨਜ਼ਾਰਾ ਅੰਦਰ ਦਿਸਿਆ, ਉਹ ਵੇਖ ਕੇ ਤਾਂ ਗੁਰਦੀਪ ਬੇਹੋਸ਼ ਹੋਣ ਵਾਲਾ ਹੋ ਗਿਆ। ਅੰਦਰ ਕੁੱਝ ਵੀ ਨਹੀਂ ਸੀ। ਸਾਰਾ ਗੁਦਾਮ ਖ਼ਾਲੀ ਕਰ ਦਿੱਤਾ ਗਿਆ ਸੀ। ਲੱਖਾਂ ਦਾ ਮਾਲ ਗ਼ਾਇਬ ਹੋ ਗਿਆ ਜਾਂ ਕਹਿ ਲਉ ਚੋਰੀ ਹੋ ਗਿਆ। ਗੁਰਦੀਪ ਨੇ ਆਪਣੇ ਆਪ ਨੂੰ ਸੰਭਾਲਿਆ। ਸੋਚਣ ਲੱਗਾ ਕਿ ਕੀ ਹੋ ਸਕਦਾ ਹੈ? ਐਤਵਾਰ ਨੂੰ ਹਿੰਦੂ ਪਾਰਟੀ ਵਾਲਿਆਂ ਨੇ ਇੱਕ ਜਲੂਸ ਕੱਢਿਆ ਸੀ ਜਿਸ ਨੇ ਕਾਫ਼ੀ ਤੋੜ-ਭੰਨ ਕੀਤੀ ਸੀ। ਕੁੱਝ ਸਿੱਖਾਂ ਨੂੰ ਮਾਰਿਆ ਕੁੱਟਿਆ ਵੀ ਸੀ। ਕੀ ਇਹ ਜਲੂਸ ਵਾਲਿਆਂ ਦਾ ਕਾਰਾ ਸੀ? ਨਹੀਂ ਨਹੀਂ, ਇਹ ਨਹੀਂ ਹੋ ਸਕਦਾ।
ਨਾ ਜਿੰਦਰਾ ਟੁੱਟਾ ਤੇ ਨਾ ਹੀ ਦਰਵਾਜ਼ਾ। ਦਰਵਾਜ਼ਾ ਤਾਂ ਉਸ ਨੇ ਆਪ ਚਾਬੀ ਲਾ ਕੇ ਖੋਲ੍ਹਿਆ ਸੀ। ਹਾਂ! ਦੂਜੀ ਚਾਬੀ ਰਵੀ ਕੋਲ ਹੁੰਦੀ ਸੀ, ਪਰ ਰਵੀ ਇਹ ਕੰਮ ਨਹੀਂ ਕਰ ਸਕਦਾ। ਉਸ ਨੂੰ ਕੀ ਲੋੜ ਸੀ ਇਹੋ ਜਿਹੇ ਨੀਚ ਕੰਮ ਕਰਨ ਦੀ? ਗੁਰਦੀਪ ਨੂੰ ਰਵੀ ’ਤੇ ਪੂਰਾ ਵਿਸ਼ਵਾਸ ਸੀ। ਉਸ ਨੂੰ ਜਾਪਿਆ ਕਿ ਕਿਸੇ ਨੇ ਰਵੀ ਕੋਲੋਂ ਚਾਬੀ ਖੋਹ ਕੇ ਇਹ ਕਾਰਾ ਕੀਤਾ ਹੈ। ਗੁਰਦੀਪ, ਰਵੀ ਦੀ ਦੁਕਾਨ ’ਤੇ ਪਹੁੰਚਿਆ। ਅੱਗੇ ਰਵੀ ਆਪਣੀ ਕੁਰਸੀ ’ਤੇ ਬੈਠਾ ਸੀ। ਗੁਰਦੀਪ ਨੇ ਸਾਰੀ ਘਟਨਾ ਰਵੀ ਨੂੰ ਦੱਸੀ।
ਗੁਰਦੀਪ ਨੂੰ ਅਜੇ ਵੀ ਯਕੀਨ ਸੀ ਕਿ ਰਵੀ ਇਹ ਕੰਮ ਨਹੀਂ ਕਰ ਸਕਦਾ। ਉਸ ਨੇ ਰਵੀ ਨੂੰ ਗੁਦਾਮ ਦੀ ਚਾਬੀ ਬਾਰੇ ਪੁੱਛਿਆ। ਅੱਗੋਂ ਰਵੀ ਚਾਬੀ ਆਪਣੇ ਮੇਜ਼ ਦੀ ਦਰਾਜ ਵਿੱਚੋਂ ਕੱਢ ਕੇ ਗੁਰਦੀਪ ਵੱਲ ਰੇੜ੍ਹਦਾ ਹੋਇਆ ਕਹਿਣ ਲੱਗਾ, ‘‘ਹੁਣ ਇਹ ਚਾਬੀ ਮੇਰੇ ਕਿਸੇ ਕੰਮ ਦੀ ਨਹੀਂ। ਇਸ ਨੇ ਜੋ ਕਰਨਾ ਸੀ ਕਰ ਲਿਆ।’’
ਗੁਰਦੀਪ ਦੇ ਸਿਰ ’ਤੇ ਜਿਵੇਂ ਕੋਈ ਪਹਾੜ ਟੁੱਟ ਪਿਆ। ਉਸ ਨੂੰ ਰਵੀ ਦੇ ਬੋਲ ਯਾਦ ਆਏ ਜੋ ਉਸ ਨੇ ਪਹਿਲੇ ਦਿਨ ਉਸ ਨੂੰ ਕਹੇ ਸਨ, ‘‘ਭਾ ਜੀ! ਮੈਂ ਜੇ ਕੋਈ ਗ਼ਲਤੀ ਕਰਾਂ ਤਾਂ ਬੇਸ਼ੱਕ ਮੈਨੂੰ ਥੱਪੜ ਮਾਰ ਲੈਣਾ। ਮੈਨੂੰ ਆਪਣਾ ਛੋਟਾ ਭਰਾ ਸਮਝ ਕੇ ਮੁਆਫ਼ ਕਰ ਦੇਣਾ।’’ ਗੁਰਦੀਪ ਦਾ ਦਿਲ ਕੀਤਾ ਕਿ ਉਹ ਰਵੀ ਨੂੰ ਇੱਕ ਜ਼ੋਰਦਾਰ ਥੱਪੜ ਮਾਰੇ, ਪਰ ਉਹ ਨਾ ਤਾਂ ਥੱਪੜ ਮਾਰ ਸਕਿਆ ਤੇ ਨਾ ਹੀ ਮੁਆਫ਼ ਕਰ ਸਕਿਆ। ਉੱਥੋਂ ਸਿੱਧਾ ਉਹ ਆਪਣੇ ਤਾਇਆ ਜੀ ਦੇ ਘਰ ਪਹੁੰਚਿਆ ਅਤੇ ਉਨ੍ਹਾਂ ਨੂੰ ਸਾਰੀ ਵਿਥਿਆ ਸੁਣਾਈ। ਅੱਗੋਂ ਤਾਇਆ ਜੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਅੱਜਕੱਲ੍ਹ ਦਾ ਵਕਤ ਬਹੁਤ ਹੀ ਖ਼ਰਾਬ ਚੱਲ ਰਿਹਾ ਹੈ। ਬਸ ਆਪਣੀ ਜਾਨ ਬਚਾਉ।
ਗੁਰਦੀਪ, ਤਾਇਆ ਜੀ ਦੇ ਘਰੋਂ ਨਿਕਲਿਆ ਤੇ ਥਾਣੇ ਪਹੁੰਚ ਗਿਆ। ਥਾਣੇ ਵਿੱਚ ਚੋਰੀ ਦੀ ਰਿਪੋਰਟ ਲਿਖਵਾਣੀ ਚਾਹੀ। ਥਾਣੇ ਵਾਲਿਆਂ ਨੇ ਇਹ
ਕਹਿ ਕੇ ਥਾਣੇ ਵਿੱਚੋਂ ਬਾਹਰ ਕੱਢ ਦਿੱਤਾ ਕਿ ਇਹ ਚੋਰੀ ਨਹੀਂ ਹੈ। ਭਾਈਵਾਲਾਂ ਦਾ ਆਪਸੀ ਝਗੜਾ ਹੈ। ਕਚਹਿਰੀ ਵਿੱਚ ਜਾ ਕੇ ਕੇਸ ਲੜੋ। ਗੁਰਦੀਪ ਕਚਹਿਰੀ ਜਾ ਕੇ ਆਪਣੇ ਇੱਕ ਵਕੀਲ ਦੋਸਤ ਨੂੰ ਮਿਲਿਆ। ਵਕੀਲ ਨੇ ਸਲਾਹ ਦਿੱਤੀ ਕਿ ਭਾਈਵਾਲ ਆਪਸ ਵਿੱਚ ਹੀ ਸੁਲ੍ਹਾ ਕਰ ਲੈਣ। ਕਚਹਿਰੀ ਵਿੱਚ ਤਾਂ ਤਰੀਕਾਂ ਭੁਗਤਦਿਆਂ ਉਮਰ ਬੀਤ ਜਾਵੇਗੀ।
ਗੁਰਦੀਪ ਘਰ ਆ ਗਿਆ। ਸਾਰੀ ਵਾਰਤਾ ਰੋ ਰੋ ਕੇ ਆਪਣੀ ਪਤਨੀ ਸਤਵੰਤ ਕੌਰ ਨੂੰ ਦੱਸੀ। ਸਤਵੰਤ ਕੌਰ ਵੀ ਰੋ ਰੋ ਕੇ ਨਿਢਾਲ ਹੋ ਕੇ ਮੰਜੇ ’ਤੇ
ਡਿੱਗ ਪਈ। ਕੁੱਝ ਦੇਰ ਬਾਅਦ ਸਤਵੰਤ ਕੌਰ ਨੇ ਆਪਣੇ ਆਪ ਨੂੰ ਸੰਭਾਲਿਆ, ਰਸੋਈ ਵਿੱਚ ਗਈ, ਦੋ ਕੱਪ ਚਾਹ ਦੇ ਬਣਾਏ ਅਤੇ ਟਰੇਅ ਵਿੱਚ ਰੱਖ ਕੇ ਡਰਾਇੰਗ ਰੂਮ ਵਿੱਚ ਆ ਗਈ, ਜਿੱਥੇ ਗੁਰਦੀਪ ਸੋਫ਼ੇ ਵਿੱਚ ਅਧਮੋਇਆ ਜਿਹਾ ਡਿੱਗਾ ਪਿਆ ਸੀ। ਸਤਵੰਤ ਕੌਰ ਨੇ ਬੜੇ ਪਿਆਰ ਨਾਲ ਗੁਰਦੀਪ ਨੂੰ ਕਿਹਾ, ‘‘ਉੱਠੋ ਚਾਹ ਪੀ ਲਉ।’’ ਗੁਰਦੀਪ ਨੇ ਸਤਵੰਤ ਕੌਰ ਦੇ ਹੱਥੋਂ ਚਾਹ ਦਾ ਕੱਪ ਫੜ ਲਿਆ। ਸਤਵੰਤ ਕੌਰ ਵੀ ਚਾਹ ਦਾ ਕੱਪ ਹੱਥ ਵਿੱਚ ਫੜੀਂ ਨਾਲ ਵਾਲੇ ਸੋਫ਼ੇ ’ਤੇ ਬੈਠ ਗਈ।
‘‘ਤੁਸੀਂ ਕਿਉਂ ਨਹੀਂ ਬਲਵੰਤ ਵੀਰ ਜੀ ਨਾਲ ਗੱਲ ਕਰਦੇ?’’ ਸਤਵੰਤ ਕੌਰ ਨੇ ਗੁਰਦੀਪ ਨੂੰ ਸਲਾਹ ਦਿੱਤੀ। ਅੱਗੋਂ ਗੁਰਦੀਪ ਕਹਿਣ ਲੱਗਾ, ‘‘ਬਲਵੰਤ ਤਾਂ ਲੁਧਿਆਣੇ ਵਿੱਚ ਹੈ। ਜੇ ਉਹ ਇੱਥੇ ਹੁੰਦਾ ਤਾਂ ਜ਼ਰੂਰ ਸਾਡੀ ਮਦਦ ਕਰਦਾ।’’
‘‘ਤੁਸੀਂ ਬਲਵੰਤ ਵੀਰ ਜੀ ਨੂੰ ਕਹਿ ਕੇ ਇੱਥੋਂ ਦੇ ਡਰੱਗ ਇੰਸਪੈਕਟਰ ਦੀ ਮਦਦ ਲੈ ਸਕਦੇ ਹੋ।’’ ਸਤੰਵਤ ਕੌਰ ਨੇ ਫਿਰ ਸਲਾਹ ਦਿੱਤੀ। ਗੁਰਦੀਪ ਨੂੰ ਇਹ
ਸਲਾਹ ਚੰਗੀ ਲੱਗੀ। ਦਿਲ ਵਿੱਚ ਸੋਚਿਆ, ‘ਜੇ ਇੱਥੋਂ ਵਾਲਾ ਡਰੱਗ ਇੰਸਪੈਕਟਰ ਮਿਸਟਰ ਬਾਂਸਲ ਮਦਦ ਕਰ ਦੇਵੇ ਤਾਂ ਮੇਰਾ ਸਾਰਾ ਮਾਲ ਵਾਪਸ ਮਿਲ ਸਕਦਾ ਹੈ, ਪਰ ਬਾਂਸਲ ਤਾਂ ਰਿਸ਼ਵਤ ਲਏ ਬਿਨਾਂ ਆਪਣੇ ਸਕੇ ਪਿਉ ਦਾ ਵੀ ਕੰਮ ਨਹੀਂ ਕਰਦਾ।’ ਸੋਚਦਿਆਂ ਸੋਚਦਿਆਂ ਗੁਰਦੀਪ ਨੇ ਬਲਵੰਤ ਦਾ ਫੋਨ ਨੰਬਰ ਘੁਮਾ ਹੀ ਦਿੱਤਾ। ਅੱਗੋਂ ਬਲਵੰਤ ਮਿਲ ਵੀ ਪਿਆ।
ਗੁਰਦੀਪ ਨੇ ਸਾਰੀ ਗੱਲ ਬਲਵੰਤ ਨੂੰ ਦੱਸੀ। ਅੱਗੋਂ ਬਲਵੰਤ ਕਹਿਣ ਲੱਗਾ, ‘‘ਯਾਰ! ਐਸ ਵੇਲੇ ਮੈਂ ਕੁੱਝ ਨਹੀਂ ਕਰ ਸਕਦਾ। ਜੇ ਕਿਤੇ ਇਹ ਵਾਰਦਾਤ ਲੁਧਿਆਣੇ ਵਿੱਚ ਹੋਈ ਹੁੰਦੀ ਤਾਂ ਮੈਂ ਰਵੀ ਨੂੰ ਜੇਲ੍ਹ ਵਿੱਚ ਸੁੱਟ ਦਿੰਦਾ।’’
ਗੁਰਦੀਪ ਸਭ ਪਾਸਿਉਂ ਨਿਰਾਸ਼ ਹੋ ਕੇ ਬੈਠ ਗਿਆ। ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੋ ਗਏ। ਦਰਬਾਰ ਸਾਹਿਬ ’ਤੇ ਭਾਰਤੀ ਫੌਜ ਦਾ ਹਮਲਾ ਹੋ ਗਿਆ। ਇਸ ਨੇ ਗੁਰਦੀਪ ਦਾ ਦਿਲ ਤੋੜ ਕੇ ਰੱਖ ਦਿੱਤਾ। ਸੋਚਣ ਲੱਗਾ, ‘‘ਇਹ ਸਾਡਾ ਦੇਸ਼ ਨਹੀਂ ਹੋ ਸਕਦਾ ਜਿੱਥੇ ਆਪਣੇ ਹੀ ਦੇਸ਼ ਦੀ ਫੌਜ ਇਸ ਤਰ੍ਹਾਂ ਦਰਬਾਰ ਸਾਹਿਬ ’ਤੇ ਹਮਲਾ ਕਰ ਕੇ ਹਜ਼ਾਰਾਂ ਨਿਹੱਥੇ ਬਿਰਧ, ਬੱਚੇ, ਔਰਤਾਂ ਤੇ ਹੋਰ ਨਿਹੱਥਿਆਂ ਨੂੰ ਮੌਤ ਦੇ ਘਾਟ ਉਤਾਰ ਦੇਵੇ।’’
ਗੁਰਦੀਪ ਨੇ ਆਪਣੇ ਵੱਡੇ ਭਰਾ ਗੁਰਦੇਵ ਸਿੰਘ ਨੂੰ ਆਸਟਰੇਲੀਆ ਫੋਨ ਕੀਤਾ। ਉਸ ਨਾਲ ਆਪਣੇ ਦਿਲ ਦੀ ਗੱਲ ਕੀਤੀ। ਗੁਰਦੇਵ ਸਿੰਘ ਕਹਿਣ ਲੱਗਾ, ‘‘ਮੈਂ ਤੈਨੂੰ ਪਹਿਲਾਂ ਵੀ ਕਹਿੰਦਾ ਰਿਹਾਂ ਕਿ ਤੂੰ ਆਸਟਰੇਲੀਆ ਆ ਜਾ, ਪਰ ਤੂੰ ਨਾ ਮੰਨਿਆ। ਖ਼ੈਰ! ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਮੈਂ ਤੈਨੂੰ ਇੱਥੋਂ ਤੇਰੇ ਤੇ ਸਤਵੰਤ ਦੇ ਨਾਮ ਦੇ ਸਾਰੇ ਕਾਗ਼ਜ਼ ਤਿਆਰ ਕਰ ਕੇ ਭੇਜਦਾ ਹਾਂ। ਤੂੰ ਸਭ ਫਾਰਮ ਭਰ ਕੇ ਆਸਟਰੇਲੀਅਨ ਅੰਬੈਸੀ ਦਿੱਲੀ ਵਿੱਚ ਜਮ੍ਹਾਂ ਕਰਾ ਦੇ। ਵਾਹਿਗੁਰੂ ਸਭ ਠੀਕ ਕਰੇਗਾ।’’
ਗੁਰਦੀਪ ਨੂੰ ਉੱਜਲੇ ਭਵਿੱਖ ਦੀ ਇੱਕ ਕਿਰਨ ਨਜ਼ਰ ਆਈ। ਕੁਝ ਦਿਨਾਂ ਬਾਅਦ ਆਸਟਰੇਲੀਆ ਤੋਂ ਕਾਗ਼ਜ਼-ਪੱਤਰ ਆ ਗਏ। ਗੁਰਦੀਪ ਅਤੇ ਸਤਵੰਤ
ਨੇ ਸਭ ਫਾਰਮ ਭਰ ਕੇ ਦਿੱਲੀ ਜਾ ਕੇ ਆਸਟਰੇਲੀਅਨ ਅੰਬੈਸੀ ਵਿੱਚ ਜਮ੍ਹਾਂ ਕਰਵਾ ਦਿੱਤੇ। ਕਾਰਵਾਈ ਚੱਲਣੀ ਸ਼ੁਰੂ ਹੋ ਗਈ।
ਇੱਕ ਸਵੇਰ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ। ਗੁਰਦੀਪ ਗੁਸਲਖ਼ਾਨੇ ਵਿੱਚ ਨਹਾ ਰਿਹਾ ਸੀ। ਸਤਵੰਤ ਕੌਰ ਨੇ ਦਰਵਾਜ਼ਾ ਖੋਲ੍ਹਿਆ। ਬਾਹਰ ਗੁਰਦੀਪ ਦਾ ਜਿਗਰੀ ਦੋਸਤ ਬਲਵੰਤ ਸਿੰਘ ਡਰੱਗ ਇੰਸਪੈਕਟਰ ਖੜ੍ਹਾ ਸੀ। ‘‘ਸਤਿ ਸ੍ਰੀ ਅਕਾਲ ਵੀਰ ਜੀ!’’ ਸਤਵੰਤ ਕੌਰ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਬਲਵੰਤ ਸਿੰਘ ਨੂੰ ਅੰਦਰ ਆਉਣ ਲਈ ਕਿਹਾ।
‘‘ਸਤਿ ਸ੍ਰੀ ਅਕਾਲ ਭਰਜਾਈ ਜੀ!’’ ਕਹਿ ਕੇ ਬਲਵੰਤ ਸਿੰਘ ਅੰਦਰ ਆ ਗਿਆ। ਸੋਫ਼ੇ ’ਤੇ ਬੈਠਦਿਆਂ ਹੀ ਬਲਵੰਤ ਸਿੰਘ ਕਹਿਣ ਲੱਗਾ, ‘‘ਭਰਜਾਈ ਜੀ! ਇਕ ਕੱਪ ਗਰਮਾ ਗਰਮ ਲੌਂਗ ਲਾਚੀ ਵਾਲੀ ਚਾਹ ਪਿਲਾਓ! ਹਾਂ ਸੱਚ! ਸੌਂਫ਼ ਪਾਉਣੀ ਨਾ ਭੁੱਲਣਾ। ਮੇਰਾ ਵੀਰ ਗੁਰਦੀਪ ਕਿੱਥੇ ਹੈ? ਮੈਨੂੰ ਪਤਾ ਹੈ ਕਿ ਉਹ ਮੇਰੇ ਨਾਲ ਗੁੱਸੇ ਹੈ। ਮੈਂ ਉਸ ਨੂੰ ਮਨਾਉਣ ਆਇਆ ਹਾਂ।’’
ਇਸ ਤੋਂ ਪਹਿਲਾਂ ਕਿ ਸਤਵੰਤ ਕੌਰ ਕੁੱਝ ਕਹਿੰਦੀ, ਗੁਰਦੀਪ ਗੁਸਲਖਾਨੇ ਵਿੱਚੋਂ ਨਹਾ ਕੇ ਆ ਗਿਆ। ਸਤਵੰਤ ਕੌਰ ਰਸੋਈ ਵਿੱਚ ਚਾਹ ਬਣਾਉਣ ਚਲੀ ਗਈ।
‘‘ਤੇਰਾ ਹੌਸਲਾ ਕਿਵੇਂ ਪਿਆ ਇੱਥੇ ਆਉਣ ਦਾ?’’ ਗੁਰਦੀਪ ਨੇ ਬਲਵੰਤ ਸਿੰਘ ਨੂੰ ਜ਼ਰਾ ਗੁੱਸੇ ਨਾਲ ਪੁੱਛਿਆ।
‘‘ਮੇਰੀ ਬਦਲੀ ਅੰਮ੍ਰਿਤਸਰ ਦੀ ਹੋ ਗਈ ਹੈ। ਕੱਲ੍ਹ ਪਹਿਲੀ ਤਰੀਕ ਹੈ। ਮੈਂ ਬਾਂਸਲ ਕੋਲੋਂ ਚਾਰਜ ਲਵਾਂਗਾ।’’ ਬਲਵੰਤ ਸਿੰਘ ਨੇ ਬੜੇ ਠਰ੍ਹੰਮੇ ਨਾਲ ਦੱਸਿਆ।
‘‘ਤੇ ਇਸ ਵਿੱਚ ਮੈਂ ਕੀ ਕਰਾਂ?’’ ਗੁਰਦੀਪ ਖਿੱਝ ਕੇ ਬੋਲਿਆ, ‘‘ਮੈਂ ਤਾਂ ਆਸਟਰੇਲੀਆ ਜਾ ਰਿਹਾ ਹਾਂ।’’
ਦੋਵੇਂ ਦੋਸਤ ਇੱਕ ਦੂਜੇ ਨਾਲ ਗੁੱਸੇ ਗਿਲੇ ਕੱਢਦੇ ਰਹੇ। ਸਤਵੰਤ ਚਾਹ ਬਣਾ ਕੇ ਲੈ ਆਈ। ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਕੁੱਝ ਦੇਰ ਬਾਅਦ ਬਲਵੰਤ
ਸਿੰਘ ‘ਸਤਿ ਸ੍ਰੀ ਅਕਾਲ’ ਕਹਿ ਕੇ ਚਲਾ ਗਿਆ।
ਆਸਟਰੇਲੀਅਨ ਅੰਬੈਸੀ ਦਿੱਲੀ ਵਿੱਚ ਗੁਰਦੀਪ ਦੀ ਅਰਜ਼ੀ ਚੱਲਦੀ ਰਹੀ। ਗੁਰਦੀਪ ਅਤੇ ਸਤਵੰਤ ਕੌਰ ਦੋਵਾਂ ਦੀ ਇੰਟਰਵਿਊ ਹੋ ਚੁੱਕੀ ਸੀ। ਅੰਬੈਸੀ ਨੇ ਦੋਵਾਂ ਨੂੰ ਮੈਡੀਕਲ ਕਰਾਉਣ ਲਈ ਕਿਹਾ ਸੀ। ਫਿਰ ਦੋਵਾਂ ਦਾ ਮੈਡੀਕਲ ਵੀ ਠੀਕ ਹੋ ਗਿਆ ਤੇ ਉਨ੍ਹਾਂ ਨੂੰ ਆਸਟਰੇਲੀਆ ਜਾਣ ਦਾ ਵੀਜ਼ਾ ਵੀ ਮਿਲ ਗਿਆ। ਹੁਣ ਉਹ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਰਹਿ ਸਕਦੇ ਸਨ। ਗੁਰਦੀਪ ਦੇ ਵੱਡੇ ਭਰਾ ਗੁਰਦੇਵ ਸਿੰਘ ਨੇ ਉਨ੍ਹਾਂ ਨੂੰ ਹਵਾਈ ਜਹਾਜ਼ ਦੇ ਟਿਕਟ ਵੀ ਭੇਜ ਦਿੱਤੇ ਸਨ। ਬਸ ਹਫ਼ਤੇ ਬਾਅਦ ਗੁਰਦੀਪ ਅਤੇ ਸਤਵੰਤ ਨੇ ਆਸਟਰੇਲੀਆ ਜਾਣਾ ਸੀ। ਇਹ ਸਭ ਕੁੱਝ ਨਹੀਂ ਸੀ ਹੋਣਾ ਅਤੇ ਨਾ ਹੀ ਗੁਰਦੀਪ ਅਤੇ ਸਤਵੰਤ ਕੌਰ ਨੇ ਆਸਟਰੇਲੀਆ ਜਾਣਾ ਸੀ, ਜੇ ਰਵੀ ਸ਼ਰਮਾ ਕੰਪਨੀ ਦੇ ਗੁਦਾਮ ਵਿੱਚ ਚੋਰੀ ਨਾ ਕਰਦਾ।
ਉਹੀ ਰਵੀ ਸ਼ਰਮਾ ਅਤੇ ਉਸ ਦਾ ਬਾਪ ਰਮੇਸ਼ ਸ਼ਰਮਾ ਅੱਜ ਗੁਰਦੀਪ ਦੇ ਘਰ ਕੋਈ ਜ਼ਰੂਰੀ ਗੱਲ ਕਰਨ ਆਏ ਸਨ। ਦੋਵੇਂ ਪਿਉ-ਪੁੱਤਰ ਸੋਫ਼ੇ ’ਤੇ ਗੁਰਦੀਪ
ਦੇ ਸਾਹਮਣੇ ਮੂੰਹ ਲਟਕਾ ਕੇ ਬੈਠੇ ਹੋਏ ਸਨ। ਗੁਰਦੀਪ ਨੇ ਹੀ ਗੱਲ ਤੋਰੀ, ‘‘ਦੱਸੋ! ਕਿਹੜੀ ਜ਼ਰੂਰੀ ਗੱਲ ਕਰਨ ਆਏ ਹੋ?’’ ਗੁਰਦੀਪ ਦੀ ਆਵਾਜ਼ ਵਿੱਚ ਇੱਕ ਗੁੱਸਾ ਜਿਹਾ ਸੀ। ਰਮੇਸ਼ ਸ਼ਰਮਾ ਨੇ ਦੋਵੇਂ ਹੱਥ ਜੋੜ ਕੇ ਕਿਹਾ, ‘‘ਅਸੀਂ ਤੁਹਾਥੋਂ ਮੁਆਫ਼ੀ ਮੰਗਣ ਆਏ ਹਾਂ। ਜੋ ਗ਼ਲਤੀ ਰਵੀ ਨੇ ਕੀਤੀ ਹੈ ਇਸ ਨੂੰ ਆਪਣਾ ਛੋਟਾ ਭਰਾ ਸਮਝ ਕੇ ਮੁਆਫ਼ ਕਰ ਦਿਉ।’’
‘‘ਮੁਆਫ਼ ਕਰ ਦਿਉ? ਕਿਉਂ ਕਰ ਦਿਆਂ। ਮੇਰਾ ਘਰ ਤਬਾਹ ਹੋ ਗਿਆ। ਇੱਕ ਛੋਟੀ ਜਿਹੀ ਕੰਪਨੀ ਬੜੀਆਂ ਰੀਝਾਂ ਨਾਲ ਬਣਾਈ ਸੀ, ਉਹ ਵੀ ਇਸ ਨੇ ਤਬਾਹ ਕਰ ਦਿੱਤੀ। ਏਨਾ ਜ਼ਿਆਦਾ ਨੁਕਸਾਨ ਜਿਹੜਾ ਕਿਸੇ ਵੀ ਕੀਮਤ ਨਾਲ ਪੂਰਾ ਨਹੀਂ ਹੋ ਸਕਦਾ।’’
ਰਵੀ ਦਾ ਬਾਪ ਰਮੇਸ਼ ਸ਼ਰਮਾ ਆਪਣੀ ਸੀਟ ਤੋਂ ਉੱਠਿਆ ਤੇ ਰੋਂਦਾ ਹੋਇਆ ਗੁਰਦੀਪ ਦੇ ਪੈਰਾਂ ਵਿੱਚ ਡਿੱਗ ਪਿਆ। ਗਿੜਗਿੜਾਉਂਦਾ ਹੋਇਆ ਕਹਿਣ ਲੱਗਾ, ‘‘ਗੁਰਦੀਪ ਜੀ! ਮੇਰੇ ਇਕਲੌਤੇ ਪੁੱਤਰ ਦੀ ਜ਼ਿੰਦਗੀ ਬਖ਼ਸ਼ ਦਿਉ। ਕੱਲ੍ਹ ਰਾਤੀਂ ਇਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।’’
‘‘ਆਤਮ ਹੱਤਿਆ? ਇਸ ਨੂੰ ਮੈਂ ਕਿਵੇਂ ਜ਼ਿੰਦਗੀ ਦੇ ਸਕਦਾ ਹਾਂ?’’
ਗੁਰਦੀਪ ਨੇ ਇੱਕ ਸਵਾਲ ਪੁੱਛਿਆ ਤੇ ਰਮੇਸ਼ ਸ਼ਰਮਾ ਨੂੰ ਆਪਣੇ ਪੈਰਾਂ ਵਿੱਚੋਂ ਉਠਾ ਕੇ ਸੋਫ਼ੇ ’ਤੇ ਬਿਠਾ ਦਿੱਤਾ।
ਰਵੀ ਨੇ ਫਿਰ ਰੋ ਕੇ ਡਰਾਉਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ, ‘‘ਜੇ ਮੈਨੂੰ ਜੇਲ੍ਹ ਹੋ ਗਈ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ।’’
‘‘ਇਹ ਤਾਂ ਬਿਲਕੁਲ ਮਗਰਮੱਛ ਦੇ ਅੱਥਰੂ ਲੱਗਦੇ ਨੇ’’, ਗੁਰਦੀਪ ਨੇ ਮਨ ਵਿੱਚ ਸੋਚਿਆ।
‘‘ਆਖ਼ਰ ਹੋਇਆ ਕੀ...? ਕੁੱਝ ਦੱਸੋਗੇ ਵੀ? ਅੱਠਾਂ ਮਹੀਨਿਆਂ ਬਾਅਦ ਤੁਸੀਂ ਮੇਰੇ ਘਰ ਆ ਕੇ ਆਹ ਡਰਾਮਾ ਕਰਨ ਲੱਗ ਪਏ ਹੋ।’’ ਗੁਰਦੀਪ ਦਾ ਗੁੱਸਾ
ਅਜੇ ਵੀ ਕਾਇਮ ਸੀ।
ਰਮੇਸ਼ ਸ਼ਰਮਾ ਨੇ ਦੱਸਣਾ ਸ਼ੁਰੂ ਕੀਤਾ, ‘‘ਦਰਅਸਲ, ਗੱਲ ਇਸ ਤਰ੍ਹਾਂ ਹੋਈ ਹੈ ਕਿ ਕੱਲ੍ਹ ਸਵੇਰੇ ਤੁਹਾਡਾ ਦੋਸਤ ਡਰੱਗ ਇੰਸਪੈਕਟਰ ਬਲਵੰਤ ਸਿੰਘ ਅਤੇ ਪੰਜਾਬ ਦਾ ਡਰੱਗ ਕੰਟਰੋਲਰ ਮਿਸਟਰ ਭਾਰਦਵਾਜ ਆਪਣੇ ਨਾਲ ਪੁਲੀਸ ਨੂੰ ਲੈ ਕੇ ਇਸ ਦੀ ਦੁਕਾਨ ’ਤੇ ਛਾਪਾ ਮਾਰਨ ਆ ਗਏ। ਇਸ ਵੱਲੋਂ ਤੁਹਾਡੇ ਗੁਦਾਮ ਵਿੱਚੋਂ ਚੋਰੀ ਕੀਤੇ ਮਾਲ ’ਤੇ ਕਬਜ਼ਾ ਕਰ ਕੇ ਦੁਕਾਨ ਨੂੰ ਸਰਕਾਰੀ ਤਾਲਾ ਲਾ ਦਿੱਤਾ। ਇਸ ਕੋਲੋਂ ਦਵਾਈਆਂ ਦੇ ਬਿਲ ਤੇ ਹੋਰ ਸਰਕਾਰੀ ਕਾਗ਼ਜ਼ ਮੰਗੇ। ਇਸ ਕੋਲ ਤਾਂ ਕੁਝ ਵੀ ਨਹੀਂ ਸੀ। ਇਸ ਦੇ ਖ਼ਿਲਾਫ਼ ਕੇਸ ਬਣ ਰਿਹਾ ਹੈ ਜੋ ਅਦਾਲਤ ਵਿੱਚ ਜਾਏਗਾ, ਜਿੱਥੇ ਇਸ ਨੂੰ ਦਸ ਸਾਲ ਤੱਕ ਦੀ ਕੈਦ ਤੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦੁਕਾਨ ਦਾ ਹੋਲ ਸੇਲ ਲਾਇਸੈਂਸ ਤਾਂ ਡਰੱਗ ਕੰਟਰੋਲਰ ਭਾਰਦਵਾਜ ਨੇ ਮੁਅੱਤਲ ਕਰ ਹੀ ਦਿੱਤਾ ਹੈ।’’ ਰਮੇਸ਼ ਸ਼ਰਮਾ ਨੇ ਹਿੰਮਤ ਕਰ ਕੇ ਸਾਰੀ ਗੱਲ ਦੱਸ ਦਿੱਤੀ।
ਰਵੀ ਫਿਰ ਰੋ ਪਿਆ, ‘‘ਜੇ ਮੈਨੂੰ ਜੇਲ੍ਹ ਹੋਈ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ। ਭਾਜੀ! ਮੈਨੂੰ ਮੁਆਫ਼ੀ ਦੇ ਦਿਉ। ਸਾਰੀ ਮਾਰਕੀਟ ਕਹਿ ਰਹੀ ਹੈ ਕਿ ਬਲਵੰਤ ਸਿੰਘ ਤੁਹਾਡਾ ਖ਼ਾਸ ਦੋਸਤ ਹੈ। ਤੁਸੀਂ ਹੀ ਉਸ ਕੋਲੋਂ ਛਾਪਾ ਮਰਵਾਇਆ ਹੈ।’’
ਹੁਣ ਤੱਕ ਗੁਰਦੀਪ ਦਾ ਗੁੱਸਾ ਕੁੱਝ ਘਟ ਗਿਆ ਸੀ। ਉਹ ਆਪਣੀ ਸੀਟ ਤੋਂ ਉੱਠਿਆ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ‘‘ਵਾਹਿਗੁਰੂ ਦੀ ਸਹੁੰ! ਇਹ
ਛਾਪਾ ਮੈਂ ਨਹੀਂ ਮਰਵਾਇਆ। ਇਹ ਬਲਵੰਤ ਸਿੰਘ ਦਾ ਆਪਣਾ ਗੁੱਸਾ ਸੀ ਜੋ ਉਸ ਨੇ ਛਾਪਾ ਮਾਰ ਕੇ ਕੱਢਿਆ ਹੈ। ਹੁਣ ਤੁਸੀਂ ਇੱਥੋਂ ਜਾਉ। ਕੱਲ੍ਹ ਸਵੇਰੇ ਦਸ ਵਜੇ ਤੁਸੀਂ ਬਲਵੰਤ ਸਿੰਘ ਦੇ ਦਫ਼ਤਰ ਆ ਜਾਣਾ। ਮੈਂ ਤੁਹਾਨੂੰ ਉੱਥੇ ਮਿਲਾਂਗਾ।’’
ਉਸੇ ਸ਼ਾਮ ਗੁਰਦੀਪ, ਬਲਵੰਤ ਸਿੰਘ ਦੇ ਘਰ ਪਹੁੰਚ ਗਿਆ। ਉਸ ਨੂੰ ਦੱਸਿਆ ਕਿ ਰਵੀ ਸ਼ਰਮਾ ਤੇ ਉਸ ਦਾ ਬਾਪ ਰਮੇਸ਼ ਸ਼ਰਮਾ ਦੋਵੇਂ ਪਿਉ-ਪੁੱਤਰ
ਅੱਜ ਸਵੇਰੇ ਉਸ ਦੇ ਘਰ ਆਏ ਸਨ। ਗੁਰਦੀਪ ਨੇ ਸਾਰੀ ਗੱਲ ਬਲਵੰਤ ਸਿੰਘ ਨੂੰ ਦੱਸ ਦਿੱਤੀ।
ਬਲਵੰਤ ਸਿੰਘ ਕਹਿਣ ਲੱਗਾ, ‘‘ਜਦੋਂ ਰਵੀ ਨੇ ਚੋਰੀ ਕੀਤੀ ਸੀ, ਮੈਂ ਉਸ ਵੇਲੇ ਲੁਧਿਆਣੇ ਸੀ। ਉੱਥੋਂ ਮੈਂ ਕੁੱਝ ਨਹੀਂ ਸਾਂ ਕਰ ਸਕਦਾ। ਇੱਥੇ ਰਵੀ ਦੇ ਬਾਪ ਨੇ ਡਰੱਗ ਇੰਸਪੈਕਟਰ ਬਾਂਸਲ ਨੂੰ ਪੈਸੇ ਦੇ ਕੇ ਖ਼ਰੀਦ ਰੱਖਿਆ ਸੀ। ਇਸ ਲਈ ਮੈਂ ਡਰੱਗ ਕੰਟਰੋਲਰ ਭਾਰਦਵਾਜ ਨੂੰ ਵੀ ਲਗਾਤਾਰ ਬੇਨਤੀ ਕਰਦਾ ਰਿਹਾ। ਰੱਬ ਨੇ ਮੇਰੀ ਸੁਣ ਲਈ ਤੇ ਮੈਂ ਅੰਮ੍ਰਿਤਸਰ ਆ ਗਿਆ। ਆਪਣੇ ਡਰੱਗ ਕੰਟਰੋਲਰ ਭਾਰਦਵਾਜ ਨਾਲ ਤੇਰਾ ਕੇਸ ਡਿਸਕਸ ਕੀਤਾ ਤੇ ਯੋਜਨਾ ਬਣਾ ਕੇ ਪੁਲੀਸ ਦੀ ਮਦਦ ਨਾਲ ਛਾਪਾ ਮਾਰ ਕੇ ਤੇਰੀਆਂ ਦਵਾਈਆਂ ਕਬਜ਼ੇ ਵਿੱਚ ਲੈ ਕੇ ਦੁਕਾਨ ਨੂੰ ਸਰਕਾਰੀ ਤਾਲਾ ਲਾ ਦਿੱਤਾ। ਤੇਰੀਆਂ ਬਹੁਤੀਆਂ ਦਵਾਈਆਂ ਤਾਂ ਉਹ ਵੇਚ-ਵੱਟ ਕੇ ਖਾ ਚੁੱਕਾ ਸੀ। ਥੋੜ੍ਹੀਆਂ ਜਿਹੀਆਂ ਰਹਿ ਗਈਆਂ ਸਨ ਜਿਹੜੀਆਂ ਸਾਡੇ ਕਬਜ਼ੇ ਵਿੱਚ ਆ ਗਈਆਂ। ਬਸ! ਸਾਡਾ ਮਕਸਦ ਹੱਲ ਹੋ ਗਿਆ। ਅੱਗੋਂ ਤੈਨੂੰ ਪਤਾ ਹੀ ਹੈ ਕਿ ਉਹ ਪਿਉ-ਪੁੱਤਰ ਕਿਵੇਂ ਰੋਂਦੇ ਹੋਏ ਤੇਰੇ ਪੈਰਾਂ ਵਿੱਚ ਆਣ ਡਿੱਗੇ। ਇਹੀ ਮੈਂ ਚਾਹੁੰਦਾ ਸਾਂ।’’
ਗੁਰਦੀਪ ਚੁੱਪ ਕਰਕੇ ਬਲਵੰਤ ਸਿੰਘ ਦੇ ਮੂੰਹ ਵੱਲ ਵੇਖਦਾ ਰਿਹਾ ਤੇ ਸੁਣਦਾ ਰਿਹਾ। ਜਦੋਂ ਬਲਵੰਤ ਸਿੰਘ ਨੇ ਆਪਣੀ ਗੱਲ ਖ਼ਤਮ ਕੀਤੀ ਤਾਂ ਗੁਰਦੀਪ ਕਹਿਣ ਲੱਗਾ, ‘‘ਬਲਵੰਤ! ਰਵੀ ਨੇ ਮੇਰੇ ਨਾਲ ਧੋਖਾ ਕੀਤਾ, ਤੂੰ ਆਪਣੀ ਦੋਸਤੀ ਨਿਭਾਈ ਤੇ ਉਸ ਦੀ ਦੁਕਾਨ ’ਤੇ ਛਾਪਾ ਮਾਰ ਕੇ ਸਰਕਾਰੀ ਤਾਲਾ ਲਾ ਦਿੱਤਾ। ਕੀ ਇਹ ਸਾਡੇ ਲਈ ਖ਼ੁਸ਼ੀ ਦੀ ਗੱਲ ਹੋਵੇਗੀ ਕਿ ਰਮੇਸ਼ ਸ਼ਰਮਾ ਦਾ ਇੱਕੋ ਇੱਕ ਪੁੱਤਰ ਜੇਲ੍ਹ ਵਿੱਚ ਚਲਾ ਜਾਏ ਜਾਂ ਫਿਰ ਆਤਮ ਹੱਤਿਆ ਕਰ ਲਏ? ਇਸ ਸਾਰੇ ਕੇਸ ਵਿੱਚ ਰਮੇਸ਼ ਸ਼ਰਮਾ ਦਾ ਤਾਂ ਕੋਈ ਕਸੂਰ ਨਹੀਂ। ਫਿਰ ਉਸ ਨੂੰ ਸਜ਼ਾ ਕਿਉਂ ਮਿਲੇ? ਫਿਰ ਰਵੀ ਦਾ ਆਪਣਾ ਵੀ ਤਾਂ ਇੱਕ ਛੋਟਾ ਜਿਹਾ ਪੁੱਤਰ ਹੈ। ਮੈਂ ਨਹੀਂ ਚਾਹੁੰਦਾ ਕਿ ਕੋਈ ਔਰਤ ਵਿਧਵਾ ਹੋ ਜਾਏ ਤੇ ਉਸ ਦੇ ਪੁੱਤਰ ਨੂੰ ਸਾਰੀ ਦੁਨੀਆ ਇਹ ਕਹਿ ਕੇ ਬੁਲਾਏ ਕਿ ਉਸ ਦਾ ਬਾਪ ਇੱਕ ਚੋਰ ਸੀ। ਬਲਵੰਤ! ਮੈਂ ਇੱਕ ਬਾਪ ਨੂੰ ਪੁੱਤਰ ਦੇ ਵਿਯੋਗ ਵਿੱਚ ਦੁਖੀ ਨਹੀਂ ਵੇਖਣਾ ਚਾਹੁੰਦਾ।’’
ਬਲਵੰਤ ਸਿੰਘ ਆਪਣੀ ਕੁਰਸੀ ਤੋਂ ਉੱਠਿਆ। ਗੁਰਦੀਪ ਨੂੰ ਉਸ ਦੇ ਦੋਵੇਂ ਮੋਢਿਆਂ ਤੋਂ ਫੜਿਆ। ਇੱਕ ਹਲੂਣਾ ਦਿੱਤਾ ਤੇ ਕਹਿਣ ਲੱਗਾ, ‘‘ਦੱਸ ਮੇਰਿਆ
ਯਾਰਾ! ਮੈਂ ਕੀ ਕਰ ਸਕਦਾ ਹਾਂ? ਉਨ੍ਹਾਂ ਕੋਲ ਤਾਂ ਕੋਈ ਬਿੱਲ ਜਾਂ ਹੋਰ ਜ਼ਰੂਰੀ ਕਾਗ਼ਜ਼-ਪੱਤਰ ਵੀ ਨਹੀਂ ਹੈ।’’
‘‘ਮੇਰੇ ਕੋਲ ਹੈ। ਮੇਰੇ ਕੋਲ ਸਾਰੇ ਕਾਗ਼ਜ਼-ਪੱਤਰ ਹਨ। ਕੱਲ੍ਹ ਉਹ ਤੇਰੇ ਦਫ਼ਤਰ ਸਵੇਰੇ ਦਸ ਵਜੇ ਤੈਨੂੰ ਮਿਲਣ ਆ ਰਹੇ ਹਨ। ਮੈਂ ਵੀ ਆਵਾਂਗਾ। ਆਪਣੇ ਨਾਲ ਉਨ੍ਹਾਂ ਲਈ, ਉਸ ਸਾਰੇ ਚੋਰੀ ਕੀਤੇ ਮਾਲ ਦੇ ਬਿੱਲ ਅਤੇ ਹੋਰ ਜ਼ਰੂਰੀ ਕਾਗ਼ਜ਼-ਪੱਤਰ ਲੈ ਕੇ ਆਵਾਂਗਾ।’’ ਗੁਰਦੀਪ, ਬਲਵੰਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿ ਰਿਹਾ ਸੀ ।
ਬਲਵੰਤ ਸਿੰਘ ਨੇ ਅਜੇ ਵੀ ਗੁਰਦੀਪ ਦੇ ਮੋਢੇ ਫੜੇ ਹੋਏ ਸਨ। ਬਲਵੰਤ ਸਿੰਘ ਥੋੜ੍ਹਾ ਜਿਹਾ ਮੁਸਕਰਾਇਆ ਤੇ ਗੁਰਦੀਪ ਨੂੰ ਦੋਵਾਂ ਮੋਢਿਆਂ ਤੋਂ ਖਿੱਚ ਕੇ
ਆਪਣੇ ਸੀਨੇ ਨਾਲ ਲਾ ਲਿਆ ਅਤੇ ਬਸ ਏਨਾ ਹੀ ਕਹਿ ਸਕਿਆ, ‘‘ਯਾਰ! ਮੈਨੂੰ ਤੇਰੇ ਇਮਾਨ ’ਤੇ ਮਾਣ ਹੈ।’’
ਸੰਪਰਕ: 61403125209